Home / ਚੋਣਵੀ ਖਬਰ/ਲੇਖ / ਸੱਚੀ ਜਾਂ ਝੂਠੀ ਅਸੀਂ ਕਿਸੇ ਵੀ ਸਟੋਰੀ ਨੂੰ ਵਾਇਰਲ ਕਰ ਸਕਦੇ ਹਾਂ – ਅਮਿਤ ਸ਼ਾਹ, ਪ੍ਰਧਾਨ ਬੀਜੇਪੀ

ਸੱਚੀ ਜਾਂ ਝੂਠੀ ਅਸੀਂ ਕਿਸੇ ਵੀ ਸਟੋਰੀ ਨੂੰ ਵਾਇਰਲ ਕਰ ਸਕਦੇ ਹਾਂ – ਅਮਿਤ ਸ਼ਾਹ, ਪ੍ਰਧਾਨ ਬੀਜੇਪੀ


ਮੋਦੀ ਨੇ 58 ਹਜ਼ਾਰ ਕਰੋੜ ਦੇ ਰਾਫੇਲ ਸੌਦੇ ਰਾਹੀਂ ਭਾਰਤ ਦੇ ਰੱਖਿਆ ਵਿਭਾਗ ਦੇ ਇਤਿਹਾਸ ਵਿੱਚ ਕੀਤਾ ਸਭ ਤੋਂ ਵੱਡਾ ਘਪਲ਼ਾ!
ਤਾਮਿਲਨਾਡੂ ਬੀਜੇਪੀ ਦੇ ਪ੍ਰਧਾਨ ਵਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਨੋਬਲ ਸ਼ਾਂਤੀ ਇਨਾਮ ਲਈ ਕੀਤਾ ਗਿਆ ਨਾਮਜ਼ਦ!
ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਅੰਬਾਨੀ ਅਤੇ 831 ਹੋਰ ਅਮੀਰਾਂ ਕੋਲ ਭਾਰਤ ਦੀ ਕੁੱਲ ਜੀ. ਡੀ. ਪੀ. ਦਾ 25 ਫੀਸਦੀ ਹਿੱਸਾ!
ਆਰ. ਐਸ. ਐਸ. ਵਲੋਂ ਪ੍ਰਕਾਸ਼ਿਤ ਸਾਵਰਕਰ ਦੀ ਕਿਤਾਬ ਵਿੱਚ ਜੀਸਸ ਕ੍ਰਾਈਸਟ ਨੂੰ ‘ਤਾਮਿਲ ਬ੍ਰਾਹਮਣ’ ਅਤੇ ‘ਈਸਾਈ ਧਰਮ’ ਨੂੰ ਹਿੰਦੂ ਧਰਮ ਦੀ ਇੱਕ ਸ਼ਾਖਾ ਦੱਸਿਆ ਗਿਆ!
ਵਾਸ਼ਿੰਗਟਨ (ਡੀ. ਸੀ.) 29 ਸਤੰਬਰ, 2018 – ਇਸ ਵੇਲੇ ਭਾਰਤ ਵਿੱਚ ਸਿਰਫ ਆਰ. ਐਸ. ਐਸ. ਦੀ ਹਕੂਮਤ ਹੀ ਨਹੀਂ ਹੈ, ਹਰ ਪਾਸੇ ਉਸ ਦਾ ਹੀ ਬੋਲਬਾਲਾ ਹੈ। ਜੇ ਆਰ. ਐਸ. ਐਸ. ਦੀ ਤਰਜ਼ੇ-ਹਕੂਮਤ ਨੂੰ ਇੱਕ ਲਾਈਨ ਵਿੱਚ ਬਿਆਨਣਾ ਹੋਵੇ ਤਾਂ ਗੁਰੂ ਨਾਨਕ ਸਾਹਿਬ ਦਾ ਇਹ ਫੁਰਮਾਨ, ਇਸ ਨੂੰ ਬਿਲਕੁਲ ਠੀਕ ਰੂਪ ਵਿੱਚ ਪ੍ਰੀਭਾਸ਼ਤ ਕਰਦਾ ਹੈ –
‘ਸ਼ਰਮ ਧਰਮ ਦੁਇ ਛਪ ਖਲੋਇ
ਕੂੜ ਫਿਰੈ ਪ੍ਰਧਾਨ ਵੇ ਲਾਲੋ।’
ਸੋਸ਼ਲ ਮੀਡੀਏ ਦੇ ਯੁੱਗ ਨੇ, ਕੂੜ ਨੂੰ ਵੇਚਣਾ ਹੋਰ ਵੀ ਆਸਾਨ ਕਰ ਦਿੱਤਾ ਹੈ। ਬੀਜੇਪੀ ਨੇ 2014 ਵਿੱਚ ਹਕੂਮਤ ਹਥਿਆਉਣ ਲਈ ਕੂੜ ਦਾ ਭਰਪੂਰ ਸਹਾਰਾ ਲਿਆ ਅਤੇ ਹਰ ਫਰੰਟ ‘ਤੇ ਫੇਲ੍ਹ ਮੋਦੀ ਸਰਕਾਰ ਨੂੰ ‘ਸਫਲ’ ਦਰਸਾਉਣ ਵਿੱਚ ਵੀ ਕੂੜ ਨੂੰ ਅੱਡ-ਅੱਡ ਥਾਲੀਆਂ ਵਿੱਚ ਪਰੋਸਿਆ ਜਾ ਰਿਹਾ ਹੈ। ਜਦੋਂ ਬੀਜੇਪੀ ਨੂੰ ਇਸ ਦੇ ਚੋਣ ਵਾਅਦੇ ਯਾਦ ਕਰਵਾਏ ਗਏ ਤਾਂ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਬੜੀ ਬੇਸ਼ਰਮੀ ਨਾਲ ਜਵਾਬ ਦਿੱਤਾ – ‘ਅਰੇ ਵੋ ਤੋ ਮੋਦੀ ਮਹੋਦਿਆ ਕੇ ਜ਼ੁਮਲੇ ਥੇ।’
ਪਿਛਲੇ ਦਿਨੀਂ ਅਮਿਤ ਸ਼ਾਹ ਨੇ, ਕੋਟਾ ਰਾਜਸਥਾਨ ਵਿੱਚ, ਬੀਜੇਪੀ ਦੇ ਸੋਸ਼ਲ ਮੀਡੀਏ ਨੂੰ ਚਲਾਣ ਵਾਲੇ ਹਜ਼ਾਰਾਂ ਮੁਲਾਜ਼ਮਾਂ ਨੂੰ ਸੰਬੋਧਨ ਕੀਤਾ। ਅਮਿਤ ਸ਼ਾਹ ਦੇ ਭਾਸ਼ਣ ਨੂੰ ‘ਦੈਨਿਕ ਭਾਸਕਰ’ ਅਖਬਾਰ ਨੇ ਹੂਬਹੂ ਪ੍ਰਕਾਸ਼ਤ ਕੀਤਾ। ਇਸ ਭਾਸ਼ਣ ਵਿੱਚ ਅਮਿਤ ਸ਼ਾਹ ਨੇ ਦਾਅਵਾ ਕੀਤਾ ਕਿ ‘ਸਾਡੇ ਕੋਲ ਯੂ. ਪੀ. ਵਿੱਚ 32 ਲੱਖ ਲੋਕਾਂ ਤੱਕ ਸੁਨੇਹਾ ਪਹੁੰਚਾਉਣ ਵਾਲਾ ‘ਵੱਟਸ ਐਪ ਗਰੁੱਪ’ ਹੈ। ਅਸੀਂ ਹਰ ਰੋਜ਼ ਸਵੇਰੇ 8 ਵਜੇ, 32 ਲੱਖ ਲੋਕਾਂ ਨੂੰ ਆਪਣਾ ਸੁਨੇਹਾ ਪਹੁੰਚਾ ਦਿੰਦੇ ਹਾਂ। ਫੇਰ ਇਹ ਲੋਕ ਸੋਸ਼ਲ ਮੀਡੀਏ ਰਾਹੀਂ ਉਨ੍ਹਾਂ ਸਭ ਦੀ ਖਿਚਾਈ ਕਰਦੇ ਹਨ ਜੋ ਕਿ ਬੀਜੇਪੀ ਦੇ ਵਿਰੁੱਧ ਹੋਵੇ। ਇਸ ਤਰ੍ਹਾਂ ਕਰਕੇ ਹੌਲ਼ੀ-ਹੌਲ਼ੀ ਅਸੀਂ ਮੀਡੀਏ ਨੂੰ ਵੀ ਨਿਊਟਰਲ ਕਰ ਦਿੱਤਾ। ਅਸੀਂ ਜੋ ਚਾਹੀਏ ਉਹ ਸੁਨੇਹਾ ਲੋਕਾਂ ਤੱਕ ਪਹੁੰਚਾ ਸਕਦੇ ਹਾਂ। ਜਿਵੇਂ ਕਿ ਯੂ. ਪੀ. ਦੀਆਂ ਚੋਣਾਂ ਦੌਰਾਨ, ਸਾਡੇ ਇੱਕ ਲੜਕੇ ਨੇ ‘ਵੱਟਸ ਐਪ ਗਰੁੱਪ ‘ਤੇ ਪਾ ਦਿੱਤਾ ਕਿ ਅਭੀਲੇਖ ਯਾਦਵ ਨੇ ਆਪਣੇ ਪਿਤਾ ਮੁਲਾਇਮ ਸਿੰਘ ਯਾਦਵ ਨੂੰ ਚਪੇੜ ਮਾਰੀ। ਹਾਲਾਂਕਿ ਉਸ ਵੇਲੇ ਦੋਵੇਂ ਪਿਓ-ਪੁੱਤਰ 600 ਮੀਲ ਦੂਰ ਬੈਠੇ ਸਨ ਅਤੇ ਐਸਾ ਬਿਲਕੁਲ ਨਹੀਂ ਸੀ ਹੋਇਆ। ਪਰ ਇਸ ਨਾਲ ਇੱਕ ਕਿਸਮ ਦਾ ਮਾਹੌਲ ਬਣ ਗਿਆ, ਜਿਸ ਦਾ ਸਾਨੂੰ ਬਹੁਤ ਫਾਇਦਾ ਹੋਇਆ। ਅਸੀਂ ਜੋ ਚਾਹੀਏ ਜਨਤਾ ਤੱਕ ਪਹੁੰਚਾ ਸਕਦੇ ਹਾਂ, ਭਾਵੇਂ ਸੱਚਾ ਹੋਵੇ ਜਾਂ ਝੂਠਾ…….।’
ਪਾਠਕਜਨ! ਅਮਿਤ ਸ਼ਾਹ ਦਾ ਝੂਠ ਵੇਚਣ ਦਾ ਇੰਨਾ ਤਜ਼ਰਬਾ ਹੈ ਕਿ ਹੁਣ ਉਹ ਇਸ ‘ਗੁਣ’ ਨੂੰ ਪਰੋਸਣ ਵਿੱਚ ਵੀ ਕੋਈ ਸ਼ਰਮ ਮਹਿਸੂਸ ਨਹੀਂ ਕਰਦਾ। ਆਰ. ਐਸ. ਐਸ. ਨੇ ਨਰਿੰਦਰ ਮੋਦੀ ਦਾ ‘ਅਕਸ’ ਇੱਕ ‘ਇਮਾਨਦਾਰ, ਵਿਕਾਸਸ਼ੀਲ ਅਤੇ ਦੇਸ਼ ਭਗਤ’ ਸ਼ਖਸੀਅਤ ਵਜੋਂ ਜਨਤਾ ਵਿੱਚ ਪਰੋਸਿਆ। ਹਾਲਾਂਕਿ ਇਹ ਖੂਨੀ ਸ਼ਖਸ ਵਰ੍ਹਾ 2002 ਵਿੱਚ ਗੁਜਰਾਤ ਵਿੱਚ ਹਜ਼ਾਰਾਂ ਬੇਗੁਨਾਹ-ਮਾਸੂਮਾਂ ਦੇ ਕਤਲੇਆਮ ਲਈ ਜ਼ਿੰਮੇਵਾਰ ਸੀ। ਇਸ ਨੂੰ ਗੁਜਰਾਤ ਦੇ ‘ਵਿਕਾਸ ਪੁਰਸ਼’ ਵਜੋਂ ਪ੍ਰਚਾਰਿਆ ਗਿਆ ਜਦੋਂ ਕਿ ਹੁਣ ਇਹ ਸਾਹਮਣੇ ਆ ਰਿਹਾ ਹੈ ਕਿ ਗੁਜਰਾਤ ਦੀ ਸਥਿਤੀ ਬਾਕੀ ਸੂਬਿਆਂ ਨਾਲੋਂ ਕੋਈ ਵੱਖਰੀ ਨਹੀਂ ਹੈ। ਉੱਥੇ ਵੀ ਹਜ਼ਾਰਾਂ ਕਿਸਾਨ ਹਰ ਵਰ੍ਹੇ ਆਤਮਘਾਤ ਕਰ ਰਹੇ ਹਨ। ਮੋਦੀ ਬਾਰੇ ਇਹ ਜ਼ੋਰ-ਸ਼ੋਰ ਨਾਲ ਪ੍ਰਚਾਰਿਆ ਗਿਆ ਕਿ ਉਹ ਇੱਕ ‘ਨਿਸ਼ਠਾਵਾਨ’ ਇਮਾਨਦਾਰ ਵਿਅਕਤੀ ਹੈ ਅਤੇ ਉਸ ਨੇ ਆਪਣਾ ਘਰ-ਬਾਰ ਛੱਡ ਕੇ ਆਪਣਾ ਜੀਵਨ ਦੇਸ਼ ਲਈ ਸਮਰਪਤ ਕੀਤਾ ਪਰ ਮੋਦੀ ਰਾਜ ਦੇ ਬੀਤੇ ਚਾਰ ਸਾਲਾਂ ਵਿੱਚ ਮੋਦੀ ਦੇ ਕਈ ਯਾਰ, ਜਿਨ੍ਹਾਂ ਵਿੱਚ ਲਲਿਤ ਮੋਦੀ, ਨੀਰਵ ਮੋਦੀ, ਵਿਜੈ ਮਾਲਿਆ ਆਦਿ ਸ਼ਾਮਲ ਹਨ, ਜਨਤਾ ਦਾ ਕਈ-ਕਈ ਹਜ਼ਾਰ ਕਰੋੜ ਰੁਪੱਈਆ ਲੈ ਕੇ ਭਗੌੜੇ ਹੋ ਗਏ। ਜਿਹੜਾ ਮੋਦੀ ਸਵਿਸ ਬੈਂਕਾਂ ‘ਚੋਂ ਕਾਲ਼ਾ ਧੰਨ ਲਿਆ ਕੇ ਹਰ ਭਾਰਤੀ ਦੇ ਖਾਤੇ ਵਿੱਚ 20-20 ਲੱਖ ਰੁਪੱਈਆ ਜਮ੍ਹਾਂ ਕਰਵਾਉਣ ਦਾ ‘ਇਕਰਾਰ’ ਕਰਦਾ ਸੀ, ਉਸ ਦਾ ਆਪਣਾ ਭ੍ਰਿਸ਼ਟ ਕਿਰਦਾਰ ਹੁਣ ਜਨਤਾ ਦੇ ਸਾਹਮਣੇ ਹੈ। ਅਮਰੀਕਨ ਪ੍ਰਧਾਨ ਓਬਾਮਾ ਦੀ ਭਾਰਤ ਫੇਰੀ ਮੌਕੇ ਕਈ ਲੱਖ ਰੁਪੱਈਏ ਦਾ ਸੂਟ ਪਾਉਣ ਵਾਲਾ ਮੋਦੀ, ਜਿਸ ਸੂਟ ‘ਤੇ ਉੱਪਰੋਂ-ਥੱਲੇ ਤੱਕ ਨਰਿੰਦਰ ਮੋਦੀ-ਨਰਿੰਦਰ ਮੋਦੀ ਲਿਖਿਆ ਸੀ, ਹੁਣ 58 ਹਜ਼ਾ²ਰ ਕਰੋੜ ਰੁਪਏ ਦੀ ਫਰਾਂਸ ਨਾਲ ਰਾਫੇਲ ਲੜਾਕੂ ਜਹਾਜ਼ਾਂ ਦੀ ਡੀਲ ਵਿੱਚ ਪੂਰੀ ਤਰ੍ਹਾਂ ਨੰਗਾ ਹੋ ਗਿਆ ਹੈ।
ਰਾਫੇਲ ਜਹਾਜ਼ਾਂ ਦੇ ਸੌਦੇ ਦੀ ਕਹਾਣੀ ਮੋਦੀ ਸਰਕਾਰ ਬਣਨ ਤੋਂ ਪਹਿਲਾਂ ਦੀ ਹੈ। ਮਨਮੋਹਣ ਸਿੰਘ ਸਰਕਾਰ ਦੇ ਵੇਲੇ 2012 ਵਿੱਚ ਫਰਾਂਸ ਸਰਕਾਰ ਨਾਲ ਰਾਫੇਲ ਲੜਾਕੂ ਜਹਾਜ਼ ਖਰੀਦਣ ਦਾ ਸੌਦਾ 590 ਕਰੋੜ ਰੁਪੱਈਏ ਪ੍ਰਤੀ ਜਹਾਜ਼ ਦੇ ਹਿਸਾਬ ਨਾਲ ਹੋਇਆ ਸੀ। ਇਹ ਜਹਾਜ਼ ਫਰਾਂਸ ਦੀ ਸਰਕਾਰੀ ਕੰਪਨੀ ‘ਡਾਸਾਲਟ ਐਵੀਏਸ਼ਨ’ ਵਲੋਂ ਭਾਰਤੀ ਸਰਕਾਰੀ ਕੰਪਨੀ ‘ਹਿੰਦੁਸਤਾਨ ਐਰੋਨਾਟਿਕਸ ਲਿਮਟਿਡ’ ਨਾਲ ਮਿਲ ਕੇ ਸਾਂਝੇ ਤੌਰ ‘ਤੇ ਬਣਾਏ ਜਾਣੇ ਸਨ। 2015 ਵਿੱਚ ਮੋਦੀ ਨੇ ਆਪਣੇ ਫਰਾਂਸ ਦੌਰੇ ਦੌਰਾਨ, ਫਰਾਂਸ ਦੇ ਉਸ ਵੇਲੇ ਦੇ ਪ੍ਰਧਾਨ ਫਰੈਂਕੋਇਸ ਔਲਾਂਦੇ ਨਾਲ ਰਾਫੇਲ ਡੀਲ ਸਬੰਧੀ ਗੱਲਬਾਤ ਕਰਦਿਆਂ ਇੱਕ ਨਵੀਂ ਤਜਵੀਜ਼ ਦਿੱਤੀ। ਇਸ ਅਨੁਸਾਰ ‘ਹਿੰਦੁਸਤਾਨ ਐਰੋਨਾਟਿਕਸ ਲਿਮਟਿਡ’ ਨੂੰ ਬਾਹਰ ਕੱਢ ਦਿੱਤਾ ਗਿਆ ਅਤੇ ਉਸ ਦੀ ਥਾਂ ਆਪਣੇ ਮਿੱਤਰ ਅਨਿਲ ਅੰਬਾਨੀ ਦੀ ਰਿਲਾਇੰਸ ਕੰਪਨੀ ਨੂੰ ‘ਡਾਸਾਲਟ ਐਵੀਏਸ਼ਨ’ ਦਾ ਪਾਰਟਨਰ ਬਣਾ ਦਿੱਤਾ ਗਿਆ। ਹਾਲਾਂਕਿ ਰਿਲਾਇੰਸ ਕੰਪਨੀ ਨੇ ਇਸ ਤੋਂ ਪਹਿਲਾਂ ਕਦੀ ਜਹਾਜ਼ ਬਣਾਏ ਹੀ ਨਹੀਂ ਜਦੋਂ ਕਿ ‘ਹਿੰਦੁਸਤਾਨ ਐਰੋਨਾਟਿਕਸ ਲਿਮਟਿਡ’ ਪਿਛਲੇ ਕਈ ਦਹਾਕਿਆਂ ਤੋਂ ਜਹਾਜ਼ ਬਣਾਉਂਦੀ ਰਹੀ ਹੈ। ਰਾਫੇਲ ਜਹਾਜ਼ ਦੀ ਕੀਮਤ ਵੀ 590 ਕਰੋੜ ਤੋਂ 1690 ਕਰੋੜ ਕਰ ਦਿੱਤੀ ਗਈ ਅਤੇ ਖਰੀਦਣ ਵਾਲੇ ਸਾਰੇ ਜਹਾਜ਼ਾਂ ਦੀ ਕੀਮਤ 58 ਹਜ਼ਾਰ ਕਰੋੜ ਰੁਪੱਈਏ ‘ਤੇ ਪਹੁੰਚ ਗਈ। ਇਸ 58 ਹਜ਼ਾਰ ਕਰੋੜ ‘ਚੋਂ 30 ਹਜ਼ਾਰ ਕਰੋੜ ਦੇ ਲਗਭਗ ਅੰਬਾਨੀ ਦੀ ਰਿਲਾਇੰਸ ਕੰਪਨੀ ਨੂੰ ਮਿਲਣੇ ਹਨ। ਮੋਦੀ ਵਲੋਂ ਕੀਤੇ ਘਪਲੇ ਦੀ ਚਰਚਾ ਸਿਆਸੀ ਗਲਿਆਰਿਆਂ ਵਿੱਚ ਤਾਂ ਹੋ ਹੀ ਰਹੀ ਸੀ ਪਰ ਫਰਾਂਸ ਦੇ ਸਾਬਕਾ ਪ੍ਰਧਾਨ ਔਲਾਂਦੇ ਵਲੋਂ ਫਰਾਂਸ ਦੇ ਇੱਕ ਮੈਗਜ਼ੀਨ ‘ਮੀਡੀਆ ਪਾਰਟ’ ਨੂੰ ਦਿੱਤੇ ਇੰਟਰਵਿਊ ਨੇ ਸੱਚ ਨੂੰ ਜੱਗ ਜ਼ਾਹਰ ਕਰ ਦਿੱਤਾ। ਇੰਟਰਵਿਊ ਕਰਨ ਵਾਲੇ ਨੇ ਪ੍ਰਧਾਨ ਔਲਾਂਦੇ ਨੂੰ ਪੁੱਛਿਆ, ‘ਰਾਫੇਲ ਲੜਾਕੂ ਜਹਾਜ਼ਾਂ ਦੇ ਸੌਦੇ ਵਿੱਚ ਅਨਿਲ ਅੰਬਾਨੀ ਦੀ ਰਿਲਾਇੰਸ ਕੰਪਨੀ ਨੂੰ ਭਾਈਵਾਲ ਕਿਸ ਨੇ ਬਣਾਇਆ ਸੀ? ਸਵਾਲ ਦੇ ਜਵਾਬ ਵਿੱਚ ਔਲਾਂਦੇ ਨੇ ਕਿਹਾ, ‘ਰਿਲਾਇੰਸ ਦੇ ਨਾਂ ਦਾ ਪ੍ਰਸਤਾਵ ਭਾਰਤ ਸਰਕਾਰ ਦਾ ਸੀ ਅਤੇ ਡਾਸਾਲਟ ਕੋਲ ਉਸ ਕੰਪਨੀ ਦਾ ਨਾਂ ਸ਼ਾਮਲ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ।’ ਬੀਜੇਪੀ ਦੇ ਸੀਨੀਅਰ ਲੀਡਰ ਰਹੇ ਅਰੁਣ ਸ਼ੋਰੀ ਨੇ ਇਸ ‘ਤੇ ਟਿੱਪਣੀ ਕਰਦਿਆਂ ਕਿਹਾ ਹੈ, ‘ਇਹ ਭਾਰਤ ਦੇ ਰੱਖਿਆ ਵਿਭਾਗ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਘਪਲਾ ਹੈ।’ ਇਸ ਵਿੱਚ ਕੋਈ ਸ਼ੱਕ-ਸ਼ੁਬ੍ਹਾ ਨਹੀਂ ਹੈ ਕਿ ਮੋਦੀ ਨੇ ਦੇਸ਼ਵਾਸੀਆਂ ਨੂੰ ਸਿੱਧਮ-ਸਿੱਧਾ 30 ਹਜ਼ਾਰ ਕਰੋੜ ਦਾ ਚੂਨਾ ਲਾਇਆ ਹੈ। ਕੀ ਇਸ ਨੂੰ ਇਮਾਨਦਾਰੀ ਕਹਿੰਦੇ ਹਨ?
ਸਿਤਮਜ਼ਰੀਫੀ ਇਹ ਹੈ ਕਿ ਇਸ ਖŒੂਨੀ, ਝੂਠੇ ਤੇ ਭ੍ਰਿਸ਼ਟ ਵਿਅਕਤੀ ਨੂੰ ਅਜੇ ਵੀ ਕਿਵੇਂ ਵਡਿਆਇਆ ਜਾ ਰਿਹਾ ਹੈ। ਤਾਮਿਲਨਾਡੂ ਬੀ. ਜੇ. ਪੀ. ਦੀ ਪ੍ਰਧਾਨ ਤਾਮਿਲਸਾਈ ਸਾਊਦਰਾਜਨ ਨੇ ਇੱਕ ਪ੍ਰੈੱਸ ਰਿਲੀਜ਼ ਕਰਕੇ ਦਾਅਵਾ ਕੀਤਾ ਹੈ ਕਿ ਉਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਵਰ੍ਹਾ 2019 ਦੇ ‘ਨੋਬਲ ਸ਼ਾਂਤੀ ਇਨਾਮ’ ਲਈ ਨਾਮਜ਼ਦ ਕੀਤਾ ਹੈ। ਇਸ ਬੀਬੀ ਤੇ ਉਸ ਦੇ ਘਰ ਵਾਲਿਆਂ ਦਾ ਦਾਅਵਾ ਹੈ ਕਿ ”ਮੋਦੀ ਨੇ ਦੁਨੀਆ ਦੀ ਸਭ ਤੋਂ ਵੱਡੀ ‘ਹੈਲਥ ਕੇਅਰ ਸਕੀਮ’ ਜਾਰੀ ਕਰਕੇ ਕਰੋੜਾਂ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ। ਮੋਦੀ ਵਰਗਾ ਦੂਰ-ਅੰਦੇਸ਼ ਬੰਦਾ ਦੁਨੀਆ ‘ਚ ਹੋਰ ਕੋਈ ਦੂਸਰਾ ਨਹੀਂ ਹੈ।” ਯਾਦ ਰਹੇ, ਨੋਬਲ ਇਨਾਮਾਂ ਲਈ ਨਾਮੀਨੇਸ਼ਨ ਸਤੰਬਰ ਮਹੀਨੇ ਵਿੱਚ ਸ਼ੁਰੂ ਹੁੰਦੀ ਹੈ ਅਤੇ 31 ਜਨਵਰੀ, 2019 ਨਾਮੀਨੇਸ਼ਨਾਂ ਦੀ ਅਖੀਰਲੀ ਤਾਰੀਕ ਹੈ। ਉਸ ਤੋਂ ਬਾਅਦ ਨੋਬਲ ਕਮੇਟੀ ਇਨ੍ਹਾਂ ਨਾਮੀਨੇਸ਼ਨਾਂ ‘ਤੇ ਵਿਚਾਰ ਸ਼ੁਰੂ ਕਰਦੀ ਹੈ। ਮੋਦੀ ਨੇ ਫਰਾਂਸ ਸਰਕਾਰ ਨਾਲ ਰਲ ਕੇ, ਯੂ. ਐਨ. ਦਾ ਵਾਤਾਵਰਣ ਸਬੰਧੀ ਇਨਾਮ ਤਾਂ ਹਾਸਲ ਕਰ ਲਿਆ ਹੈ। ਹੁਣ ਹੋ ਸਕਦਾ ਹੈ ਕਿ ਜਿਹੜਾ ਨੋਬਲ ਸ਼ਾਂਤੀ ਇਨਾਮ, ਜੋ ਕਿ ਨੋਬਲ ਕਮੇਟੀ ਵਲੋਂ ਗਾਂਧੀ ਨੂੰ ਵੀ ਨਹੀਂ ਸੀ ਦਿੱਤਾ ਗਿਆ, ਉਹ ਹੁਣ ਨਰਿੰਦਰ ਮੋਦੀ ਨੂੰ ਮਿਲ ਜਾਵੇ। ਜੈ ਬੋਲੋ ਬੇਈਮਾਨ ਕੀ। ਜੈ ਬੋਲੋ।
ਵਰਲਡ ਇਕਨੌਮਿਕ ਫੋਰਮ ਦੀ ਇੱਕ ਤਾਜ਼ਾ ਰਿਪੋਰਟ ਅਨੁਸਾਰ ਮੁਕੇਸ਼ ਅੰਬਾਨੀ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਹਨ। ਅੰਬਾਨੀ ਸਮੇਤ 831 ਵਿਅਕਤੀਆਂ ਕੋਲ ਭਾਰਤ ਦੀ ਕੁੱਲ ਜੀ. ਡੀ. ਪੀ. ਦਾ 20 ਫੀਸਦੀ ਹਿੱਸਾ ਹੈ। ਇਹ ਰਕਮ 719 ਬਿਲੀਅਨ ਡਾਲਰ ਬਣਦੀ ਹੈ। ਪਿਛਲੇ 4 ਵਰ੍ਹਿਆਂ ਵਿੱਚ ਭਾਰਤ ਵਿੱਚ 1000 ਕਰੋੜ ਤੋਂ ਜ਼ਿਆਦਾ ਆਮਦਨ ਵਾਲਿਆਂ ਦੀ ਗਿਣਤੀ ਵਿੱਚ 34 ਫੀਸਦੀ ਦਾ ਵਾਧਾ ਹੋਇਆ ਹੈ। ਪਿਛਲੇ ਇੱਕ ਸਾਲ ਵਿੱਚ 214 ਵਿਅਕਤੀਆਂ ਕੋਲ 1000 ਕਰੋੜ ਦੀ ਦੌਲਤ ਇਕੱਲੇ-ਇਕੱਲੇ ਕੋਲ ਆਈ ਹੈ। ਇਸ ਰਿਪੋਰਟ ਅਨੁਸਾਰ, ਇਸ ਵੇਲੇ ਭਾਰਤ ਦੀ ਕੁੱਲ ਦੌਲਤ ਦਾ 73 ਫੀਸਦੀ, ਸਿਰਫ ਇੱਕ ਫੀਸਦੀ ਅਬਾਦੀ ਕੋਲ ਹੈ। ਕੌਣ ਕਹਿੰਦਾ ਹੈ ਕਿ ਮੋਦੀ ਰਾਜ ਵਿੱਚ ਭਾਰਤ ਨੇ ਤਰੱਕੀ ਨਹੀਂ ਕੀਤੀ?
ਇੱਕ ਪਾਸੇ ਮੋਦੀ, ਅਮਿਤ ਸ਼ਾਹ ਤੇ ਇਨ੍ਹਾਂ ਦੀ ਯਾਰ-ਜੁੰਡਲੀ, ਭਾਰਤ ਨੂੰ ਲੁੱਟਣ ‘ਤੇ ਲੱਗੇ ਹੋਏ ਹਨ ਅਤੇ ਦੂਸਰੇ ਪਾਸੇ ਆਰ. ਐਸ. ਐਸ. ਦੇ ਅਖੌਤੀ ਇਤਿਹਾਸਕਾਰ ਇਤਿਹਾਸ ਨੂੰ ਪੁੱਠਾ ਗੇੜਾ ਦੇਣ ‘ਤੇ ਲੱਗੇ ਹੋਏ ਹਨ। ਸਾਵਰਕਰ ਨੂੰ ਹਿੰਦੂਤਵੀ ਵਿਚਾਰਧਾਰਾ ਦਾ ਪਿਤਾਮਾ ਕਿਹਾ ਜਾਂਦਾ ਹੈ। ਉਸ ਨੇ ਸਭ ਤੋਂ ਪਹਿਲਾਂ ਭਾਰਤ ਵਿੱਚ ਦੋ ਅੱਡ-ਅੱਡ ਨੇਸ਼ਨਜ਼, ਹਿੰਦੂ ਤੇ ਮੁਸਲਮਾਨ ਹੋਣ ਦੀ ਵਕਾਲਤ ਕੀਤੀ ਸੀ। ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਤਾਂ ਉਦੋਂ ਕਾਂਗਰਸ ਵਿੱਚ ਸਨ। ਉਹ ਸੈਕੂਲਰਿਜ਼ਮ ਵਿੱਚ ਪੂਰਾ ਯਕੀਨ ਰੱਖਦੇ ਸਨ ਅਤੇ ਕਿਸੇ ਕਿਸਮ ਦੇ ਫਿਰਕੂਵਾਦ ਦੇ ਪੂਰੀ ਤਰ੍ਹਾਂ ਖਿਲਾਫ ਸਨ। ਇਹ ਵੱਖਰੀ ਗੱਲ ਹੈ ਕਿ ਅਖੀਰ ਵਿੱਚ ਜਦੋਂ ਕਾਂਗਰਸ ਦਾ ਰੁਖ ਵੀ ਫਿਰਕੂ ਹੋ ਗਿਆ ਤਾਂ ਉਹ ਪਾਕਿਸਤਾਨ ਦੀ ਮੰਗ ਵੱਲ ਵਧੇ। ਸਾਵਰਕਰ ਇਸ ਹੱਦ ਤੱਕ ਫਿਰਕੂ ਸੀ ਕਿ ਉਸ ਨੇ ਹੀ ਨੱਥੂ ਰਾਮ ਗੋਡਸੇ ਨੂੰ, ਗਾਂਧੀ ਦੀ ਹੱਤਿਆ ਲਈ ਪ੍ਰੇਰਿਆ। ਇਸ ਸਾਵਰਕਰ ਨੇ 1946 ਵਿੱਚ ‘ਜੀਸਸ ਪ੍ਰੀਚੈ’ ਨਾਂ ਦੀ ਕਿਤਾਬ ਲਿਖੀ ਸੀ। ਇਸ ਕਿਤਾਬ ਵਿੱਚ ਸਾਵਰਕਰ ਨੇ ਦਾਅਵਾ ਕੀਤਾ ਸੀ ਕਿ ‘ਜੀਸਸ, ਤਾਮਿਲ ਮੂਲ ਦਾ ਵਿਸ਼ਵਕਰਮਾ ਬ੍ਰਾਹਮਣ ਸੀ। ਉਹ ਜਦੋਂ 12 ਸਾਲ ਦਾ ਸੀ, ਉਦੋਂ ਉਸ ਨੂੰ ਜਨੇਊ ਪਾਇਆ ਗਿਆ। ਜੀਸਸ ਦਾ ਅਸਲੀ ਨਾਂ ਕੇਸ਼ਾਓ ਕ੍ਰਿਸ਼ਨਾ ਸੀ, ਉਸ ਦਾ ਰੰਗ ਕਾਲਾ ਸੀŒ। ਉਸ ਦੇ ਸਲੀਬ ‘ਤੇ ਚੜ੍ਹਨ ਤੋਂ ਬਾਅਦ ਉਹ ਮਰਿਆ ਨਹੀਂ ਸੀ ਅਤੇ ਉਸ ਨੂੰ ਆਯੁਰਵੈਦਿਕ ਦਵਾਈਆਂ ਨਾਲ ਜ਼ਿੰਦਾ ਕਰ ਦਿੱਤਾ ਗਿਆ ਸੀ। ਫਿਰ ਉਹ ਕਸ਼ਮੀਰ ਆ ਕੇ ‘ਸ਼ਿਵ ਜੀ’ ਦੀ ਭਗਤੀ ਵਿੱਚ ਲੱਗ ਗਿਆ ਅਤੇ ਉਥੋਂ ਜ਼ਿੰਦਗੀ ਦੇ ਅਖੀਰਲੇ ਦਿਨਾਂ ਵਿੱਚ ਹਿਮਾਲੀਆ ਪਰਬਤ ‘ਤੇ ਚਲਾ ਗਿਆ।’
ਸਾਵਰਕਰ ਨੇ ਦਾਅਵਾ ਕੀਤਾ ਕਿ ਈਸਾਈ ਮੱਤ, ਹਿੰਦੂ ਧਰਮ ਦੀ ਇੱਕ ਸ਼ਾਖਾ ਹੀ ਹੈ। ਕਦੀ ਅਰਬ ਅਤੇ ਫਲਸਤੀਨੀ ਇਲਾਕਾ ਹਿੰਦੂ ਧਰਤੀ ਹੀ ਸੀ। ਜੀਸਸ ਨੇ ਯੋਗਾ ਵੀ ਸਿੱਖਿਆ ਸੀ ਅਤੇ ਉਸ ਦਾ ਪਰਿਵਾਰ ਸਾੜ੍ਹੀ ਆਦਿ ਹਿੰਦੂ ਪਹਿਰਾਵਾ ਪਹਿਨਦਾ ਸੀ ਅਤੇ ਟਿੱਕਾ-ਜਨੇਊ ਵੀ ਧਾਰਨ ਕਰਦਾ ਸੀ।
‘ਇੰਡੀਆ ਟੂਡੇ’ ਅਨੁਸਾਰ ‘ਸਾਵਰਕਰ ਨੈਸ਼ਨਲ, ਮੈਮੋਰੀਅਲ’ ਵਲੋਂ ਸਾਵਰਕਰ ਦੀ ਇਸ ਕਿਤਾਬ ਦਾ ਮਰਾਠੀ ਜ਼ੁਬਾਨ ਵਿੱਚ ਉਲੱਥਾ ਛਾਪਿਆ ਜਾਵੇਗਾ। ਇਹ ਕਿਤਾਬ 26 ਫਰਵਰੀ, 2019 ਨੂੰ ਰਿਲੀਜ਼ ਕੀਤੀ ਜਾਵੇਗੀ।
ਕੌਣ ਕਹਿੰਦੈ ਭਾਰਤ ਵਿੱਚ ਕੋਈ ‘ਨਵੀਂ ਕਾਢ’ ਨਹੀਂ ਨਿਕਲਦੀ। 74 ਸਾਲ ਪਹਿਲਾਂ ਸਾਵਰਕਰ ਦਾ ਜੀਸਸ ਨੂੰ ਹਿੰਦੂ ਸਾਬਤ ਕਰਨਾ ਅਤੇ ਹੁਣ ਇਸ ਨੂੰ ਮੁੜ ਪ੍ਰਕਾਸ਼ਿਤ ਕਰਨਾ ਕੋਈ ਛੋਟੀ ਕਾਢ ਹੈ?
ਜੈ ਬੋਲੋ ਬੇਈਮਾਨ ਕੀ!

ਟਿੱਪਣੀ ਕਰੋ:

About editor

Scroll To Top