Home / ਚੋਣਵੀ ਖਬਰ/ਲੇਖ / ਭਾਰਤ ਵਿੱਚ ਆਰ. ਐਸ. ਐਸ. ਵਲੋਂ ਜੋਰ-ਜ਼ਬਰ ਨਾਲ ਭਗਵਾਂਕਰਨ ਦੀਆਂ ਨੀਤੀਆਂ ਕੀਤੀਆਂ ਜਾ ਰਹੀਆਂ ਹਨ ਲਾਗੂ!

ਭਾਰਤ ਵਿੱਚ ਆਰ. ਐਸ. ਐਸ. ਵਲੋਂ ਜੋਰ-ਜ਼ਬਰ ਨਾਲ ਭਗਵਾਂਕਰਨ ਦੀਆਂ ਨੀਤੀਆਂ ਕੀਤੀਆਂ ਜਾ ਰਹੀਆਂ ਹਨ ਲਾਗੂ!

ਉਤਰਾਖੰਡ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਗਾਂ ਨੂੰ ਰਾਸ਼ਟਰ-ਮਾਤਾ ਐਲਾਨਣ ਦਾ ਮਤਾ ਕੀਤਾ ਪਾਸ!
ਰੋਹਤਕ ਦੇ ਟਿਟੋਲੀ ਪਿੰਡ ਦੇ 800 ਮੁਸਲਮਾਨਾਂ ਤੇ ਦਾੜ੍ਹੀ ਵਧਾਉਣ, ਨਮਾਜ਼ ਅਦਾ ਕਰਨ ਅਤੇ ਟੋਪੀ ਪਹਿਨਣ ‘ਤੇ ਪੰਚਾਇਤ ਨੇ ਲਗਾਈ ਪਾਬੰਦੀ!
ਆਰ. ਐਸ. ਐਸ. ਮੁਖੀ ਨੇ ਫੌਰਨ ਰਾਮ ਮੰਦਰ ਬਣਾਉਣ, ਕਸ਼ਮੀਰ ਵਿੱਚ ਧਾਰਾ 35-ਏ ਅਤੇ 370 ਖਤਮ ਕਰਨ, ਯੂਨੀਫਾਰਮ ਸਿਵਲ ਕੋਡ ਬਨਾਉਣ ਦੀ ਕੀਤੀ ਵਜ਼ਾਹਤ ਅਤੇ ਭਾਰਤ ਦੇ ਹਰ ਬਸ਼ਿੰਦੇ ਨੂੰ ਐਲਾਨਿਆ ਹਿੰਦੂ!
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਵਲੋਂ ਕੇਂਦਰ ਸਰਕਾਰ ਦੇ ਹੁਕਮਾਂ ਤਹਿਤ ਜਬਰੀ ਹਿੰਦੂ ਠੋਸਣ ਦੀ ਨੀਤੀ ਦਾ ਕੀਤਾ ਜਾ ਰਿਹਾ ਹੈ ਵਿਰੋਧ!
ਭਾਰਤ ਵਿੱਚ ਆਰ. ਐਸ. ਐਸ. ਵਲੋਂ ਜੋਰ-ਜ਼ਬਰ ਨਾਲ ਭਗਵਾਂਕਰਨ ਦੀਆਂ ਨੀਤੀਆਂ ਕੀਤੀਆਂ ਜਾ ਰਹੀਆਂ ਹਨ ਲਾਗੂ!
ਕੀ 30 ਮਿਲੀਅਨ ਸਿੱਖ ਕੌਮ ਹਿੰਦੂਆਂ ਦੀ ਗੁਲਾਮੀ ‘ਚ ਰਹਿਣਾ ਪਸੰਦ ਕਰੇਗੀ!
ਵਾਸ਼ਿੰਗਟਨ (ਡੀ. ਸੀ.) 22 ਸਤੰਬਰ, 2018 – ਭਾਰਤ ਵਿੱਚ ਜਦੋਂ 2014 ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਬੀਜੇਪੀ ਦੀ ਸਰਕਾਰ ਬਣੀ ਸੀ ਤਾਂ ਆਰ. ਐਸ. ਐਸ. ਮੁਖੀ ਮੋਹਣ ਭਾਗਵਤ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਐਲਾਨ ਕੀਤਾ ਸੀ – ‘1000 ਸਾਲ ਦੀ ਗੁਲਾਮੀ ਤੋਂ ਬਾਅਦ ਰਾਜ-ਸੱਤਾ ਪਹਿਲੀ ਵਾਰ ਹਿੰਦੂਆਂ ਦੇ ਹੱਥ ਆਈ ਹੈ। 2020 ਤੱਕ ਭਾਰਤ ਵਿੱਚ ਵਸਦੇ ਹਰ ਸ਼ਹਿਰੀ ਨੂੰ ਹਿੰਦੂ ਬਣਣਾ ਦਿੱਤਾ ਜਾਵੇਗਾ।’ ਆਰ. ਐਸ. ਐਸ. ਆਪਣੇ ਨਿਸ਼ਾਨੇ ਵੱਲ ਬੜੀ ਤੇਜ਼ੀ ਨਾਲ ਪੇਸ਼ਕਦਮੀ ਕਰ ਰਹੀ ਹੈ। ਇਸ ਵੇਲੇ ਭਾਰਤ ਦੇ 29 ਸੂਬਿਆਂ ਵਿੱਚੋਂ 21 ਸੂਬਿਆਂ ਵਿੱਚ ਬੀਜੇਪੀ ਦੀ ਹਕੂਮਤ ਹੈ, ਜਿੱਥੇ ਕਿ ਭਾਰਤ ਦੀ ਕੁੱਲ ਅਬਾਦੀ ਦੇ 70 ਫੀਸਦੀ ਲੋਕ ਵਸਦੇ ਹਨ। ਭਾਰਤ ਦੇ 8 ਸੂਬਿਆਂ, ਜਿਨ੍ਹਾਂ ਵਿੱਚ ਉੜੀਸਾ, ਮੱਧ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਛੱਤੀਸਗੜ²੍ਹ, ਗੁਜਰਾਤ, ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਝਾਰਖੰਡ ਸ਼ਾਮਲ ਹਨ – ਧਰਮ ਪਰਿਵਰਤਨ ‘ਤੇ ਪਾਬੰਦੀ ਲਾਉਣ ਸਬੰਧੀ ਕਾਨੂੰਨ ਪਾਸ ਕੀਤੇ ਹਨ। ਭਾਰਤ ਭਰ ਵਿੱਚ ਲਵ-ਜਿਹਾਦ, ਘਰ ਵਾਪਸੀ, ਗਊੂ ਰੱਖਿਆ ਆਦਿ ਅੰਦੋਲਨਾਂ ਦੀ ਆੜ ਵਿੱਚ ਸੈਂਕੜੇ ਮੁਸਲਮਾਨ, ਦਲਿਤ ਤੇ ਇਸਾਈ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰੇ ਗਏ ਹਨ।
ਗਊ ਰੱਖਿਅਕਾਂ ਜਿੱਥੇ, ‘ਹਿੰਸਾ’ ਕਰਨ ਦੀ ਹੁਣ ਤੱਕ ਖੁੱਲ੍ਹੀ ਛੁੱਟੀ ਮਿਲੀ ਰਹੀ ਹੈ, ਉੱਥੇ ਹੁਣ ਗਾਂ ਨੂੰ ਰਾਸ਼ਟਰ-ਮਾਤਾ ਐਲਾਨਣ ਲਈ ਕਾਨੂੰਨੀ ਚਾਰਾਜੋਈ ਆਰੰਭੀ ਗਈ ਹੈ। ਉਤਰਾਖੰਡ ਦੀ ਵਿਧਾਨ ਸਭਾ ਵਲੋਂ ਸਰਬਸੰਮਤੀ ਨਾਲ ਮਤਾ ਪਾਸ ਕਰਕੇ, ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਗਾਂ ਨੂੰ ਰਾਸ਼ਟਰ ਮਾਤਾ ਐਲਾਨਿਆ ਜਾਵੇ। ਇਸ ਬਿੱਲ ‘ਤੇ ਬੋਲਦਿਆਂ ਪਸ਼ੂ-ਪਾਲਣ ਮੰਤਰੀ ਰੇਖਾ ਆਰੀਆ ਨੇ ਕਿਹਾ- ‘ਗਾਂ ਹੀ ਇੱਕੋ-ਇੱਕ ਐਸਾ ਪਸ਼ੂ ਹੈ, ਜਿਹੜਾ ਸਾਹ ਅੰਦਰ ਖਿੱਚਦਿਆਂ ਵੀ ਆਕਸੀਜਨ ਲੈਂਦਾ ਹੈ ਅਤੇ ਸਾਹ ਬਾਹਰ ਛੱਡਦਿਆਂ ਵੀ ਆਕਸੀਜਨ ਛੱਡਦਾ ਹੈ। ਗਊ-ਮੂਤਰ ਦੇ ਤਾਂ ਇੰਨੇ ਫਾਇਦੇ ਹਨ, ਜਿਨ੍ਹਾਂ ਦਾ ਬਿਆਨ ਹੀ ਨਹੀਂ ਕੀਤਾ ਜਾ ਸਕਦਾ।’ ਯਾਦ ਰਹੇ ਕੁਝ ਸਮਾਂ ਪਹਿਲਾਂ ਰਾਜਸਥਾਨ ਦੇ ਵਿੱਦਿਆ ਮੰਤਰੀ ਵਾਸੂਦੇਵ ਦੇਵਨਾਨੀ ਨੇ ਵੀ ਦਾਅਵਾ ਕੀਤਾ ਸੀ ਕਿ ਗਾਂ, ਸਾਹ ਲੈਣ ਤੇ ਸਾਹ ਛੱਡਣ ਵਾਲੀਆਂ ਦੋਹਾਂ ਪ੍ਰਕ੍ਰਿਆਵਾਂ ਵਿੱਚ ਆਕਸੀਜਨ ਦੇਂਦੀ ਹੈ। ਹਾਲਾਂਕਿ ਇਹ ਦਾਅਵਾ ਪੂਰੀ ਤਰ੍ਹਾਂ ਝੂਠਾ ਹੈ। ਗਾਂ ਇੱਕ ਪਸ਼ੂ ਹੈ ਅਤੇ ਹਰ ਪਸ਼ੂ ਨੂੰ ਸਾਹ ਲੈਣ ਲਈ ਆਕਸੀਜਨ ਚਾਹੀਦੀ ਹੁੰਦੀ ਹੈ ਜਦੋਂ ਕਿ ਸਾਹ ਛੱਡਣ ਵੇਲੇ ਉਸ ਦੇ ਅੰਦਰੋਂ ਕਾਰਬਨ ਡਾਇਆਕਸਾਈਡ ਨਿੱਕਲਦੀ ਹੈ। ਪਰ ਆਰ. ਐਸ. ਐਸ. ਦੇ ਭਗਤਾਂ ਨੂੰ ਅਜੋਕੀ ਸਾਇੰਸ ਨਾਲ ਕੋਈ ਵਾਸਤਾ ਨਹੀਂ ਹੈ, ਉਹ ਤਾਂ ਹਿੰਦੂ ਪੁਰਾਣਾਂ ਦੇ ਗਪੌੜਾਂ ਦੇ ਆਧਾਰ ‘ਤੇ ਆਪਣੇ ਆਪ ਨੂੰ ਦੁਨੀਆਂ ਦੀ ਹਰ ਕਾਢ ਦਾ ਪਿਉ ਐਲਾਨਦੇ ਹਨ।
ਉਤਰਾਖੰਡ ਵਿਧਾਨ ਸਭਾ ਦੇ ਮਤੇ ਤੋਂ ਬਾਅਦ, ਭਾਰਤ ਦੇ ਬਾਕੀ 20 ਸੂਬਿਆਂ, ਜਿੱਥੇ ਕਿ ਬੀਜੇਪੀ ਦੀ ਹਕੂਮਤ ਹੈ, ਵਲੋਂ ਵੀ ਇਸੇ ਤਰਜ਼ ‘ਤੇ ਮਤੇ ਪਾਸ ਕੀਤੇ ਜਾਣਗੇ। ਚਲੋ! ਦੁਨੀਆਂ ‘ਚ ਭਾਰਤ ਨੂੰ ਇਹ ਮਾਣ ਹਾਸਲ ਹੋਵੇਗਾ ਕਿ ਉਸ ਦਾ ਪਿਤਾ ਯਾਨੀਕਿ ਰਾਸ਼ਟਰ-ਪਿਤਾ ਇੱਕ ਬੰਦਾ ਹੈ ਜਦੋਂ ਕਿ ਰਾਸ਼ਟਰ ਦੀ ਮਾਂ ਇੱਕ ਪਸ਼ੂ ਹੈ। ਹੈ ਨਾ ਅਜੀਬੋ-ਗਰੀਬ ਵਿਆਹ? ਗਾਂ-ਮਾਤਾ ਦੇ ਪੁਜਾਰੀਆਂ ਨੂੰ ਸਭ ਤੋਂ ਪਹਿਲਾਂ ਗਾਂ-ਮਾਤਾ ਦੇ ਮਾਸ ਦੇ ਨਿਰਯਾਤ ਯਾਨੀਕਿ ਐਕਸਪੋਰਟ ‘ਤੇ ਪਾਬੰਦੀ ਲਾਉਣੀ ਚਾਹੀਦੀ ਹੈ। ਯਾਦ ਰਹੇ ਭਾਰਤ ਦੁਨੀਆਂ ਦਾ ਦੂਸਰਾ ਵੱਡਾ ਬੀਫ ਨਿਰਯਾਤ ਕਰਨ ਵਾਲਾ ਦੇਸ਼ ਹੈ। ਪਹਿਲੇ ਨੰਬਰ ‘ਤੇ ਬ੍ਰਾਜ਼ੀਲ ਹੈ। ਦੁਨੀਆਂ ਵਿੱਚ ਵਰਤੇ ਜਾਣ ਵਾਲੇ ਬੀਫ ਦਾ 20 ਫੀਸਦੀ ਭਾਰਤ ਵਲੋਂ ਐਕਸਪੋਰਟ ਕੀਤਾ ਜਾਂਦਾ ਹੈ। ਜੇ ਗਊ-ਮਾਤਾ ਦਾ ਭਾਰਤ ਵਿੱਚ ਖਾਧੇ ਜਾਣਾ ਜਾਇਜ਼ ਨਹੀਂ ਹੈ ਤਾਂ ਬਾਹਰਲਿਆਂ ਨੂੰ ਗਊ-ਮਾਤਾ ਕਿਉਂ ਪਰੋਸੀ ਜਾ ਰਹੀ ਹੈ? ਪਰ ਹਿੰਦੂਤਵੀ ਵਿਚਾਰਧਾਰਾ ਵਿੱਚ ਜਾਇਜ਼-ਜਾਂ ਨਾਂਜਾਇਜ਼ ਦਾ ਫੈਸਲਾ ‘ਪੰਡਤਜਨ’ ਫਾਇਦੇ-ਨੁਕਸਾਨ ਦੇਖ ਕੇ ਹੀ ਕਰਦੇ ਹਨ।
ਮੀਡੀਆ ਰਿਪੋਰਟਾਂ ਅਨੁਸਾਰ ਹਰਿਆਣਾ ਦੇ ਜ਼ਿਲ੍ਹਾ ਰੋਹਤਕ ਦੇ ਟਿਟੋਲੀ ਪਿੰਡ ਦੀ ਪੰਚਾਇਤ ਨੇ ਇੱਕ ਮਤਾ ਪਾਸ ਕਰਕੇ, ਬਿਨਾਂ ਧਰਮ ਪ੍ਰੀਵਰਤਨ ਕੀਤਿਆਂ, ਪਿੰਡ ਦੇ 800 ਮੁਸਲਮਾਨਾਂ ਨੂੰ ਹਿੰਦੂ ਬਣਾ ਦਿੱਤਾ ਹੈ। ਪਿਛਲੇ ਮਹੀਨੇ ਇਸ ਪਿੰਡ ਵਿੱਚ 18 ਮਹੀਨੇ ਦੀ ਇੱਕ ਮਰੀ ਹੋਈ ਵੱਛੀ ਮਿਲੀ ਸੀ। ਪਿੰਡ ਦੀ ਜਾਟ ਬਹੁਗਿਣਤੀ ਨੇ, ਪਿੰਡ ਦੇ ਇੱਕ ਮੁਸਲਮਾਨ ਮੁੰਡੇ ਯਾਮੀਨ ਖੋਖਰ ਨੂੰ ਇਸ ਦਾ ਦੋਸ਼ੀ ਦੱਸਿਆ। ਯਾਮੀਨ ਤਾਂ ਆਪਣੀ ਜਾਨ ਬਚਾ ਕੇ ਆਪਣੇ ਮਾਪਿਆਂ ਸਮੇਤ ਪਿੰਡ ਛੱਡ ਗਿਆ ਪਰ ਪੰਚਾਇਤ ਨੇ ਇਸ ਦੀ ਸਜ਼ਾ ਪਿੰਡ ਦੇ ਮੁਸਲਮਾਨਾਂ ਨੂੰ ਦੇਣ ਦਾ ਮਤਾ ਰੱਖਿਆ। ਪੰਚਾਇਤ ਵਲੋਂ ਮਤਾ ਪਾਸ ਕਰਕੇ ਮੁਸਲਮਾਨਾਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਨਮਾਜ਼ ਨਹੀਂ ਪੜ੍ਹ ਸਕਦੇ, ਦਾੜ੍ਹੀ ਨਹੀਂ ਰੱਖ ਸਕਦੇ ਅਤੇ ਇਸਲਾਮੀ ਟੋਪੀ ਨਹੀਂ ਪਾ ਸਕਦੇ। ਆਪਣੇ ਬੱਚਿਆਂ ਦੇ ਨਾਂ ਵੀ ਉਨ੍ਹਾਂ ਨੂੰ ਹਿੰਦੂਆਂ ਵਾਂਗ ਰੱਖਣੇ ਪੈਣਗੇ। ਪੰਚਾਇਤ ਨੇ ਉਨ੍ਹਾਂ ਦੇ ਕਬਰਸਿਤਾਨ ‘ਤੇ ਕਬਜ਼ਾ ਕਰ ਲਿਆ ਹੈ ਅਤੇ ਉੱਥੇ ‘ਵੱਛੀ ਦੀ ਯਾਦਗਾਰ’ ਬਣਾਉਣ ਦਾ ਐਲਾਨ ਕੀਤਾ ਹੈ, ਜਦੋਂ ਕਿ ਮੁਸਲਮਾਨਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਮੁਰਦੇ ਰੋਹਤਕ ਜਾ ਕੇ ਦਫਨਾਉਣ। ਖੌਫਜ਼ਦਾ ਹੋਏ ਮੁਸਲਮਾਨਾਂ ਨੇ ਪੰਚਾਇਤ ਦੀਆਂ ਸਾਰੀਆਂ ਸ਼ਰਤਾਂ ਇੰਨ-ਬਿੰਨ ਮੰਨ ਲਈਆਂ ਹਨ। ਹਰਿਆਣੇ ਦਾ ਇਹ ‘ਮਾਡਲ’ ਭਾਰਤ ਭਰ ਵਿੱਚ ਲਾਗੂ ਕੀਤਾ ਜਾਵੇਗਾ। ਹਵਨ ਜਾਂ ਪੂਜਾ ਕਰਕੇ ਕਿਸੇ ਨੂੰ ‘ਹਿੰਦੂ’ ਬਣਾ ਕੇ ਘਰ-ਵਾਪਸੀ ਕਰਵਾਉਣ ਦੀ ਲੋੜ ਨਹੀਂ। ਨਮਾਜ਼, ਮਸੀਤ,. ਕਬਰਸਿਤਾਨ, ਦਾੜ੍ਹੀ, ਟੋਪੀ ‘ਤੇ ਪਾਬੰਦੀ ਲਾ ਦਿਓ ਤੇ ਅੱਗੋਂ ਲਈ ਬੱਚਿਆਂ ਦੇ ਨਾਂ ਹਿੰਦੂ ਨਾਵਾਂ ਅਨੁਸਾਰ ਰੱਖਣ ਦੇ ਹੁਕਮ ਸਭ ਮੁਸਲਮਾਨਾਂ ਨੂੰ ਆਪਣੇ ਆਪ ਹੀ ਹਿੰਦੂ ਬਣਾ ਦੇਣਗੇ। ਜੈ ਸ੍ਰੀ ਰਾਮ।
ਸ਼ਿਕਾਗੋ ਦੀ ‘ਵਰਲਡ ਹਿੰਦੂ ਕਾਂਗਰਸ’ ਤੋਂ ਬਾਅਦ, ਆਰ. ਐਸ. ਐਸ. ਨੇ ਦਿੱਲੀ ਵਿੱਚ, ਇੱਕ ਤਿੰਨ ਰੋਜ਼ਾ ਭਾਸ਼ਣ ਸੀਰੀਜ਼ ਰੱਖੀ, ਜਿਸ ਨੂੰ ਤਿੰਨੋ ਦਿਨ ਆਰ. ਐਸ. ਐਸ. ਮੁਖੀ ਮੋਹਨ ਭਾਗਵਤ ਨੇ ਹੀ ਸੰਬੋਧਨ ਕੀਤਾ। ਇਨ੍ਹਾਂ ਸਮਾਗਮਾਂ ਵਿੱਚ 40 ਦੇਸ਼ਾਂ ਦੇ ਅੰਬੈਸਡਰਾਂ, ਹਾਈ-ਕਮਿਸ਼ਨਰਾਂ ਅਤੇ ਹੋਰ ਪ੍ਰਤੀਨਿਧਾਂ ਨੂੰ ਵਿਸ਼ੇਸ਼ ਤੌਰ ‘ਤੇ ਸੱਦਿਆ ਗਿਆ। ਇਹ ਸਭ ਆਰ. ਐਸ. ਐਸ. ਦੀ ਇਮੇਜ਼ ਨੂੰ ਕਠੋਰ ਦੀ ਥਾਂ ‘ਨਰਮ’ ਬਣਾਉਣ ਲਈ ਕੀਤਾ ਗਿਆ। ਪਹਿਲੇ ਦੋ ਦਿਨ ਮੋਹਨ ਭਾਗਵਤ ਨੇ ਸਭ ਨੂੰ ਰਿਝਾਉਣ ਲਈ ਬੜੀਆਂ ਗੋਲ਼ਮੋਲ਼ ਗੱਲਾਂ ਕੀਤੀਆਂ ਪਰ ਤੀਸਰੇ ਦਿਨ ਭਾਗਵਤ ਨੇ ਆਰ. ਐਸ.ਐਸ. ਦੀਆਂ ਨੀਤੀਆਂ ਦਾ ਸੱਚ ਜ਼ਾਹਰ ਕੀਤਾ। ਉਸ ਨੇ ਡੰਕੇ ਦੀ ਚੋਟ ‘ਤੇ ਕਿਹਾ ਕਿ ”ਭਾਰਤ ਦਾ ਹਰ ਬਸ਼ਿੰਦਾ ‘ਹਿੰਦੂ’ ਹੈ। ਰਾਮ ਮੰਦਰ ਹੁਣ ਤੱਕ ਅਯੁੱਧਿਆ ਵਿੱਚ ਬਣ ਜਾਣਾ ਚਾਹੀਦਾ ਸੀ, ਇਹ ਲੇਟ ਹੋ ਰਿਹਾ ਹੈ। ਇਸ ਲਈ ਜੇ ਆਰਡੀਨੈਂਸ ਦੀ ਲੋੜ ਹੈ ਤਾਂ ਉਹ ਵੀ ਜਾਰੀ ਕਰਨਾ ਚਾਹੀਦਾ ਹੈ। ਜੰਮੂ-ਕਸ਼ਮੀਰ ਵਿੱਚ ਧਾਰਾ 35-ਏ ਅਤੇ 370 ਖਤਮ ਹੋਣੀਆਂ ਚਾਹੀਦੀਆਂ ਹਨ। ਭਾਰਤ ਵਿੱਚ ਮੁਸਲਿਮ ਪਰਸਨਲ ਲਾਅ ਖਤਮ ਕਰਕੇ ਯੂਨੀਫਾਰਮ ਸਿਵਲ ਕੋਡ ਲਾਗੂ ਕੀਤਾ ਜਾਵੇਗਾ। ਗਊ ਦਾ ਵਪਾਰ ਕਰਨ ਵਾਲੇ ਸਮਗਲਰਾਂ ਵਲੋਂ ਕੀਤੀ ਜਾਂਦੀ ਹਿੰਸਾ ਦਾ ਜ਼ਿਕਰ ਕਿਉਂ ਨਹੀਂ ਕੀਤਾ ਜਾਂਦਾ? ਭਗਵਾਨ ਰਾਮ ਕਰੋੜਾਂ ਹਿੰਦੂਆਂ ਦੇ ਹਿਰਦੇ-ਸਮਰਾਟ ਹਨ ਅਤੇ ਗਾਂ, ਪੂਜਨੀਕ ਮਾਤਾ ਸਮਾਨ ਹੈ।”
ਆਰ. ਐਸ. ਐਸ. ਵਲੋਂ ਜਿੱਥੇ ਅੱਡ-ਅੱਡ ਸਟੇਟਾਂ ਦੀਆਂ ਪਾਠ-ਪੁਸਤਕਾਂ ਦੇ ਸਿਲੇਬਸ ਵਿੱਚ ਹਿੰਦੂਤਵ ਪੂਰੀ ਤਰ੍ਹਾਂ ਵਾੜ ਦਿੱਤਾ ਗਿਆ ਹੈ, ਉੱਥੇ ਕੇਂਦਰ ਸਰਕਾਰ ਵਲੋਂ ਇਸ ਨੂੰ ਯੂਨੀਵਰਸਿਟੀਆਂ ਵਿੱਚ ਵੀ ਵਾੜਿਆ ਜਾ ਰਿਹਾ ਹੈ। ਹਿੰਦੂਤਵੀਆਂ ਵਲੋਂ ਹਿੰਦੀ ਭਾਸ਼ਾ ਨੂੰ ਯੂਨੀਵਰਸਿਟੀਆਂ ਵਿੱਚ ਪਹਿਲ ਦੇਣ ਦੀ ਕੋਸ਼ਿਸ਼ ਹੈ। ਭਾਰਤ ਦੀ ਹਿਊਮਨ ਡਿਵੈਲਪਮੈਂਟ ਐਂਡ ਰਿਸੋਰਸ ਮਨਿਸਟਰੀ ਵਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਭੇਜੇ ਗਏ ਇੱਕ ਸਰਕੂਲਰ ਦੀ ਅੱਜਕੱਲ੍ਹ ਯੂਨੀਵਰਸਿਟੀ ਹਲਕਿਆਂ ਵਿੱਚ ਬੜੀ ਚਰਚਾ ਹੈ। ਇਸ ਸਰਕੂਲਰ ਅਨੁਸਾਰ ਹਦਾਇਤ ਕੀਤੀ ਗਈ ਹੈ – ‘ਕੰਮ ਕਰਨ ਵਾਲੀਆਂ ਥਾਵਾਂ ਤੇ ਸਮਾਜਿਕ ਇਕੱਠਾਂ ਵਿੱਚ ਹਿੰਦੀ ਭਾਸ਼ਾ ਦੀ ਵਰਤੋਂ ਮਾਣ ਨਾਲ ਕੀਤੀ ਜਾਵੇ। ਸੈਮੀਨਾਰਾਂ ਅਤੇ ਜਨਤਕ ਇਕੱਠਾਂ ਵਿੱਚ ਭਾਸ਼ਣ ਹਿੰਦੀ ਵਿੱਚ ਹੀ ਹੋਣੇ ਚਾਹੀਦੇ ਹਨ। ਨਮਸਤੇ, ਨਮਸਕਾਰ, ਸ੍ਰੀ ਮਾਨ ਜੀ, ਮਹੋਦਿਆ, ਮਾਨਿਆਵਰ, ਕ੍ਰਿਪਿਆ ਅਤੇ ਧੰਨਿਆਵਾਦ ਵਰਗੇ ਲਫਜ਼ ਹੀ ਆਪਸੀ ਬੋਲਚਾਲ ਵਿੱਚ ਵਰਤੇ ਜਾਣੇ ਚਾਹੀਦੇ ਹਨ। ਵਰ੍ਹਾ 2017 ਵਿੱਚ ਵੀ ਪੰਜਾਬ ਯੂਨੀਵਰਸਿਟੀ ‘ਚੋਂ ਪੰਜਾਬੀ ਜ਼ੁਬਾਨ ਨੂੰ ਲਾਂਭੇ ਕਰਨ ਦੇ ਖਿਲਾਫ ਕੁਝ ਜਾਗਰੂਕ ਵਿਦਿਆਰਥੀਆਂ ਵਲੋਂ ਇੱਕ ਮੁਹਿੰਮ ਵਿੱਢੀ ਗਈ ਸੀ। ਇਨ੍ਹਾਂ ਦੇ ਇੱਕ ਆਗੂ ਅਨੰਤਪਰੀਤ ਸਿੰਘ ਦਾ ਕਹਿਣਾ ਹੈ, ‘ਵਿੱਦਿਆ ਦਾ ਪਹਿਲਾਂ ਹੀ ਕੇਂਦਰੀਕਰਣ ਹੋ ਰਿਹਾ ਹੈ ਜਦੋਂਕਿ ਆਰ. ਐਸ. ਐਸ. ਆਪਣਾ ਹਿੰਦੂਕਰਣ ਦਾ ਏਜੰਡਾ ਅੱਗੇ ਵਧਾ ਰਹੀ ਹੈ। ਪੰਜਾਬ ਯੂਨੀਵਰਸਿਟੀ ਵਿੱਚ ਹਿੰਦੀ ਨੂੰ ਲਾਗੂ ਕਰਨਾ ਸਰਾਸਰ ਧੱਕਾ ਹੈ। ਚੰਡੀਗੜ੍ਹ ਸ਼ਹਿਰ, ਪੰਜਾਬੀ ਬੋਲਣ ਵਾਲੇ ਪਿੰਡਾਂ ਨੂੰ ਉਜਾੜ ਕੇ ਹੋਂਦ ਵਿੱਚ ਲਿਆਂਦਾ ਗਿਆ ਸੀ। ਇਥੇ ਪੰਜਾਬੀ ਨੂੰ ਹੀ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ। ਹਿੰਦੀ ਨੂੰ ਸਿਰ ‘ਤੇ ਬਿਠਾਉਣਾ, ਪੰਜਾਬੀ ਜ਼ੁਬਾਨ ਨੂੰ ਖਤਮ ਕਰਨ ਦੀ ਇੱਕ ਕੋਝੀ ਸਾਜ਼ਿਸ਼ ਹੈ।
ਵਿਦਿਆਰਥੀਆਂ ਦੀ ਜਥੇਬੰਦੀ ਸਟੂਡੈਂਟਡਸ ਫਾਰ ਸੁਸਾਇਟੀ ਦੇ ਸਪੋਕਸਮੈਨ ਹਰਮਨਦੀਪ ਦਾ ਕਹਿਣਾ ਹੈ ਹੈ, ‘ਹਿੰਦੀ ਸਾਡੇ ਲਈ ਬਾਹਰਲੀ ਜ਼ੁਬਾਨ ਹੈ। ਜੇ ਮਾਂ-ਬੋਲੀ ਨੂੰ ਪ੍ਰਮੋਟ ਕੀਤਾ ਜਾਣਾ ਹੈ ਤਾਂ ਪੰਜਾਬੀ ਸਾਡੀ ਮਾਂ-ਬੋਲੀ ਹੈ, ਹਿੰਦੀ ਨਹੀਂ। ਯੂਨੀਵਰਸਿਟੀ ਵਿੱਚ ਬਹੁਗਿਣਤੀ ਵਿਦਿਆਰਥੀ ਗੈਰ-ਹਿੰਦੀ ਭਾਸ਼ੀ ਹਨ। ਭਾਰਤ ਵਿੱਚ ਹਾਲਤ ਇਹ ਬਣ ਗਏ ਹਨ ਕਿ ਇਸ ਦੇਸ਼ ਦਾ ਬਹੁ-ਸੱਭਿਆਚਾਰਕ ਤੇ ਬਹੁ-ਕੌਮੀ ਕਰੈਕਟਰ ਖਤਮ ਕਰਨ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਹਨ।’ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਨੇ ਵੀ, ਯੂਨੀਵਰਸਿਟੀ ਵਲੋਂ ਹਿੰਦੂ ਥੋਪਣ ਦੀ ਨਿੰਦਾ ਕੀਤੀ ਹੈ। ਇਸ ਦੀ ਨਵੀਂ-ਨਵੀਂ ਚੁਣੀ ਗਈ ਪ੍ਰਧਾਨ ਪੱਟੀ ਦੀ ਰਹਿਣ ਵਾਲੀ ਵਿਦਿਆਰਥਣ ਕਾਨੂੰਪ੍ਰਿਆ ਦਾ ਕਹਿਣਾ ਹੈ – ‘ਕਿਸੇ ਵੀ ਵਿਅਕਤੀ ਅਤੇ ਸਮਾਜ ਦੇ ਵਿਕਾਸ ਵਿੱਚ ਮਾਂ-ਬੋਲੀ ਦਾ ਵਿਸ਼ੇਸ਼ ਰੋਲ ਹੁੰਦਾ ਹੈ। ਕਿਸੇ ਨੂੰ ਆਪਣੀ ਮਾਂ-ਬੋਲੀ ਬੋਲਣ ਅਤੇ ਵਰਤਣ ਤੋਂ ਰੋਕਣਾ, ਸਿੱਧਾ ਜੜ੍ਹ ‘ਤੇ ਕੀਤਾ ਗਿਆ ਵਾਰ ਹੈ। ਵਿਦਿਆਰਥੀ ਮਾਂ-ਬੋਲੀ ਦੇ ਮੁੱਦੇ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਹਨ। ਵਿਦਿਆਰਥੀ ਯੂਨੀਵਰਸਿਟੀ ਕੈਂਪਸ ਵਿੱਚ ਆਰ. ਐਸ. ਐਸ. ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ।’ ਅਸੀਂ ਵਿਦਿਆਰਥੀ ਯੂਨੀਅਨਾਂ ਵਲੋਂ ਲਏ ਗਏ ਸਟੈਂਡ ਦੀ ਭਾਰੀ ਸ਼ਲਾਘਾ ਕਰਦੇ ਹਾਂ।
ਜ਼ਾਹਰ ਹੈ ਕਿ ਭਾਰਤ ਵਿੱਚ ਆਰ. ਐਸ. ਐਸ. ਵਲੋਂ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਹਿੰਦੂਤਵ ਦਾ ਭਗਵਾਂ ਝੰਡਾ ਲਹਿਰਾਉਣ ਲਈ ਬੜੀ ਵਿਓਂਤਬੰਧੀ ਅਤੇ ਰਫਤਾਰ ਨਾਲ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ। ਆਰ. ਐਸ. ਐਸ. ਕੋਲ ਪੈਸੇ ਅਤੇ ਵਲੰਟੀਅਰਾਂ ਦੀ ਕੋਈ ਕਮੀ ਨਹੀਂ ਹੈ। ਘੱਟਗਿਣਤੀ ਫਿਰਕਿਆਂ ਵਿੱਚ ਵੀ ਉਸ ਨੇ ਪੂਰੀ ਤਰ੍ਹਾਂ ਘੁਸਪੈਠ ਕਰ ਲਈ ਹੈ। ਸਿੱਖ ਕੌਮ ਵਿੱਚ ਬਾਦਲਕਿਆਂ ਨੇ ਆਰ. ਐਸ. ਐਸ. ਦਾ ਝੰਡਾ ਚੁੱਕਿਆ ਹੋਇਆ ਹੈ। ਅਕਾਲ ਤਖਤ, ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਵਿੱਚ ਵੀ  ਆਰ. ਐਸ. ਐਸ. ਨੀਤੀਆਂ ਹਾਵੀ ਹਨ। ਨਾਮਧਾਰੀ, ਸੌਦਾ ਸਾਧ, ਅਖੌਤੀ ਸੰਤ ਸਮਾਜ, ਉਦਾਸੀ ਅਖਾੜਾ, ਯੋਗੀ ਭਜਨ ਦੀ ਸਿੱਖ ਧਰਮਾ ਸੰਸਥਾ, ਸਮੇਤ ਕਈ ਨਿੱਕੀਆਂ-ਮੋਟੀਆਂ ਸੰਸਥਾਵਾਂ, ਆਰ. ਐਸ. ਐਸ. ਦੇ ਪ੍ਰਭਾਵ ਹੇਠ ਹਨ। 30 ਮਿਲੀਅਨ ਸਿੱਖ ਕੌਮ ਲਈ ਇਹ ਵੱਡਾ ਚੈਲਿੰਜ ਹੈ ਕਿ ਉਹ ਭਗਵਾਂਕਰਨ ਦੇ ਇਸ ਦੈਂਤ ਦੇ ਚੁੰਗਲ ਵਿੱਚੋਂ ਕਿਵੇਂ ਅਜ਼ਾਦ ਹੋਵੇ? ਰਲ-ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ।

ਟਿੱਪਣੀ ਕਰੋ:

About editor

Scroll To Top