Home / ਚੋਣਵੀ ਖਬਰ/ਲੇਖ / ਰੰਗਲੇ ਪੰਜਾਬ ਦੇ ਫਿੱਕੇ-ਫਿੱਕੇ ਰੰਗ :–ਅਮਰਜੀਤ ਸਿੰਘ ਵੜੈਚ

ਰੰਗਲੇ ਪੰਜਾਬ ਦੇ ਫਿੱਕੇ-ਫਿੱਕੇ ਰੰਗ :–ਅਮਰਜੀਤ ਸਿੰਘ ਵੜੈਚ

ਵਿਸ਼ਵ ਬੈਂਕ ਨੇ 2015 ਵਿਚ ਭਾਰਤ ਦੇ ਜਿਨ੍ਹਾਂ ਦਸ ਰਾਜਾਂ ਨੂੰ ਵਿਕਾਸਸ਼ੀਲ ਐਲਾਨਿਆ ਸੀ ਉਨ੍ਹਾਂ ਵਿਚ ‘ਰੰਗਲਾ ਪੰਜਾਬ’ ਕਿਤੇ ਵੀ ਨਹੀਂ ਸੀ! ਸੰਯੁਕਤ ਰਾਸ਼ਟਰ ਵੱਲੋਂ ‘ਮਨੁੱਖੀ ਵਿਕਾਸ ਇੰਡੈਕਸ 2015’ ਅਨੁਸਾਰ ਭਾਰਤ ਦੇ 29 ਰਾਜਾਂ ਅਤੇ ਸੱਤ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਪੰਜਾਬ ਦਾ ਅੱਠਵਾਂ ਸਥਾਨ ਸੀ! ਬੰਗਲੂਰੂ ਦੀ ਇਕ ਸੰਸਥਾ ਵੱਲੋਂ ਭਾਰਤ ਦੇ ਰਾਜਾਂ ਦੇ ਵਿਕਾਸ ਦੇ ਆਧਾਰ ’ਤੇ ਕੀਤੇ ਗਏ ਸਰਵੇਖਣ ਵਿਚ ਪੰਜਾਬ ਦਾ ਸਥਾਨ ਛੇਵਾਂ ਸੀ। ਕਿਸੇ ਵਕਤ ਭਾਰਤੀ ਰਾਜਾਂ ਵਿਚੋਂ ਪੰਜਾਬ ਸਭ ਤੋਂ ਉਪਰ ਹੁੰਦਾ ਸੀ, ਪਰ ਹੁਣ ਵਿਕਾਸ ਦੇ ਆਧਾਰ ’ਤੇ ਦੇਸ਼ ਵਿਚ ਕੇਰਲਾ, ਤਾਮਿਲਨਾਡੂ, ਕਰਨਾਟਕ, ਮਹਾਂਰਾਸ਼ਟਰ ਅਤੇ ਗੁਜਰਾਤ ਇਸ ਤੋਂ ਅੱਗੇ ਹਨ। ਕੇਂਦਰ ਸਰਕਾਰ ਦੇ ਅੰਕੜਿਆਂ ਅਨੁਸਾਰ ਪੰਜਾਬ ਵਿਚ 15 ਲੱਖ ਲੋਕ ਬੇਰੁਜ਼ਗਾਰ ਹਨ। 2015 ਵਿਚ ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੇ ਪੰਜਵੇਂ ਸਰਵੇਖਣ ਅਨੁਸਾਰ ਪੰਜਾਬ ਵਿਚ ਇਕ ਹਜ਼ਾਰ ਦੀ ਆਬਾਦੀ ਪਿੱਛੇ 60 ਵਿਅਕਤੀ ਬੇਰੁਜ਼ਗਾਰ ਸਨ।
ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਅਧਿਐਨ ਮੁਤਾਬਿਕ ਪੰਜਾਬ ਵਿਚ 2000 ਤੋਂ 2015 ਤੱਕ ਔਸਤਨ ਹਰ ਰੋਜ਼ ਤਿੰਨ ਕਿਸਾਨ ਆਤਮ-ਹੱਤਿਆ ਕਰ ਰਹੇ ਸਨ। ਇਸ ਅਰਸੇ ਦੌਰਾਨ ਖ਼ੁਦਕੁਸ਼ੀ ਕਰਨ ਵਾਲੇ 16,606 ਕਿਸਾਨਾਂ ਵਿਚੋਂ 76 ਫ਼ੀਸਦੀ ਨੇ ਖੇਤੀ ਕਰਜ਼ੇ ਕਾਰਨ ਮੌਤ ਨੂੰ ਗਲ਼ ਲਾਇਆ। ਇਨ੍ਹਾਂ ਵਿਚੋਂ 12,620 ਕਿਸਾਨ ਪੰਜ ਜਾਂ ਪੰਜ ਏਕੜ ਤੋਂ ਘੱਟ ਦੀ ਮਾਲਕੀ ਵਾਲੇ ਸਨ। ਪੰਜਾਬ ਦੇ ਕਿਸਾਨਾਂ ਸਿਰ ਕੁੱਲ ਕਰਜ਼ਾ 80 ਹਜ਼ਾਰ ਕਰੋੜ ਤੋਂ ਵੀ ਟੱਪ ਗਿਆ ਹੈ। ਮੌਜੂਦਾ ਸਮੇਂ ਇਕ ਕਿਸਾਨ ’ਤੇ ਔਸਤਨ ਅੱਠ ਲੱਖ ਦਾ ਕਰਜ਼ਾ ਹੈ ਜਦੋਂਕਿ ਔਸਤਨ ਆਮਦਨ ਸਿਰਫ਼ ਛੇ ਲੱਖ ਰੁਪਏ ਹੈ। ਛੋਟੇ ਕਿਸਾਨਾਂ ਦੀ ਹਾਲਤ ਹੋਰ ਵੀ ਤਰਸਯੋਗ ਹੈ। ਸਰਕਾਰੀ ਸਬਸਿਡੀਆਂ ਦਾ 80 ਫ਼ੀਸਦੀ ਫ਼ਾਇਦਾ ਵੱਡੇ ਕਿਸਾਨ ਲੈ ਜਾਂਦੇ ਹਨ ਜਦੋਂਕਿ ਛੋਟੇ ਕਿਸਾਨਾਂ ਹਿੱਸੇ ਸਿਰਫ਼ ਸੱਤ ਫ਼ੀਸਦੀ ਹੀ ਆਉਂਦਾ ਹੈ

 

ਪੀ.ਜੀ.ਆਈ., ਚੰਡੀਗੜ੍ਹ ਵੱਲੋਂ 2015 ’ਚ ਪੰਜਾਬ ਦੇ ਜ਼ਿਲ੍ਹਿਆਂ ਕੀਤੇ ਗਏ ਸਰਵੇਖਣ ਤੋਂ ਪਤਾ ਲੱਗਿਆ ਕਿ ਸੂਬੇ ਵਿਚ ਹਰ ਛੇ ਵਿਅਕਤੀਆਂ ’ਚੋਂ ਇਕ ਵਿਅਕਤੀ ਕੋਈ ਨਾ ਕੋਈ ਨਸ਼ਾ ਜ਼ਰੂਰ ਕਰਦਾ ਹੈ। ਇਸ ਦਾ ਮਤਲਬ ਇਹ ਹੈ ਕਿ 29 ਲੱਖ ਤੋਂ ਵੱਧ (10.31 ਫ਼ੀਸਦੀ) ਵਿਅਕਤੀ ਨਸ਼ੇ ਕਰਦੇ ਹਨ ਅਤੇ ਇਨ੍ਹਾਂ ਵਿਚੋਂ 22 ਲੱਖ ਲੋਕ ਸ਼ਰਾਬ ’ਤੇ ਹੀ ਲੱਗੇ ਹੋਏ ਹਨ। ਸਰਕਾਰੀ ਅੰਕੜਿਆਂ ਮੁਤਾਬਿਕ ਸ਼ਰਾਬ ਦੀ ਇੰਨੀ ਖਪਤ ਦੇ ਹਿਸਾਬ ਨਾਲ ਹਰ ਪੰਜਾਬੀ ਦੇ ਹਿੱਸੇ ਹਰ ਮਹੀਨੇ ਘੱਟੋ-ਘੱਟ ਇਕ ਬੋਤਲ ਸ਼ਰਾਬ ਦੀ ਆਉਂਦੀ ਹੈ। ਪੰਜਾਬ ਪਿਛਲੇ ਦਸ ਵਰ੍ਹਿਆਂ ਦੌਰਾਨ ਤਕਰੀਬਨ 35 ਹਜ਼ਾਰ ਕਰੋੜ ਰੁਪਏ ਦੀ ਸ਼ਰਾਬ ਡੀਕ ਗਿਆ। ਇਸ ਵਿਚ ਹੋਰ ਅੰਕੜੇ ਵੀ ਜੋੜ ਲਈਏ ਤਾਂ ਇਹ ਅੰਕੜਾ 70 ਹਜ਼ਾਰ ਕਰੋੜ ਤੋਂ ਉਪਰ ਚਲਾ ਜਾਂਦਾ ਹੈ। ਹੋਰ ਨਸ਼ੇ ਇਸ ਤੋਂ ਵੱਖਰੇ ਹਨ। ਥਾਂ ਥਾਂ ਸ਼ਰਾਬ ਦੇ ਠੇਕੇ ਖੋਲ੍ਹ ਦਿੱਤੇ ਗਏ ਹਨ ਕਿਉਂਕਿ ਸਰਕਾਰ ਨੂੰ ਇਕੱਲੀ ਸ਼ਰਾਬ ਤੋਂ ਹੀ ਸੂਬੇ ਦੀ ਕੁੱਲ ਆਮਦਨ ਦਾ 14 ਫ਼ੀਸਦੀ ਹਿੱਸਾ ਆ ਰਿਹਾ ਹੈ। ਵਿਸ਼ਵ ਸਿਹਤ ਸੰਸਥਾ ਦੇ ਅੰਕੜਿਆਂ ਅਨੁਸਾਰ ਭਾਰਤ ਵਿਚ ਸ਼ਰਾਬ ਦੀ ਖਪਤ ’ਚ ਪੰਜਾਬ ਦਾ 24ਵਾਂ ਨੰਬਰ ਹੈ। ਇਸ ਦਾ ਮਤਲਬ ਇਹ ਨਹੀਂ ਕਿ ਪੰਜਾਬ ਵਿਚ ਸ਼ਰਾਬ ਜਾਂ ਨਸ਼ਿਆਂ ਦੀ ਕੋਈ ਸਮੱਸਿਆ ਨਹੀਂ ਹੈ।
ਕੌਮੀ ਅਤੇ ਕੌਮਾਂਤਰੀ ਖੇਡ ਮੁਕਾਬਲਿਆਂ ’ਚ ਮੱਲਾਂ ਮਾਰਨ ਵਾਲਿਆਂ ਲਈ ਪੰਜਾਬ ਸਰਕਾਰ ਨੇ ਵੱਡੇ ਵੱਡੇ ਇਨਾਮ ਦੇਣ ਦਾ ਐਲਾਨ ਕਰ ਦਿੱਤਾ। ਇਸ ਦੀ ਹਰ ਪਾਸਿਓਂ ਪ੍ਰਸ਼ੰਸਾ ਹੋਈ, ਪਰ ਦੂਜੇ ਪਾਸੇ ਸਰਕਾਰ ਨੇ ਹਰ ਸਾਲ ਸਨਮਾਨਿਤ ਕੀਤੇ ਜਾਂਦੇ ਅਧਿਆਪਕਾਂ ਨੂੰ ਦਿੱਤੀ ਜਾਣ ਵਾਲੀ ਨਿਗੂਣੀ ਜਿਹੀ 25 ਹਜ਼ਾਰ ਦੀ ਰਾਸ਼ੀ ਵੀ ਦੇਣੀ ਬੰਦ ਕਰ ਦਿੱਤੀ ਹੈ। ਇਸ ਦੇ ਉਲਟ ਸਰਕਾਰ ਆਪਣੀ ਕਾਰਗੁਜ਼ਾਰੀ ਲੋਕਾਂ ਨੂੰ ਦੱਸਣ ਲਈ ਇਸ਼ਤਿਹਾਰਾਂ ’ਤੇ ਕਰੋੜਾਂ ਰੁਪਏ ਖ਼ਰਚ ਰਹੀ ਹੈ। ਦੇਸ਼ ਦਾ ਨਿਰਮਾਤਾ ਅਧਿਆਪਕ ਪੰਜਾਬ ਦੀਆਂ ਸੜਕਾਂ ’ਤੇ ਉਤਰਨ ਲਈ ਮਜਬੂਰ ਕਰ ਦਿੱਤਾ ਗਿਆ ਹੈ।
ਜਾਅਲੀ ਟਰੈਵਲ ਏਜੰਟ ਹਜ਼ਾਰਾਂ ਨੌਜਵਾਨਾਂ ਦੀਆਂ ਜ਼ਿੰਦਗੀਆਂ ਤਬਾਹ ਕਰ ਚੁੱਕੇ ਹਨ, ਨਿੱਜੀ ਨਸ਼ਾ-ਛਡਾਊ ਕੇਂਦਰ ਲੋਕਾਂ ਦੀਆਂ ਮਜਬੂਰੀਆਂ ਦਾ ਨਾਜਾਇਜ਼ ਫ਼ਾਇਦਾ ਉਠਾ ਰਹੇ ਹਨ। ਪੰਜਾਬੀ ਨੌਜਵਾਨ ‘ਰੰਗਲੇ ਪੰਜਾਬ’ ਤੋਂ ਨਿਰਾਸ਼ ਹੋ ਕੇ ਰੋਜ਼ੀ-ਰੋਟੀ ਦੇ ਜੁਗਾੜ ਲਈ ਬੇਗਾਨੀਆਂ ਧਰਤੀਆਂ ’ਤੇ ਪਰਵਾਸ ਕਰਨ ਲਈ ਮਜਬੂਰ ਕਰ ਦਿੱਤੇ ਗਏ ਹਨ।
ਅਖੌਤੀ ਧਰਮ, ਟਰਾਂਸਪੋਰਟ, ਸ਼ਰਾਬ, ਕੇਬਲ ਟੀ.ਵੀ, ਭੂਮੀ, ਰੇਤ, ਨਕਲੀ ਦਵਾਈਆਂ, ਨਕਲੀ ਦੁੱਧ, ਨਸ਼ਾ ਮਾਫੀਆ ਆਦਿ ਸਰਗਰਮ ਹੈ। ਪਿਛਲੇ ਸਮੇਂ ਦੌਰਾਨ ਗੈਂਗਸਟਰਾਂ ਦੀ ਖਹਿਬਾਜ਼ੀ ਦਾ ਦੌਰ ਸ਼ੁਰੂ ਹੋਇਆ; ਪਹਿਲਾਂ ਅਜਿਹੀਆਂ ਖ਼ਬਰਾਂ ਬਿਹਾਰ ਅਤੇ ਯੂਪੀ ’ਚੋਂ ਆਉਂਦੀਆਂ ਸਨ।
ਸੂਚਨਾ ਅਧਿਕਾਰ ਰਾਹੀਂ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਪ੍ਰਾਪਤ ਸੂਚਨਾ ਮੁਤਾਬਿਕ ਪੰਜਾਬ ਵਿਚ ਕਾਲੇ ਦੌਰ ਸਮੇਂ 11,694 ਆਮ ਲੋਕ ਮਾਰੇ ਗਏ, ਪੁਲੀਸ ਅਤੇ ਸੁਰੱਖਿਆ ਬਲਾਂ ਦੇ 1784 ਜਵਾਨ ਸ਼ਹੀਦ ਹੋਏ ਅਤੇ 8069 ਅਤਿਵਾਦੀ ਮਾਰੇ ਗਏ। ਉਧਰ ਜਸਵੰਤ ਸਿੰਘ ਖਾਲੜਾ (ਜਿਸ ਨੂੰ ਬਾਅਦ ਵਿਚ ਕਤਲ ਕਰ ਦਿੱਤਾ ਗਿਆ) ਅਨੁਸਾਰ ਪੰਜਾਬ ਵਿਚ ਸੁਰੱਖਿਆ ਬਲਾਂ ਨੇ 25,000 ਨੌਜਵਾਨਾਂ ਨੂੰ ਕਥਿਤ ਝੂਠੇ ਮੁਕਾਬਲਿਆਂ ’ਚ ਮਾਰ ਕੇ ਅਤੇ ਅਣਪਛਾਤੀਆਂ ਲਾਸ਼ਾਂ ਕਰਾਰ ਦੇ ਕੇ ਮਾਝੇ ਦੇ ਵੱਖ ਵੱਖ ਸ਼ਮਸ਼ਾਨਘਾਟਾਂ ’ਚ ਸਸਕਾਰ ਕਰ ਦਿੱਤਾ। ਇਸ ਸਬੰਧੀ ਕੇਸ ਹਾਲੇ ਵੀ ਸੁਪਰੀਮ ਕੋਰਟ ਵਿਚ ਚੱਲ ਰਿਹਾ ਹੈ।
ਇਸ ਤੋਂ ਇਲਾਵਾ ਪੰਜਾਬੀ ਗੀਤਾਂ ਦੇ ਗੀਤਕਾਰਾਂ, ਗਾਇਕਾਂ ਅਤੇ ਪੰਜਾਬੀ ਫ਼ਿਲਮ ਨਿਰਮਾਤਾਵਾਂ ਨੇ ਰਹਿੰਦੀ ਕਸਰ ਵੀ ਕੱਢ ਦਿੱਤੀ ਹੈ। ਗੀਤਾਂ ਵਿਚ ਜੀਪਾਂ, ਕਾਰਾਂ, ਇਸ਼ਕ ਅਤੇ ਹਥਿਆਰ ਹੀ ਦਿਸਦੇ ਹਨ। ਇਉਂ ਲੱਗਦਾ ਹੈ ਜਿਵੇਂ ਪੰਜਾਬ ਦੇ ਗੱਭਰੂਆਂ ਅਤੇ ਮੁਟਿਆਰਾਂ ਨੂੰ ਹੋਰ ਕੋਈ ਕੰਮ ਹੀ ਨਹੀਂ। ਕਦੇ ਕਦੇ ਹੀ ਕੋਈ ਚੰਗਾ ਗੀਤ ਸੁਣਨ ਨੂੰ ਮਿਲਦਾ ਹੈ। ਪੰਜਾਬੀ ਫ਼ਿਲਮਾਂ ਦੀ ਸਥਿਤੀ ਵੀ ਕੋਈ ਬਿਹਤਰ ਨਹੀਂ।
ਪੰਜਾਬ ਨੇ ਬੜਾ ਕੁਝ ਝੱਲਿਆ ਹੈ ਜਿਵੇਂ ਸਾਕਾ ਨੀਲਾ ਤਾਰਾ, ਅਪਰੇਸ਼ਨ ਕਾਲੀ ਗਰਜ ਅਤੇ ਕਾਲਾ ਦੌਰ ਆਦਿ। ਕਿੰਨੇ ਹੀ ਹੋਰ ਅਜਿਹੇ ਮਸਲੇ ਹਨ ਜੋ 1947 ਦੀ ਦੇਸ਼ ਵੰਡ ਤੋਂ ਬਾਅਦ ਸੁਲਝਣ ਦੀ ਥਾਂ ਹੋਰ ਗੁੰਝਲਦਾਰ ਹੋ ਗਏ ਹਨ। ਪੰਜਾਬੀ ਸੂਬਾ, ਪੰਜਾਬੀ ਭਾਸ਼ਾ ਨੂੰ ਲਾਗੂ ਕਰਨਾ, ਪੰਜਾਬੀ ਇਲਾਕਿਆਂ ਨੂੰ ਪੰਜਾਬ ਵਿਚ ਸ਼ਾਮਿਲ ਕਰਨਾ ਅਤੇ ਦਰਿਆਈ ਪਾਣੀਆਂ ਦੇ ਰੇੜਕੇ ਅਜਿਹੇ ਮਸਲੇ ਹਨ ਜਿਨ੍ਹਾਂ ਦੇ ਹੱਲ ਕਰਦਿਆਂ-ਕਰਦਿਆਂ ਹੋਰ ਪੁਆੜੇ ਪੈ ਗਏ। ਸਿਆਸਤਦਾਨਾਂ ਨੇ ਇਨ੍ਹਾਂ ਮਸਲਿਆਂ ਦੀ ਆੜ ਹੇਠ ਸਿਆਸੀ ਕਿੜਾਂ ਵੀ ਕੱਢ ਲਈਆਂ ਅਤੇ ਕਈਆਂ ਨੇ ਸੱਤਾ ਪ੍ਰਾਪਤ ਕਰਕੇ ਆਪਣੀਆਂ ਪੁਸ਼ਤਾਂ ਲਈ ‘ਬੇਅੰਤ ਮਾਇਆ’ ਵੀ ਸਮੇਟ ਲਈ। ਇਨ੍ਹਾਂ ਸਮਿਆਂ ’ਚ ਪੰਜਾਬ ਨੇ ਕਈ ਵਧੀਆ ਵਿਦਵਾਨ, ਲੇਖਕ, ਅਧਿਆਪਕ, ਅਫ਼ਸਰ, ਪੱਤਰਕਾਰ, ਡਾਕਟਰ, ਇੰਜਨੀਅਰ, ਪੁਲੀਸ ਅਫ਼ਸਰ, ਸੰਤ ਆਦਿ ਗੁਆ ਲਏ ਅਤੇ ਸਾਕਾ ਨੀਲਾ ਤਾਰਾ ’ਚ ਵਡਮੁੱਲਾ ਸਾਹਿਤ ਵੀ ਖੁਰਦ-ਬੁਰਦ ਹੋ ਗਿਆ। ਏਨਾ ਕੁਝ ਗੁਆਚ ਜਾਣ ਮਗਰੋਂ ਵੀ ਪੰਜਾਬੀ ਲੀਡਰਸ਼ਿਪ ਨਿੱਜ ਅਤੇ ਪਰਿਵਾਰਕ ਮੋਹ ’ਚੋਂ ਨਹੀਂ ਨਿਕਲ ਸਕੀ। ਪੰਜਾਬ ਦੀਆਂ ਸਾਰੀਆਂ ਹੀ ਸਿਆਸੀ ਧਿਰਾਂ ਨੇ ਰੱਜ ਕੇ ਪੰਜਾਬੀਆਂ ਨੂੰ ਖੱਜਲ ਕੀਤਾ ਅਤੇ ਪੰਜਾਬ ਦੇ ਹਿੱਤਾਂ ਦੀ ਬਲੀ ਚਾੜ੍ਹ ਕੇ ਕੁਨਬਾਪਰਵਰੀ ਹੀ ਕੀਤੀ। ਵੱਖ ਵੱਖ ਸਿਆਸੀ ਪਾਰਟੀਆਂ ਨੇ ਸੱਤਾ ’ਤੇ ਕਬਜ਼ਾ ਕਰਨ ਲਈ ਵੱਖ ਵੱਖ ਤਰ੍ਹਾਂ ਦਾ ‘ਚੋਗਾ’ ਪਾ ਕੇ ਪੰਜਾਬੀਆਂ ਦੀਆਂ ਅੱਖਾਂ ’ਤੇ ਐਸੇ ਖੋਪੇ ਪਾਏ ਕਿ ਹੱਕ, ਸੱਚ ਅਤੇ ਅਣਖ ਲਈ ਮਰ ਮਿਟਣ ਵਾਲੇ ਪੰਜਾਬੀ ਹੁਣ ਸ਼ਰਾਬ ਦੀਆਂ ਬੋਤਲਾਂ ਅਤੇ ਪਾਰਟੀਆਂ ਦੇ ਝੰਡਿਆਂ ਦੇ ਰੰਗ ਤੇ ਚੋਣ ਨਿਸ਼ਾਨ ਵੇਖ ਕੇ ਹੀ ਵੋਟਾਂ ਪਾ ਦਿੰਦੇ ਹਨ। ਮੌਜੂਦਾ ਸਿਆਸੀ ਰੈਲੀ ਸਭਿਆਚਾਰ ਸਿਆਸੀ ਲੀਡਰਾਂ ਦੀ ਲਿਫ਼ਾਫ਼ੇਬਾਜ਼ੀ ਦੀ ਇਕ ਹੋਰ ਵੱਡੀ ਮਿਸਾਲ ਹੈ।
ਪੰਜਾਬ ਦੀ ਮੌਜੂਦਾ ਸਥਿਤੀ ਇਹ ਹੈ ਕਿ ਜ਼ਿਆਦਾਤਰ ਪੰਜਾਬੀ ਲੋਕ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਲਈ ਫ਼ਿਕਰਮੰਦ ਹਨ? ਅੱਜ ਵਰਗ ਵਿਚ ਨਿਰਾਸ਼ਾ ਦਾ ਮਾਹੌਲ ਹੈ। ਉਂਜ, ਇਸ ਦਾ ਇਹ ਮਤਲਬ ਹਰਗਿਜ਼ ਨਹੀਂ ਕਿ ਸਭ ਕੁਝ ਖ਼ਤਮ ਹੈ। ਪੰਜਾਬੀਆਂ ਕੋਲ਼ ਹਿੰਮਤ, ਹੌਸਲਾ, ਮਿਹਨਤ, ਸਮਰੱਥਾ, ਸਰਬੱਤ ਦੇ ਭਲੇ ਅਤੇ ਵੰਡ ਕੇ ਖਾਣ ਦਾ ਵਿਰਸਾ, ਜ਼ਰਖ਼ੇਜ਼ ਮਿੱਟੀ ਹੈ। ਸਭ ਤੋਂ ਵੱਧ ਗੁਰੂਆਂ, ਪੀਰਾਂ, ਫ਼ਕੀਰਾਂ ਅਤੇ ਦੇਵੀ ਦੇਵਤਿਆਂ ਦਾ ਵਰਦਾਨ ਹੈ! ਸਿਰਫ਼ ਘਾਟ ਇਕੋ ਗੱਲ ਦੀ ਹੈ ਕਿ ਅਸੀਂ ਫੁਕਰੇ ਜ਼ਿਆਦਾ ਹੋ ਗਏ ਹਾਂ। ਵੱਡੇ ਲੀਡਰਾਂ ਨਾਲ ਤਸਵੀਰਾਂ ਖਿਚਾ ਕੇ ਬੈਠਕ ’ਚ ਰੱਖ ਕੇ ਖ਼ੁਸ਼ ਹੋ ਜਾਂਦੇ ਹਾਂ। ਅਜਿਹੇ ਵਿਚ ਉਨ੍ਹਾਂ ਲੀਡਰਾਂ ਨੂੰ ਸਵਾਲ ਕਰਨ ਦੀ ਹਿੰਮਤ ਕਿਵੇਂ ਕਰਾਂਗੇ?
ਹੁਣ ਸਮਾਂ ਆ ਗਿਆ ਹੈ ਕਿ ਪੰਜਾਬੀਆਂ ਨੂੰ ਸਿਆਸਤਦਾਨਾਂ ਦੇ ਲਾਰਿਆਂ ਦੇ ਸ਼ੱਕਰਪਾਰਿਆਂ ਨੂੰ ਠੁਕਰਾ ਕੇ ਰੰਗਲੇ ਪੰਜਾਬ ਦੇ ਖੁਰ ਰਹੇ ਰੰਗਾਂ ਨੂੰ ਬਚਾਉਣ ਲਈ ਸੁਚੇਤ ਹੋਣਾ ਪਵੇਗਾ। ਸਾਨੂੰ ਸਾਡੇ ਚੁਣੇ ਹੋਏ ਨੁਮਾਇੰਦਿਆਂ ਨੂੰ ਸਵਾਲ ਕਰਨੇ ਪੈਣਗੇ ਕਿ ਸਾਡੇ ਚੁਣੇ ਹੋਏ ਨੁਮਾਇੰਦਿਆਂ, ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਬੱਚੇ ਸਰਕਾਰੀ ਸਕੂਲਾਂ ਕਾਲਜਾਂ ’ਚ ਕਿਉਂ ਨਹੀਂ ਪੜ੍ਹਦੇ? ਇਹ ਲੋਕ ਜਾਂ ਇਨ੍ਹਾਂ ਦੇ ਪਰਿਵਾਰਕ ਮੈਂਬਰ ਬਿਮਾਰੀ ਸਮੇਂ ਸਰਕਾਰੀ ਹਸਪਤਾਲਾਂ ’ਚ ਇਲਾਜ ਕਿਉਂ ਨਹੀਂ ਕਰਾਉਂਦੇ? ਇਲਾਜ ਕਰਾਉਣ ਲਈ ਸਰਕਾਰੀ ਖਰਚੇ ’ਤੇ ਵਿਦੇਸ਼ਾਂ ਵਿਚ ਕਿਉਂ ਜਾਂਦੇ ਹਨ?
ਅੱਜ ਲੋੜ ਹੈ ਪੰਜਾਬ ਦੀ ਮੁੜ ਉਸਾਰੀ ਦੀ। ਪਿੰਡਾਂ ’ਚ ਅਜਿਹੇ ਢਾਂਚੇ ਸਿਰਜੇ ਜਾਣ ਜਿਸ ਨਾਲ ਪਿੰਡਾਂ ’ਚੋਂ ਸ਼ਹਿਰਾਂ ਵੱਲ ਪਰਵਾਸ ਰੁਕ ਸਕੇ। ਖੇਤੀ ਆਧਾਰਿਤ ਉਦਯੋਗ ਸਾਥਾਪਿਤ ਕੀਤੇ ਜਾਣ ਤਾਂ ਕਿ ਪਿੰਡਾਂ ਵਿਚ ਰੁਜ਼ਗਾਰ ਦੇ ਮੌਕੇ ਵਧ ਸਕਣ। ਖੇਤੀ ਉਪਜ ਉਦਯੋਗਾਂ ’ਚ ਲੱਗੇਗੀ ਤਾਂ ਪਿੰਡਾਂ ਦੀ ਆਰਥਿਕ ਸਥਿਤੀ ਵੀ ਸੁਧਰੇਗੀ। ਸ਼ਹਿਰਾਂ ਅਤੇ ਪਿੰਡਾਂ ਵਿਚ ਪਾੜਾ ਦੂਰ ਕਰਨ ਲਈ ਸ਼ਹਿਰੀ ਬਾਜ਼ਾਰ ਨੂੰ ਪਿੰਡਾਂ ਨਾਲ ਜੋੜਿਆ ਜਾਵੇ ਤਾਂ ਕਿ ਪਿੰਡਾਂ ਦੀਆਂ ਵਸਤਾਂ ਸ਼ਹਿਰਾਂ ਵਿਚ ਵਿਕ ਸਕਣ। ਇੰਜ ਸ਼ਹਿਰਾਂ ਵਾਲਿਆਂ ਨੂੰ ਕੁਦਰਤੀ, ਸ਼ੁੱਧ ਅਤੇ ਸਸਤੀਆਂ ਚੀਜ਼ਾਂ ਮਿਲ ਸਕਣਗੀਆਂ, ਕਿਸਾਨ ਬਾਜ਼ਾਰ ਦੀ ਲੁੱਟ-ਖਸੁਟ ਤੋਂ ਬਚੇਗਾ ਅਤੇ ਉਸ ਨੂੰ ਆਪਣੀ ਉਪਜ ਦੀ ਸਹੀ ਕੀਮਤ ਵੀ ਮਿਲ ਸਕੇਗੀ। ਖੇਤੀ, ਸਿੱਖਿਆ, ਸਿਹਤ, ਸਨਅਤ ਅਤੇ ਸੜਕੀ ਤੰਤਰ ’ਤੇ ਅੱਜ ਵਿਸ਼ੇਸ਼ ਜ਼ੋਰ ਦੇਣ ਦੀ ਲੋੜ ਹੈ। ਨੌਜਵਾਨਾਂ ਲਈ ਰੁਜ਼ਗਾਰ ਦੇ ਪੱਕੇ ਮੌਕੇ ਮੁਹੱਈਆ ਕਰਵਾਏ ਜਾਣ ਤਾਂ ਕਿ ਨੌਜਵਾਨਾਂ ਨੂੰ ਕਾਰਪੋਰੇਟ ਜਗਤ ਦੇ ਸ਼ੋਸ਼ਣ ਤੋਂ ਬਚਾਇਆ ਜਾ ਸਕੇ। ਨੌਜਵਾਨਾਂ ਨੂੰ ਨਿੱਜੀ ਅਤੇ ਸਹਿਕਾਰੀ ਰੂਪ ’ਚ ਉਦਯੋਗ ਸਥਾਪਿਤ ਕਰਨ ਲਈ ਪ੍ਰੇਰਨ ਦੀ ਲੋੜ ਹੈ। ਪੰਜਾਬ ਨੂੰ ਵਰਤਮਾਨ ਸੰਕਟ ’ਚੋਂ ਕੱਢਣ ਲਈ ਖੇਤੀ ਆਧਾਰਿਤ ਉਦਯੋਗੀਕਰਨ ਬਹੁਤ ਜ਼ਰੂਰੀ ਹੈ। ਆਓ, ਸਾਰੇ ਰਲ ਕੇ ਪੰਜਾਬ ਦੀਆਂ ਫ਼ਿਜ਼ਾਵਾਂ ’ਚ ਮੁੜ ਰੰਗ ਭਰ ਦੇਈਏ।

ਟਿੱਪਣੀ ਕਰੋ:

About editor

Scroll To Top