Home / ਸੰਪਾਦਕੀ ਟਿੱਪਣੀਆਂ / ‘ਗੋਰੇ ਹਾਕਮ ਬਨਾਮ ਹਿੰਦੂਤਵੀ ਹਾਕਮ’,–ਸ਼ਹੀਦ ਭਗਤ ਸਿੰਘ ਦੇ 83ਵੇਂ ਸ਼ਹੀਦੀ ਦਿਨ ‘ਤੇ ਵਿਸ਼ੇਸ਼–ਡਾ. ਅਮਰਜੀਤ ਸਿੰਘ ਵਾਸ਼ਿੰਗਟਨ

‘ਗੋਰੇ ਹਾਕਮ ਬਨਾਮ ਹਿੰਦੂਤਵੀ ਹਾਕਮ’,–ਸ਼ਹੀਦ ਭਗਤ ਸਿੰਘ ਦੇ 83ਵੇਂ ਸ਼ਹੀਦੀ ਦਿਨ ‘ਤੇ ਵਿਸ਼ੇਸ਼–ਡਾ. ਅਮਰਜੀਤ ਸਿੰਘ ਵਾਸ਼ਿੰਗਟਨ

1689329_10152160890307920_1497980218_n23 ਮਾਰਚ, 2014 ਨੂੰ ਭਗਤ ਸਿੰਘ ਦੀ ਸ਼ਹੀਦੀ ਨੂੰ 83 ਸਾਲ ਪੂਰੇ ਹੋ ਗਏ ਹਨ। ਜਿਸ ਭਗਤ ਸਿੰਘ ਨੂੰ ਕਦੀ ਮੋਹਨ ਦਾਸ ਕਰਮ ਚੰਦ ਗਾਂਧੀ (ਅਖੌਤੀ ਮਹਾਤਮਾ) ਨੇ ‘ਹਿੰਸਾਵਾਦੀ’ ਦੱਸਦਿਆਂ, ਅੰਗਰੇਜ਼ ਵਾਇਸਰਾਏ ਲਾਰਡ ਇਰਵਿਨ ਨੂੰ ਉਸ ਦੀ ਮੌਤ ਦੀ ਸਜ਼ਾ ਖਤਮ ਕਰਨ ਲਈ ਕਹਿਣ ਤੋਂ ਟਾਲਾ ਵੱਟਿਆ ਸੀ, (ਇਸ ਦੇ ਉਲਟ ਗਾਂਧੀ ਨੇ ਉਸ ਮਾਹੌਲ ਵਿੱਚ ਇਰਵਿਨ ਨਾਲ ਦੂਸਰੀਆਂ ਮੰਗਾਂ ‘ਤੇ ਅਧਾਰਤ ਗਾਂਧੀ- ਇਰਵਿਨ ਸਮਝੌਤੇ ‘ਤੇ ਦਸਤਖਤ ਕੀਤੇ ਸਨ) ਅੱਜ ਉਸੇ ਦੇਸ਼ ਦੀ ਪਾਰਲੀਮੈਂਟ ਵਿੱਚ ਭਗਤ ਸਿੰਘ ਦਾ ਬੁੱਤ ਸਜਾ ਕੇ, ਭਾਰਤ ਦੇ ਦੇਸੀ ਹਾਕਮ, ਇਸ ਨੂੰ ਸਿੱਖਾਂ ‘ਤੇ ਕੀਤਾ ਬਹੁਤ ਅਹਿਸਾਨ ਜਤਾ ਰਹੇ ਹਨ। ਇਹ ਇੱਕ ਵੱਖਰੀ ਕਹਾਣੀ ਹੈ ਕਿ ‘ਸਿੱਖੀ ਸਰੂਪ’ ਵਾਲੇ ਭਗਤ ਸਿੰਘ ਦੇ ਬੁੱਤ ਨੂੰ ਲਵਾਉਣ ਲਈ ਵੀ ਸਰਦਾਰ ਮਨੋਹਰ ਸਿੰਘ ਗਿੱਲ (ਸਾਬਕਾ ਚੀਫ ਇਲੈਕਸ਼ਨ ਕਮਿਸ਼ਨਰ ਅਤੇ ਐਮ. ਪੀ.) ਨੂੰ ਕਈ ਮਹੀਨੇ ਲਗਾਤਾਰ ਜੱਦੋਜਹਿਦ ਕਰਨੀ ਪਈ। ਬੰਗਾਲ ਦੇ ਕਮਿਊਨਿਸਟ, ਬੀ. ਜੇ. ਪੀ. ਦੇ ਮੈਂਬਰਾਂ ਸਮੇਤ ਭਗਤ ਸਿੰਘ ਨੂੰ ‘ਹੈਟ’ ਵਿੱਚ ਵੇਖਣਾ ਚਾਹੁੰਦੇ ਸਨ। ਚਲੋ ਚੰਗੀ ਗੱਲ ਹੈ ਕਿ ਭਗਤ ਸਿੰਘ ਦੇ ਕਮਿਊਨਿਸਟ ਅਤੇ ਆਰੀਆ ਸਮਾਜੀ (ਬੀ. ਜੇ. ਪੀ.) ਦਾਅਵੇਦਾਰਾਂ ਦੇ ਨਾਲ ਹੁਣ ਕਾਂਗਰਸ ਨੇ ਵੀ ਭਗਤ ਸਿੰਘ ‘ਤੇ ਆਪਣੀ ਮੋਹਰ ਛਾਪ ਲਾ ਦਿੱਤੀ ਹੈ। ਮੋਹਾਲੀ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਮ ਉੱਪਰ ਰੱਖਣ ਦੀ ਤਜ਼ਵੀਜ਼ ਵੀ ਇਸੇ ਜ਼ੁਬਾਨੀ-ਕਲਾਮੀ ਕਥਾਕਾਰੀ (ਲਿਪ ਸਰਵਿਸ) ਦਾ ਹੀ ਨਤੀਜਾ ਹੈ। ਕਮਿਊਨਿਸਟਾਂ, ਆਰੀਆ ਸਮਾਜੀਆਂ (ਸਮੇਤ ਬੀ. ਜੇ. ਪੀ. ਤੇ ਹਿੰਦੂਤਵੀਆਂ ਦੇ), ਕਾਂਗਰਸ ਤੋਂ ਇਲਾਵਾ ਭਗਤ ਸਿੰਘ ਦੇ ਨਾਂ ਤੇ ‘ਸਿਆਸਤ’ ਕਰਨਾ ਹੁਣ ਬਾਦਲ ਕੋੜਮੇ ਲਈ ਵੀ ‘ਲਾਹੇਵੰਦਾ ਫੈਸ਼ਨ’ ਹੈ।

ਭਗਤ ਸਿੰਘ ਨੇ ਕਦੀ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਅੰਗਰੇਜ਼ ਬਸਤੀਵਾਦੀਆਂ ਨੂੰ ਭਾਰਤ ਵਿੱਚੋਂ ਕੱਢਣ ਲਈ ਜਿੰਨੀ ਵੱਡੀ ਕੁਰਬਾਨੀ ਉਹ ਕਰਨ ਜਾ ਰਿਹਾ ਹੈ – ਇਨ੍ਹਾਂ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਦੇਸੀ ਹਾਕਮ, ਕਈ ਮਾਮਲਿਆਂ ਵਿੱਚ ਅੰਗਰੇਜ਼ਾਂ ਤੋਂ ਵੀ ਬੱਦਤਰ ਸਾਬਤ ਹੋਣਗੇ।

ਅੱਜ ਭਗਤ ਸਿੰਘ ਦੇ ਦਾਅਵੇਦਾਰ ‘ਕਮਿਊਨਿਸਟ’, ਉਸ ਨੂੰ ‘ਨਾਸਤਿਕ’ ਅਤੇ ‘ਲੈਨਿਨ ਦਾ ਚੇਲਾ’ ਸਾਬਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। ਆਰੀਆ ਸਮਾਜੀ ਉਸ ਦੀ ਪ੍ਰੇਰਣਾ ‘ਦਿਆਨੰਦ’ ਚੋਂ ਨਿਕਲਦੀ ਵਿਖਾ ਰਹੇ ਹਨ, ਜਿਸ ਦਾ ਦਾਅਵਾ ਆਰ. ਐੱਸ. ਐੱਸ. ਦੇ ਮੁਖੀ ਸੁਦਰਸ਼ਨ ਨੇ, ਖਟਕੜ ਕਲਾਂ ਵਿੱਚ ਭਗਤ ਸਿੰਘ ਦੀ 100ਵੀਂ ਵਰ੍ਹੇ ਗੰਢ ਨਾਲ ਸਬੰਧਿਤ ਦੇ ਵਿਸ਼ੇਸ਼ ਸਮਾਗਮ ਵਿੱਚ ਵੀ ਕੀਤਾ ਸੀ। ਵੀਹਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਸਿਰਦਾਰ ਕਪੂਰ ਸਿੰਘ ਦੀ ਸਾਚੀ-ਸਾਖੀ ਵਿਚਲੀ ਲਿਖਤ ਨੂੰ ਤੋੜ-ਮਰੋੜ ਕੇ ਅਤੇ ਗਲਤ-ਸੰਦਰਭ ਵਿੱਚ ਪੇਸ਼ ਕਰਕੇ, ਕਈ ਸਿੱਖ ਵਿਰੋਧੀ ਤੱਤ, ਸਿੱਖ ਸਫਾਂ ਵਿੱਚ ਭਗਤ ਸਿੰਘ ਪ੍ਰਤੀ ‘ਬੌਧਿਕ-ਉਥਲ ਪੁਥਲ’ ਪੈਦਾ ਕਰਨ ਦੀ ਨੀਤੀ ‘ਤੇ ਲਗਾਤਾਰ ਅਮਲ ਕਰ ਰਹੇ ਹਨ।

ਭਗਤ ਸਿੰਘ, ਸਿੱਖ ਕਦਰਾਂ ਕੀਮਤਾਂ ਅਤੇ ਸਿੱਖ ਸਭਿਆਚਾਰ ਦੇ ਆਲੇ-ਦੁਆਲੇ ਜੰਮਿਆ-ਪਲਿਆ ਉਹ ਸਿੱਖ ਗੱਭਰੂ ਸੀ – ਜਿਸਨੂੰ ਸਿੱਖ ਖਾਸੇ ਦੀ ‘ਦੁਸ਼ਟ ਸਭਨ ਕੋ ਮੂਲ ਉਪਾਰੰ’ ਦੀ ਫਿਲਾਸਫੀ ਦੀ ਚੰਗੀ ਤਰ੍ਹਾਂ ਸਮਝ ਸੀ। ਜੇ ਆਰੀਆ ਸਮਾਜੀ ਫਲਸਫਾ ਇੰਨਾ ਹੀ ਬਲਵਾਨ ਹੁੰਦਾ ਤਾਂ ‘ਕ੍ਰਾਂਤੀਕਾਰੀ’ ਕਹਾਉਣ ਵਾਲੇ ਲਾਲਾ ਲਾਜਪਤ ਰਾਏ, ਲਾਲਾ ਹਰਦਿਆਲ, ਸਾਵਰਕਰ ਵਰਗੇ ਦਿਆਨੰਦ ਦੇ ਚੇਲੇ ‘ਕ੍ਰਾਂਤੀ’ ਸ਼ਬਦ ਨੂੰ ਕਲੰਕਤ ਨਾ ਕਰਦੇ। ਸਿਰਦਾਰ ਕਪੂਰ ਸਿੰਘ ਨੇ ਤਾਂ ਉਹਨਾਂ ਜਾਅਲਸਾਜ਼ ਆਰੀਆ ਸਮਾਜੀ, ਹਿੰਦੂਤਵੀ ਤੱਤਾਂ ਦੀ ਫਰੇਬ-ਜਾਲੀ ਦਾ ਜ਼ਿਕਰ ਕੀਤਾ ਹੈ, ਜਿਹਨਾਂ ਨੇ ਲਾਲਾ ਲਾਜਪਤ ਰਾਏ ਨੂੰ ਬਦੋਬਦੀ ਸ਼ਹੀਦ ਬਣਾਇਆ ਤੇ ਫੇਰ ਬੰਗਾਲ ਤੋਂ ਆਈ ਇੱਕ ਬੀਬੀ ਨੇ, ਪੰਜਾਬ ਦੀ ਜਵਾਨੀ ਨੂੰ ‘ਨਿਪੁੰਸਕ’ ਹੋਣ ਦਾ ਨਿਹੋਰਾ ਦੇ ਕੇ, ਭਗਤ ਸਿੰਘ ਵਰਗੇ ਨੌਜਵਾਨਾਂ ਨੂੰ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਉਕਸਾਇਆ। ਭਗਤ ਸਿੰਘ ਦੀ ਪਹਿਲੀ ਜੇਲ੍ਹ ਯਾਤਰਾ ਦੌਰਾਨ ਉਸਦੀ ਹੱਥਕੜੀਆਂ-ਬੇੜੀਆਂ ਵਿੱਚ ਜਕੜਿਆਂ ਦੀ ਸਿੱਖੀ ਸਰੂਪ ਵਾਲੀ ਫੋਟੋ ਨੂੰ ਮਾਨਤਾ ਦੇਣ ਦੀ ਥਾਂ, ਉਸ ਵਲੋਂ ਮਜ਼ਬੂਰੀ-ਵੱਸ (ਜਾਂ ਹਿੰਦੂ ਕ੍ਰਾਂਤੀਕਾਰੀ ਸਾਥੀਆਂ ਦੀ ਪ੍ਰੇਰਣਾਵਸ ਕਿ ‘ਕੇਸ’ ਭਾਰਤ ਮਾਤਾ ਦੀ ਸੇਵਾ ਵਿੱਚ ਸਮਰਪਣ ਕੀਤੇ ਜਾ ਸਕਦੇ ਹਨ) ਅਗਿਆਤਵਾਸ ਦੌਰਾਨ ਧਾਰਣ ਕੀਤੀ ਗਈ ਹੈਟ ਵਾਲੀ ਸ਼ਕਲ ਦੀ ਤਸਵੀਰ ਨੂੰ ਦੇਸ਼-ਭਰ ਵਿੱਚ ਉਭਾਰਿਆ ਗਿਆ। ਹਾਲਾਂਕਿ ਜੇਲ੍ਹ ਵਿੱਚ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨਾਲ ਮੁਲਾਕਾਤ ਤੋਂ ਬਾਅਦ, ਭਗਤ ਸਿੰਘ ਵਲੋਂ ਮੁੜ ਸਿੱਖੀ ਸਰੂਪ ਵਿੱਚ ਆਉਣ ਅਤੇ ਫਾਂਸੀ ਤੇ ‘ਸਿੱਖੀ ਸਰੂਪ’ ਵਿੱਚ ਚੜ੍ਹਨ ਦੇ ਇਤਿਹਾਸਕ ਵੇਰਵੇ ਵੀ ਮੌਜੂਦ ਹਨ। ਭਗਤ ਸਿੰਘ ਦੀ ਜੇਲ੍ਹ ਡਾਇਰੀ ਵਿਚਲੀ ਉਸ ਦੀ ਇਹ ਲਿਖਤ ਦੱਸਦੀ ਹੈ ਕਿ ਉਹ ਸਿੱਖੀ ਦੇ ਮੌਤ ਦੇ ਸਨਮੁਖ ‘ਨਿੱਡਰ’ ਰਹਿਣ ਦੇ ਫਲਸਫੇ ਨੂੰ ਪਰਣਾਇਆ ਹੋਇਆ ਸੀ ਨਾ ਕਿ ਕਿਸੇ ਅੜੀ-ਆਰੀਆ ਸਮਾਜੀ ਵਿਚਾਰਧਾਰਾ ਨੂੰ

‘ਤੁਝੇ ਜ਼ਿਬਾਹ ਕਰਨੇ ਕੀ ਖੁਸ਼ੀ,

ਔਰ ਮੁਝੇ ਮਰਨੇ ਕਾ ਸ਼ੌਕ।

ਮੇਰੀ ਭੀ ਮਰਜ਼ੀ ਵੁਹੀ ਹੈ

ਜੋ ਮੇਰੇ ਸੱਯਾਦ ਕੀ ਹੈ।’

ਭਾਵੇਂ ਸਿਰਦਾਰ ਕਪੂਰ ਸਿੰਘ ਨੇ ਅਕਾਦਮਿਕ ਪੱਖ ਤੋਂ ਧਾਰਮਿਕ ਡੂੰਘਾਈ ਵਿੱਚ ਜਾਂਦਿਆਂ, ਭਗਤ ਸਿੰਘ ਦੇ ‘ਭਾਰਤ ਮਾਤਾ’ (ਜਿਹੜੀ ਕਿ ਕਾਲੀ ਮਾਤਾ ਦੇ ਅਧਿਆਤਮਕ ਰੂਪ ਦਾ, ਭੌਤਿਕ ਰੂਪ ਹੈ) ਵਿਚਲੇ ਵਿਸ਼ਵਾਸਾਂ ਕਰਕੇ ਅਤੇ ਹਿੰਦੂ ਸਾਥੀਆਂ ਦੀ ਪ੍ਰੇਰਨਾ ਸਦਕਾ ਪਤਿਤ ਹੋਣ ਦੇ ਰਸਤੇ ਪੈਣ ਕਰਕੇ ‘ਸ਼ਹੀਦ’ ਸ਼ਬਦ ਦੀ ਵਰਤੋਂ ਨੂੰ ‘ਅਯੋਗ’ ਤੇ ‘ਅਗਿਆਨ-ਆਸ਼ਿਤ’ ਦੱਸਿਆ ਹੈ ਪਰ ਉਹਨਾਂ ਨੇ ਭਗਤ ਸਿੰਘ ਦੀ ਬਹਾਦਰੀ ਦੇ ਹੱਠ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਹੈ। ‘ਸਾਚੀ ਸਾਖੀ’ ਪੁਸਤਕ ਦੇ ਪੰਨ-93 ‘ਤੇ ਦਰਜ ਹੈ ”ਭਗਤ ਸਿੰਘ ਤੇ ਉਸਦੇ ਸਾਥੀਆਂ ਤੇ ਕਤਲ ਦਾ ਮੁਕੱਦਮਾ ਚੱਲਿਆ ਤਾਂ ਉਸ ਨੇ ਬਹੁਤ ਹੌਸਲਾ ਰੱਖਿਆ ਅਤੇ ਅੰਤ ਫਾਂਸੀ ਚੜ੍ਹਨ ਤੱਕ ਉਹ ਹੱਠ ਵਿੱਚ ਰਿਹਾ। …..ਇੱਥੇ ਇਹ ਗੱਲ ਵਰਨਣਯੋਗ ਹੈ ਕਿਉਂ ਜੋ ਹੁਣ ਰਾਜਸੀ ਹਿੰਦੂਆਂ ਨੇ ਭਗਤ ਸਿੰਘ ਦੀ ਰਾਜਸੀ ਵਿਚਾਰਧਾਰਾ ਅਤੇ ਉਸਦੇ ਸਰੀਰਕ ਰੂਪ ਨੂੰ ਹੋਰ ਦਾ ਹੋਰ, ਸਿੱਖੀ ਤੋਂ ਉੱਕਾ ਉਪਰਾਮ ਰੰਗ ਦੇ ਦਿੱਤਾ ਹੈ, ਕਿ ਉਹ ਆਪਣੇ ਅੰਤਿਮ ਸਮੇਂ ਤੱਕ ਜਿਹੜੇ ਚਿੱਠੀ ਪੱਤਰ ਉਹ ਆਪਣੇ ਘਰ, ਸਾਕਾਂ ਸਬੰਧੀਆਂ ਨੂੰ ਭੇਜਦਾ ਰਿਹਾ, ਉਹ ਸਾਰੇ ੴ ਨਾਲ ਅਰੰਭ ਹੁੰਦੇ ਹਨ ਅਤੇ ‘ਸਤਿ ਸ੍ਰੀ ਅਕਾਲ’ ਨਾਲ ਅੰਤ।”

ਇਹ ਵੀ ਗੱਲ ਵਿਸੇਸ਼ ਅਹਿਮੀਅਤ ਰੱਖਦੀ ਹੈ ਕਿ ਭਾਵੇਂ ਸਿਰਦਾਰ ਕਪੂਰ ਸਿੰਘ, ਭਗਤ ਸਿੰਘ ਅਤੇ ਸਾਥੀ ਵਲੋਂ ‘ਸਾਂਡਰਸ’ ਨੂੰ ਮਾਰਨ ਦੇ ਚਸ਼ਮਦੀਦ ਗਵਾਹ ਸਨ ਪਰ ਉਨ੍ਹਾਂ ਨੇ ਭਗਤ ਸਿੰਘ ਦੀ ਸ਼ਨਾਖਤ ਕਰਨ ਤੋਂ ਇਨਕਾਰ ਕਰ ਦਿੱਤਾ। ‘ਸਾਚੀ ਸਾਖੀ ਅਨੁਸਾਰ -‘ਜਦੋਂ ਮੈਨੂੰ ਭਗਤ ਸਿੰਘ ਨੂੰ ਸ਼ਨਾਖਤ ਕਰਨ ਦਾ ਸੁਝਾਓ ਦਿੱਤਾ ਗਿਆ ਤੇ ਲਾਲਚ ਭੀ ਤਾਂ ਮੈਂ ਸਾਫ ਇਨਕਾਰ ਕਰ ਦਿੱਤਾ। ਮੈਂ ਭਗਤ ਸਿੰਘ ਨੂੰ ਪਹਿਲਾਂ ਹੀ ਜਾਣਦਾ ਸੀ ਅਤੇ ਇਹ ਗੱਲ ਦੋ ਵਰ੍ਹੇ ਪਿੱਛੋਂ ਜਦੋਂ ਮੈਂ ਆਈ. ਸੀ. ਐਸ. ਵਿੱਚ ਕਾਮਯਾਬ ਹੋਇਆ ਤਾਂ ਮੇਰੇ ਖਿਲਾਫ ਲਿਆਂਦੀ ਗਈ…..”

ਹੁਣ ਇਸ ਤੱਥ ਨੂੰ ਅਜੋਕੇ ‘ਰਾਸ਼ਟਰਵਾਦੀਆਂ’ ਜਾਂ ਉਨ੍ਹਾਂ ਦੇ ਖਾਨਦਾਨਾਂ ਦੇ ਕਿਰਦਾਰ ਨਾਲ ਤੋਲ ਕੇ ਵੇਖੋ। ਕਿੰਨੇ ਕੁ ਲੋਕਾਂ ਨੂੰ ਇਸ ਤੱਥ ਦਾ ਗਿਆਨ ਹੈ (ਕਿਉਂਕਿ ਮੀਡੀਏ ਨੇ ਇਸ ਗੱਲ ਦਾ ਕਦੀ ਭੋਗ ਹੀ ਨਹੀਂ ਪਾਇਆ) ਕਿ ਭਗਤ ਸਿੰਘ ਵਲੋਂ ਦਿੱਲੀ ਅਸੰਬਲੀ ਵਿੱਚ ਬੰਬ ਸੁੱਟਣ ਦੌਰਾਨ ਫੜ੍ਹੇ ਜਾਣ ਤੋਂ ਬਾਅਦ, ਪੁਲਿਸ ਸਾਹਮਣੇ ਉਸ ਦੀ ਸ਼ਨਾਖਤ ਸਰ ਸੋਭਾ ਸਿੰਘ ਨੇ ਕੀਤੀ ਸੀ ਜਿਹੜਾ ਕਿ ਅਸੰਬਲੀ ਦੀ ਗੈਲਰੀ ਵਿੱਚ ਬੈਠਾ ਸੀ। ‘ਹਿੰਦੂ ਭਾਰਤ’ ਦਾ ਵੱਡਾ ਮੁੱਦਈ ਅਤੇ ਖਾਲਿਸਤਾਨ ਤੇ ਸੰਤ ਭਿੰਡਰਾਂਵਾਲਿਆਂ ਦਾ ‘ਜ਼ਹਿਰੀਲਾ ਵਿਰੋਧੀ’ ਪੱਤਰਕਾਰ ਖੁਸ਼ਵੰਤ ਸਿੰਘ, ਇਸੇ ਸਰ ਸੋਭਾ ਸਿੰਘ ਦਾ ‘ਮੁੰਡਾ’ ਹੈ। ਅਜ਼ਾਦੀ ਤੋਂ ਬਾਅਦ ਅਕਾਲੀ ਸਫ਼ਾ ਵਿੱਚ ਘੁਸਪੈਠ ਕਰਕੇ, ਸਿਆਸੀ ਲਾਹਾ ਲੈਣ ਵਾਲਾ ‘ਸਰਦਾਰ ਬਹਾਦਰ’ ਉੱਜਲ ਸਿੰਘ, ਖੁਸ਼ਵੰਤ ਸਿੰਘ ਦਾ ਚਾਚਾ ਹੈ। ‘ਗ਼ਦਾਰੀ’ ਦੇ ਇਨਾਮ ਵਜੋਂ ਇਸ ਨੂੰ ਤਾਮਿਲਨਾਡੂ ਦਾ ਗਵਰਨਰ ਲਾਇਆ ਗਿਆ ਸੀ।

ਪਿਛਲੇ 67 ਵਰ੍ਹਿਆਂ ਵਿੱਚ ਜੋ ਵਰਤਾਰਾ ‘ਦੇਸੀ ਹਾਕਮਾਂ’ ਵਲੋਂ ਸ਼ਹੀਦ ਭਗਤ ਸਿੰਘ ਦੀ ‘ਕੌਮ’ ਅਤੇ ਉਸਦੇ ਆਪਣੇ ਪਰਿਵਾਰ-ਜਨਾਂ ਨਾਲ ਕੀਤਾ ਗਿਆ ਹੈ, ਉਹ ‘ਗੋਰੇ ਹਾਕਮਾਂ’ ਦੀਆਂ ਕਰਤੂਤਾਂ ਤੋਂ ਕਿਸੇ ਪੱਖੋਂ ਵੀ ਘੱਟ ਨਹੀਂ ਹੈ। ਭਗਤ ਸਿੰਘ ਨੇ ਤਾਂ ‘ਸੁਫਨਾ’ ਵੇਖਿਆ ਸੀ ਉਸ ਭਾਰਤ ਦਾ, ਜਿੱਥੇ ਹਰ ਇੱਕ ਨੂੰ ‘ਰੋਟੀ, ਕੱਪੜਾ ਤੇ ਮਕਾਨ’ ਹਾਸਲ ਹੋਵੇਗਾ ਪਰ ਅੱਜ 67 ਵਰ੍ਹਿਆਂ ਬਾਅਦ ਵੀ ਇਸ ਦੇਸ਼ ਦੇ 40 ਫੀਸਦੀ ਤੋਂ ਜ਼ਿਆਦਾ ਲੋਕਾਂ ਨੂੰ ਇੱਕ ਵੇਲੇ ਦਾ ‘ਅੰਨ’ ਵੀ ਚੱਜ ਨਾਲ ਨਸੀਬ ਨਹੀਂ ਹੁੰਦਾ। ਜਿਸ ਕਿਰਸਾਨੀ ਪਰਿਵਾਰਕ ਪਿਛੋਕੜ ਦੇ ਭਗਤ ਸਿੰਘ ਨੇ ਕਦੇ ਆਪਣੇ ਬਚਪਨ ਵਿੱਚ ਪਿੰਡ ਲਾਗਿਓਂ ਲੰਘੇ ਜੈਤੋ ਦੇ ਮੋਰਚੇ ਦੇ ਜਥੇ ਦੀ ਚਾਹ ਪਾਣੀ ਨਾਲ ਸੇਵਾ ਕਰਕੇ ‘ਸਿੱਖੀ ਦ੍ਰਿੜ੍ਹਤਾ’ ਦੇ ਨਜ਼ਾਰੇ ਵੇਖੇ ਸਨ, ਪਿਛਲੇ 30 ਵਰ੍ਹਿਆਂ ਵਿੱਚ ਨਾ-ਸਿਰਫ ਅਕਾਲ ਤਖਤ ਸਾਹਿਬ ਨੂੰ ਢਾਹ-ਢੇਰੀ ਕੀਤਾ ਗਿਆ ਬਲਕਿ ਸਿੱਖ ਕੌਮ ਦੇ ਡੇਢ ਲੱਖ ਤੋਂ ਜ਼ਿਆਦਾ ਪੁੱਤਰ-ਪੁੱਤਰੀਆਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਨ੍ਹਾਂ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਸਿੱਖਾਂ ਵਿੱਚ ਭਗਤ ਸਿੰਘ ਦਾ ਆਪਣਾ ਭਾਣਜਾ ਕੁਲਜੀਤ ਸਿੰਘ ਢੱਟ, ਸਰਪੰਚ ਪਿੰਡ ਅੰਬਾਲਾ ਜੱਟਾਂ, ਵੀ ਸ਼ਾਮਲ ਹੈ। ਦੇਸੀ ਹਾਕਮਾਂ ਦੇ ਜ਼ੁਲਮਾਂ ਦਾ ਹੋਰ ਕੀ ਸਬੂਤ ਚਾਹੀਦਾ ਹੈ? ਇਸ ਝੂਠੇ ਪੁਲਿਸ ਮੁਕਾਬਲੇ ਦੇ ਅਸਲ ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜ੍ਹਾ ਕਰਵਾਉਣ ਲਈ ਭਗਤ ਸਿੰਘ ਦੇ ਪਰਿਵਾਰ-ਜਨਾਂ ਨੇ ਲੰਬੀ, ਅਕਾਊ ਅਦਾਲਤੀ ਲੜਾਈ ਲੜੀ। ਪਰ ਇਸ ਤੋਂ ਪਹਿਲਾਂ ਕਿ ਕੇਂਦਰੀ ਏਜੰਸੀਆਂ ਦਾ ਸਿਸਟਮ ਬੇਨਕਾਬ ਹੁੰਦਾ, ਕਾਤਲ ਅਜੀਤ ਸੰਧੂ ਦਾ ਅੰਤ ਹੋ ਗਿਆ। ਅਜੀਤ ਸੰਧੂ ਦੇ ਆਤਮਘਾਤ (ਜਾਂ ਏਜੰਸੀਆਂ ਵਲੋਂ ਕੀਤਾ ਗਿਆ ਕਤਲ) ਨੂੰ ਭਾਰਤੀ ਮੀਡੀਏ ਤੇ ਲੀਡਰਾਂ ਨੇ ‘ਪੁਲਿਸ ਨੂੰ ਤੰਗ ਕਰਨ (ਹਰਾਸਮੈਂਟ)’ ਦਾ ਨਤੀਜਾ ਦੱਸਿਆ ਅਤੇ ਇਸ ਤਰ੍ਹਾਂ ਹਜ਼ਾਰਾਂ ਸਿੱਖ ਨੌਜਵਾਨਾਂ ਦੇ ‘ਕਾਤਲਾਂ’ ਦੇ ਖਿਲਾਫ ਅਦਾਲਤੀ ਕਾਰਵਾਈ ਲਗਭਗ ਠੱਪ ਹੀ ਹੋ ਗਈ।

ਭਗਤ ਸਿੰਘ ਤੇ ਉਸ ਦੇ ਸਾਥੀਆਂ (ਰਾਜਗੁਰੂ, ਸੁਖਦੇਵ) ਦੇ ਖਿਲਾਫ ਅੰਗਰੇਜ਼ੀ ਅਦਾਲਤ ਨੇ ਮੁਕੱਦਮਾ ਚਲਾਇਆ ਸੀ ਅਤੇ ਇਹਨਾਂ ਨੂੰ ਆਪਣੇ ‘ਬਚਾਅ’ ਵਿੱਚ ਪੈਰਵਾਈ ਕਰਨ ਦੀ ਖੁੱਲ੍ਹ ਸੀ। ਪਰ ਦੇਸੀ ਹਾਕਮਾਂ ਨੇ ਤਾਂ ਦੇਸ਼ ਭਗਤੀ ਦਾ ਮੰਤਰ ਜਪਦਿਆਂ ਨਕਸਲਵਾਦੀਆਂ ਦੇ ਨਾਂ ਥੱਲੇ, ਹਜ਼ਾਰਾਂ ਬੰਗਾਲੀ ਅਤੇ ਪੰਜਾਬੀ ਨੌਜਵਾਨਾਂ ਅਤੇ ਖਾਲਿਸਤਾਨ ਦੇ ਨਾਂ ਹੇਠ, ਹਜ਼ਾਰਾਂ ਸਿੱਖ ਗੱਭਰੂਆਂ-ਮੁਟਿਆਰਾਂ ਨੂੰ ਲਾ-ਵਾਰਸ-ਲਾਸ਼ਾਂ’ ਬਣਾ ਕੇ ਰੱਖ ਦਿੱਤਾ। ਭਾਰਤ ਵਿੱਚ ਬ੍ਰਿਟਿਸ਼ ਰਾਜ ਦੇ 200 ਵਰ੍ਹਿਆਂ ਦੌਰਾਨ ਇੰਨੇ ਲੋਕ ਨਹੀਂ ਮਾਰੇ ਗਏ, ਜਿੰਨੇ ਦੇਸੀ ਹਾਕਮਾਂ ਨੇ ਪਿਛਲੇ 67 ਵਰ੍ਹਿਆਂ ਵਿੱਚ ਮਾਰ ਮੁਕਾਏ ਹਨ।

ਜਿਵੇਂ ਸ਼ਹੀਦ ਊਧਮ ਸਿੰਘ, ਬੱਬਰ ਅਕਾਲੀਆਂ, ਗਦਰੀ ਬਾਬਿਆਂ ਅਤੇ ਸ਼ਹੀਦ ਭਗਤ ਸਿੰਘ ਆਦਿਕ ਨੇ ਸਿੱਖੀ ਪ੍ਰੰਪਰਾਵਾਂ ਦੀ ਲਾਜ ਪਾਲਦਿਆਂ ਹੱਸ ਹੱਸ ਫਾਂਸੀ ਦੇ ਰੱਸਿਆਂ ਨੂੰ ਚੁੰਮਿਆ ਸੀ, ਠੀਕ ਅੱਜ ਵੀ ਉਸੇ ਤਰ੍ਹਾਂ ਸ਼ਹੀਦ ਸਤਵੰਤ ਸਿੰਘ, ਸ਼ਹੀਦ ਕਿਹਰ ਸਿੰਘ, ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਵਰਗੇ ਸਿੱਖ ਜਵਾਨਾਂ ਨੇ ਮੌਤ ਨਾਲ ਕਲੋਲਾਂ ਕਰਦਿਆਂ ਫਾਂਸੀ ਦੇ ਤਖਤਿਆਂ ਨੂੰ ਦਸਮੇਸ਼-ਪਿਤਾ ਦੀ ਗੋਦ ਸਮਝਦਿਆਂ, ਖਾਲਸਾਈ ਇਤਿਹਾਸ ਨੂੰ ਚਾਰ-ਚੰਨ ਲਾਏ ਹਨ। ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਭਾਈ ਜਗਤਾਰ ਸਿੰਘ ਹਵਾਰਾ ਵਰਗੇ ਸ਼ੇਰ-ਦਿਲ ਸਿੰਘ, ਯੋਧੇ, ਹੱਥਕੜੀਆਂ-ਬੇੜੀਆਂ ਵਿੱਚ ਜਕੜੇ ਹੋਏ ਵੀ ‘ਖਾਲਿਸਤਾਨ’ ਦੀ ਸ਼ੇਰ-ਭਬਕ ਨਾਲ ਭਾਰਤੀ ਸਾਮਰਾਜ ਦੀਆਂ ਨੀਂਹਾਂ ਨੂੰ ਕੰਬਾ ਰਹੇ ਹਨ। ਜੇ ਭਗਤ ਸਿੰਘ 1980ਵਿਆਂ ‘ਚ ਹੁੰਦਾ ਤਾਂ ਉਸਨੇ ਜਿੰਦੇ-ਸੁੱਖੇ ਦਾ ਸਾਥੀ ਹੋਣਾ ਸੀ ਤੇ ਜੇਕਰ ਜਿੰਦਾ-ਸੁੱਖਾ 1920ਵਿਆਂ ‘ਚ ਹੁੰਦੇ ਤਾਂ ਉਨ੍ਹਾਂ ਨੇ ਭਗਤ ਸਿੰਘ ਦੇ ਸਾਥੀ ਹੋਣਾ ਸੀ।

ਪਰ ਜੇ ਅੱਜ ਕੋਈ ਭਗਤ ਸਿੰਘ ਨੂੰ ਉਸਦੇ ‘ਸੁਫਨਿਆਂ ਦੇ ਭਾਰਤ’ ਸਬੰਧੀ ਸਵਾਲ ਕਰੇ ਤਾਂ ਉਹ ਆਪਣੀ ਜੇਲ੍ਹ–ਡਾਇਰੀ ਦਾ ਇਹ ਸ਼ਿਅਰ ਸੁਣਾ ਕੇ ਗੰਭੀਰ ਚੁੱਪ ਵਿੱਚ ਚਲਾ ਜਾਵੇਗਾ-

‘ਛੇੜ ਨਾ, ਐ ਫਰਿਸ਼ਤੇ,

ਤੂੰ ਜ਼ਿਕਰ-ਏ-ਗਮ-ਏ ਜਾਨਾ।

ਕਿਉਂ ਯਾਦ ਦਿਲਾਤੇ ਹੋ

ਇਕ ਭੂਲਾ ਹੂਆ ਅਫਸਾਨਾ।’

ਟਿੱਪਣੀ ਕਰੋ:

About editor

Scroll To Top