Home / ਚੋਣਵੀ ਖਬਰ/ਲੇਖ / ਭਾਰਤ ਦੇ ਨਕਸ਼ੇ ਵਿੱਚ ਬ੍ਰਾਹਮਣਵਾਦੀ ਕੈਦ ਵਿੱਚ ਫਸੇ ਸਿੱਖਾਂ, ਮੁਸਲਮਾਨਾਂ, ਇਸਾਈਆਂ, ਦਲਿਤਾਂ, ਆਦਿਵਾਸੀਆਂ ਨੂੰ ਇਕੱਠੇ ਹੋ ਕੇ ਲੜਨ ਦੀ ਲੋੜ!

ਭਾਰਤ ਦੇ ਨਕਸ਼ੇ ਵਿੱਚ ਬ੍ਰਾਹਮਣਵਾਦੀ ਕੈਦ ਵਿੱਚ ਫਸੇ ਸਿੱਖਾਂ, ਮੁਸਲਮਾਨਾਂ, ਇਸਾਈਆਂ, ਦਲਿਤਾਂ, ਆਦਿਵਾਸੀਆਂ ਨੂੰ ਇਕੱਠੇ ਹੋ ਕੇ ਲੜਨ ਦੀ ਲੋੜ!

ਯੂ. ਐਨ. ਦੇ ਨਵੇਂ ਹਿਊਮਨ ਰਾਈਟਸ ਹਾਈ ਕਮਿਸ਼ਨਰ ਨੇ ਜੰਮੂ-ਕਸ਼ਮੀਰ ਵਿੱਚ ਰਾਏਸ਼ੁਮਾਰੀ ਕਰਵਾਉਣ ਦੀ ਕੀਤੀ ਹਮਾਇਤ!
ਉਤਰਾਖੰਡ ਵਿੱਚ ਦੋ ਸਿੱਖ ਨੌਜਵਾਨਾਂ ਨੂੰ ਵੱਟਸਐਪ ਗਰੁੱਪ ‘ਤੇ ਖਾਲਿਸਤਾਨ ਦਾ ਪ੍ਰਚਾਰ ਕਰਨ ਦੇ ਦੋਸ਼ ਤਹਿਤ ‘ਦੇਸ਼ਧ੍ਰੋਹ’ ਦੇ ਕੇਸਾਂ ਤਹਿਤ ਕੀਤਾ ਗਿਆ ਗ੍ਰਿਫਤਾਰ!
ਰਾਜਸਥਾਨ ਵਿੱਚ ਨਿਹੰਗ ਬਾਣੇ ਵਿੱਚ ਵਿਚਰਨ ਵਾਲੇ ਇੱਕ ਸਿੱਖ ਨੌਜਵਾਨ ਦੇ ਕੇਸ ਜਬਰੀ ਕੀਤੇ ਗਏ ਕਤਲ!
ਮੱਧ ਪ੍ਰਦੇਸ਼ ਵਿੱਚ ਪਗੜੀ ਬੰਨ੍ਹਣ ਦੀ ਵਜ੍ਹਾ ਕਰਕੇ ਇੱਕ ਦਲਿਤ ਦੀ ਸਿਰ ਦੀ ਚਮੜੀ ਲਾਹ ਕੇ ਮਰਨ ਕੰਢੇ ਪਹੁੰਚਾ ਦਿੱਤਾ ਗਿਆ!
ਭਾਰਤ ਦੇ ਨਕਸ਼ੇ ਵਿੱਚ ਬ੍ਰਾਹਮਣਵਾਦੀ ਕੈਦ ਵਿੱਚ ਫਸੇ ਸਿੱਖਾਂ, ਮੁਸਲਮਾਨਾਂ, ਇਸਾਈਆਂ, ਦਲਿਤਾਂ, ਆਦਿਵਾਸੀਆਂ ਨੂੰ ਇਕੱਠੇ ਹੋ ਕੇ ਲੜਨ ਦੀ ਲੋੜ!
ਵਾਸ਼ਿੰਗਟਨ (ਡੀ. ਸੀ.) – 15 ਸਤੰਬਰ, 2018 – ਜੰਮੂ-ਕਸ਼ਮੀਰ ਵਿੱਚ ਭਾਰਤੀ ਗੁਲਾਮੀ ਦੀ ਪੰਜਾਲੀ ਵਿੱਚੋਂ ਨਿਕਲਣ ਲਈ ਸੰਘਰਸ਼ਸ਼ੀਲ ਆਜ਼ਾਦੀ ਘੁਲਾਟੀਆਂ ਲਈ ਖੁਸ਼ੀ ਦੀ ਗੱਲ ਹੈ ਕਿ ਯੂਨਾਈਟਿਡ ਨੇਸ਼ਨਜ਼ ਦੀ ਮਨੁੱਖੀ ਹੱਕਾਂ ਦੀ ਨਵੀਂ ਬਣੀ ਹਾਈ ਕਮਿਸ਼ਨਰ ਮਿਸ਼ੇਲ ਬੈਸਲੈਟ ਨੇ ਆਪਣੀ ਪਲੇਠੀ ਸਪੀਚ ਵਿੱਚ ਜੰਮੂ-ਕਸ਼ਮੀਰ ਦੇ ਲੋਕਾਂ ਦੀਆਂ ਰਾਜਸੀ ਉਮੰਗਾਂ ਅਤੇ ਉੱਥੇ ਹੋ ਰਹੇ ਮਨੁੱਖੀ ਹੱਕਾਂ ਦੇ ਘਾਣ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਹੈ। ਜੈਨੇਵਾ ਵਿੱਚ ਹਿਊਮਨ ਰਾਈਟਸ ਕੌਂਸਲ ਦੇ 39ਵੇਂ ਸੈਸ਼ਨ ਨੂੰ ਪਹਿਲੀ ਵਾਰ ਸੰਬੋਧਿਤ ਹੁੰਦਿਆਂ ਮਿਸ਼ੇਲ ਬੈਸਲੈਟ ਨੇ ਕਿਹਾ, ‘ਕਸ਼ਮੀਰ ਵਿੱਚ ਹੋ ਰਹੇ ਮਨੁੱਖੀ ਹੱਕਾਂ ਦੇ ਘਾਣ ਸਬੰਧੀ ਯੂ. ਐਨ. ਵਲੋਂ ਮਈ ਮਹੀਨੇ ਵਿੱਚ ਜਾਰੀ ਰਿਪੋਰਟ ਤੋਂ ਬਾਅਦ ਵੀ ਭਾਰਤ ਸਰਕਾਰ ਨੇ ਇਸ ‘ਤੇ ਕੋਈ ਅਰਥ-ਭਰਕਪੂਰ ਪੇਸ਼ਕਦਮੀ ਨਹੀਂ ਕੀਤੀ। ਕਸ਼ਮੀਰ ਦੇ ਲੋਕਾਂ ਨੂੰ ਵੀ ਦੁਨੀਆਂ ਦੇ ਬਾਕੀ ਲੋਕਾਂ ਵਾਂਗ ਸ੍ਵੈ-ਮਾਣ ਅਤੇ ਨਿਆਂ ਨਾਲ ਜਿਉਣ ਦਾ ਹੱਕ ਹੈ। ਅਸੀਂ ਭਾਰਤ ਨੂੰ ਦਰਖਾਸਤ ਕਰਦੇ ਹਾਂ ਕਿ ਉਹ ਕਸ਼ਮੀਰੀਆਂ ਦੇ ਇਨ੍ਹਾਂ ਹੱਕਾਂ ਦੀ ਰਾਖੀ ਕਰੇ। ਯੂ. ਐਨ. ਹਿਊਮਨ ਰਾਈਟਸ ਕਮਿਸ਼ਨ ਦੋਵੇਂ ਕਸ਼ਮੀਰ ਰਿਆਸਤਾਂ (ਭਾਰਤ ਤੇ ਪਾਕਿਸਤਾਨ) ਵਿੱਚ ਬੇਰੋਕਟੋਕ ਪਹੁੰਚ ਚਾਹੁੰਦਾ ਹੈ। ਅਸੀਂ ਇਸ ਖਿੱਤੇ ‘ਤੇ ਲਗਾਤਾਰ ਅੱਖ ਰੱਖਾਂਗੇ ਅਤੇ ਰਿਪੋਰਟਿੰਗ -ਮਾਨੀਟਰਿੰਗ ਕਰਦੇ ਰਹਾਂਗੇ ਜਿਵੇਂ ਕਿ ਯੂ. ਐਨ. ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਅੰਤਰਰਾਸ਼ਟਰੀ ਕਾਨੂੰਨਾਂ ਮੁਤਾਬਿਕ ਕਸ਼ਮੀਰ ਦੇ ਲੋਕਾਂ ਨੂੰ ਸ੍ਵੈ-ਨਿਰਣੇ ਦੇ ਹੱਕ ਦੀ ਵਰਤੋਂ ਕਰਨ ਦਾ ਪੂਰਾ ਅਧਿਕਾਰ ਹੈ।’ ਯਾਦ ਰਹੇ ਮਿਸ਼ੇਲ ਬੈਸਲੈਟ ਯੂ. ਐਨ. ਦੇ ਮਨੁੱਖੀ ਹੱਕਾਂ ਦੇ ਹਾਈ-ਕਮਿਸ਼ਨਰ ਬਣਨ ਤੋਂ ਪਹਿਲਾਂ ਚਿੱਲੀ ਦੇਸ਼ ਦੇ ਪ੍ਰਧਾਨ ਰਹੇ ਹਨ। ਸਾਨੂੰ ਖੁਸ਼ੀ ਹੈ ਕਿ ਜਦੋਂ ਅਮਰੀਕਾ ਸਮੇਤ ਯੂਰਪ ਦੇ ਸਾਰੇ ਵਿਕਾਸਸ਼ੀਲ ਦੇਸ਼ਾਂ ਨੇ, ਸਾਊਥ ਏਸ਼ੀਆ ਵਿੱਚ, ਭਾਰਤੀ ਸਟੇਟ ਵਲੋਂ ਕੀਤੇ ਜਾ ਰਹੇ ਮਨੁੱਖੀ ਹੱਕਾਂ ਦੇ ਘਾਣ ਦੇ ਮੁੱਦੇ ‘ਤੇ ਚੁੱਪੀ ਧਾਰੀ ਹੋਈ ਹੈ ਉੱਥੇ ਯੂ. ਐਨ. ਹਾਈ ਕਮਿਸ਼ਨ ਨੇ ਇਸ ਸਬੰਧੀ ਮਜ਼ਬੂਤ ਸਟੈਂਡ ਲਿਆ ਹੈ। ਅਸੀਂ ਆਸ ਕਰਦੇ ਹਾਂ ਕਿ ਕਸ਼ਮੀਰ ਵਿੱਚ ਰਾਏ-ਸ਼ੁਮਾਰੀ ਦੀ ਮੰਗ ਨੂੰ ਲਾਗੂ ਕਰਨਾ, ਯੂ. ਐਨ. ਦੀ ਲਗਭਗ 70 ਵਰ੍ਹੇ ਪੁਰਾਣੀ ਜ਼ਿੰਮੇਵਾਰੀ ਹੈ। ਜੇ ਕਸ਼ਮੀਰ ਵਿੱਚ ਰਾਏ-ਸ਼ੁਮਾਰੀ ਹੁੰਦੀ ਹੈ ਤਾਂ ਫੇਰ ਪੰਜਾਬ ਦਾ ਰਾਹ ਵੀ ਪੱਧਰਾ ਹੋ ਜਾਂਦਾ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਉਤਰਾਖੰਡ ਸੂਬੇ ਦੇ ਜ਼ਿਲ੍ਹਾ ਸ਼ਹੀਦ ਊਧਮ ਸਿੰਘ ਨਗਰ ਦੇ ਹਲਦੀਘੈਰਾ (ਖਟੀਮਾ ਏਰੀਆ) ਪਿੰਡ ਵਿੱਚੋਂ ਦੋ ਸਿੱਖ ਨੌਜਵਾਨਾਂ ਹਰਜੀਤ ਸਿੰਘ ਅਤੇ ਕੁਲਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ, ਜਿਹੜੇ ਕਿ 20-22 ਸਾਲ ਦੀ ਉਮਰ ਦੇ ਹਨ। ਪੁਲਿਸ ਅਨੁਸਾਰ ਇਨ੍ਹਾਂ ਨੂੰ ‘ਦੇਸ਼ਧ੍ਰੋਹ’ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਕਿਉਂਕਿ ਇਹ ਵੱਟਸਐਪ ਗਰੁੱਪ ‘ਤੇ ਖਾਲਿਸਤਾਨ ਦਾ ਪ੍ਰਚਾਰ ਕਰਦੇ ਸਨ। ਇਨ੍ਹਾਂ ਨੇ ਵੱਟਸਐਪ ‘ਤੇ ਇੱਕ ਗਰੁੱਪ – ‘ਵੱਟਸਐਪ ਗਰੁੱਪ 2020 – ਖਾਲਿਸਤਾਨ ਰੈਫਰੈਂਡਮ’ ਬਣਾਇਆ ਹੋਇਆ ਹੈ। ਪੁਲਿਸ ਅਨੁਸਾਰ ਜ਼ਿਲ੍ਹਾ ਊਧਮ ਸਿੰਘ ਨਗਰ ਵਿੱਚ ਇੰਟਰਨੈਟ ‘ਤੇ ਕਿਸੇ ਸਰਗਰਮੀ ਦੇ ਤਹਿਤ ਇਹ ਪਹਿਲੀਆਂ ਗ੍ਰਿਫਤਾਰੀਆਂ ਹਨ। ਯਾਦ ਰਹੇ ਭਾਰਤੀ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ – ‘ਸ਼ਾਂਤਮਈ ਤਰੀਕੇ ਨਾਲ ਖਾਲਿਸਤਾਨ ਦੀ ਗੱਲ ਕਰਨਾ ਗੈਰਕਾਨੂੰਨੀ ਨਹੀਂ ਹੈ।’ ਇਹ ਹੀ ਕਾਰਨ ਹੈ ਕਿ ਸ. ਸਿਮਰਨਜੀਤ ਸਿੰਘ ਮਾਨ ਸਮੇਤ ਬਾਕੀ ਖਾਲਿਸਤਾਨੀ ਆਗੂਆਂ ਖਿਲਾਫ ਖਾਲਿਸਤਾਨ ਦਾ ਪ੍ਰਚਾਰ ਕਰਨ ਸਬੰਧੀ ਦਾਇਰ ਕੇਸ ਕਈ ਸਾਲਾਂ ਦੀ ਖੱਜਲ-ਖੁਆਰੀ ਤੋਂ ਬਾਅਦ ਅਖੀਰ ਅਦਾਲਤਾਂ ਵਲੋਂ ਰੱਦ ਕਰ ਦਿੱਤੇ ਜਾਂਦੇ ਹਨ।
ਉਤਰਾਖੰਡ ਵਿੱਚ ਬੀਜੇਪੀ ਦੀ ਹਕੂਮਤ ਹੈ। ਬੀਜੇਪੀ ਦੇ ਸੈਂਕੜਿਆਂ ਆਈ. ਟੀ. ਮਾਹਿਰ ‘ਤਨਖਾਹਦਾਰਾਂ’ ਵਲੋਂ ਵਟਸਐਪ, ਫੇਸਬੁੱਕ, ਟਵਿੱਟਰ ‘ਤੇ ਘੱਟਗਿਣਤੀਆਂ ਦੇ ਖਿਲਾਫ ਨਫਰਤ ਅਤੇ ਹਿੰਸਾ ਦਾ ਪ੍ਰਚਾਰ ਕੀਤਾ ਜਾਂਦਾ ਹੈ। ਕਿਸੇ ਸਰਕਾਰ ਵਲੋਂ ਇਨ੍ਹਾਂ ‘ਤੇ ਕਾਰਵਾਈ ਤਾਂ ਕੀ ਕਰਨੀ ਹੈ, ਮੋਦੀ ਸਮੇਤ ਕਈ ਪ੍ਰਮੁੱਖ ਬੀਜੇਪੀ ਆਗੂ ਇਨ੍ਹਾਂ ਨੂੰ ‘ਫੌਲੋ’ ਕਰਦੇ ਹਨ। ਪ੍ਰਸਿੱਧ ਪੱਤਰਕਾਰ ਰਵੀਸ਼ ਕੁਮਾਰ ਇਸ ਨੂੰ ਬੀਜੇਪੀ ਦੀ ‘ਵੱਟਸਐਪ ਯੂਨੀਵਰਸਿਟੀ’ ਕਹਿੰਦੇ ਹਨ, ਜਿੱਥੇ ਕਿ ‘ਫੇਕ ਨਿਊਜ਼’ (ਝੂਠੀਆਂ ਖਬਰਾਂ) ਘੜੀਆਂ ਜਾਂਦੀਆਂ ਹਨ। ਪਰ ਉਤਰਾਖੰਡ ਵਾਸੀ, ਇਹ ਦੋ ਸਿੱਖ ਨੌਜਵਾਨ, ਸਿੱਖਾਂ ‘ਤੇ ਹੋ ਰਹੇ ਜ਼ੁਲਮ ਦੀ ਗੱਲ ਕਰਨ ਲਈ ‘ਦੇਸ਼ਧ੍ਰੋਹੀ’ ਬਣਾ ਦਿੱਤੇ ਜਾਂਦੇ ਹਨ। ਯੂ. ਪੀ. ਵਿੱਚ ਇਸ ਵੇਲੇ 150 ਦੇ ਕਰੀਬ ਮੁਸਲਮਾਨਾਂ ਨੂੰ ਰਾਸ਼ਟਰੀ ਸੁਰੱਖਿਆ ਐਕਟ ਦੇ ਤਹਿਤ ਗ੍ਰਿਫਤਾਰ ਹੋਇਆ ਹੈ। ਦੇਸ਼ਧ੍ਰੋਹ ਤੇ ਰਾਸ਼ਟਰੀ ਸੁਰੱਖਿਆ ਨੂੰ ਖਤਰੇ ਵਾਲੇ ਲੋਕਾਂ ਦੀ ਸੌਖੇ ਕੀਤਿਆਂ ਜ਼ਮਾਨਤ ਵੀ ਨਹੀਂ ਹੁੰਦੀ। ਹੋਰ ‘ਗੁਲਾਮੀ’ ਕਿਸਨੂੰ ਕਹਿੰੰਦੇ ਹਨ?
ਰਾਜਸਥਾਨ ਦੇ ਜ਼ਿਲ੍ਹਾ ਹਨੂੰਮਾਨਗੜ੍ਹ ਦੇ ਖਰਲੀਆਂ ਪਿੰਡ ਨਾਲ ਸਬੰਧਿਤ ਇੱਕ ਦਿਲ-ਕੰਬਾਊ ਖਬਰ ਮੀਡੀਏ ਵਿੱਚ ਹੈ। ਖਬਰ ਅਨੁਸਾਰ ਇਸ ਪਿੰਡ ਦੇ ਰਾਜਵੀਰ ਸਿੰਘ ਨਾਂ ਦੇ ਨੌਜਵਾਨ, ਜਿਹੜਾ ਹਮੇਸ਼ਾਂ ਨਿਹੰਗ ਬਾਣੇ ਵਿੱਚ ਰਹਿੰਦਾ ਹੈ, ਦਾ ਕੁਝ ਹਿੰਦੂਤਵੀਆਂ ਨਾਲ ਝਗੜਾ ਸੀ। ਮੌਕਾ ਤਾੜ ਕੇ ਇਨ੍ਹਾਂ ਹਿੰਦੂਤਵੀ ਗੁੰਡਿਆਂ ਨੇ ਰਾਜਵੀਰ ਸਿੰਘ ਨੂੰ ਇਕੱਲਿਆਂ ਫੜ ਲਿਆ। ਉਸ ਦੀ ਬੁਰੀ ਤਰ੍ਹਾਂ ਮਾਰਕੁਟਾਈ ਕੀਤੀ ਗਈ, ਦਸਤਾਰ ਦੀ ਨਿਰਾਦਰੀ ਕੀਤੀ ਗਈ ਅਤੇ ਰਾਜਵੀਰ ਸਿੰਘ ਦੇ ਕੇਸ ਕਤਲ ਕਰ ਦਿੱਤੇ ਗਏ। ਇਲਾਕੇ ਦੇ ਸਿੱਖਾਂ ਵਿੱਚ ਇਸ ਘਟਨਾ ਨੂੰ ਲੈ ਕੇ ਭਾਰੀ ਰੋਸ ਹੈ। ਅਜੇ ਕੁਝ ਦਿਨ ਪਹਿਲਾਂ ਹੀ ਜ਼ਿਲ੍ਹਾ ਹਨੂੰਮਾਨਗੜ੍ਹ ਦੇ ਇੱਕ ਪ੍ਰੀਖਿਆ ਕੇਂਦਰ ਵਿੱਚ, ਜਿੱਥੇ ‘ਰਾਜਸਥਾਨ ਐਡਮਨਿਸਟਰੇਟਿਵ ਸਰਵਿਸਿਜ਼’ ਨਾਲ ਸਬੰਧਿਤ ਪ੍ਰੀਖਿਆ ਹੋ ਰਹੀ ਸੀ, ਅੰਮ੍ਰਿਤਧਾਰੀ ਸਿੱਖ ਨੌਜਵਾਨਾਂ ਨੂੰ ਕਕਾਰ ਧਾਰਣ ਕਰਕੇ ਅੰਦਰ ਨਹੀਂ ਸੀ ਜਾਣ ਦਿੱਤਾ ਗਿਆ। ਅਜੇ ਇਸ ਘਟਨਾ ਨੂੰ ਲੈ ਕੇ ਰੋਸ ਚੱਲ ਰਿਹਾ ਸੀ ਕਿ ਹੁਣ ਕੇਸ-ਕਤਲ ਕਰਨ ਦੀ ਘਟਨਾ ਵਾਪਰ ਗਈ ਹੈ। ਰਾਜਸਥਾਨ ਵਿੱਚ ਬੀਜੇਪੀ ਦੀ ਸਰਕਾਰ ਹੈ। ਯਾਦ ਰਹੇ, ਆਰ. ਐਸ. ਐਸ. ਨੇ 2022 ਤੱਕ ਭਾਰਤ ਦੇ ਹਰ ਬਸ਼ਿੰਦੇ ਨੂੰ ‘ਹਿੰਦੂ’ ਬਣਾਉਣ ਦਾ ਟੀਚਾ ਮਿੱਥਿਆ ਹੋਇਆ ਹੈ। ਉਪਰੋਕਤ ਸਾਰੀਆਂ ਹਰਕਤਾਂ, ਇਸ ਟੀਚੇ ਵੱਲ ਹਿੰਦੂਤਵੀਆਂ ਦੀ ਪੇਸ਼ਕਦਮੀ ਹੈ।
ਹਿੰਦੂਤਵੀਆਂ ਨੇ ਮੁਸਲਮਾਨਾਂ, ਇਸਾਈਆਂ, ਸਿੱਖਾਂ ਦੇ ਨਾਲ-ਨਾਲ ਦਲਿਤਾਂ ਨੂੰ ਵੀ ਸਿੱਧੇ ਤੌਰ ‘ਤੇ ਆਪਣੇ ਕਹਿਰ ਦਾ ਨਿਸ਼ਾਨਾ ਬਣਾਇਆ ਹੋਇਆ ਹੈ। ‘ਹਿੰਦੁਸਤਾਨ ਟਾਈਮਜ਼’ ਦੀ ਇੱਕ ਖਬਰ ਅਨੁਸਾਰ, ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਸ਼ਿਵਪੁਰੀ ਨਾਲ ਸਬੰਧਿਤ ਇੱਕ ਪ੍ਰਮੁੱਖ ਦਲਿਤ ਲੀਡਰ, 45 ਸਾਲਾ ਸਰਦਾਰ ਸਿੰਘ ਜਾਟਵ ਇਸ ਵੇਲੇ ਗਵਾਲੀਅਰ ਦੇ ਇੱਕ ਹਸਪਤਾਲ ਵਿੱਚ ਜੀਵਨ-ਮੌਤ ਦੀ ਲੜਾਈ ਲੜ ਰਿਹਾ ਹੈ। ਉਸ ਨੂੰ ਇਲਾਕੇ ਦੇ ਉੱਚੀ ਜਾਤ ਨਾਲ ਸਬੰਧਿਤ ਤਿੰਨ ਵਿਅਕਤੀਆਂ ਨੇ ਇਸ ਲਈ ਕਹਿਰ ਦਾ ਨਿਸ਼ਾਨਾ ਬਣਾਇਆ ਕਿਉਂਕਿ ਉਹ ਹਮੇਸ਼ਾਂ ਆਪਣੇ ਸਿਰ ‘ਤੇ ਨੀਲੇ ਰੰਗ ਦੀ ਪੱਗ ਬੰਨ੍ਹ ਕੇ ਰੱਖਦਾ ਹੈ। ਇੱਕ ਨੀਵੀਂ ਜਾਤ ਦਾ ਦਲਿਤ, ਉੁਨ੍ਹਾਂ ਦੇ ਸਾਹਮਣੇ ਪੱਗ ਬੰਨ੍ਹ ਕੇ ਫਿਰੇ, ਇਹ ਸਵਰਣ ਹਿੰਦੂਆਂ ਨੂੰ ਕਬੂਲ ਨਹੀਂ ਸੀ। ਇਨ੍ਹਾਂ ਵਿਅਕਤੀਆਂ ਨੇ ਸਰਦਾਰ ਸਿੰਘ ਜਾਟਵ ਦੀ ਮਾਰ-ਕੁਟਾਈ ਕੀਤੀ, ਪੱਗ ਲਾਹੀ ਅਤੇ ਚਾਕੂ ਨਾਲ ਉਸ ਦੇ ਸਿਰ ਦੀ ਚਮੜੀ ਉਧੇੜ ਦਿੱਤੀ। ਅਜੇ ਤੱਕ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ ਭਾਵੇਂ ਕਿ ਕੇਸ ਰਜਿਸਟਰ ਕਰ ਲਿਆ ਗਿਆ ਹੈ।
ਪਾਠਕਜਨ! ਮੋਦੀ ਰਾਜ ਦੇ ਅਜੇ ਸਿਰਫ ਚਾਰ ਸਾਲ ਬੀਤੇ ਹਨ ਅਤੇ ਘੱਟਗਿਣਤੀਆਂ-ਦਲਿਤਾਂ ਦਾ ਕੀ ਹਾਲ ਕਰ ਦਿੱਤਾ ਗਿਆ ਹੈ। ਜੇ 2019 ਦੀਆਂ ਚੋਣਾਂ ਵਿੱਚ ਇਹ ਦੋਬਾਰਾ ਸੱਤਾ ਹਾਸਲ ਕਰ ਲੈਂਦੇ ਹਨ ਤਾਂ ਕੋਈ ਸ਼ੱਕ ਨਹੀਂ ਕਿ ਇਹ ‘ਮੰਨੂੰ ਸਿਮ੍ਰਤੀ’ ਨੂੰ ਭਾਰਤ ਦਾ ਸੰਵਿਧਾਨ ਐਲਾਨ ਦੇਣਗੇ। 7-8-9 ਸਤੰਬਰ ਨੂੰ ਸ਼ਿਕਾਗੋ ਵਿੱਚ ਹੋਈ ‘ਵਰਲਡ ਹਿੰਦੂ ਕਾਂਗਰਸ’ ਦੌਰਾਨ, ਜਿਸ ਵਿੱਚ ਆਰ. ਐਸ. ਐਸ. ਮੁਖੀ ਮੋਹਨ ਭਾਗਵਤ ਸਮੇਤ ਦੁਨੀਆਂ ਭਰ ਦੇ ਹਿੰਦੂ ਆਗੂ ਸ਼ਾਮਲ ਹੋਏ, ਘੱਟਗਿਣਤੀਆਂ ਤੇ ਦਲਿਤਾਂ ਵਲੋਂ ਤਿੰਨੇ ਦਿਨ ਜ਼ੋਰਦਾਰ ਰੋਸ ਵਿਖਾਵੇ ਕੀਤੇ ਗਏ। ਇਹ ਅਮਰੀਕਾ ਦੀ ਧਰਤੀ ‘ਤੇ ਹਿੰਦੂਤਵੀ ਵਿਚਾਰਧਾਰਾ ਨੂੰ ਕੀਤਾ ਗਿਆ ਜ਼ੋਰਦਾਰ ਚੈਲੰਜ ਹੈ। ਅਸੀਂ ਸਮਝਦੇ ਹਰਾਂ ਕਿ ਇਸ ਹਿੰਦੂਤਵ ਦੇ ਰਾਖਸ਼ਸ ਨੂੰ ਚਿੱਤ ਕਰਨ ਲਈ ਸਾਨੂੰ ਇੱਕ ਪਲੇਟਫਾਰਮ ‘ਤੇ ਇਕੱਠੇ ਹੋਣ ਦੀ ਲੋੜ ਹੈ, ਨਹੀਂ ਤਾਂ ਇਕੱਲੇ-ਇਕੱਲੇ ਕੁੱਟ ਵੀ ਖਾਵਾਂਗੇ ਅਤੇ ਹਾਰਾਂਗੇ ਵੀ। ਸਾਨੂੰ ਸਭ ਨੂੰ ਕੰਧ ‘ਤੇ ਲਿਖਿਆ ਪੜ੍ਹਨ ਦੀ ਲੋੜ ਹੈ।

ਟਿੱਪਣੀ ਕਰੋ:

About editor

Scroll To Top