Home / ਚੋਣਵੀ ਖਬਰ/ਲੇਖ / ਭਾਰਤ ਵਿੱਚ ਹਿੰਦੂ ਰਾਸ਼ਟਰਵਾਦ ਦੇ ਪ੍ਰਭਾਵ ਥੱਲੇ ‘ਝੂਠੀਆਂ ਖਬਰਾਂ’ ਦਾ ਬੋਲਬਾਲਾ!

ਭਾਰਤ ਵਿੱਚ ਹਿੰਦੂ ਰਾਸ਼ਟਰਵਾਦ ਦੇ ਪ੍ਰਭਾਵ ਥੱਲੇ ‘ਝੂਠੀਆਂ ਖਬਰਾਂ’ ਦਾ ਬੋਲਬਾਲਾ!


ਐਮਨੈਸਟੀ ਇੰਟਰਨੈਸ਼ਨਲ ਨੇ ਮੀਆਂਮਾਰ ਦੀ ਨੇਤਾ ਸੂਅ ਕੀ ਤੋਂ ਮਨੁੱਖੀ ਅਧਿਕਾਰ ਐਵਾਰਡ ਲਿਆ ਵਾਪਸ!
ਜਰਮਨੀ ਵਿੱਚ 94 ਸਾਲਾ ਸਾਬਕਾ ਨਾਜ਼ੀ ਸਿਪਾਹੀ ‘ਤੇ ਚੱਲ ਰਿਹਾ ਯੁੱਧ ਅਪਰਾਧ ਦਾ ਮੁਕੱਦਮਾ!
ਭਾਰਤੀ ਘੱਟਗਿਣਤੀ ਆਯੋਗ ਦੇ ਮੁਖੀ ਹਸਨ ਰਿਜ਼ਵੀ ਵਲੋਂ ਅਯੋਧਿਆ ਵਿੱਚ ਰਾਮ-ਮੰਦਰ ਬਣਾਉਣ ਦੀ ਹਮਾਇਤ ਦਰਸਾਉਂਦੀ ਹੈ ਕਿ ਗੁਲਾਮੀ ਦਾ ਅਰਥ ਕੀ ਹੈ!
ਵਾਸ਼ਿੰਗਟਨ (ਡੀ. ਸੀ.) – 17 ਨਵੰਬਰ, 2018 – ਪੱਛਮੀ ਦੇਸ਼ਾਂ, ਵਿਸ਼ੇਸ਼ਕਰ ਅਮਰੀਕਾ ਵਿੱਚ ਪ੍ਰਧਾਨ ਟਰੰਪ ਨੇ ‘ਫੇਕ ਨਿਊਜ਼’ (ਝੂਠੀ ਖਬਰ) ਦੇ ਅਖਾਣ ਨੂੰ ਇੱਕ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਪਰ ਭਾਰਤ ਵਿੱਚ ਇਹ ‘ਫੇਕ ਨਿਊਜ਼’ ਹਿੰਦੂਤਵੀਆਂ ਦੇ ਹੱਥ ਵਿੱਚ ਆਇਆ ਉਹ ਹਥਿਆਰ ਹੈ, ਜਿਸ ਨਾਲ ਫਿਰਕੂ-ਹਿੰਸਾ ਫੈਲਾਈ ਜਾ ਰਹੀ ਹੈ ਅਤੇ ਸਮੁੱਚੇ ਸਮਾਜ ਦਾ ਧਰੁਵੀਕਰਣ ਕਰਕੇ, ਵੋਟ-ਰਾਜਨੀਤੀ ਕੀਤੀ ਜਾ ਰਹੀ ਹੈ। ਕੁਝ ਸਮਾਂ ਪਹਿਲਾਂ ਬੀਜੇਪੀ ਦੇ ਪ੍ਰਧਾਨ ਅਮਿਤ ਸ਼ਾਹ ਨੇ, ਆਈ. ਟੀ. ਸੈਲ ਦੇ ਹਜ਼ਾਰਾਂ ਤਨਖਾਹਦਾਰ ਵਲੰਟੀਅਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਸੀ ਕਿ ‘ਭਾਰਤ ਦੇ ਹਰ ਸੂਬੇ ਵਿੱਚ ਸਾਡੇ ਕੋਲ ਵੱਟਸ ਐਪ ਗਰੁੱਪਾਂ ‘ਤੇ ਕਰੋੜਾਂ ਮੈਂਬਰ ਹਨ। ਅਸੀਂ ਸਵੇਰ ਦੇ 8 ਵਜੇ, ਇਨ੍ਹਾਂ ਮੈਂਬਰਾਂ ਨੂੰ ਰੋਜ਼ਾਨਾ ਕੋਈ ਨਾ ਕੋਈ ਖਬਰ ‘ਪਰੋਸ’ ਦੇਂਦੇ ਹਾਂ। ਇਹ ਗੱਲ ਅਹਿਮੀਅਤ ਨਹੀਂ ਰੱਖਦੀ ਕਿ ਖਬਰ ਸੱਚੀ ਹੈ ਜਾਂ ਝੂਠੀ! ਸਾਡੇ ਇਸ ਪ੍ਰਚਾਰ ਦਾ ਜ਼ਬਰਦਸਤ ਅਸਰ ਹੋ ਰਿਹਾ ਹੈ।’
ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਭਾਰਤ ਵਿੱਚ ਪਿਛਲੇ ਕੁਝ ਹਫਤਿਆਂ ਵਿੱਚ 30 ਤੋਂ ਜ਼ਿਆਦਾ ਬੰਦਿਆਂ ਨੂੰ ਭੀੜਾਂ ਵਲੋਂ ਕੁੱਟ-ਕੁੱਟ ਕੇ ਮਾਰ ਮੁਕਾਉਣ ਪਿੱਛੇ ‘ਫੇਕ ਨਿਊਜ਼’ ਦਾ ਅਸਰ ਹੀ ਹੈ। ਭਾਵੇਂ ਕਿ ਸੋਸ਼ਲ ਮੀਡੀਆ ਇੰਚਾਰਜ ਵਲੋਂ ਕੁਝ ਨਫਰਤ-ਗਰੁੱਪਸ ਦੇ ਅਕਾਊਂਟ ਬੰਦ ਕਰਨ ਦੀ ਗੱਲ ਕਹੀ ਗਈ ਹੈ ਪਰ ਭਾਰਤ ਵਿੱਚ ਜਿੱਥੇ 20 ਕਰੋੜ ਤੋਂ ਜ਼ਿਆਦਾ ਲੋਕ ਫੇਸਬੁੱਕ-ਟਵਿੱਟਰ ਆਦਿ ‘ਤੇ ਹਨ, ਇਸ ਦਾ ਬਹੁਤਾ ਅਸਰ ਨਹੀਂ ਹੋਣਾ। ਨਫਰਤ ਫੈਲਾਉਣ ਦੀ ਆੜ ਵਿੱਚ, ਕੁਝ ਸਰਕਾਰ-ਵਿਰੋਧੀ ਵਿਅਕਤੀਆਂ ਦੇ ਅਕਾਊਂਟ ਜ਼ਰੂਰ ਰੱਦ ਹੋਏੇ ਹਨ।
ਬੀ. ਬੀ. ਸੀ. ਵਲੋਂ ਫੇਕ-ਨਿਊਜ਼ ਸਬੰਧੀ ਇੱਕ ਡੂੰਘਾ ਅਧਿਐਨ ਕੀਤਾ ਗਿਆ। ਹਜ਼ਾਰਾਂ ਫੇਸਬੁੱਕ ਪ੍ਰੋਫਾਇਲਜ਼ ਅਤੇ ਸੈਂਕੜਿਆਂ ਇੰਟਰਵਿਊਆਂ ‘ਤੇ ਆਧਾਰਿਤ ਇੱਕ ਵਿਸਥਾਰ ‘ਚ ਰਿਪੋਰਟ ਜਾਰੀ ਕੀਤੀ ਗਈ ਹੈ। ਇਸ ਰਿਪੋਰਟ ਅਨੁਸਾਰ ਭਾਰਤ ਵਿੱਚ ਫੇਕ ਨਿਊਜ਼ ਬਣਾਉਣ ਤੇ ਪ੍ਰਸਾਰਣ ਵਿੱਚ ਵੱਡੀ ਪ੍ਰੇਰਣਾ ‘ਹਿੰਦੂ ਰਾਸ਼ਟਰਵਾਦ’ ਦੀ ਹੈ। ਬਜ਼ੁਰਗ ਤੇ ਨੌਜਵਾਨ ਸਾਰੇ ਹੀ ਹਿੰਦੂ ਰਾਸ਼ਟਰਵਾਦ ਦੇ ਪ੍ਰਛਾਵੇਂ ਹੇਠ, ਦਬਾਦਬ ਫੇਕ ਨਿਊਜ਼ ਨੂੰ ਅੱਗੋਂ ਸ਼ੇਅਰ ਕਰਦੇ ਹਨ। ਇਸ ਰਾਸ਼ਟਰਵਾਦ ਦੇ ਦੋ ਅੰਗ ਹਨ – ਇੱਕ ਸਿੱਧਾ-ਸਿੱਧਾ ‘ਹਿੰਦੂ ਫ਼ਖਰ’ ਅਤੇ ਦੂਸਰਾ ਭਾਰਤ ਦੇ ਮਹਾਨ, ਤਰੱਕੀ-ਯਾਫਤਾ, ਦੇਸ਼ ਹੋਣ ਦਾ ਫ਼ਖਰ!! ਇਸ ‘ਝੂਠੇ-ਫ਼ਖਰ’ ਦੇ ਹੁੰਦਿਆਂ ਇੰਟਰਨੈਟ ਇਸਤੇਮਾਲ ਕਰਨ ਵਾਲਿਆਂ ਨੂੰ ਫੇਕ-ਨਿਊਜ਼ ਅੱਗੇ ਸ਼ੇਅਰ ਕਰਨ ਵਿੱਚ ਹੀ ਫ਼ਖਰ ਮਹਿਸੂਸ ਹੁੰਦਾ ਹੈ। ਉਨ੍ਹਾਂ ਨੂੰ ਲਗਦਾ ਹੈ ਕਿ ਇਸ ਨਾਲ ਇਹ ਹਿੰਦੂ ਧਰਮ ਤੇ ਭਾਰਤ ਦੇਸ਼ ਦੀ ਸੇਵਾ ਕਰ ਰਹੇ ਹਨ। ਸੋ ਜ਼ਾਹਰ ਹੈ ਕਿ ਆਰ. ਐਸ. ਐਸ. ਦਾ ਆਈ. ਟੀ. ਬ੍ਰਿਗੇਡ ਇਸ ਫੇਕ-ਨਿਊਜ਼ ਪ੍ਰਸਾਰ ਵਿੱਚ ਅਹਿਮ ਰੋਲ ਅਦਾ ਕਰ ਰਿਹਾ ਹੈ। 2019 ਦੀਆਂ ਪਾਰਲੀਮਾਨੀ ਚੋਣਾਂ ਜਿੱਤਣ ਲਈ ਆਰ. ਐਸ. ਐਸ. ਵਲੋਂ ਫਿਰਕੂ-ਨਫਰਤ ‘ਤੇ ਆਧਾਰਿਤ ਫੇਕ ਨਿਊਜ਼ ਦਾ ਰੱਜ ਕੇ ਇਸਤੇਮਾਲ ਕੀਤਾ ਜਾਵੇਗਾ। ਭਾਰਤ ਦਾ ਅਖੌਤੀ ਮੁੱਖਧਾਰਾ ਮੀਡੀਆ, ਜਿਸ ਵਿੱਚ ਪ੍ਰਿੰਟ ਮੀਡੀਆ ਅਤੇ ਇਲੈਕਟ੍ਰਾਨਿਕ ਮੀਡੀਆ ਦੋਵੇਂ ਸ਼ਾਮਲ ਹਨ, ਪਹਿਲਾਂ ਹੀ ਮੋਦੀ-ਭਗਤੀ ਵਿੱਚ ਰੰਗਿਆ ਹੋਇਆ ਗੋਦੀ-ਮੀਡੀਆ ਬਣ ਚੁੱਕਾ ਹੈ। ਭਾਰਤ ਵਿੱਚ ਇਸ ਵੇਲੇ ਘੱਟਗਿਣਤੀਆਂ ਦਾ ਕੋਈ ਵਾਲੀ-ਵਾਰਸ ਨਹੀਂ ਹੈ ਅਤੇ ਉਹ ਡਰ ਦੇ ਪ੍ਰਛਾਵੇਂ ਹੇਠ ਜੀਅ ਰਹੀਆਂ ਹਨ।
ਇਸ ਡਰ ਹੇਠ ਜੀਣ ਦਾ ਇੱਕ ਵੱਡਾ ਸਬੂਤ ਭਾਰਤੀ ਘੱਟਗਿਣਤੀ ਪੈਨਲ ਦੇ ਮੁਖੀ ਹਸਨ ਰਿਜ਼ਵੀ ਦਾ ਬਾਬਰੀ ਮਸੀਤ ਸਬੰਧੀ ਆਇਆ ਤਾਜ਼ਾ ਬਿਆਨ ਹੈ। ਰਿਜ਼ਵੀ ਦਾ ਕਹਿਣਾ ਹੈ, ”ਅਯੁੱਧਿਆ ਵਿੱਚ ਰਾਮ ਮੰਦਰ ਜ਼ਰੂਰ ਬਣਨਾ ਚਾਹੀਦਾ ਹੈ ਤਾਂ ਕਿ ਭਾਰਤ ਵਿੱਚ ਮੁਸਲਮਾਨ ‘ਸ਼ਾਂਤੀ ਅਤੇ ਸਤਿਕਾਰ’ ਨਾਲ ਰਹਿ ਸਕਣ। ਮੁਸਲਮਾਨਾਂ ਨੂੰ ਮੰਦਰ ਦੀ ਉਸਾਰੀ ਵਿੱਚ ਦਿਲ ਖੋਲ੍ਹ ਕੇ ਮਦਦ ਕਰਨੀ ਚਾਹੀਦੀ ਹੈ ਅਤੇ ਭਵਿੱਖ ਵਿੱਚ ਇਹ ਯਤਨ ਕਰਨਾ ਚਾਹੀਦਾ ਹੈ ਕਿ ਇਹੋ ਜਿਹਾ ਵਿਵਾਦ ਕਦੀ ਖੜ੍ਹਾ ਨਾ ਹੋਵੇ। ਅਯੁੱਧਿਆ ਵਿੱਚ ਕੋਈ ਮਸੀਤ ਨਹੀਂ ਬਣਨੀ ਚਾਹੀਦੀ ਕਿਉਂਕਿ ਇਹ 100 ਕਰੋੜ ਹਿੰਦੂਆਂ ਦੀ ਆਸਥਾ ਦਾ ਮਾਮਲਾ ਹੈ। ਮੁਸਲਮਾਨਾਂ ਨੂੰ ਹਿੰਦੂਆਂ ਨਾਲ ਝਗੜਾ ਕਰਨ ਦੀ ਥਾਂ ਤੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।’
ਪਾਠਕਜਨ! ਇਸ ਨੂੰ ਕਹਿੰਦੇ ਹਨ – ‘ਜ਼ਿਹਨੀ ਗੁਲਾਮੀ’!! ਵੇਖਣ ਵਾਲੀ ਗੱਲ ਇਹ ਹੈ ਕਿ ਗੁਲਾਮ ਜ਼ਹਿਨੀਅਤ ਰਿਜ਼ਵੀ ਕਿਸ ਨੂੰ ਉਪਦੇਸ਼ ਦੇ ਰਿਹਾ ਹੈ? ਹਿੰਦੂ ਭੀੜ ਨੇ ਬਾਬਰੀ ਮਸੀਤ ਨੂੰ ਢਾਹਿਆ, ਜਿਹੜੀ ਕਿ 500 ਸਾਲ ਪੁਰਾਣੀ ਇਤਿਹਾਸਕ ਇਮਾਰਤ ਸੀ। ਅਯੁੱਧਿਆ ਵਿੱਚ ਦਰਜਨਾਂ ਰਾਮ ਦੇ ਮੰਦਰ ਹਨ। ਕਿਸੇ ਨੂੰ ਕੌਣ ਰੋਕ ਰਿਹਾ ਹੈ ਕਿ ਉਹ ਪੂਜਾ ਨਾ ਕਰਨ? ਪਰ ਇੱਕ ਮਸੀਤ ਨੂੰ ਢਾਹ ਕੇ ਉੱਥੇ ਮੰਦਰ ਬਣਾਉਣ ਦਾ ਹਿੰਸਕ-ਅਮਲ ਕਿਵੇਂ ਕਾਨੂੰਨ ਮੁਤਾਬਿਕ ਜਾਇਜ਼ ਠਹਿਰਾਇਆ ਜਾ ਸਕਦਾ ਹੈ? ਭਾਰਤ ਵਿੱਚ ਮੁਸਲਮਾਨਾਂ ਦੀ ਹੋਂਦ ਹੀ ਖਤਰੇ ਵਿੱਚ ਹੈ, ਉਨ੍ਹਾਂ ਲਈ ਦੇਸ਼ ਦੇ ਵਿਕਾਸ ਦਾ ਕਿਹੜਾ ਦਰਵਾਜ਼ਾ ਖੁੱਲ੍ਹਾ ਹੈ? ਰਿਜ਼ਵੀ ਦੀ ਮੁਸਲਮਾਨਾਂ ਨੂੰ ਦਿੱਤੀ ਸਲਾਹ, ਉਨ੍ਹਾਂ ਗੁਲਾਮ ਜ਼ਹਿਨੀਅਤ ਸਿੱਖ ਲੀਡਰਾਂ ਵਰਗੀ ਹੈ, ਜਿਹੜੇ ਕਿ ਸਿੱਖਾਂ ਨੂੰ ਘੱਲੂਘਾਰਾ- ’84 ਤੇ ਨਵੰਬਰ – ’84 ਦੀ ਨਸਲਕੁਸ਼ੀ ਭੁੱਲਣ ਦੀ ਸਲਾਹ ਦਿੰਦੇ ਹਨ। ਆਜ਼ਾਦੀ ‘ਤੇ ਗੁਲਾਮੀ ਵਿੱਚ ਇਹ ਹੀ ਫਰਕ ਹੁੰਦਾ ਹੈ।
ਮਿਆਂਮਾਰ ਦੀ ਫੌਜੀ ਜੁੰਡਲੀ ਵਲੋਂ ਰੋਹੰਗੀਆਂ ਲੋਕਾਂ ‘ਤੇ ਪਿਛਲੇ ਕਈ ਵਰ੍ਹਿਆਂ ਤੋਂ ਬੇ-ਇੰਤਹਾ ਜ਼ੁਲਮ ਕੀਤੇ ਜਾ ਰਹੇ ਹਨ। ਮਿਆਂਮਾਰ ਵਿੱਚ ਬੌਧੀਆਂ ਦੀ ਬਹੁਗਿਣਤੀ ਹੈ ਅਤੇ ਰੋਹੰਗੀਆਂ ਦਾ ਮੁਸਲਮਾਨ ਹੋਣਾ ਹੀ ਉਨ੍ਹਾਂ ਦਾ ਸਭ ਤੋਂ ਵੱਡਾ ਗੁਨਾਹ ਹੈ। ਯੂ. ਐਨ. ਦੀ ਰਿਪੋਰਟ ਅਨੁਸਾਰ ਸੱਤ ਲੱਖ ਤੋਂ ਜ਼ਿਆਦਾ ਰੋਹੰਗੀਏ, ਆਪਣੀ ਧਰਤੀ ਤੋਂ ਭੱਜ ਕੇ ਬੰਗਲਾਦੇਸ਼ ਅਤੇ ਹੋਰ ਥਾਵਾਂ ‘ਤੇ ‘ਰਫਿਊਜ਼ੀ’ ਬਣ ਬੈਠੇ ਹਨ। ਕਦੀ ਇਸੀ ਫੌਜੀ ਜੁੰਡਲੀ ਨੇ ਮਿਆਂਮਾਰ ਵਿੱਚ ਲੋਕਤੰਤਰੀ ਤਰੀਕੇ ਨਾਲ ਚੁਣੀ ਗਈ ਪਾਰਟੀ ਨੇਤਾ ਆਂਗ ਸਾਨ ਸੂਅ ਕੀਅ ਨੂੰ ਵਰ੍ਹਿਆਂ ਬੱਧੀ ਘਰ ਵਿੱਚ ਨਜ਼ਰਬੰਦ ਰੱਖਿਆ ਸੀ। ਸੂਅ ਕੀ ਵਲੋਂ ਲੋਕਤੰਤਰ ਕਾਇਮ ਕਰਨ ਲਈ ਫੌਜੀ ਜੁੰਡਲੀ ਵਿਰੁੱਧ ਡੱਟਣ ਕਰਕੇ ਸੂਅ ਕੀ ਨੂੰ ਨੋਬਲ ਸ਼ਾਂਤੀ ਇਨਾਮ ਨਾਲ ਨਿਵਾਜਿਆ ਗਿਆ ਸੀ। 2000 ਵਿੱਚ ਐਮਨੈਸਟੀ ਇੰਟਰਨੈਸ਼ਨਲ ਨੇ ਉਸਨੂੰ ‘ਜ਼ਮੀਰ ਦੀ ਐਂਬੈਸਡਰ’ ਐਵਾਰ²ਡ ਨਾਲ ਨਿਵਾਜਿਆ ਸੀ। ਕੈਨੇਡਾ ਨੇ ਉਸ ਨੂੰ ‘ਆਨਰੇਰੀ ਸਿਟੀਜ਼ਨਸ਼ਿਪ’ ਦਿੱਤੀ ਸੀ ਅਤੇ ਆਕਸਫੋਰ²ਡ ਯੂਨੀਵਰਸਿਟੀ ਵਿੱਚ ਉਸ ਦੀ ਤਸਵੀਰ ਲਗਾਈ ਗਈ ਸੀ। ਅਮਰੀਕਨ ਹੋਲੋਕਾਸਟ ਮਿਊਜ਼ੀਅਮ ਵਲੋਂ ਐਲੀ ਵਿਸਲ ਐਵਾਰਡ ਨਾਵ ਸਨਮਾਨਿਤ ਕੀਤਾ ਗਿਆ ਸੀ।
ਪਰ ਜਦੋਂ ਤੋਂ ਫੌਜੀ-ਜੁੰਡਲੀ ਨਾਲ ਪ੍ਰਧਾਨ ਬਣਨ ਲਈ ਸੂਅ ਕੀ ਨੇ ਸਾਂਝ-ਭਿਆਲੀ ਪਾਈ ਹੈ, ਉਸ ਦੀ ਅੱਖਾਂ ਹੀ ਬਦਲ ਗਈਆਂ ਹਨ। ਉਸ ਨੇ ਰੋਹੰਗੀਆ ਮੁਸਲਮਾਨਾਂ ‘ਤੇ ਕੋਈ ਵੀ ਜ਼ੁਲਮ ਹੋਣ ਤੋਂ ਇਨਕਾਰ ਕੀਤਾ ਹੈ ਅਤੇ ਉਹ ਲਗਾਤਾਰਤਾ ਨਾਲ ਫੌਜ ਦੀ ਤਰਫਦਾਰੀ ਕਰ ਰਹੀ ਹੈ। ਸੂਅ ਕੀ ਤੋਂ ਨੋਬਲ ਇਨਾਮ ਵਾਪਸ ਲੈਣ ਦੀ ਮੰਗ ਉੱਠੀ ਹੈ ਪਰ ਨੋਬਲ ਕਮੇਟੀ ਦੇ ਨਿਯਮਾਂ ਅਨੁਸਾਰ ਇਹ ਵਾਪਸ ਨਹੀਂ ਲਿਆ ਜਾ ਸਕਦਾ। ਪਰ ਐਮਨੈਸਟੀ ਇੰਟਰਨੈਸ਼ਨਲ, ਹੋਲੋਕਾਸਟ ਮਿਊਜ਼ੀਅਮ ਨੇ ਆਪਣੇ ਦਿੱਤੇ ਐਵਾਰਡ ਵਾਪਸ ਲੈ ਲਏ ਹਨ। ਕੈਨੇਡਾ ਨੇ ਉਸ ਤੋਂ ਆਨਰੇਰੀ ਸਿਟੀਜ਼ਨਸ਼ਿਪ ਵਾਪਸ ਲੈ ਲਈ ਹੈ ਅਤੇ ਆਕਸਫੋਰਡ ਯੂਨੀਵਰਸਿਟੀ ਨੇ ਉਸ ਦੀ ਤਸਵੀਰ ਉਤਾਰ ਦਿੱਤੀ ਹੈ। ਸੂਅ ਕੀ ਲਈ ਇਸ ਤੋਂ ਵਧ ਕੇ ਅਪਮਾਨਿਤ ਹੋਣਾ ਹੋਰ ਕੀ ਹੋ ਸਕਦਾ ਹੈ? ਅਸੀਂ ਸੂਅ ਕੀ ਦੇ ਖਿਲਾਫ ਕੀਤੀ ਜਾ ਰਹੀ ਉਪਰੋਕਤ ਕਾਰਵਾਈ ਦੀ ਮੁਕੰਮਲ ਹਮਾਇਤ ਕਰਦਿਆਂ ਇਹ ਸਮਝਦੇ ਹਾਂ ਕਿ ਇਸਤੋਂ ਅੱਗੇ ਵਧਦਿਆਂ, ਮਿਆਂਮਾਰ ਦੀ ਫੌਜੀ-ਜੁੰਡਲੀ ਅਤੇ ਸੂਅ ਕੀ ਨੂੰ ‘ਜੰਗੀ ਅਪਰਾਧੀ’ ਘੋਸ਼ਤ ਕਰਕੇ, ਇਨ੍ਹਾਂ ਦੇ ਖਿਲਾਫ ਅੰਤਰਰਾਸ਼ਟਰੀ ਅਦਾਲਤ ਵਿੱਚ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ, ਜਿਵੇਂ ਕਿ ਨਾਜ਼ੀਆਂ ਅਤੇ ਸਰਬਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਸੀ।
ਮੀਡੀਆ ਰਿਪੋਰਟਾਂ ਅਨੁਸਾਰ, ਜਰਮਨੀ ਦੀ ਇੱਕ ਅਦਾਲਤ ਵਿੱਚ 94 ਸਾਲਾ ਜੌਹਨ ਰੈਹਬੋਗਨ ਦੇ ਖਿਲਾਫ ਇੱਕ ਮੁਕੱਦਮੇ ਦੀ ਸੁਣਵਾਈ ਚੱਲ ਰਹੀ ਹੈ। ਜੌਹਨ ਦੇ ਉਪਰ ਦੋਸ਼ ਹੈ ਕਿ ਜਦੋਂ ਉਹ ਨਾਜ਼ੀ ਫੌਜ ਦੇ ਗਾਰਡ ਦੇ ਤੌਰ ‘ਤੇ ਜੂਨ 1942 ਤੋਂ ਸਤੰਬਰ 1944 ਤੱਕ ਪੋਲੈਂਡ ਵਿੱਚ ਤਾਇਨਾਤ ਸੀ ਤਾਂ ਪੋਲੈਂਡ ਦੇ ਸੱਟਥਫ ਕੈਂਪ ਵਿੱਚ ਹਜ਼ਾਰਾਂ ਯਹੂਦੀਆਂ ਨੂੰ ਤਸੀਹੇ ਦੇ ਕੇ ਮਾਰਿਆ ਗਿਆ ਸੀ। ਉਦੋਂ ਜੌਹਨ ਦੀ ਉਮਰ 21 ਸਾਲ ਤੋਂ ਵੀ ਘੱਟ ਸੀ। ਜੌਹਨ ਵਲੋਂ ਕਿਸੇ ਵੀ ਪੱਧਰ ‘ਤੇ ਉਸ ਦੀ ਕਤਲੇਆਮ ਵਿੱਚ ਸ਼ਮੂਲੀਅਤ ਤੋਂ ਇਨਕਾਰ ਕੀਤਾ ਗਿਆ ਹੈ। ਜੌਹਨ ਨੂੰ 75 ਸਾਲ ਬਾਅਦ ਦੋਸ਼ੀਆਂ ਦੇ ਕਟਹਿਰੇ ਵਿੱਚ ਖੜ੍ਹਾ ਕਰਨਾ ਦੱਸਦਾ ਹੈ ਕਿ ਗੁਨਾਹਗਾਰ ਨੂੰ ਹਰ ਹਾਲਤ ਵਿੱਚ ਸਜ਼ਾ ਮਿਲਣੀ ਚਾਹੀਦੀ ਹੈ, ਭਾਵੇਂ ਬੁਢਾਪੇ ਵਿੱਚ ਹੀ ਸਹੀ। ਯਹੂਦੀਆਂ ਵਲੋਂ ਇਸ ਕੇਸ ਵਿੱਚ ਪੀੜਤ ਪਰਿਵਾਰਾਂ ਦੀ ਪੂਰੀ ਮੱਦਦ ਕੀਤੀ ਜਾ ਰਹੀ ਹੈ ਤਾਂ ਕਿ ਦੁਨੀਆ ਨੂੰ ਪਤਾ ਲੱਗ ਸਕੇ ਕਿ ਯਹੂਦੀਆਂ ਨੇ ਹਰ ਨਾਜ਼ੀ ਦਰਿੰਦੇ ਨਾਲ ਪੂਰਾ ਹਿਸਾਬ ਚੁਕਤਾ ਕੀਤਾ ਹੈ। ਜਰਮਨੀ ਵਿੱਚ ਮੌਤ ਦੀ ਸਜ਼ਾ ਨਾ ਹੋਣ ਕਰਕੇ ਇਸ 94 ਸਾਲਾ ਨਾਜ਼ੀ-ਬੁੱਢੇ ਨੂੰ 15 ਸਾਲ ਦੀ ਸਜ਼ਾ ਹੋਣ ਦੀ ਸੰਭਾਵਨਾ ਹੈ।
ਪਾਠਕਜਨ! ਜੇ 15 ਮਿਲੀਅਨ ਯਹੂਦੀਆਂ ਨੇ 75 ਸਾਲ ਬਾਅਦ ਵੀ ਨਾਜ਼ੀਆਂ ਨੂੰ ਸਜ਼ਾਵਾਂ ਦਿਵਾਉਣ ਦਾ ਕੰਮ ਜਾਰੀ ਰੱਖਿਆ ਹੋਇਆ ਹੈ ਤਾਂ 30 ਮਿਲੀਅਨ ਸਿੱਖ ਕੌਮ 34 ਸਾਲਾਂ ਵਿੱਚ ਹੀ ਕਿਉਂ ਹਫ਼ ਗਈ ਹੈ? ਜਿਹੜੇ ਲੋਕ ਸਾਨੂੰ ਬੀਤੇ ਨੂੰ ਭੁੱਲਣ ਦੀ ਸਲਾਹ ਦਿੰਦੇ ਹਨ, ਉਨ੍ਹਾਂ ਨੂੰ ਇਹੋ ਜਿਹੀਆਂ ਖਬਰਾਂ ਪੜ੍ਹਾਉਣੀਆਂ ਚਾਹੀਦੀਆਂ ਹਨ, ਜਿਹੜੀਆਂ ਯਾਦ ਕਰਵਾਉਣ ਕਿ ਸਿੱਖਾਂ ਨੂੰ ਇਨਸਾਫ ਲੈਣਾ ਆਉਂਦਾ ਹੈ ਅਤੇ ਸਿੱਖ ਨਸਲਕੁਸ਼ੀ ਲਈ ਜ਼ਿੰਮੇਵਾਰ ਕਾਤਲਾਂ ਦੀਆਂ ਮੜ੍ਹੀਆਂ ਤੋਂ ਵੀ ਅੱਗੇ ਅਤੇ ਉਨ੍ਹਾਂ ਦੀਆਂ ਪੁਸ਼ਤਾਂ ਤੋ ਵੀ ਹਿਸਾਬ ਲੈਣਗੇ। ਇਹ ਤਾਂ ਹੀ ਸੰਭਵ ਹੋ ਸਕੇਗਾ ਜੇ ਇਜ਼ਰਾਇਲ ਵਾਂਗ ਖਾਲਿਸਤਾਨ ਦੇਸ਼ ਦੁਨੀਆ ਦੇ ਨਕਸ਼ੇ ‘ਤੇ ਆਪਣੀ ਹੋਂਦ ਸਥਾਪਤ ਕਰ ਸਕੇਗਾ। ਇਸ ਨਿਸ਼ਾਨੇ ਦੀ ਪੂਰਤੀ ਲਈ ਦਸਵੇਂ ਪਾਤਸ਼ਾਹ ਦਾ ਇਹ ਫੁਰਮਾਨ ਯਾਦ ਰੱਖਣ ਦੀ ਲੋੜ ਹੈ –
‘ਕੋਊ ਕਿਸੀ ਕੋ ਰਾਜ ਨਾ ਦੇਹ ਹੈ।
ਜੋ ਲੇਹੈਂ ਨਿਜ ਬਲ ਸੇ ਲੇ ਹੈਂ।’

ਟਿੱਪਣੀ ਕਰੋ:

About editor

Scroll To Top