Home / ਚੋਣਵੀ ਖਬਰ/ਲੇਖ / ਪਾਕਿ ਵੱਲੋਂ ਕਰਤਾਰਪੁਰ ਸਾਹਿਬ ਲਈ ਆਰਜ਼ੀ ਲਾਂਘਾ ਖੋਲ੍ਹਣ ਦਾ ਫ਼ੈਸਲਾ ਸਿੱਖ ਜਥੇਬੰਦੀਆਂ ਵੱਲੋ ਪਕਿਸਤਾਨ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ !

ਪਾਕਿ ਵੱਲੋਂ ਕਰਤਾਰਪੁਰ ਸਾਹਿਬ ਲਈ ਆਰਜ਼ੀ ਲਾਂਘਾ ਖੋਲ੍ਹਣ ਦਾ ਫ਼ੈਸਲਾ ਸਿੱਖ ਜਥੇਬੰਦੀਆਂ ਵੱਲੋ ਪਕਿਸਤਾਨ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ !

ਚੰਡੀਗੜ੍ਹ, 7 ਸਤੰਬਰ ਪਾਕਿਸਤਾਨ ਸਰਕਾਰ ਨੇ ਗੁਰੂ ਨਾਨਕ ਦੇਵ ਦੇ ਸਾਢੇ ਪੰਜ ਸੌ ਸਾਲਾ ਗੁਰਪੁਰਬ ਮੌਕੇ ਭਾਰਤੀ ਸਿੱਖ ਸ਼ਰਧਾਲੂਆਂ ਲਈ ਬਿਨਾਂ ਵੀਜ਼ੇ ਤੋਂ ਕਰਤਾਰਪੁਰ ਸਾਹਿਬ ਲਈ ਲਾਂਘਾ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਪਾਕਿਸਤਾਨ ਦੇ ਸੂਚਨਾ ਮੰਤਰੀ ਫ਼ਵਾਦ ਚੌਧਰੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦਿੱਤੀ। ਪੰਜਾਬ ਦੇ ਸੱਭਿਆਚਾਰਕ ਮਾਮਲੇ ਅਤੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਸਿੱਖ ਜਥੇਬੰਦੀਆਂ ਨੇ ਪਾਕਿਸਤਾਨ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਪਾਕਿਸਤਾਨ ਦੇ ਸੂਚਨਾ ਮੰਤਰੀ ਫ਼ਵਾਦ ਚੌਧਰੀ ਨੇ ਇਹ ਵੀ ਕਿਹਾ ਹੈ ਕਿ ਬਿਨਾਂ ਵੀਜ਼ੇ ਦੇ ਆਰਜ਼ੀ ਲਾਂਘੇ ਬਾਰੇ ਯੋਜਨਾਬੰਦੀ ਉਨ੍ਹਾਂ ਦੇ ਵਿਚਾਰ ਅਧੀਨ ਹੈ।
ਭਾਰਤੀ ਸ਼ਰਧਾਲੂਆਂ ਲਈ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੋਲ੍ਹਣ ਦਾ ਸਵਾਗਤ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਪਾਕਿਸਤਾਨ ਦੋ ਕਦਮ ਚੱਲਿਆ ਹੈ ਤਾਂ ਭਾਰਤ ਸਰਕਾਰ ਨੂੰ ਵੀ ਇੱਕ ਕਦਮ ਅੱਗੇ ਵਧਾਉਣਾ ਚਾਹੀਦਾ ਹੈ। ਸਿੱਧੂ ਨੇ ਕਿਹਾ ਕਿ ਇਸ ਨਾਲ ਸ਼ਰਧਾਲੂਆਂ ਦੀ ਚਿਰੋਕਣੀ ਮੰਗ ਪੂਰੀ ਹੋਵੇਗੀ। ਇੱਕ ਪ੍ਰੈਸ ਕਾਨਫਰੰਸ ਦੌਰਾਨ ਸ੍ਰੀ ਸਿੱਧੂ ਨੇ ਕਿਹਾ ਕਿ ਬਿਨਾਂ ਵੀਜ਼ਾ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਦੀ ਆਗਿਆ ਦੇਣਾ ਵੱਡੀ ਗੱਲ ਹੈ। ਉਨ੍ਹਾਂ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਦੇਸ਼ ਮੰਤਰੀ ਨੂੰ ਚਿੱਠੀ ਲਿਖਣ ਅਤੇ ਪੰਜਾਬ ਵਿਧਾਨ ਸਭਾ ਵੱਲੋਂ ਮਤਾ ਪਾਸ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਆਪਣੇ ਦੋਸਤ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਦੋ ਕਦਮ ਨਹੀਂ ਬਲਕਿ ਮੀਲਾਂ ਅੱਗੇ ਤੁਰੇ ਹਨ।
ਇੱਕ ਸਵਾਲ ਦੇ ਜਵਾਬ ਵਿੱਚ ਸ੍ਰੀ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਇਮਰਾਨ ਖਾਨ ਜਾਂ ਪਾਕਿਸਤਾਨ ਦੇ ਕਿਸੇ ਅਧਿਕਾਰੀ ਨਾਲ ਸਿੱਧੀ ਗੱਲ ਨਹੀਂ ਹੋਈ, ਪਰ ਸਰਕਾਰੀ ਸੂਤਰਾਂ ਮੁਤਾਬਕ ਪਾਕਿਸਤਾਨ ਸਰਕਾਰ ਨੇ ਫੈਸਲਾ ਲੈ ਲਿਆ ਹੈ। ਭਾਰਤ ਸਰਕਾਰ ਤੋਂ ਹਾਂ-ਪੱਖੀ ਜਵਾਬ ਮਿਲਣ ਉੱਤੇ ਸਿੱਖਾਂ ਨੂੰ ਗੁਰੂ ਨਾਨਕ ਦੇਵ ਦੇ ਸਾਢੇ ਪੰਜ ਸੌ ਸਾਲਾ ਸਮਾਗਮ ਵਿੱਚ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਜਾਵੇਗਾ।
 ਚੇਤੇ ਰਹੇ ਕਿ ਇਮਰਾਨ ਖਾਨ ਵੱਲੋਂ ਪਾਕਿਸਤਾਨ ਦੇ ਵਜ਼ੀਰੇ ਆਜ਼ਮ ਵਜੋਂ ਅਹੁਦਾ ਸੰਭਾਲਣ ਮੌਕੇ ਨਵਜੋਤ ਸਿੱਧੂ ਨੂੁੰ ਹਲਫ਼ਦਾਰੀ ਸਮਾਗਮ ਲਈ ਸੱਦਾ ਪੱਤਰ ਮਿਲਿਆ ਸੀ। ਸ੍ਰੀ ਸਿੱਧੂ ਨੇ ਭਾਰਤ ਆ ਕੇ ਬਿਆਨ ਦਿੱਤਾ ਸੀ ਕਿ ਉਨ੍ਹਾਂ ਨੂੰ ਪਾਕਿਸਤਾਨ ਦੇ ਥਲ ਸੈਨਾ ਮੁਖੀ ਜਨਰਲ ਕਾਮਰ ਜਾਵੇਦ ਬਾਜਵਾ ਨੇ ਸੰਕੇਤ ਦਿੱਤਾ ਹੈ ਕਿ ਪਾਕਿਸਤਾਨੀ ਸਰਕਾਰ ਸਿੱਖਾਂ ਲਈ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਉੱਤੇ ਵਿਚਾਰ ਕਰ ਰਹੀ ਹੈ। ਸ੍ਰੀ ਸਿੱਧੂ ਦੀ ਬਾਜਵਾ ਨਾਲ ਪਈ ਗਲਵੱਕੜੀ ਅਤੇ ਅੰਤਰਰਾਸ਼ਟਰੀ ਮਾਮਲਿਆਂ ਵਿੱਚ ਅਜਿਹੀ ਬਿਆਨਬਾਜ਼ੀ ਦੀ ਆਲੋਚਨਾ ਵੀ ਹੋਈ, ਪਰ ਉਨ੍ਹਾਂ ਨੂੰ ਵੱਡੀ ਗਿਣਤੀ ਵਿੱਚ ਸਮਰਥਨ ਵੀ ਮਿਲਿਆ।
ਕਰਤਾਰਪੁਰ ਸਾਹਿਬ ਲਈ ਲਾਂਘਾ ਖੋਲ੍ਹਣ ਦੀ ਮੰਗ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 16 ਨਵੰਬਰ 2010 ਨੂੰ ਮਤਾ ਪਾਸ ਕੀਤਾ ਸੀ। ਪੰਜਾਬ ਵਿਧਾਨ ਸਭਾ ਨੇ 27 ਅਗਸਤ 2018 ਨੂੰ ਪਾਏ ਮਤੇ ਤੋਂ ਪਹਿਲਾਂ ਵੀ 5 ਅਕਤੂਬਰ 2010 ਨੂੰ ਮਤਾ ਪਾਸ ਕਰਕੇ ਭਾਰਤ ਸਰਕਾਰ ਨੂੰ ਲਾਂਘਾ ਖੋਲ੍ਹਣ ਦਾ ਮੁੱਦਾ ਪਾਕਿਸਤਾਨ ਸਰਕਾਰ ਨਾਲ ਉਠਾਉਣ ਦੀ ਅਪੀਲ ਕੀਤੀ ਸੀ। ਗੁਰੂ ਨਾਨਕ ਸਾਹਿਬ ਨੇ ਉਦਾਸੀਆਂ ਤੋਂ ਆ ਕੇ ਆਪਣੇ ਜੀਵਨ ਦਾ ਅੰਤਿਮ ਲਗਪਗ ਡੇਢ ਦਹਾਕਾ ਕਰਤਾਰਪੁਰ ਸਾਹਿਬ ਖੇਤੀ ਕਰਕੇ ਲੋਕਾਈ ਨੂੰ ਹੱਥੀਂ ਸੁੱਚੀ ਕਿਰਤ ਕਰਨ ਦਾ ਸੰਦੇਸ਼ ਦਿੱਤਾ ਸੀ। ਦੁਨੀਆ ਭਰ ਦੇ ਸਿੱਖ ਇਸ ਸਥਾਨ ਤੇ ਨਤਮਸਤਕ ਹੋਣ ਦੇ ਖਾਹਿਸ਼ਮੰਦ ਹਨ।

ਮਰਹੂਮ ਜਥੇਦਾਰ ਵਡਾਲਾ ਨੇ ਜੋ ਕਾਰਜ ਵਾਸਤੇ ਅਰਦਾਸ ਸ਼ੁਰੂ ਕੀਤੀ ਸੀ ਉਸ ਨੂੰ ਬੂਰ ਪੈਂਦਾ ਨਜ਼ਰ ਆ ਰਿਹਾ ਹੈ ਕੇ ਸਿੱਖਾਂ ਨੂੰ ਵਿਛੜੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਦਾ ਮੌਕਾ ਮਿਲੇ ॥ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨੀ ਦੌਰੇ ਤੇ ਆਉਣ ਦੇ ਨਾਲ ਇਹ ਮਾਮਲਾ ਇੰਟਰਨੈਸ਼ਨਲ ਪੱਧਰ ਦੇ ਉੱਤੇ ਉੱਭਰਿਆ ਪਰ ਇਸ ਕਾਰਜ ਵਾਸਤੇ ਕਈ ਸਾਲਾਂ ਦੀ ਮਿਹਨਤ ਹੈ ਜਿਸ ਦੇ ਵਿੱਚ ਬਹੁਤ ਸ਼ਖ਼ਸੀਅਤਾਂ ਦਾ ਰੋਲ ਹੈ ਜਿਨ੍ਹਾਂ ਦੇ ਵਿੱਚ ਜ਼ਿਕਰਯੋਗ ਹਨ ਭਾਈ ਜੋਗਾ ਸਿੰਘ ਜੀ ਇੰਗਲੈਂਡ ਤੋਂ ਜਥੇਦਾਰ ਅਵਤਾਰ ਸਿੰਘ ਸੰਘੇੜਾ ਅਤੇ ਜਥੇਦਾਰ ਬਲਵੀਰ ਸਿੰਘ ਇੰਗਲੈਂਡ ॥ਇਨ੍ਹਾਂ ਗੁਰਮੁੱਖ ਪਿਆਰਿਆਂ ਨੇ ਕਾਰ ਸੇਵਾ ਕਮੇਟੀ ਇੰਗਲੈਂਡ ਦੇ ਤਹਿਤ ਬਹੁਤ ਸਾਰੇ ਪਾਕਿਸਤਾਨ ਦੇ ਗੁਰਦੁਆਰਿਆਂ ਗੁਰਧਾਮਾਂ ਦੀ ਨਿਸ਼ਾਨਦੇਹੀ ਕਰਕੇ ਉਸ ਨੂੰ ਨਵੇਂ ਸਿਰੇ ਤੋਂ ਇਮਾਰਤਾਂ ਤਿਆਰ ਕਰਵਾਈਆਂ ॥

ਇਸ ਦੇ ਨਾਲ ਇੱਥੇ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਸਭ ਤੋਂ ਪਹਿਲਾਂ ਪਾਕਿਸਤਾਨ ਦੀ ਸਰਕਾਰ ਦੇ ਕੋਲ ਇਨ੍ਹਾਂ ਤਿੰਨੇ ਗੁਰਮੁਖਾਂ ਨੇ ਹੀ ਰੱਖੀ ਸੀ ॥ਅੱਜ ਜੋ ਸਿੱਖ ਕੌਮ ਵਾਸਤੇ ਇਹ ਖੁਸ਼ੀ ਦੀ ਖਬਰ ਪਾਕਿਸਤਾਨ ਦੀ ਸਰਕਾਰ ਤੋਂ ਆ ਰਹੀ ਹੈ ਅਸੀਂ ਪਾਕਿਸਤਾਨ ਸਰਕਾਰ ਦੇ ਦਿਲੋਂ ਧੰਨਵਾਦੀ ਹਾਂ ਅਤੇ ਨਾਲ ਦੀ ਨਾਲ ਇਸ ਮੌਕੇ ਦੇ ਉੱਤੇ ਜਥੇਦਾਰ ਵਡਾਲਾ ਸਾਹਿਬ ਨੂੰ ਯਾਦ ਕਰਦੇ ਹਾਂ ਭਾਈ ਜੋਗਾ ਸਿੰਘ ਜੀ ਜਥੇਦਾਰ ਅਵਤਾਰ ਸਿੰਘ ਸੰਘੇੜਾ ਅਤੇ ਜਥੇਦਾਰ ਬਲਵੀਰ ਸਿੰਘ ਜੀ ਇੰਗਲੈਂਡ ਦਾ ਵੀ ਧੰਨਵਾਦ ਕਰਦੇ ਹਾਂ ਕਿ ਅੱਜ ਉਨ੍ਹਾਂ ਦੀ ਮਿਹਨਤ ਨੂੰ ਬੂਰ ਲੱਗਾ ਹੈ ॥ਇਸ ਦੇ ਨਾਲ ਹੀ ਹੋਰ ਵੀ ਸਾਰੇ ਸੱਜਣ ਜਿਨ੍ਹਾਂ ਦੇ ਯਤਨਾਂ ਸਦਕਾ ਇਹ ਬਹੁਤ ਖ਼ੁਸ਼ੀ ਦੀ ਖ਼ਬਰ ਸਿੱਖ ਕੌਮ ਦੇ ਵਿਹੜੇ ਵਿੱਚ ਆਈ ਹੈ ਅਸੀਂ ਉਨ੍ਹਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ ॥

ਟਿੱਪਣੀ ਕਰੋ:

About editor

Scroll To Top