Home / ਚੋਣਵੀ ਖਬਰ/ਲੇਖ / ਭ੍ਰਿਸ਼ਟ ਮੋਦੀ ਸਰਕਾਰ ਦੇ ਸਭ ਤੋਂ ਅਹਿਮ ਮਹਿਕਮੇ ਸੀ. ਬੀ. ਆਈ. ਵਿੱਚ ਮਚਿਆ ਘਮਸਾਣ!

ਭ੍ਰਿਸ਼ਟ ਮੋਦੀ ਸਰਕਾਰ ਦੇ ਸਭ ਤੋਂ ਅਹਿਮ ਮਹਿਕਮੇ ਸੀ. ਬੀ. ਆਈ. ਵਿੱਚ ਮਚਿਆ ਘਮਸਾਣ!


ਭਾਰਤ ਵਿੱਚ ਈ. ਡੀ. ਵਲੋਂ ਐਮਨੈਸਟੀ ਇੰਟਰਨੈਸ਼ਨਲ ਤੇ ਗਰੀਨ ਪੀਸ ਦੇ ਦਫ਼ਤਰਾਂ ਵਿੱਚ ਛਾਪੇਮਾਰੀ!
‘ਦੁਕਾਨਦਾਰਾਂ ਦੇ ਮੁਲਕ’ ਬਰਤਾਨੀਆ ਵਲੋਂ ਸਿੱਖ ਕੌਮ ਦੀਆਂ ਰਾਜਸੀ ਉਮੰਗਾਂ ਦਾ ਘਾਣ ਕਰਨ ਲਈ ਭਾਰਤ ਸਰਕਾਰ ਨਾਲ ਹੋਈ ਜਾਪਦੀ ਹੈ ਕੋਈ ‘ਨਵੀਂ ਸੌਦੇਬਾਜ਼ੀ’!
ਲੰ²ਡਨ ਵਿੱਚ ਮਹਾਰਾਣੀ ਜਿੰਦਾਂ ਦੇ ਹਾਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਤੀਰਾਂ ਦੇ ਭੱਥੇ ਦੀ ਹੋਈ ਨਿਲਾਮੀ, ਇਸ ਸੱਚਾਈ ਦੀ ਯਾਦ-ਦਹਾਨੀ ਕਿ ਬੇ-ਘਰੀਆਂ ਕੌਮਾਂ ਦਾ ਵਿਰਸਾ ਹਮੇਸ਼ਾਂ ਹੁੰਦਾ ਹੈ ਨਿਲਾਮ!
ਕੀ 30 ਮਿਲੀਅਨ ਸਿੱਖ ਕੌਮ ਆਪਣੀ ਗਵਾਈ ਪਾਤਸ਼ਾਹੀ ਨੂੰ ਮੁੜ ਹਾਸਲ ਕਰਨ ਲਈ ਹੰਭਲਾ ਮਾਰੇਗੀ!
ਵਾਸ਼ਿੰਗਟਨ (ਡੀ. ਸੀ.) 27 ਅਕਤੂਬਰ, 2018- ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਨਾਲ ਕੀਤੇ 55 ਹਜ਼ਾਰ ਕਰੋੜ ਰੁਪੱਈਏ ਦੇ ‘ਰਾਫੇਲ ਜਹਾਜ਼ ਸੌਦੇ’ ਵਿੱਚ ਸਪੱਸ਼ਟ ਤੌਰ ਤੇ ਭ੍ਰਿਸ਼ਟਾਚਾਰ ਦਾ ਦੋਸੀ ਹੈ। ਫਰਾਂਸ ਦੇ ਸਾਬਕਾ ਪ੍ਰਧਾਨ ਅਤੇ ਫਰੈਂਚ ਮੀਡੀਏ ਰਾਹੀਂ ਇਹ ਸਪੱਸ਼ਟ ਹੋ ਚੁੱਕਾ ਹੈ ਕਿ ਮੋਦੀ ਨੇ ਸਿੱਧੇ ਤੌਰ ‘ਤੇ ਇਹ ਸੌਦਾ, ਆਪਣੇ ਦੋਸਤ ਅਨਿਲ ਅੰਬਾਨੀ ਨੂੰ ਦਵਾਇਆ। ਅਨਿਲ ਅੰਬਾਨੀ ਦੀ ਕੰਪਨੀ ‘ਰਿਲਾਇੰਸ ਡਿਫੈਂਸ’ ਦੀ ਰਜਿਸਟਰੇਸ਼ਨ ਸਿਰਫ 10 ਦਿਨ ਪਹਿਲਾਂ ਹੋਈ ਸੀ ਅਤੇ ਉਸ ਨੂੰ ਇੱਕ ਸੂਈ ਤੱਕ ਬਣਾਉਣ ਦਾ ਤਜ਼ਰਬਾ ਨਹੀਂ ਹੈ। ਜਦੋਂਕਿ ਭਾਰਤ ਦੀ ਸਰਕਾਰੀ ਜਹਾਜ਼ ਕੰਪਨੀ, ਜਿਸ ਨਾਲ ਇਹ ਸੌਦਾ ਪਹਿਲਾਂ ਤਹਿ ਹੋਇਆ ਸੀ, ਪਿਛਲੇ ਕਈ ਦਹਾਕਿਆਂ ਤੋਂ ਜਹਾਜ਼ ਬਣਾਉਣ ਦਾ ਕਾਰੋਬਾਰ ਕਰ ਰਹੀ ਹੈ। ਐਸਾ ਸਮਝਿਆ ਜਾਂਦਾ ਹੈ ਕਿ ਸੀ. ਬੀ. ਆਈ. ਦੇ ਡਾਇਰੈਕਟਰ, ਅਲੋਕ ਵਰਮਾ ਜਿਨ੍ਹਾਂ ਦੀ ਛਵੀ ਇੱਕ ਇਮਾਨਦਾਰ ਅਫਸਰ ਦੀ ਰਹੀ ਹੈ, ਰਾਫੇਲ ਸੌਦੇ ਸਬੰਧੀ ਜਾਂਚ-ਪੜਤਾਲ ਕਰ ਰਹੇ ਸਨ। ਇਸ ਦੀ ਭਿਣਕ ਪੈਣ ‘ਤੇ, ਸੀ. ਬੀ. ਆਈ. ਦੇ ਨੰਬਰ ਦੋ ਡਾਇਰੈਕਟਰ ਰਾਕੇਸ਼ ਅਸਥਾਨਾ ਨੇ, ਡਾਇਰੈਕਟਰ ਅਲੋਕ ਵਰਮਾ ਦੇ ਖਿਲਾਫ ਗ੍ਰਹਿ ਮੰਤਰੀ ਕੋਲ ਸ਼ਿਕਾਇਤ ਕਰਕੇ, ਉਸ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਆਇਦ ਕੀਤੇ। ਜ਼ਿਕਰਯੋਗ ਹੈ ਕਿ ਰਾਕੇਸ਼ ਅਸਥਾਨਾ ਗੁਜਰਾਤ ਕੇਡਰ ਦੇ ਆਈ. ਪੀ. ਐਸ. ਅਫਸਰ ਹਨ ਅਤੇ ਮੋਦੀ ਦੇ ਖਾਸ-ਮ-ਖਾਸ ਹਨ। ਮੋਦੀ ਦੇ ਗੁਜਰਾਤ ਦੇ ਮੁੱਖ ਮੰਤਰੀ ਕਾਲ ਦੌਰਾਨ ਰਾਕੇਸ਼ ਅਸਥਾਨਾ ਬੜੇ ਜ਼ਿੰਮੇਵਾਰ ਅਹੁਦਿਆਂ ‘ਤੇ ਰਹੇ। ਮੋਦੀ ਦੀ ਸਿਫਾਰਸ਼ ‘ਤੇ ਹੀ ਰਾਕੇਸ ਅਸਥਾਨਾ ਨੂੰ ਸੀ. ਬੀ. ਆਈ. ਵਿੱਚ ਨੰਬਰ ਦੋ ਅਹੁਦੇ ‘ਤੇ ‘ਸਪੈਸ਼ਲ ਡਾਇਰੈਕਟਰ’ ਨਿਯੁਕਤ ਕੀਤਾ ਗਿਆ ਸੀ। ਸਥਿਤੀ ਨੂੰ ਭਾਂਪਦਿਆਂ, ²ਡਾਇਰੈਕਟਰ ਅਲੋਕ ਵਰਮਾ ਨੇ, ਰਾਕੇਸ਼ ਅਸਥਾਨਾ ਦੇ ਭ੍ਰਿਸ਼ਟ ਤੌਰ ਤਰੀਕਿਆਂ ਦੀ ਪੜਤਾਲ ਅਰੰਭੀ। ਇਸ ਸਬੰਧੀ ਵੇਰਵੇ ਮੀਡੀਏ ਵਿੱਚ ਵੀ ਆਏ। ਮੋਦੀ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈŒ। ਮੋਦੀ ਸਰਕਾਰ ਨੇ ਅਲੋਕ ਵਰਮਾ ਤੇ ਰਾਕੇਸ਼ ਅਸਥਾਨਾ ਦੋਹਾਂ ਨੂੰ ਲੰਬੀ ਛੁੱਟੀ ‘ਤੇ ਭੇਜ ਦਿੱਤਾ ਅਤੇ ਇੱਕ ਜੂਨੀਅਰ ਅਫਸਰ ਨਾਗੇਸ਼ਵਰ ਰਾਓ ਨੂੰ ਸੀ. ਬੀ. ਆਈ. ਦਾ ਡਾਇਰੈਕਟਰ ਨਿਯੁਕਤ ਕੀਤਾ ਹੈ।
ਇਹ ਸਭ ਕੁਝ ਇੰਨੀ ਛੇਤੀ ਅਤੇ ਡਰਾਮਾਈ ਅੰਦਾਜ਼ ਵਿੱਚ ਹੋਇਆ, ਜਿਸ ਤੋਂ ਇਹ ਪ੍ਰਭਾਵ ਪੈਂਦਾ ਹੈ ਕਿ ਮੋਦੀ ਸਰਕਾਰ ਤੱਥਾਂ ਨੂੰ ਛੁਪਾਉਣ ਦੇ ਆਹਰ ਵਿੱਚ ਹੈ। ਅਲੋਕ ਵਰਮਾ, ਸੁਪਰੀਮ ਕੋਰਟ ਵਿੱਚ ਪਹੁੰਚ ਗਏ ਹਨ। ਇਸ ਕੇਸ ਦੀ ਸੁਣਵਾਈ ਬਹੁਤ ਜਲਦੀ ਸੁਪਰੀਮ ਕੋਰਟ ਵਲੋਂ ਕੀਤੀ ਜਾਣੀ ਹੈ। ਬੀ. ਜੇ. ਪੀ. ਵਿੱਚ ਵਿਰੋਧ-ਸੁਰ ਵਾਲੇ ਸੀਨੀਅਰ ਨੇਤਾ ਯਸ਼ਵੰਤ ਸਿਨਹਾ ਅਤੇ ਅਰੁਣ ਸ਼ੋਰੀ ਨੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਰਾਹੀਂ ਰਾਫੇਲ ਜਹਾਜ਼ ਸੌਦੇ ਸਬੰਧੀ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਵੀ ਦਾਇਰ ਕਰ ਦਿੱਤੀ ਹੈ। ਸੁਪਰੀਮ ਕੋਰਟ ਉਪਰੋਕਤ ਕੇਸਾਂ ਵਿੱਚ ਕਿੰਨਾਕੁ ਦਮਦਾਰ ਰੋਲ ਅਦਾ ਕਰੇਗੀ, ਇਹ ਤਾਂ ਸਮਾਂ ਹੀ ਦੱਸੇਗਾ ਪਰ ਇੱਕ ਗੱਲ ਜ਼ਾਹਰ ਹੈ ਕਿ ਸੀ. ਬੀ. ਆਈ. ਵਿੱਚ ਨਾ ਸਿਰਫ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੀ ਹੈ ਬਲਕਿ ਇਹ ਪੂਰੀ ਤਰ੍ਹਾਂ ਆਰ. ਐਸ. ਐਸ. ਦੀ ‘ਐਕਸਟੈਂਸ਼ਨ’ ਬਣੀ ਹੋਈ ਹੈ। ਜੇ ਕੋਈ ਇਮਾਨਦਾਰ ਬੰਦਾ ‘ਨਿਰਪੱਖ’ ਰੋਲ ਅਦਾ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਝਟਕਾ ਦਿੱਤਾ ਜਾਂਦਾ ਹੈ। ਕੁਝ ਸਮਾਂ ਪਹਿਲਾਂ, ਸੁਪਰੀਮ ਕੋਰਟ ਨੇ ਆਪਣੀ ਇੱਕ ਟਿੱਪਣੀ ਵਿੱਚ ਕਿਹਾ ਸੀ, ‘ਸੀ. ਬੀ. ਆਈ. ਸਰਕਾਰ ਦੇ ਪਿੰਜਰੇ ਦਾ ਇੱਕ ਤੋਤਾ ਬਣ ਕੇ ਰਹਿ ਗਈ ਹੈ, ਜਿਹੜਾ ਕਿ ਆਪਣੇ ਮਾਲਕ ਦੀ ਬੋਲੀ ਬੋਲਦਾ ਹੈ।’ ਅਜੋਕੇ ਘਟਨਾਕ੍ਰਮ ਨੇ ਇਸ ਟਿੱਪਣੀ ਨੂੰ ਬਿਲਕੁਲ ਸੱਚ ਸਾਬਤ ਕੀਤਾ ਹੈ।
ਆਰ. ਐਸ. ਐਸ. ਦੀਆਂ ਹਦਾਇਤਾਂ ‘ਤੇ ਚੱਲਣ ਵਾਲੀ ਮੋਦੀ ਸਰਕਾਰ ਨੇ ਵਿਰੋਧ ਦੀਆਂ ਆਵਾਜ਼ਾਂ ਦਾ ਗਲ਼ਾ ਘੁੱਟਣ ਦੀ ਪ੍ਰਕਿਰਿਆ ਜਾਰੀ ਰੱਖੀ ਹੋਈ ਹੈ। ਇਸ ਸਬੰਧੀ ਵਿਦੇਸ਼ੀ ਐਨ. ਜੀ. ਓ.’ਜ਼ ਨੂੰ ਵਿਸ਼ੇਸ਼ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮੋਦੀ ਸਰਕਾਰ ਨੇ 9000 ਤੋਂ ਜ਼ਿਆਦਾ ਐਨ. ਜੀ. ਓ ‘ਜ਼ ਦੀ ਰਜਿਸਟਰੇਸ਼ਨ ਪਿਛਲੇ ਵਰ੍ਹੇ ਦੌਰਾਨ ਰੱਦ ਕਰ ਦਿੱਤੀ ਸੀ। ਇਨ੍ਹਾਂ ਐਨ. ਜੀ. ਓ.’ਜ਼ ਦੀ ਥਾਂ-ਪੂਰਤੀ ਆਰ. ਐਸ. ਐਸ. ਨਾਲ ਸਬੰਧਿਤ ਜਥੇਬੰਦੀਆਂ ਵਲੋਂ ਕੀਤੀ ਜਾ ਰਹੀ ਹੈ। ਤਾਜ਼ਾ ਮੀਡੀਆ ਰਿਪੋਰਟਾਂ ਅਨੁਸਾਰ ਭਾਰਤ ਦੇ ਈ. ਡੀ. (ਐਨਫੋਰਸਮੈਂਟ ਡਾਇਰੈਕਟੋਰੇਟ) ਮਹਿਕਮੇ ਵਲੋਂ ਐਮਨੈਸਟੀ ਇੰਟਰਨੈਸ਼ਨਲ ਅਤੇ ਗਰੀਨ ਪੀਸ ਦੇ ਦਫਤਰਾਂ ‘ਤੇ ਛਾਪੇ ਮਾਰੇ ਗਏ ਹਨ। ਐਮਨੈਸਟੀ ਦੇ ਬੈਂਗਲੁਰੂ ਸਥਿਤ ਦਫਤਰ ਵਿੱਚ ਮਾਰੇ ਛਾਪੇ ਦੌਰਾਨ, ਉਹ ਅਧਿਕਾਰੀਆਂ ਦੇ ਫੋਨ ਵੀ ਨਾਲ ਹੀ ਲੈ ਗਏ। ਕੁਝ ਦਿਨ ਪਹਿਲਾਂ ਈ. ਡੀ. ਨੇ, ਵਾਤਾਵਰਣ ਨਾਲ ਸਬੰਧਿਤ ਮਸਲਿਆਂ ‘ਤੇ ਆਵਾਜ਼ ਚੁੱਕਣ ਵਾਲੀ ਸੰਸਥਾ ‘ਗਰੀਨ ਪੀਸ’ ਦੇ ਦਫਤਰਾਂ ‘ਤੇ ਵੀ ਛਾਪੇਮਾਰੀ ਕੀਤੀ। ਉਨ੍ਹਾਂ ਦੇ ਬੈਂਕ ਅਕਾਊਂਟ ਵੀ ਸੀਲ ਕਰ ਦਿੱਤੇ ਗਏ ਹਨ। ਛਾਪਾਮਾਰ ਟੀਮ ਕੋਲ ਕੋਈ ‘ਸਰਚ ਵਾਰੰਟ’ ਨਹੀਂ ਸਨ ਅਤੇ ਨਾ ਹੀ ਕੋਈ ਸ਼ਿਕਾਇਤ ਦੀ ਕਾਪੀ। ਇਸ ਸਬੰਧੀ ਗਰੀਨ ਪੀਸ ਵਲੋਂ ਹਾਈਕੋਰਟ ਵਿੱਚ ਇੱਕ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ। ਗਰੀਨ ਪੀਸ ਵਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ – ‘ਇੰਝ ਲਗਦਾ ਹੈ ਕਿ ਈ. ਡੀ., ਸੀ. ਬੀ. ਆਈ. ਅਤੇ ਇੰੰਟੈਲੀਜੈਂਸ ਬਿਊਰੋ ਸਿਰਫ ਸਰਕਾਰ ਅਤੇ ਸਰਕਾਰ ਵਿੱਚ ਭ੍ਰਿਸ਼ਟ ਲੋਕਾਂ ਦੇ ਮਤਲਬ ਲਈ ਕੰਮ ਕਰਦੇ ਹਨ। ਮੋਦੀ ਭ੍ਰਿਸ਼ਟ ਲੋਕਾਂ ਦੀ ਪਿੱਠ ‘ਤੇ ਖੜ੍ਹੇ ਹਨ। ਭਾਰਤ, ਇੱਕ ਲੋਕਤੰਤਰੀ ਦੇਸ਼ ਦੀ ਥਾਂ, ਤਾਨਾਸ਼ਾਹੀ ਵੱਲ ਵਧ ਰਿਹਾ ਹੈ।’
ਅਸੀਂ ਗਰੀਨ ਪੀਸ ਦੇ ਬਿਆਨ ਦੇ ਅੱਖਰ-ਅੱਖਰ ਨਾਲ ਸਹਿਮਤ ਹਾਂ ਅਤੇ ਉਨ੍ਹਾਂ ਦੀ ਹਿੰਮਤ ਦੀ ਦਾਦ ਦਿੰਦੇ ਹਾਂ ਕਿ ਉਹ ਇੰਨੇ ਬਿੱਖੜੇ ਹਾਲਾਤ ਵਿੱਚ ਵੀ ਇਮਾਨਦਾਰੀ ਦਾ ਝੰਡਾ ਚੁੱਕੀ ਖੜ੍ਹੇ ਹਨ।
ਫਰਾਂਸ ਦੇ ਮਹਾਨ ਜੇਤੂ ਨੈਪੋਲੀਅਨ ਬੋਨਾਪਾਰਟ ਨੇ ਬ੍ਰਿਟੇਨ ਨੂੰ ਕਦੀ ‘ਦੁਕਾਨਦਾਰਾਂ ਦਾ ਦੇਸ਼’ ਕਹਿ ਕੇ ਤ੍ਰਿਸਕਾਰ ਭਾਵ ਪ੍ਰਗਟ ਕੀਤਾ ਸੀ। ਹਾਲਾਂਕਿ ਬ੍ਰਿਟੇਨ ਆਪਣੇ ਆਪ ਨੂੰ ਕਾਨੂੰਨਦਾਤਾ, ਲੋਕਤੰਤਰ ਦਾ ਜਨਮਦਾਤਾ ਅਤੇ ਦੁਨੀਆਂ ਵਿੱਚ ‘ਸੱਭਿਆਚਾਰ’ ਦਾ ਪ੍ਰਸਾਰ ਕਰਨ ਵਾਲਾ ਪ੍ਰਚਾਰਦਾ ਹੈ। ਸਾਡੇ ਪੰਜਾਬੀ ਮੁਹਾਵਰੇ ਵਿੱਚ ਜਦੋਂ ਬਿੱਲੇ ਬੰਦੇ ਖਤਰਨਾਕ ਹੋਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਅਸਲ ਵਿੱਚ ਇਹ ਫਿਰੰਗੀਆਂ ਵਲੋਂ ਸਿੱਖ ਰਾਜ ਹੜੱਪਣ ਲਈ ਕੀਤੇ ਗਏ ਵਿਸਾਹਘਾਤ ਦੀ ਵਜ੍ਹਾ ਕਰਕੇ ਹੀ ਹੈ। ਸਿੱਖ ਰਾਜ ਹੜੱਪਣ ਤੋਂ ਬਾਅਦ ਰਾਣੀ ਜਿੰਦਾਂ ਤੇ ਬਾਲਕ ਦਲੀਪ ਸਿੰਘ, ਦੁਖੀਏ ਮਾਂ-ਪੁੱਤ ਦੀ ਦਰਦਨਾਕ ਕਹਾਣੀ ਦੇ ਖਲਨਾਇਕ ਵੀ ਇਹ ਬਿੱਲੇ ਫਿਰੰਗੀ ਹੀ ਹਨ। 1947 ਦੇ ਦੌਰ ਵਿੱਚ ਗੋਰੇ ਰੈਡ ਕਲਿਫ ਵਲੋਂ ਪੰਜਾਬ ਦੀ ਹਿੱਕ ‘ਤੇ ਲਕੀਰ ਖਿੱਚ ਕੇ ਸਿੱਖ ਕੌਮ ਨੂੰ ਦੋ ਹਿੱਸਿਆਂ ਵਿੱਚ ਵੰਡਣ ਵੇਲੇ ਵੀ ਕਾਹਲੀ ਵਿੱਚ ਇਨ੍ਹਾਂ ਆਪਣੇ ਹਿੱਤ ਹੀ ਵੇਖੇ ਸਨ। ਜੂਨ-1948 ਦੀ ਵੰਡ ਦੀ ਤਰੀਕ ਨੂੰ 10 ਮਹੀਨੇ ‘ਐਡਵਾਂਸ’ ਕਰਕੇ 15 ਅਗਸਤ, 1947 ਬਣਾ ਦੇਣਾ ਲੱਖਾਂ ਲੋਕਾਂ ਦੀ ਮੌਤ ਅਤੇ ਕਰੋੜਾਂ ਦੇ ਉਜਾੜੇ ਦਾ ਕਾਰਨ ਬਣਿਆ ਸੀ! ਨਹੀਂ ਤਾਂ ਅਬਾਦੀਆਂ, ਜਾਇਦਾਦਾਂ ਦਾ ਆਦਾਨ-ਪ੍ਰਦਾਨ ਸ਼ਾਂਤਮਈ ਤਰੀਕੇ ਨਾਲ ਵੀ ਹੋ ਸਕਦਾ ਸੀ।
ਜੂਨ-84 ਦੇ ਘੱਲੂਘਾਰੇ ਵਿੱਚ, ਇੰਗਲੈਂਡ ਦੀ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਵਲੋਂ ਨਿਭਾਇਆ ਗਿਆ ਰੋਲ ਡੀ-ਕਲਾਸੀਫਾਈ ਕੀਤੇ ਡਾਕੂਮੈਂਟਸ ਰਾਹੀਂ ਸਾਹਮਣੇ ਆ ਚੁੱਕਾ ਹੈ। ਉਸ ਤੋਂ ਫੌਰਨ ਬਾਅਦ, ਭਾਰਤ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਇੰਗਲੈਂਡ ਦੇ ਥਰਡ ਕਲਾਸ ਜੈਗੂਆਰ ਜਹਾਜ਼ਾਂ ਦਾ ਸੌਦਾ ਕਰਕੇ, ਇੰਗਲੈਂਡ ਵਿੱਚ ਸਿੱਖਾਂ ਦਾ ਮੱਕੂ ਠਪਵਾਇਆ। ਹਾਲ ਹੀ ਵਿੱਚ ਇੰਗਲੈਂਡ ਦੇ ਸਿਟੀਜ਼ਨ ਜੱਗੀ ਜੌਹਲ ਦੀ ਭਾਰਤ ਵਿੱਚ ਗ੍ਰਿਫਤਾਰੀ ਮਾਮਲੇ ਵਿੱਚ 160 ਦੇ ਕਰੀਬ ਮੈਂਬਰ ਪਾਰਲੀਮੈਂਟਾਂ ਵਲੋਂ ਆਵਾਜ਼ ਚੁੱਕਣ ਦੇ ਬਾਵਜੂਦ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਥੈਰੇਸਾ ਮੇਅ ਵਲੋਂ ਭਾਰਤ ‘ਤੇ ਕੋਈ ਵਿਸ਼ੇਸ਼ ਦਬਾਅ ਨਹੀਂ ਬਣਾਇਆ ਗਿਆ। 13 ਅਗਸਤ, 2018 ਦੀ ਸਿੱਖਸ ਫਾਰ ਜਸਟਿਸ ਦੀ ‘ਰੈਫਰੈਂਡਮ 2020 ਰੈਲੀ’ ਤਾਂ ਭਾਰਤੀ ਦਬਾਅ ਦੇ ਬਾਵਜੂਦ ਰੱਦ ਨਹੀਂ ਕੀਤੀ ਗਈ ਪਰ ਇਉੁਂ ਜਾਪਦਾ ਹੈ ਕਿ ਇਸ ਤੋਂ ਫੌਰਨ ਬਾਅਦ ਵਪਾਰੀ ਦੇਸ਼ ਇੰਗਲੈਂਡ, ਭਾਰਤ ਦੇ ਹਿੰਦੂਤਵੀ ਹਾਕਮਾਂ ਨੂੰ ਰਿਝਾਉਣ ਲਈ ਪੁੱਠਾ ਹੋ ਕੇ ਲਟਕ ਰਿਹਾ ਹੈ। ਭਾਰਤ ਦੇ ਖੁਫੀਆਤੰਤਰ ਦੇ ਮੁਖੀ ਅਜੀਤ ਡੋਵਲ ਦੀਆਂ ਇੰਗਲੈਂਡ ਵਿੱਚ ਉਪਰੋਥਲ਼ੀ ਫੇਰੀਆਂ ਦੱਸ ਪਾਉਂਦੀਆਂ ਹਨ ਕਿ ਇੰਗਲੈਂਡ ਦੀ ਭਾਰਤ ਨਾਲ ਕੋਈ ਨਵੀਂ ਸੌਦੇਬਾਜ਼ੀ ਹੋਈ ਹੈ। ਕੁਝ ਹਫਤੇ ਪਹਿਲਾਂ ਇੰਗਲੈਂਡ ਦੀ ਵੈਸਟ ਮਿਡਲੈਂਡਜ਼ ਪੁਲਿਸ ਨੇ ਕੁਝ ਸਿੱਖ ਕਾਰਕੁੰਨਾਂ ਦੇ ਘਰਾਂ ‘ਤੇ ਛਾਪੇਮਾਰੀ ਕੀਤੀ। ਭਾਵੇਂ ਕਿ ਨਾ ਕਿਸੇ ਦੀ ਗ੍ਰਿਫਤਾਰੀ ਹੋਈ ਅਤੇ ਨਾ ਹੀ ਕਿਸੇ ਦੇ ਖਿਲਾਫ ਕੋਈ ਦੋਸ਼ ਆਇਦ ਕੀਤੇ ਗਏ ਪਰ ਕਾਰਕੁੰਨਾਂ ਦੇ ਨਾਂ ਤੇ ਵੇਰਵੇ ਭਾਰਤੀ ਮੀਡੀਏ ਦੀਆਂ ਸੁਰਖੀਆਂ ਦਾ ਸ਼ਿੰਗਾਰ ਬਣੇ। ਇੰਗਲੈਂਡ ਦੀ ਸਰਕਾਰ ਵਲੋਂ ਕਿਹਾ ਗਿਆ ਹੈ ਕਿ ਇਹ ਪੁਲਿਸ ਵਲੋਂ ਆਪਣੇ ਤੌਰ ‘ਤੇ ਕੀਤੀ ਗਈ ਕਾਰਵਾਈ ਹੈ, ਭਾਰਤ ਸਰਕਾਰ ਜਾਂ ਇੰਗਲੈਂਡ ਸਰਕਾਰ ਦਾ ਇਸ ਵਿੱਚ ਕੋਈ ਰੋਲ ਨਹੀਂ ਹੈ ਪਰ ਇਸ ਦੀ ‘ਟਾਈਮਿੰਗ ਤੇ ਪ੍ਰਚਾਰ’ ਕੁਝ ਹੋਰ ਹੀ ਸੁਝਾਉੁਂਦਾ ਹੈ।
22 ਅਕਤੂਬਰ ਨੂੰ ਬ੍ਰਿਟੇਨ ਦੇ ਭਾਰਤ ਵਿੱਚ ਡਿਪਟੀ ਹਾਈ ਕਮਿਸ਼ਨਰ ਐਂਡਰਿਊ ਆਇਰ ਨੇ, ਭਾਰਤੀ ਅਖਬਾਰ ਟਾਈਮਜ਼ ਆਫ ਇੰਡੀਆ ਨੂੰ ਇੱਕ ਇੰਟਰਵਿਊ ਦਿੱਤਾ। ਇਸ ਇੰਟਰਵਿਊ ਦਾ ਸਪੱਸ਼ਟ ਉਦੇਸ਼ ਭਾਰਤੀ ਹਾਕਮਾਂ ਨੂੰ ਰਿਝਾਉਣਾ ਅਤੇ ਖਾਲਿਸਤਾਨੀ ਲਹਿਰ ਦੀ ਏਹੀ-ਤਹੀ ਫੇਰਨਾ ਹੈ। ਮਿਸਟਰ ਐਂਡਰਿਊ ਨੇ ਸਾਰੇ ਡਿਪਲੋਮੈਟਿਕ ਪ੍ਰੋਟੋਕੋਲਾਂ ਦੀ ਉਲੰਘਣਾ ਕਰਦਿਆਂ ਇਸ ਇੰਟਰਵਿਊ ਵਿੱਚ ਵਿੱਚ ਪੂਰੀ ਤਰ੍ਹਾਂ ਸਿਆਸੀ ਬਿਆਨਬਾਜ਼ੀ ਕੀਤੀ। ਐਂਡਰਿਊ ਦੇ ਇੰਟਰਵਿਊੂ ਦਾ ਤੱਤਸਾਰ ਇਹ ਸੀ ਕਿ- ‘ਖਾਲਿਸਤਾਨ ਦੀ ਮੰਗ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ। ਪੰਜਾਬ ਵਿੱਚ ਸਿੱਖ ਪੂਰੀ ਤਰ੍ਹਾਂ ਖੁਸ਼ ਹਨ ਅਤੇ ਉਨ੍ਹਾਂ ਨਾਲ ਕੋਈ ਵਿਤਕਰਾ ਨਹੀਂ ਹੋ ਰਿਹਾ। ਇੰਗਲੈਂਡ ਵਿੱਚ ਸਿੱਖਾਂ ਦੀ ਬਹੁਗਿਣਤੀ ਭਾਰਤ-ਵਿਰੋਧੀ ਨਹੀਂ ਹੈ ਸਿਰਫ ਮੁੱਠੀ ਭਰ ਸਿੱਖ ਹੀ ਸ਼ੋਰ-ਸ਼ਰਾਬਾ ਪਾਉੁਦੇ ਹਨ। ਇੰਗਲੈਂਡ ਦੇ ਸਿੱਖਾਂ ਨਾਲੋਂ, ਪੰਜਾਬ ਦੀ ਸਥਿਤੀ ਬਾਰੇ ਮੈਨੂੰ ਜ਼ਿਆਦਾ ਚੰਗੀ ਤਰ੍ਹਾਂ ਪਤਾ ਹੈ ਕਿਉਂਕਿ ਮੈਂ ਇੱਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਚੰਡੀਗੜ੍ਹ ਵਿੱਚ ਤਾਇਨਾਤ ਹਾਂ। 30 ਸਾਲ ਪਹਿਲਾਂ ਪੰਜਾਬ ਦੀ ਹਾਲਤ ਹੋਰ ਸੀ, ਹੁਣ ਹੋਰ ਹੈ। ਸਿੱਖ ਹੋਮਲੈਂਡ ਦੀ ਮੰਗ ਦਾ ਅਧਾਰ, ਪੰਜਾਬ ਵਿੱਚ ਸਿੱਖਾਂ ਨਾਲ ਹੋ ਰਹੇ ਵਿਤਕਰੇ ਦੀ ਬਿਨ੍ਹਾ ‘ਤੇ ਹੈ ਪਰ ਕਿਉੁਂਕਿ ਉੱਥੇ ਸਭ ਠੀਕ ਠਾਕ ਹੈ, ਇਸ ਲਈ ਇਸ ਮੰਗ ਦਾ ਨਾ ਕਾਨੂੰਨੀ ਅਤੇ ਨਾ ਕੋਈ ਹੋਰ ਆਧਾਰ ਹੈ।’
ਇਉਂ ਜਾਪਦਾ ਹੈ ਕਿ ਮਿਸਟਰ ਐਂਡਰਿਊ ਇੰਗਲੈਂਡ ਦੀ ਸਰਕਾਰ ਦੀ ਥਾਂ ਭਾਰਤ ਸਰਕਾਰ ਦਾ ਰਾਜਦੂਤ ਹੋਵੇ। ਇੰਗਲੈਂਡ ਦੀਆਂ ਜਾਗਰੂਕ ਸਿੱਖ ਜਥੇਬੰਦੀਆਂ ਨੂੰ ਲਾਮਬੰਦੀ ਕਰਨੀ ਚਾਹੀਦੀ ਹੈ ਕਿ ਮਿਸਟਰ ਐਂਡਰਿਊ ਨੇ ਇੰਗਲੈਂਡ ਦੇ ਸ਼ਹਿਰੀ ਸਿੱਖਾਂ ਨਾਲ ਵਿਸਾਹਘਾਤ ਕੀਤਾ ਹੈ ਅਤੇ ਡਿਪਲੋਮੈਟਿਕ ਕਾਇਦੇ-ਕਾਨੂੰਨਾਂ ਦਾ ਉਲੰਘਣ ਕੀਤਾ ਹੈ, ਇਸ ਲਈ ਉਸ ਨੂੰ ਵਾਪਸ ਤਲਬ ਕੀਤਾ ਜਾਵੇ।
ਮੀਡੀਆ ਰਿਪੋਰਟਾਂ ਅਨੁਸਾਰ ਪਿਛਲੇ ਦਿਨੀਂ ਲੰਡਨ ਦੇ ‘ਬੋਨਹੈਮਸ ਇੰਡੀਅਨ ਆਰਟ ਸੈਂਟਰ’ ਵਿਖੇ ਕੁਝ ਪੁਰਾਤਨ ਵਸਤੂਆਂ, ਕਲਾ-ਕ੍ਰਿਤਾਂ ਅਤੇ ਗਹਿਣਿਆਂ ਦੀ ਨਿਲਾਮੀ ਕੀਤੀ ਗਈ। ਇਸ ਨਿਲਾਮੀ ਵਿੱਚ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਮਹਾਰਾਣੀ ਜਿੰਦ ਕੌਰ ਦਾ ਹੀਰੇ-ਪੰਨਿਆਂ ਨਾਲ ਜੜਿਆ ਗਲ਼ੇ ਦਾ ਹਾਰ ਇੱਕ ਕਰੋੜ 70 ਲੱਖ ਰੁਪਈਏ ਵਿੱਚ ਨਿਲਾਮ ਹੋਇਆ। ਇਸੇ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੀ ਸੁਨਹਿਰੀ ਧਾਗੇ ਦੀ ਕਢਾਈ ਵਾਲਾ, ਮਖਮਲ ਨਾਲ ਢਕੇ ਚਮੜੇ ਦਾ ਤਰਕਸ਼ (ਜਿਸ ਵਿੱਚ ਤੀਰ ਰੱਖੇ ਜਾਂਦੇ ਹਨ) 94.5 ਲੱਖ ਰੁਪੱਈਏ ਦਾ ਵਿਕਿਆ। ਮਹਾਰਾਜਾ ਰਣਜੀਤ ਸਿੰਘ ਨੇ ਇਹ ਤਰਕਸ਼ 1838 ਵਿੱਚ ਖਾਸ ਤੌਰ ਬਣਵਾਇਆ ਅਤੇ ਖਾਸ ਵਿਆਹ ਮੌਕੇ ਧਾਰਨ ਕੀਤਾ ਸੀ।
ਦੁਨੀਆਂ ਭਰ ਦੀਆਂ ਕੌਮਾਂ ਤੇ ਦੇਸ਼ ਆਪਣੇ ਵਿਰਸੇ ਦੀ ਸਾਂਭ-ਸੰਭਾਲ ਲਈ ਅਰਬਾਂ ਡਾਲਰ ਖਰਚ ਕਰਦੇ ਹਨ ਤਾਂ ਕਿ ਭਵਿੱਖ ਦੀਆਂ ਪੀੜ੍ਹੀਆਂ ਉਨ੍ਹਾਂ ਦੇ ਫਖਰਯੋਗ-ਪਿਛੋਕੜ ਤੋਂ ਪ੍ਰੇਰਣਾ ਲੈ ਸਕਣ। ਪਰ ਅਫਸੋਸ! 30 ਮਿਲੀਅਨ ਸਿੱਖ ਕੌਮ, ਜਿਸ ਦਾ ਅਤੀਤ-ਮਾਣਮੱਤਾ ਤੇ ਸ਼ਾਨ-ਮੱਤਾ ਹੈ, ਅੱਜ ਦੇ ਯੁੱਗ ਵਿੱਚ ਬੇ-ਘਰੀ ਹੋਈ ਗਵਾਚੀ ਫਿਰ ਰਹੀ ਹੈ। ਸਾਡਾ ਵਰਤਮਾਨ ਤਾਂ ਦੁਖਦਾਈ ਹੈ ਹੀ ਪਰ ਸਾਡਾ ਗੌਰਵਮਈ ਵਿਰਸਾ ਵੀ ਨਿਲਾਮਘਰਾਂ ਵਲੋਂ ਨਿਲਾਮ ਕੀਤਾ ਜਾ ਰਿਹਾ ਹੈ। ਕੀ ਅਸੀਂ ਇਸ ਚੀਸ ਨੂੰ ਮਹਿਸੂਸ ਕਰਦੇ ਹਾਂ? ਸ਼ਾਇਦ ਨਹੀਂ। ਜੇ ਅਸੀਂ ਬੇ-ਘਰੇ ਹੋਣ ਦਾ ਅਹਿਸਾਸ ਰੱਖਦੇ ਹੁੰਦੇ ਤਾਂ ਜ਼ਰੂਰ ਕੌਮੀ ਘਰ ਖਾਲਿਸਤਾਨ ਲਈ ਨਾ-ਸਿਰਫ ਤਾਂਘ ਹੀ ਰੱਖਦੇ ਬਲਕਿ ਇਸ ਦੀ ਸਿਰਜਣਾ ਲਈ ਯਤਨਸ਼ੀਲ ਵੀ ਹੁੰਦੇ।  

ਟਿੱਪਣੀ ਕਰੋ:

About editor

Scroll To Top