Home / ਚੋਣਵੀ ਖਬਰ/ਲੇਖ / ਸਿੱਖ ਕੌਮ ਲਈ ਚੜ੍ਹਦੀਕਲਾ ਦਾ ਮੰਤਰ ਗੁਰ ਸ਼ਬਦ ਹੈ ਸਿਆਸਤ ਨਹੀਂ :–ਡਾ. ਸਤਿੰਦਰਪਾਲ ਸਿੰਘ

ਸਿੱਖ ਕੌਮ ਲਈ ਚੜ੍ਹਦੀਕਲਾ ਦਾ ਮੰਤਰ ਗੁਰ ਸ਼ਬਦ ਹੈ ਸਿਆਸਤ ਨਹੀਂ :–ਡਾ. ਸਤਿੰਦਰਪਾਲ ਸਿੰਘ

ਕੋਈ ਕੌਮ ਜਦੋਂ ਆਪਣੇ ਆਚਰਣ ਤੇ ਵਿਚਾਰ ਕਰਨ ‘ਚ ਦਿਲਚਸਪੀ ਗੁਆ ਬਹਿੰਦੀ ਹੈ, ਉਸ ਦਾ ਨਿਘਾਰ ਵੱਲ ਜਾਣਾ ਤੈਅ ਹੋ ਜਾਂਦਾ ਹੈ। ਮਹਿਜ਼ ਆਪਣੀ ਵਿਰਾਸਤ ‘ਤੇ ਮਾਣ ਕਰਕੇ ਅਵੇਸਲੇ ਹੋ ਜਾਣਾ ਤੇ ਆਪਣੇ ਫਰਜ਼ ਭੁੱਲ ਜਾਣਾ ਆਤਮਘਾਤ ਹੁੰਦਾ ਹੈ। ਕੌਮ ਅੰਦਰ ਕੀ ਚੱਲ ਰਿਹਾ ਹੈ, ਸਮਾਜ ਅੰਦਰ ਕਿਹੋ ਜਿਹਾ ਸਵਰੂਪ ਬਣ ਰਿਹਾ, ਇਸ ‘ਤੇ ਨਿਰੰਤਰ ਨਿਗ੍ਹਾ ਰੱਖਣ ਦੀ ਲੋੜ ਹੁੰਦੀ ਹੈ। ਮਨੁੱਖ ਆਪਣੇ ਸਰੀਰ ਦੀ ਲਗਾਤਾਰ ਦੇਖ-ਭਾਲ ਕਰਦਾ ਰਹਿੰਦਾ ਹੈ। ਸਮੇਂ-ਸਮੇਂ ‘ਤੇ ਅੰਦਰੂਨੀ ਸਿਹਤ ਦੀਆਂ ਜਾਂਚਾਂ ਕਰਾਉਂਦਾ ਰਹਿੰਦਾ ਹੈ, ਤਾਂ ਜੋ ਤੰਦਰੁਸਤੀ ਦੀ ਤਸੱਲੀ ਬਣੀ ਰਹੇ। ਕੌਮ ਵੀ ਸਰੀਰ ਹੈ। ਜੇ ਸਰੀਰ ਅੰਦਰ ਰੋਗ ਡੇਰਾ ਜਮਾਅ ਲੈਣ ਤਾਂ ਸੁੰਦਰ ਵੇਸ਼ ਭੂਸ਼ਾ, ਸਾਜ਼-ਸ਼ਿੰਗਾਰ ਕਿਸੇ ਕੰਮ ਦਾ ਨਹੀਂ ਰਹਿੰਦਾ। ਗੁਰੂ ਨਾਨਕ ਸਾਹਿਬ ਨੇ ਵਚਨ ਕੀਤੇ ‘ਕਾਪੜੁ ਪਹਿਰਸਿ ਅਧਿਕੁ ਸੀਗਾਰੁ, ਮਾਟੀ ਫੂਲੀ ਰੂਪੁ ਬਿਕਾਰੁ॥’ ਇਹ ਮਨੁੱਖ ਦੀ ਅੰਤਰ ਅਵਸਥਾ ਲਈ ਜਿੰਨਾ ਸੱਚ ਹੈ, ਕਿਸੇ ਸਮਾਜ ਜਾਂ ਕੌਮ ਲਈ ਵੀ ਓਨਾ ਹੀ ਢੁੱਕਵਾਂ ਹੈ। ਸਿੱਖ ਕੌਮ ਦੀ ਚੜ੍ਹਦੀਕਲਾ ਲਈ ਨਿਤਪ੍ਰਤਿ ਅਰਦਾਸ ਕਰਨਾ ਗੁਰਸਿੱਖ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਹੈ ਪਰ ਇਸ ਨਾਲ ਉਸ ਦੇ ਫਰਜ਼ ਵੀ ਜੁੜੇ ਹੋਏ ਹਨ।
ਆਪਣੇ ਤਨ ਦੀ ਨੇਮ ਨਾਲ ਸਿਹਤ ਜਾਂਚ ਕਰਾਉਣ ਵਾਂਗੂੰ ਕੌਮ ਦੀ ਸਿਹਤ ਦੀ ਜਾਂਚ ਵੀ ਤਾਂ ਹੋਣੀ ਹੀ ਚਾਹੀਦੀ ਹੈ। ਸਿਆਣਪ ਇਹੋ ਹੁੰਦੀ ਹੈ ਕਿ ਵਕਤ ਰਹਿੰਦਿਆਂ ਲੋੜੀਂਦੇ ਕਦਮ ਚੁੱਕ ਲਏ ਜਾਣ, ਤਾਂ ਜੋ ਕੋਈ ਰੋਗ ਲਾਇਲਾਜ ਹੋ ਕੇ ਤਨ ਨੂੰ ਖੋਰਾ ਨਾ ਲਾਉਣਾ ਆਰੰਭ ਕਰ ਦੇਵੇ। ਸਿੱਖ ਕੌਮ ਸੰਸਾਰ ਦੀ ਸਭ ਤੋਂ ਆਧੁਨਿਕ ਕੌਮ ਹੈ ਤੇ ਕੌਮਾਂ ਲਈ ਪੰਜ-ਸਾਢੇ ਪੰਜ ਸੌ ਸਾਲ ਦਾ ਇਤਿਹਾਸ ਕੋਈ ਖਾਸ ਮਾਅਨੇ ਨਹੀਂ ਰੱਖਦਾ। ਸਿੱਖ ਕੌਮ ਨੂੰ ਗੁਰੂ ਸਾਹਿਬਾਨ ਨੇ ਜੋ ਅਦੁੱਤੀ ਗੁਰ ਇਤਿਹਾਸ ਤੇ ਗੁਰ ਸ਼ਬਦ ਦੀ ਦਾਤ ਬਖਸ਼ੀ ਹੈ, ਉਸ ਦੀ ਸੱਚੀ ਸੰਭਾਲ ਇਕ ਵੱਡੀ ਜ਼ਿੰਮੇਵਾਰੀ ਹੈ। ਕੌਮ ਦੇ ਅੱਜ ਦੇ ਹਾਲਾਤ ਇਸ ਗੱਲ ਦਾ ਪ੍ਰਮਾਣ ਹਨ ਕਿ ਇਹ ਜ਼ਿੰਮੇਵਾਰੀ ਪੂਰੀ ਨਹੀਂ ਹੋ ਰਹੀ। ਕੌਮ ਜ਼ਬਰਦਸਤ ਆਪਸੀ ਵੰਡ ਦਾ ਸ਼ਿਕਾਰ ਹੋ ਗਈ ਹੈ। ਵੱਖ-ਵੱਖ ਧੜੇ ਕੌਮ ਦੀ ਤਰੱਕੀ ਲਈ ਕੁਝ ਕਰਨ ਦੀ ਥਾਂ ਇਕ-ਦੂਜੇ ਦੀ ਬਦਖੋਹੀ ਕਰਨ ਲਈ, ਇਕ-ਦੂਜੇ ਨੂੰ ਨੀਵਾਂ ਵਿਖਾਉਣ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਕਮਰ ਕੱਸੇ ਕਰ ਮੈਦਾਨ ‘ਚ ਡਟੇ ਹੋਏ ਹਨ। ਹਾਲ ‘ਚ ਹੀ ਅਮੀਰਕਾ ਅੰਦਰ ਦਿੱਲੀ ਦੇ ਅਕਾਲੀ ਆਗੂ ਸ: ਮਨਜੀਤ ਸਿੰਘ ਜੀ.ਕੇ. ‘ਤੇ ਹਮਲੇ ਹੋਏ, ਪੰਜਾਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਦੇ ਮਾਮਲੇ ਚਿਰਾਂ ਤੋਂ ਕੌਮ ਦੇ ਦੁੱਖ, ਰੋਸ ਤੇ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਇਸ ‘ਤੇ ਸਿਆਸਤ ਤਾਂ ਹੋ ਰਹੀ ਹੈ ਪਰ ਕੋਈ ਨਿਦਾਨ ਨਹੀਂ ਹੋ ਸਕਿਆ ਹੈ। ਤਖ਼ਤ ਸਾਹਿਬਾਨ ਦੇ ਜਥੇਦਾਰਾਂ ਨੂੰ ਵੀ ਵਿਵਾਦ ਦਾ ਵਿਸ਼ਾ ਬਣਾ ਦਿੱਤਾ ਗਿਆ ਹੈ ਤੇ ਭਰਮ ਬਣੇ ਹੋਏ ਹਨ। ਹਰ ਧਿਰ ਕੌਮ ਦੀ ਸੱਚੀ ਹਮਦਰਦ ਹੋਣ ਦਾ ਦਾਅਵਾ ਕਰਦੀ ਹੈ ਪਰ ਇਸ ਪਿੱਛੇ ਪੰਜਾਬ ਦੀ ਸਿਆਸਤ ‘ਤੇ ਕਾਬਜ਼ ਹੋਣ ਦਾ ਮਕਸਦ ਕਿਸੇ ਨੂੰ ਵੀ ਸਾਫ਼ ਨਜ਼ਰ ਆ ਜਾਂਦਾ ਹੈ। ਸਾਕਾ ਨੀਲਾ ਤਾਰਾ ਤੇ ਸੰਨ ’84 ਦੇ ਸਿੱਖ ਨਸਲਕੁਸ਼ੀ ਦੇ ਮੁੱਦੇ ਨੂੰ ਸਿੱਖ ਸਿਆਸਤ ਵਿਚ ਸਭ ਤੋਂ ਜ਼ਿਆਦਾ ਵਰਤਿਆ ਗਿਆ ਹੈ ਪਰ ਤਿੰਨ ਦਹਾਕਿਆਂ ਤੋਂ ਜ਼ਿਆਦਾ ਸਮਾਂ ਗੁਜ਼ਰ ਜਾਣ ਤੋਂ ਬਾਅਦ ਵੀ ਕੋਈ ਠੋਸ ਪ੍ਰਾਪਤੀ ਨਹੀਂ ਹੋ ਸਕੀ ਹੈ। ਇਹ ਮੁੱਦੇ ਜ਼ਰੂਰੀ ਅਹਿਮੀਅਤ ਰੱਖਦੇ ਹਨ ਪਰ ਇਨ੍ਹਾਂ ਦੀ ਕੀਮਤ ‘ਤੇ ਕੌਮ ਦੀ ਚੜ੍ਹਦੀਕਲਾ ਦੇ ਬੁਨਿਆਦੀ ਸਵਾਲ ਦਰਕਿਨਾਰ ਕਰ ਦਿੱਤੇ ਗਏ, ਕਿਉਂਕਿ ਬੁਨਿਆਦੀ ਸਵਾਲਾਂ ‘ਤੇ ਕੁਰਸੀਆਂ ਦੀ ਸਿਆਸਤ ਨਹੀਂ ਹੋ ਸਕਦੀ। ਅੱਜ ਦੁਨੀਆ ਵੇਖ ਰਹੀ ਹੈ ਕਿ ਅਸੀਂ ਬੁਰੀ ਤਰ੍ਹਾਂ ਵੰਡੇ ਹੋਏ ਹਾਂ। ਕੌਮ ਦੇ ਸਭ ਤੋਂ ਪਵਿੱਤਰ ਮੰਨੇ ਜਾਣ ਵਾਲੇ ਧਾਰਮਿਕ ਅਸਥਾਨਾਂ ‘ਤੇ ਹੁੰਦੇ ਝਗੜਿਆਂ ਦੇ ਦ੍ਰਿਸ਼ ਸੰਸਾਰ ਅੰਦਰ ਕਿਹੋ ਜਿਹੀ ਜਗ੍ਹਾ ਬਣਾਉਣ ਵਾਲੇ ਹਨ, ਇਹ ਨਿਰਣਾ ਕਰਨਾ ਜ਼ਿਆਦਾ ਔਖਾ ਨਹੀਂ।
ਅੱਜ ਕੌਮ ਦੇ ਜੋ ਹਾਲਾਤ ਹਨ, ਉਹ ਗੁਰੂ ਨਾਨਕ ਸਾਹਿਬ ਦੇ ਪਾਵਨ ਵਚਨਾਂ ਤੋਂ ਸਮਝੇ ਜਾ ਸਕਦੇ ਹਨ। ਗੁਰੂ ਨਾਨਕ ਸਾਹਿਬ ਨੇ ਵਚਨ ਕੀਤੇ ‘ਜਾਗਤੁ ਬਿਗਸੈ ਮੂਠੋ ਅੰਧਾ, ਗਲਿ ਫਾਹੀ ਸਿਰਿ ਮਾਰੇ ਧੰਧਾ॥’ ਮਨੁੱਖ ਜਾਗਦਿਆਂ ਹੋਇਆਂ ਵੀ ਲੁੱਟਿਆ ਜਾ ਰਿਹਾ ਹੈ। ਉਸ ਦਾ ਸਭ ਕੁਝ ਦਾਅ ‘ਤੇ ਲੱਗ ਗਿਆ ਹੈ ਪਰ ਉਹ ਇਸ ਵਿਚ ਹੀ ਆਨੰਦ ਮਾਣ ਰਿਹਾ ਹੈ। ਅਜਿਹੇ ਜਾਗਣ ਦਾ ਤੇ ਅਜਿਹੇ ਸੁਖ ਮਾਨਣ ਦਾ ਕੀ ਲਾਭ ਹੈ। ਜਿਸ ਦੀ ਅਜਿਹੀ ਅਵਸਥਾ ਬਣ ਗਈ ਹੋਵੇ, ਉਸ ਨੂੰ ਕੁਝ ਵੀ ਸਮਝ ਨਹੀਂ ਆਉਂਦਾ। ‘ਉਰਝੀ ਤਾਣੀ ਕਿਛੁ ਨ ਬਸਾਇ॥’ ਤਾਣਾ ਹੀ ਉਲਝਿਆ ਹੋਇਆ ਹੈ। ਸੋਚ ਤੇ ਸਮਝ ਦੇ ਕਿੰਨੇ ਹੀ ਤਰਕ ਕਿਉਂ ਨਾ ਦਿੱਤੇ ਜਾਣ, ਉਹ ਚੰਗੇ ਨਹੀਂ ਲਗਦੇ ‘ਕਹਿਓ ਨ ਬੂਝੈ ਅੰਧੁ ਨ ਸੂਝੈ ਭੋਂਡੀ ਕਾਰ ਕਮਾਈ॥’ ਕੌਮ ਅੰਦਰ ਏਕਾ ਬਣਾਉਣ ਦੀਆਂ ਸੋਚਾਂ ਵੀ ਚਲਦੀਆਂ ਰਹਿੰਦੀਆਂ ਹਨ ਪਰ ਕਾਮਯਾਬ ਨਹੀਂ ਹੁੰਦੀਆਂ, ਕਿਉਂਕਿ ਤਾਣਾ ਸਿੱਧਾ ਕਰਨ ਦੇ ਯਤਨ ਨਹੀਂ ਹੋਏ। ਗੁਰੂ ਅੰਗਦ ਸਾਹਿਬ ਨੇ ਵਚਨ ਕੀਤੇ ਕਿ ਉਲਝੇ ਹੋਏ ਤਾਣੇ ਨੂੰ ਸੁਲਝਾਉਣ ਦੀ ਕੁੰਜੀ ਵਾਹਿਗੁਰੂ ਕੋਲ ਹੈ ‘ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ॥’ ਸਿੱਖ ਕੌਮ ਦੀ ਚੜ੍ਹਦੀਕਲਾ ਦੀ ਕੁੰਜੀ ਵਾਹਿਗੁਰੂ ਦੇ ਹੱਥ ਹੈ। ਗੁਰ ਸ਼ਬਦ ਤੋਂ ਹੀ ਆਸ ਹੈ ਤੇ ਇਥੋਂ ਹੀ ਕੌਮ ਦੀ ਸਿਹਤ ਬਣਨੀ ਹੈ। ਅੱਜ ਸਭ ਤੋਂ ਜ਼ਿਆਦਾ ਦੁਰਵਰਤੋਂ ਗੁਰ ਸ਼ਬਦ ਤੇ ਗੁਰੂ-ਘਰ ਦੀ ਹੋ ਰਹੀ ਹੈ, ਜੋ ਸਿੱਖੀ ਦਾ ਮੂਲ ਹਨ ਤੇ ਜਿੱਥੋਂ ਕੁੰਜੀ ਲੈ ਕੇ ਸੋਚ ਤੇ ਆਚਾਰ ਦੇ ਜਿੰਦਰੇ ਖੋਲ੍ਹਣੇ ਹਨ। ਅਸਲ ਮੁੱਦਾ ਅੱਜ ਗੁਰੂ-ਘਰ ਦੀ ਮਰਿਆਦਾ ਕਾਇਮ ਕਰਨਾ ਹੈ, ਜਿੱਥੋਂ ਤਾਣਾ ਸੁਲਝਾਉਣ ਦੀ ਜਾਚ ਤੇ ਸੇਧ ਮਿਲਦੀ ਹੈ। ਇਹ ਤਾਣਾ ਭਾਵੇਂ ਮਨ ਦਾ ਹੋਵੇ, ਜੀਵਨ ਦਾ ਹੋਵੇ ਜਾਂ ਸਮਾਜ ਦਾ ਹੋਵੇ।
ਗੁਰੂ-ਘਰਾਂ ਦਾ ਸਿਆਸੀ ਦਾਅਵੇਦਾਰੀਆਂ ਦਾ ਕੇਂਦਰ ਬਣਦੇ ਜਾਣਾ ਗਹਿਰੀ ਚਿੰਤਾ ਦਾ ਕਾਰਨ ਹੈ। ਗੁਰਦੁਆਰਾ ਵਾਹਿਗੁਰੂ ਦਾ ਪਵਿੱਤਰ ਨਿਵਾਸ ਅਸਥਾਨ ਹੈ। ਇਹ ਦੁਆਰ ਵਾਹਿਗੁਰੂ ਦੇ ਸੇਵਕ ਤੇ ਦਾਸ ਲਈ ਸਦਾ ਖੁੱਲ੍ਹਿਆ ਹੋਇਆ ਹੈ। ਵਾਹਿਗੁਰੂ ਦੇ ਦਰ ‘ਤੇ ਗੁਰਸਿੱਖ, ਸੇਵਕ, ਦਾਸ ਬਣ ਕੇ ਹੀ ਜਾਇਆ ਜਾ ਸਕਦਾ ਹੈ, ਵਿਦਵਾਨ, ਆਗੂ ਜਾਂ ਸੱਤਾਧਾਰੀ ਬਣ ਕੇ ਨਹੀਂ। ਗੁਰੂ ਆਪ ਸੱਚਾ ਆਗੂ ਤੇ ਉਬਾਰਨ ਵਾਲਾ ਹੈ ‘ਸਤਿਗੁਰੁ ਆਗੂ ਜਾਣੀਐ ਬਾਹ ਪਕੜਿ ਅੰਧਲੇ ਉਧਾਰੇ॥’ ਜੇ ਕੋਈ ਗੁਰਸਿੱਖ ਆਪਣੇ-ਆਪ ਨੂੰ ਕੌਮ ਦਾ ਆਗੂ ਸਮਝਦਾ ਹੈ ਤਾਂ ਇਹ ਉਸ ਦੇ ਅਗਿਆਨ ਦਾ ਹਨੇਰਾ ਹੈ। ਅਜਿਹੇ ਆਗੂ ਆਪ ਵੀ ਡੁੱਬਦੇ ਹਨ ਤੇ ਨਾਲਦਿਆਂ ਨੂੰ ਵੀ ਡੁਬੋ ਦਿੰਦੇ ਹਨ। ‘ਨਾਨਕ ਅੰਧਾ ਹੋਇ ਕੈ ਦਸੇ ਰਾਹੈ ਸਭਸੁ ਮੁਹਾਏ ਸਾਥੈ॥’ ਅੱਜ ਗੁਰਦੁਆਰਿਆਂ ਅੰਦਰ ਆਮ ਹੋ ਗਿਆ ਹੈ ਕਿ ਕਿਸੇ ਵੀ ਸਿਆਸਤਦਾਨ, ਅਹੁਦੇਦਾਰ ਦਾ ਮਹਿਮਾਨ ਵਾਂਗੂੰ ਸਵਾਗਤ ਹੁੰਦਾ ਹੈ, ਚੱਲ ਰਹੇ ਸ਼ਬਦ ਕੀਰਤਨ, ਸ਼ਬਦ ਕਥਾ ਨੂੰ ਰੋਕ ਕੇ ਵੀ ਸਿਰੋਪਾ ਦਿੱਤਾ ਜਾਂਦਾ ਹੈ, ਕੈਮਰਿਆਂ ਦੇ ਫਲੈਸ਼ ਚਮਕਦੇ ਹਨ ਤੇ ਦੀਵਾਨ ਰੁਕ ਜਿਹੇ ਜਾਂਦੇ ਹਨ। ਜਿੱਥੋਂ ਕੌਮ ਦੀ ਚੜ੍ਹਦੀਕਲਾ ਦੀ ਸੇਧ ਮਿਲਣੀ ਹੈ, ਉਸ ਅਸਥਾਨ ਦੀ ਮਰਿਆਦਾ ਹੀ ਭੰਗ ਕਰ ਦਿੱਤੀ ਗਈ ਹੈ।
ਸਿੱਖ ਰਹਿਤ ਮਰਿਆਦਾ ਭਾਗ ੪ (ਹ) ਅਨੁਸਾਰ ਗੁਰਦੁਆਰੇ ਵਿਚ ਕੋਈ ਮੂਰਤੀ ਪੂਜਾ ਜਾਂ ਹੋਰ ਗੁਰਮਤਿ ਵਿਰੁੱਧ ਕੋਈ ਰੀਤੀ ਜਾਂ ਸਸਕਾਰ ਨਾ ਹੋਵੇ, ਨਾ ਹੀ ਕੋਈ ਮਨਮਤ ਦਾ ਤਿਉਹਾਰ ਮਨਾਇਆ ਜਾਵੇ। ਹਾਂ, ਕਿਸੇ ਮੌਕੇ ਜਾਂ ਇਕੱਤਰਤਾ ਨੂੰ ਗੁਰਮਤਿ ਪ੍ਰਚਾਰ ਲਈ ਵਰਤਣਾ ਅਯੋਗ ਨਹੀਂ। ਸਿਆਸੀ ਲੋਕਾਂ ਤੇ ਅਹੁਦੇਦਾਰਾਂ ਦਾ ਸਿਰੋਪੇ, ਸ਼ਾਲ ਤੇ ਮੋਮੈਂਟੋ ਦੇ ਕੇ ਸਨਮਾਨ ਕਰਨਾ ਗੁਰਦੁਆਰਿਆਂ ਦਾ ਆਮ ਵਿਉਹਾਰ ਬਣ ਗਿਆ ਹੈ, ਜੋ ਨਿਰਾ ਮਨਮਤ ਹੈ। ਇਸ ਜ਼ਰੀਏ ਪ੍ਰਬੰਧਕ ਜਨ ਤਾਕਤਵਰ ਲੋਕਾਂ ਨਾਲ ਨਿੱਜੀ ਰਿਸ਼ਤੇ ਬਣਾਉਣ ਦੇ ਯਤਨ ਕਰਦੇ ਹਨ। ਗੁਰੂ-ਘਰ ਅੰਦਰ ਜੁੜੀ ਹੋਈ ਸਾਧ ਸੰਗਤ ਵਹਿਗੁਰੂ ਦਾ ਜਸ ਗਾਇਨ ਕਰਨ ਲਈ ਹੈ, ਨਾ ਕਿ ਕਿਸੇ ਸਿਆਸੀ ਅਹੁਦੇਦਾਰ ਨੂੰ ਉਸ ਦੇ ਅਹੁਦੇ ਕਾਰਨ ਸਨਮਾਨ ਦੇਣ ਲਈ। ਨਾ ਤਾਂ ਗੁਰੂ ਦੇ ਹੁਕਮ ਦਾ ਪਾਲਣ ਹੋ ਰਿਹਾ ਹੈ, ਨਾ ਰਹਿਤ ਮਰਿਆਦਾ ਮੰਨੀ ਜਾ ਰਹੀ ਹੈ। ਸਾਧ ਸੰਗਤ ਤਾਂ ਨਿਰਲੇਪ ਹੋਣ ਦਾ ਅਸਥਾਨ ਹੈ ‘ਬਿਸਰ ਗਈ ਸਭ ਤਾਤਿ ਪਰਾਈ’ ਪਰ ਇੱਥੇ ਹੀ ਸਿੱਖ ਸਿਆਸਤਦਾਨ ਆਪਣੇ ਸਾਰੇ ਹਿਸਾਬ ਪੂਰੇ ਕਰ ਰਹੇ ਹਨ।
ਗੁਰਦੁਆਰਿਆਂ ਅੰਦਰ ਭਿੰਨ-ਭਿੰਨ ਕਰਮਕਾਂਡ ਤੇ ਅੰਧ-ਵਿਸ਼ਵਾਸ ਵੀ ਪੈਰ ਜਮਾਅ ਰਹੇ ਹਨ। ਗੋਲਕ ਵਧਾਉਣ ਤੇ ਸੰਗਤ ਜੋੜਨ ਲਈ ਆਪ ਪ੍ਰਬੰਧਕ ਭਰਮ ਪੈਦਾ ਕਰ ਰਹੇ ਹਨ। ਸਮਾਗਮਾਂ ਨੂੰ ਵਿਪਰਵਾਦੀ ਸਵਰੂਪ ਦੇਣ ਦੀ ਕੋਸ਼ਿਸ਼ ਹੋ ਰਹੀ ਹੈ, ਤਾਂ ਜੋ ਝੂਠੀਆਂ ਭਾਵਨਾਵਾਂ ਉਭਾਰੀਆਂ ਜਾ ਸਕਣ। ਅਜਿਹੀਆਂ ਚਲਾਕੀਆਂ ਕਾਰਨ ਸੰਗਤ ਗੁਰ ਸ਼ਬਦ ਤੋਂ ਦੂਰ ਹੁੰਦੀ ਜਾ ਰਹੀ ਹੈ। ਇਹ ਹਾਲਾਤ ਬਹੁਤ ਸਾਰੇ ਨਗਰਾਂ, ਕਸਬਿਆਂ, ਪਿੰਡਾਂ ਤੱਕ ਦੇ ਗੁਰਦੁਆਰਿਆਂ ‘ਚ ਬਣੇ ਨਜ਼ਰ ਆਉਂਦੇ ਹਨ। ਸਿੱਖ ਕੌਮ ਦੀ ਚੜ੍ਹਦੀਕਲਾ ਲਈ ਜੇ ਕਿਸੇ ਦੇ ਮਨ ਅੰਦਰ ਗੰਭੀਰਤਾ ਹੈ ਤਾਂ ਉਹ ਸਭ ਤੋਂ ਪਹਿਲਾਂ ਗੁਰਦੁਆਰਿਆਂ ਤੇ ਸਾਧ-ਸੰਗਤ ਦੀ ਸਿਆਸੀ ਤੇ ਨਿੱਜੀ ਹਿਤਾਂ ਲਈ ਵਰਤੋਂ ਤਤਕਾਲ ਰੋਕਣ ਲਈ ਆਵਾਜ਼ ਚੁੱਕੇ।
ਸਿੱਖ ਕੌਮ ਲਈ ਸਭ ਤੋਂ ਅਹਿਮ ਸਵਾਲ ਤੇ ਮੁੱਖ ਮੁੱਦਾ ਗੁਰਦੁਆਰਿਆਂ ਦੀ ਅੰਦਰੂਨੀ ਮਰਿਆਦਾ ਹੈ। ਇਸ ਲਈ ਸੁਹਿਰਦ ਹੋ ਕੇ ਯਤਨ ਕਰਨ ਦੀ ਲੋੜ ਹੈ। ਗੁਰਦੁਆਰੇ ਸਿੱਖ ਕੌਮ ਦੇ ਬੈਕੁੰਠ ਹਨ। ਇਨ੍ਹਾਂ ਦੀ ਪਵਿੱਤਰਤਾ ਨਾਲ ਹੀ ਕੌਮ ਦੀ ਚੜ੍ਹਦੀਕਲਾ ਦੀ ਅਰਦਾਸ ਪੂਰਨ ਹੁੰਦੀ ਹੈ। ਇਸ ਵਿਚ ਕਿਸੇ ਸਿਆਸੀ ਸਿੱਖ ਦਾ ਮਨੋਰਥ ਭਾਵੇਂ ਪੂਰਾ ਨਾ ਹੋਵੇ ਪਰ ਆਮ ਗੁਰਸਿੱਖ ਦੀ ਭਾਵਨਾ ਨੂੰ ਟੇਕ ਮਿਲਦੀ ਹੈ। ਗੁਰਦੁਆਰਾ ਸੁਧਾਰ ਤੇ ਸਿੰਘ ਸਭਾ ਲਹਿਰ ਗੁਰਦੁਆਰਿਆਂ ਦੇ ਪ੍ਰਬੰਧ ਤੱਕ ਸੀਮਤ ਹੋ ਗਈ ਸੀ। ਅੱਜ ਹਾਲਾਤ ਜ਼ਿਆਦਾ ਚੁਣੌਤੀਪੂਰਨ ਹਨ। ਗੁਰੂ-ਘਰ ਦੀ ਮਰਿਆਦਾ ਬਹਾਲ ਕਰਨਾ ਤੇ ਬਣਾਈ ਰੱਖਣਾ ਇਕ ਨਿਰੰਤਰ ਚੱਲਣ ਵਾਲਾ ਯਤਨ ਹੈ। ਇਸ ਲਈ ਵਿਆਪਕ ਪੱਧਰ ‘ਤੇ ਸਹਿਮਤੀ ਬਣਾ ਕੇ ਵੱਡੀ ਲਹਿਰ ਚਲਾਉਣ ਦੀ ਲੋੜ ਹੈ। ਜੇ ਇਹ ਲਹਿਰ ਚੱਲਦੀ ਹੈ ਤੇ ਕਾਮਯਾਬੀ ਵੱਲ ਵਧਦੀ ਹੈ ਤਾਂ ਇਸ ਦੇ ਨਾਲ ਜੁੜੇ ਮੌਜੂਦਾ ਧਾਰਮਿਕ ਮਸਲੇ ਅਤੇ ਕਈ ਹੋਰ ਮਸਲੇ ਆਪ ਹੀ ਹੱਲ ਹੋ ਜਾਣਗੇ। ਹਰ ਕਥਾ ਦਾ ਅੰਤ ਹੁੰਦਾ ਹੈ। ਕੋਈ ਵੀ ਚੰਗੇ ਜਾਂ ਮਾੜੇ ਹਾਲਾਤ ਸਦਾ ਨਹੀਂ ਰਹਿੰਦੇ। ਸਦਾ ਟਿਕਣ ਵਾਲਾ ਕੇਵਲ ਗੁਰ ਸ਼ਬਦ ਹੈ। ਅੱਜ ਜਾਂ ਕੱਲ੍ਹ ਗੁਰ ਸ਼ਬਦ ‘ਤੇ ਭਰੋਸਾ ਰੱਖਣ ਵਾਲੇ ਆਪ ਹੀ ਗੁਰੂ-ਘਰ ਦੀ ਮਰਿਆਦਾ ਲਈ ਅੱਗੇ ਆਉਣਗੇ, ਇਹ ਵਿਸ਼ਵਾਸ ਰੱਖਣਾ ਚਾਹੀਦਾ ਹੈ।

ਟਿੱਪਣੀ ਕਰੋ:

About editor

Scroll To Top