Home / ਕੌਮਾਂਤਰੀ ਖਬਰਾਂ / ਭਾਰਤ ਪਾਕਿ ਸਰਹੱਦ ਉੱਤੇ, ਡੇਰਾਬਾਬਾ ਨਾਨਕ ਦੇ ਧੁੱਸੀ ਬੰਨ੍ਹ ਤੋਂ ਕਰਤਾਰਪੁਰ ਸਾਹਿਬ ਦੇ ਸਾਹਮਣੇ ਸਿੱਖ ਸੰਗਤਾਂ ਦੀਆਂ ਕੀਤੀਆਂ ਅਰਦਾਸਾਂ ਆ ਰਿਹੀਆਂ ਰਾਸ

ਭਾਰਤ ਪਾਕਿ ਸਰਹੱਦ ਉੱਤੇ, ਡੇਰਾਬਾਬਾ ਨਾਨਕ ਦੇ ਧੁੱਸੀ ਬੰਨ੍ਹ ਤੋਂ ਕਰਤਾਰਪੁਰ ਸਾਹਿਬ ਦੇ ਸਾਹਮਣੇ ਸਿੱਖ ਸੰਗਤਾਂ ਦੀਆਂ ਕੀਤੀਆਂ ਅਰਦਾਸਾਂ ਆ ਰਿਹੀਆਂ ਰਾਸ

ਸਿੱਖ ਆਪਣੀ ਨਿੱਤ ਦੀ ਅਰਦਾਸ ਵਿਚ ਹਰ ਰੋਜ ਸਤਿਗੁਰੂ ਅੱਗੇ ਬੇਨਤੀਆਂ ਕਰਦੇ ਹਨ ਕਿ ”ਹੇ ਆਪਣੇ ਪੰਥ ਤੇ ਸਦਾ ਸਹਾਈ ਦਾਤਾਰ ਜੀਓ ਨਨਕਾਣਾ ਸਾਹਿਬ ਅਤੇ ਹੋਰ ਪਵਿੱਤਰ ਗੁਰਧਾਮਾਂ,ਜਿਹਨਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ,ਤਿੰਨ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ”। ਪਰ ਪਾਕਿਸਤਾਨ ਅਤੇ ਭਾਰਤ ਵਿਚ ਸਰਹੱਦੀ ਤਣਾਓ ਦੇ ਚੱਲਦਿਆਂ ਅੱਜ ਤੱਕ ਇਹ ਮੰਗ ਸਿਆਸਤ ਨੇ ਪੂਰ ਨਹੀਂ ਚੜ੍ਹਣ ਦਿੱਤੀ। ਪਾਕਿਸਤਾਨ ਸਰਕਾਰ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਗਟ ਦਿਵਸ  ਉੱਤੇ ਨਵੰਬਰ 2000 ਵਿਚ ਇਹ ਲਾਂਘਾ ਖੋਲ੍ਹਣ ਦੀ ਪੇਸ਼ਕਸ਼ ਕੀਤੀ ਸੀ। ਜਿਸ ਤੋਂ ਉਤਸ਼ਾਹਤ ਹੋ ਕੇ ਮਰਹੂਮ ਪੰਥਕ ਅਕਾਲੀ ਆਗੂ ਸ.ਕੁਲਦੀਪ ਸਿੰਘ ਵਡਾਲਾ ਜੀ ਨੇ ਇੱਕ ” ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ” ਬਣਾਈ ਅਤੇ 14 ਅਪ੍ਰੈਲ 2001 ਧੁੱਸੀ ਬਣਨ ਤੇ ਮੁਹਿੰਮ ਅਰੰਭੀ ਕਿ ਘੱਟ ਘੱਟ ਡੇਰਾ ਬਾਬਾ ਨਾਨਕ ਤੋਂ ਬਿਲਕੁਲ ਸਾਹਮਣੇ ਦਿਸ ਰਹੇ,ਗੁਰੂ ਨਾਨਕ ਪਾਤਸ਼ਾਹ ਦੇ ਚਰਨਛੋਹ ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਤਾਂ ਸਿਖਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਕਰਨ ਦੀ ਇਜਾਜਤ ਹੋਣੀ ਚਾਹੀਦੀ ਹੈ।

                            ਸ.ਕੁਲਦੀਪ ਸਿੰਘ ਵਡਾਲਾ, ਸ.ਗੁਰਿੰਦਰ ਸਿੰਘ ਬਾਜਵਾ,ਸ.ਜਸਵੀਰ ਸਿੰਘ ਜੱਫਰਵਾਲ ਅਤੇ ਸ.ਊਧਮ ਸਿੰਘ ਔਲਖ ਅਤੇ ਸਹਿਯੋਗੀਆਂ ਨੇ,ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਨੂੰ ਨਾਲ ਲੈਕੇ ਹਰ ਮਹੀਨੇ ਭਾਰਤ ਪਾਕਿ ਸਰਹੱਦ ਉੱਤੇ, ਡੇਰਾਬਾਬਾ ਨਾਨਕ ਦੇ ਧੁੱਸੀ ਬੰਨ੍ਹ ਤੋਂ ਕਰਤਾਰਪੁਰ ਸਾਹਿਬ  ਦੇ ਸਾਹਮਣੇ ਜਾ ਕੇ ਅਰਦਾਸ ਕੀਤੀ। ਇਸ ਸੇਵਾ ਨੂੰ ਨਿਭਾਉਂਦਿਆਂ ਬੇਸ਼ੱਕ ਸ.ਕੁਲਦੀਪ ਸਿੰਘ ਵਡਾਲਾ ਗੁਰਪੁਰੀ ਸਿਧਾਰ ਚੁਕੇ ਹਨ। ਪਰ ਸ.ਗੁਰਿੰਦਰ ਸਿੰਘ ਬਾਜਵਾ ਜਰਨਲ ਸਕੱਤਰ ,ਸ.ਜਸਵੀਰ ਸਿੰਘ ਜੱਫਰਵਾਲ ਅਤੇ ਸ.ਊਧਮ ਸਿੰਘ ਔਲਖ ਅਤੇ ਬਾਕੀ ਸਾਥੀਆਂ ਨੇ ਇਸ ਉਦੱਮ ਨੂੰ ਅੱਜ ਤੱਕ ਨਿਰੰਤਰ ਜਾਰੀ ਰਖਿਆ ਹੋਇਆ ਹੈ। ਸ. ਵਡਾਲਾ ਅਤੇ ਉਹਨਾਂ ਦੇ ਸਾਥੀਆਂ ਨੇ ਸੰਨ 2005 ਵਿਚ ਕਰਾਂਚੀ ਵਿਖੇ ਪਾਕਿਸਤਾਨ  ਦੇ ਪ੍ਰਧਾਨ ਮੰਤਰੀ ਜਨਾਬ ਸ਼ੌਕਤ ਅਜੀਜ ਨਾਲ ਮਿਲਣੀ ਕੀਤੀ। ਜਿਥੇ ਜਨਾਬ ਸ਼ੌਕਤ ਅਜੀਜ ਨੇ ਸਿੱਖ ਵਫਦ ਨੂੰ ਕਿਹਾ ਪਾਕਿਸਤਾਨ ਤਾਂ ਰਸਤਾ ਦੇਣ ਨੂੰ ਤਿਆਰ ਹੈ। ਪਰ ਭਾਰਤ ਸਰਕਾਰ ਨਹੀਂ ਮੰਨਦੀ। ਉਸ ਤੋਂ ਬਾਅਦ ਸ.ਵਡਾਲਾ ਸਾਥੀਆਂ ਸਮੇਤ  ਭਾਰਤ ਦੇ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਨੂੰ ਮਿਲੇ। ਸ.ਮਨਮੋਹਨ ਸਿੰਘ ਨੇ ਦੱਸਿਆ ਕਿ ਦੋਹਾਂ ਦੇਸ਼ਾਂ ਦੇ ਵਿਦੇਸ਼ ਸੱਕਤਰਾਂ ਦੀ ਅਗਾਮੀਂ ਮੀਟਿੰਗ ਵਿਚ ਇਹ ਲਾਂਘੇ ਦਾ ਮਸਲਾ ਏਜੰਡੇ ਉੱਤੇ ਹੈ। ਅਗਲੀ ਮੀਟਿੰਗ ਵਿਚ ਵਿਚਾਰਿਆ ਜਾਵੇਗਾ। ਇਸ ਤੋਂ ਬਾਅਦ ਸੰਨ 2008 ਵਿਚ ਸ੍ਰੀ ਪ੍ਰਣਾਬ ਮੁਖਰਜੀ ਵੀ ਧੁੱਸੀ ਬੰਨ੍ਹ ਉੱਤੇ ਆਏ ਸਨ ਅਤੇ ਸਥਿਤੀ ਦਾ ਜਾਇਜਾ ਲਿਆ ਸੀ।

 

         ਪਰ ਅਚਾਨਕ  ਹਲਾਤਾਂ ਦੇ ਬਦਲਦਿਆਂ ਦੋਹਾਂ ਦੇਸ਼ਾਂ ਵਿਚਲੇ ਸਬੰਧਾਂ ਵਿਚ ਕੁੜੱਤਣ ਵਾਲਾ ਮਹੌਲ ਬਣ ਗਿਆ ਅਤੇ ਇਹ ਮਸਲਾ ਠੰਡੇ ਬਸਤੇ ਪੈ ਗਿਆ। ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਵੱਲੋਂ ਤਿੰਨ ਸਰਬ ਪਾਰਟੀ ਸੰਮੇਲਨ ਵੀ ਕਰਵਾਏ ਗਏ। ਇੱਕ ਡੇਰਾਬਾਬਾ ਨਾਨਕ ਵਿਚ ਧੁੱਸੀ ਬੰਨ੍ਹ ਉੱਤੇ ਅਤੇ ਦੋ ਬਟਾਲਾ ਵਿਖੇ। ਜਿਸ ਵਿਚ ਜਿਥੇ ਸਾਰੀਆਂ ਰਾਜਸੀ ਅਤੇ ਧਾਰਮਿਕ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਉਥੇ  ਜਿਸ ਜਿਲ੍ਹੇ ਵਿਚ ਕਰਤਾਰਪੁਰ ਸਾਹਿਬ ਪੈਂਦਾ ਹੈ। ਉਸ ਜਿਲ੍ਹੇ ਨਾਰੋਵਾਲ ਦੇ ਨਾਜ਼ਮ ਕਰਨਲ ਜਵੇਦ ਕਾਹਲੋਂ ਦੀ ਹਮਸਫਰ,ਬੇਗਮ ਰਿਫਤ ਕਾਹਲੋਂ, ਲੋਕਸਭਾ ਮੈਂਬਰ ਨਾਰੋਵਾਲ ਅਤੇ ਸੰਸਦੀ ਸਕੱਤਰ ਪਾਕਿਸਤਾਨ ਸਰਕਾਰ ਵੀ ਸ਼ਾਮਲ ਹੋਏ। ਪਿਛਲੇ ਸਾਢੇ ਸਤਾਰਾਂ ਸਾਲਾਂ ਤੋਂ ਹੁਣ ਤੱਕ 211 ਵਾਰ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਅਤੇ ਸਿੱਖ ਸੰਗਤਾਂ ਧੁੱਸੀ ਬੰਨ੍ਹ ਉੱਤੇ ਅਰਦਾਸ ਕਰ ਚੁਕੀਆਂ ਹਨ। ਹੁਣ ਕੱਲ੍ਹ 9 ਸਤੰਬਰ ਨੂੰ 212ਵੀਂ ਅਰਦਾਸ ਹੋਣੀ ਹੈ।  ਸ.ਪਰਮਜੀਤ ਸਿੰਘ ਸਰਨਾ,ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੁੰਦਿਆਂ ਅਤੇ ਉਸ ਤੋਂ ਬਾਅਦ ਵੀ ਅਕਾਲੀ ਦਲ ਦਿੱਲੀ ਦੇ ਮਾਧਿਅਮ ਰਾਹੀ,ਂ ਸ.ਪਰਮਜੀਤ ਸਿੰਘ ਸਰਨਾ,ਸ. ਹਰਵਿੰਦਰ ਸਿੰਘ ਸਰਨਾ ਅਤੇ ਉਹਨਾਂ ਦੀ ਸਾਰੀ ਜਥੇਬੰਦੀ ਇਸ ਵਾਸਤੇ ,ਪਿਛਲੇ ਪੰਦਰਾਂ ਸਾਲਾਂ ਤੋਂ ਯਤਨਸ਼ੀਲ ਸਨ। ਇਸ ਵਾਸਤੇ ਸਰਨਾ ਭਰਾ ਪਾਕਿਸਤਾਨ ਦੇ ਦੌਰਿਆਂ ਸਮੇਂ ਅਤੇ ਦਿੱਲੀ ਸਥਿਤ ਪਾਕਿ ਦੂਤਾਵਾਸ ਦੇ ਅਧਿਕਾਰੀਆਂ ਕੋਲ ਵੀ ਇਹ ਮੁਦਾ ਚੁੱਕਦੇ ਰਹੇ ਹਨ।

 

   ਇਤਫ਼ਾਕੀਆ ਪਾਕਿਸਤਾਨ ਦੀ ਰਾਜਨੀਤੀ ਵਿਚ ਇੱਕ ਵੱਡਾ ਬਦਲਾਓ ਆਇਆ। ਇੱਕ ਸੰਸਾਰ ਪ੍ਰਸਿੱਧ ਕ੍ਰਿਕਟ ਖਿਡਾਰੀ ਜਨਾਬ ਇਮਰਾਨ ਖਾਨ ਨੂੰ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਰਾਜ ਸਿੰਘਾਸਨ ਸੰਭਾਲਣ ਵੇਲੇ, ਉਹਨਾਂ ਨੇ ਭਾਰਤ ਸਮੇਤ ਆਪਣੇ ਕ੍ਰਿਕਟ ਖਿਡਾਰੀ ਸਾਥੀਆਂ ਨੂੰ ਯਾਦ ਕੀਤਾ। ਬੇਸ਼ੱਕ ਹੋਰ ਭਾਰਤੀ ਕ੍ਰਿਕਟ ਖਿਡਾਰੀਆਂ ਨੂੰ ਵੀ ਸੱਦਾ ਆਇਆ। ਪਰ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਮਸ਼ਰੂਰ ਕ੍ਰਿਕਟਰ ਸ.ਨਵਜੋਤ ਸਿੰਘ ਸਿੱਧੂ ਨੇ ਇਹ ਸੱਦਾ ਖਿੜ੍ਹੇ ਮਥੇ ਕਬੂਲਦਿਆਂ ਸਹੁੰ ਚੁੱਕ ਸਮਾਗਮ ਵਿਚ ਸ਼ਿਰਕਤ ਕੀਤੀ। ਉਥੇ ਉਹਨਾਂ ਦੇ ਕਿਸੇ ਪਾਕਿਸਤਾਨੀ ਸਾਸ਼ਕ ਨਾਲ ਬੈਠਣ ਜਾਂ ਪਾਕਿ ਫੌਜ ਦੇ ਮੁਖੀ ਜਨਾਬ ਕਮਰ ਬਾਜਵਾ ਨਾਲ  ਹਮਗਲਵਕੜੀ ਹੋਣ ਤੇ ਭਾਰਤੀ ਮੀਡੀਆ ਨੇ ਤੂਫ਼ਾਨ ਖੜ੍ਹਾ ਕਰ ਦਿੱਤਾ। ਭਗਵੀ ਸੋਚ ਵਾਲੇ ਕੇਂਦਰੀ ਸਰਕਾਰ ਦੇ ਮਾਲਕਾਂ ਨੇ ਤਾਂ ਬਿਆਨਬਾਜ਼ੀ ਕਰਨੀ ਹੀ ਸੀ। ਸ.ਸਿੱਧੂ ਨੂੰ ਆਪਣੀ ਪਾਰਟੀ ਵਿਚੋਂ ਵੀ ਤਾਹਨੇ ਮੇਹਣੇ ਸੁਣਨ ਨੂੰ ਮਿਲੇ। ਬੇਸ਼ੱਕ ਸ.ਸਿੱਧੂ ਨੇ ਪਾਕਿਸਤਾਨ ਵਿਚ ਹੀ ਇਹ ਸਪਸ਼ਟ ਕਰ ਦਿੱਤਾ ਸੀ ਕਿ ਗਲਵਕੜੀ ਇਸ ਖੁਸ਼ੀ ਕਰਕੇ ਸੀ ਕਿ ਫੌਜ ਮੁਖੀ ਨੇ ਕਿਹਾ ਸੀ ਕਿ ਅਸੀਂ ਕਰਤਾਰਪੁਰ ਸਾਹਿਬ ਵਾਸਤੇ ਲਾਂਘਾ ਖੋਲ੍ਹਣ ਦਾ ਮਨ ਬਣਾ ਲਿਆ ਹੈ।

ਧਰਤੀ ਬੇਸ਼ੱਕ ਟੁਕੜਿਆਂ ਵਿਚ ਵੰਡੀ ਗਈ ਹੋਵੇ। ਪਰ ਗੁਰੂ ਨਾਨਕ ਦਾ ਪਿਆਰ ਅਤੇ ਅਸੀਸਾਂ ਨਹੀਂ ਵੰਡੀਆਂ ਜਾ ਸਕਦੀਆਂ। ਪਾਕਿਸਤਾਨ ਦੇ ਮੁਸਲਿਮ ਵੀ ਬਾਬੇ ਨਾਨਕ ਨੂੰ ਨਾਨਕਪੀਰ ਆਖਕੇ ਸਿਜਦਾ ਕਰਦੇ ਹਨ ਸਾਥੋਂ ਵੱਧ ਸਤਿਕਾਰਦੇ ਵੀ ਹਨ। ਪਰ ਕੌਣ ਸੁਣਦਾ ਹੈ ਇਥੇ ਤਾਂ ਲੋਕਸਭਾ ਹੋਵੇ ਜਾਂ ਕੋਈ ਵਿਧਾਨਸਭਾ ਇੱਕ ਪਾਗਲਖਾਨੇ  ਦੀ ਤਰ੍ਹਾਂ ਹੈ ਕਿ ਜੇ ਇੱਕ ਪਾਗਲ ਹੱਸ ਪਵੇ ਤਾਂ ਸਾਰੇ ਹੱਸਣ ਲੱਗ ਪੈਂਦੇ ਹਨ। ਜੇ ਇੱਕ ਰੋਣ ਲੱਗ ਪਵੇ ਤਾਂ ਸਾਰੇ ਰੋਣਾ ਸ਼ੁਰੂ ਕਰ ਦਿੰਦੇ ਹਨ। ਜੇ ਕੋਈ ਕਿਸੇ ਪਾਸੇ ਵੇਖਣ ਲੱਗ ਪਵੇ ਤਾਂ ਸਾਰੇ ਉਸ ਪਾਸੇ ਵੇਖਣ ਲੱਗ ਪੈਂਦੇ ਹਨ। ਪਰ ਫਿਰ ਵੀ ਪਾਗਲਾਂ ਵਿਚ ਪਾਗਲ ਹੁੰਦਿਆਂ ਵੀ ਇੱਕ ਸੁਰਤਾ ਤਾਂ ਹੁੰਦੀ ਹੈ। ਪਰ ਇਥੇ ਤਾਂ ਆਪਣੀ ਪਾਰਟੀ ਦੇ ਆਗੂ ਨੂੰ ਵੇਖਿਆ ਜਾਂਦਾ ਹੈ। ਜੇ ਉਸ ਨੇ ਗਲਤ ਨੂੰ ਠੀਕ ਕਿਹਾ ਤਾਂ ਸਭ ਕੁਝ ਗਲਤ। ਜੇ ਠੀਕ ਨੂੰ ਗਲਤ ਆਖ ਦਿਤਾ ਤਾਂ ਸਭ ਅੱਛਾ। ਸ.ਸਿੱਧੂ ਵੱਲੋਂ ਵਾਰ ਵਾਰ ਸਪਸ਼ਟ ਕਰਨ ਉੱਤੇ ਵੀ ਸੱਪ ਲੰਘ ਜਾਣ ਤੋਂ ਬਾਅਦ ਸਾਰੇ ਲਕੀਰ ਹੀ ਕੁੱਟੀ ਗਏ ਹਨ।  

 
 

        ਜੋ ਵੀ ਹੋਵੇ ਅੱਜ ਸ.ਨਵਜੋਤ ਸਿੰਘ ਸਿੱਧੂ ਅਤੇ ਕਮਰ ਬਾਜਵਾ ਦੀ ਜੱਫੀ ਖੁਲ੍ਹਦਿਆਂ,ਦੋਹਾਂ ਦੀਆਂ ਬਾਹਵਾਂ ਵਿਚੋਂ ਕਰਤਾਰਪੁਰ ਸਾਹਿਬ ਨਜਰ ਆਉਣ ਲੱਗ ਪਿਆ ਹੈ। ਧੰਨ ਭਾਗ ਸਿਖਾਂ ਦੇ ਜਿਹਨਾਂ ਦੀ ਗੁਰੂ ਨੇ ਸੁਣੀ ਹੈ ਅਤੇ ਧੰਨਵਾਦ ਹੈ ਸ.ਨਵਜੋਤ ਸਿੰਘ ਸਿੱਧੂ ਅਤੇ ਜਨਾਬ ਇਮਰਾਨ ਖਾਨ ਦੀ ਦੋਸਤੀ ਅਤੇ ਕਮਰ ਬਾਜਵਾ ਦੀ ਗਲਵਕੜੀ ਦਾ, ਜਿਸ ਵਿਚੋਂ ਇਹ ਖੂਬਸੂਰਤੀ ਪ੍ਰਗਟ ਹੋਈ ਹੈ। ਇਹ ਗੱਲ ਇਥੇ ਮੁੱਕਣੀ ਜਾਂ ਰੁਕਣੀ ਨਹੀਂ ਨਾ ਹੀ ਰੁਕਣ ਦੇਣੀ ਚਾਹੀਦੀ ਹੈ। ਖਿਡਾਰੀ ਦਿਲ ਦੇ ਸਾਫ ਹੁੰਦੇ ਹਨ। ਜੇ ਕਰ 2019 ਦੀ ਲੋਕਸਭਾ ਚੋਣ ਵਿਚ ਭਾਰਤ ਦੇ ਲੋਕਾਂ ਨੇ ਕੋਈ ਸਹੀ ਫੈਸਲਾ ਲੈ ਲਿਆ ਤਾਂ ਹੋ ਸਕਦਾ ਹੈ ਕਿ ਸ.ਨਵਜੋਤ ਸਿੰਘ ਸਿੱਧੂ ਦੀ ਦੋਸਤੀ ਦੇ ਜਰੀਏ ਸਿਖਾਂ ਦੀ ਅਰਦਾਸ ਵਿਚਲੀ ਮੰਗ ਪੂਰੀ ਤਰ੍ਹਾਂ ਲਾਗੂ ਹੋ ਜਾਵੇ ਅਤੇ ਸਿਖਾਂ ਨੂੰ ਪਾਕਿਸਤਾਨ ਦੇ ਸਾਰੇ ਗੁਰਦਵਾਰਿਆਂ ਦੇ ਬਿਨ੍ਹਾਂ ਵੀਜਾ ਖੁੱਲ੍ਹੇ ਦਰਸ਼ਨ ਦੀਦਾਰੇ ਕਰਨ ਦੀ ਇਜਾਜਤ ਮਿਲ ਜਾਵੇ। ਇਸ ਤੋਂ ਇਲਾਵਾ ਦੋਹਾਂ ਦੇਸ਼ਾਂ ਵਿਚਕਾਰ ਟਕਰਾਓ ਨੂੰ ਖਤਮ ਕਰਨ ਦੀ ਸ਼ੁਰੂਆਤ ਵੀ ਹੋ ਸਕਦੀ ਹੈ। ਰਖਿਆ ਦੇ ਨਾਮ ਉੱਤੇ ਬਰਬਾਦ ਹੋ ਰਿਹਾ ਦੋਹਾਂ ਦੇਸ਼ਾਂ ਦਾ ਸਰਮਾਇਆ ਲੋਕਾਂ ਦੀ ਭਲਾਈ ਉੱਤੇ ਖਰਚਣ ਵਾਸਤੇ ਸ੍ਰਪਲਸਤ ਹੋ ਸਕਦਾ ਹੈ। ਇਸ ਸਾਂਝੀ ਅਤੇ ਮੁਕੱਦਸ ਜਮੀਨ ਉੱਤੋਂ ਕਸ਼ਮੀਰ ਸਮੇਤ ਹੋਰ ਮਸਲਿਆਂ ਦੇ ਹੱਲ ਦੀ ਨੀਂਹ ਰੱਖੀ ਜਾ ਸਕਦੀ ਹੈ। ਕਿਉਂਕਿ ਕਰਤਾਰਪੁਰ ਸਾਹਿਬ ਦੁਨੀਆਂ ਉੱਤੇ ਇਕਲੌਤਾ ਅਜਿਹਾ ਰੂਹਾਨੀ ਮੁਕੱਦਸ ਅਸਥਾਨ ਹੈ ਜਿਥੇ ਇੱਕ ਹੀ ਰਹਿਬਰ ਨਾਨਕ ਨਿਰੰਕਾਰੀ ਦੀ ਕਬਰ ਅਤੇ ਗੁਰਦਵਾਰਾ ਬਰਾਬਰ ਬਣਿਆ ਹੋਇਆ ਹੈ। ਕੋਈ ਸਿਜਦਾ ਕਰਦਾ ਹੈ। ਕੋਈ ਪੂਜਾ ਕਰ ਰਿਹਾ ਹੈ। ਕੋਈ ਮੱਥਾ ਟੇਕ ਰਿਹਾ ਹੈ। 

                       ਇਹ ਤਾਂ ਉਮੀਦਾਂ ਹਨ। ਜੋ ਕਦੇ ਪੂਰੀਆਂ ਹੋ ਸਕਦੀਆਂ ਹਨ। ਪਰ ਹੁਣ ਤੱਕ ਪੰਥ ਦੇ ਠੇਕੇਦਾਰ ਬਣੇ,ਪੰਜਾਬ ਉੱਤੇ ਰਾਜ ਕਰਨ ਵਾਲੇ ਅਤੇ ਬੀ.ਜੇ.ਪੀ. ਦੀਆਂ ਜੁੱਤੀਆਂ ਚੱਟਣ ਵਾਲੇ, ਬਾਦਲੀ ਅਕਾਲੀ ਅੱਜ ਤੀਕ ਲਾਂਘੇ ਬਾਰੇ ਭਗਵੀ ਹਕੂਮਤ ਸਾਹਮਣੇ ਕਦੇ ਜੁਬਾਨ ਵੀ ਨਹੀਂ ਖੋਲ੍ਹ ਸਕੇ। ਆਪਣੀ ਨੂੰਹ ਨੂੰ ਮੰਤਰੀ ਬਣਾਉਣ ਵਾਸਤੇ ਵੱਡਾ ਬਾਦਲ ਸਮੇਤ ਪਰਿਵਾਰ ਹਫਤਾ ਭਰ ਮੋਦੀ ਦਰਬਾਰ ਵਿਚ ਗੋਡਣੀਆਂ ਪਰਨੇ ਹੋ ਕੇ ਨੱਕ ਰਗੜਦਾ ਰਿਹਾ ਹੈ। ਜੇ ਕਿਤੇ ਏਨਾਂ ਜ਼ੋਰ ਮਿੱਤਰਾਂ ਦੀ ਸਰਕਾਰ ਵਿਚ ਲਾਂਘੇ ਵਾਸਤੇ ਲਗਾ ਦਿੰਦੇ ਤਾਂ ਪੰਥ ਰਤਨ ਜਾਂ ਫਖਰ-ਏ-ਕੌਮ ਦੇ ਖਿਤਾਬ ਜਥੇਦਾਰਾਂ  ਤੋਂ ਖੋਹਣ ਦੀ ਲੋੜ ਨਹੀਂ ਸੀ। ਗੁਰੂ ਅਤੇ ਪੰਥ ਖੁਦ ਹੀ ਬਖਸ਼ਿਸ਼ਾਂ ਕਰ ਦਿੰਦੇ। ਲੇਕਿਨ ਗੁਰੂ ਦੀ ਨਦਰਿ ਵੀ ਸਾਫ ਨੀਅਤ ਉਤੇ ਹੀ ਹੁੰਦੀ ਹੈ। ਪਰ ਸ.ਨਵਜੋਤ ਸਿੰਘ ਸਿੱਧੂ ਨੇ ਆਪਣੀ ਨਿਜੀ ਦੋਸਤੀ ਨਾਲ ਹੀ ਇੱਕ ਕੌਮੀ ਕਾਰਜ ਨੂੰ ਨੇਪਰੇ ਚਾੜ੍ਹ ਵਿਖਾਇਆ ਹੈ। ਜੇ ਹੁਣ ਕੋਈ ਹੀਮ ਕੀਮ ਹੋਈ ਤਾਂ ਬਾਦਲ ਪਰਿਵਾਰ ਆਪਣੀ ਨਲਾਇਕੀ ਅਤੇ ਸ਼ਰਮਿੰਦਗੀ ਨੂੰ ਛੁਪਾਉਣ ਲਈ ਸੰਘ ਪਰਿਵਾਰ ਰਾਹੀਂ ਬੀ.ਜੇ.ਪੀ. ਸਰਕਾਰ ਹੀ ਤੋਂ ਕਰਵਾ ਸਕਦਾ ਹੈ। ਕਿਉਂਕਿ ” ਛੱਕਾ ਮਾਰ ਗਿਆ ਪਟਿਆਲੇ ਵਾਲਾ ਗਭਰੂ ਅਕਾਲੀ ਰਹਿਗੇ ਹੱਥ ਮਲਦੇ”।

ਟਿੱਪਣੀ ਕਰੋ:

About editor

Scroll To Top