Home / ਚੋਣਵੀ ਖਬਰ/ਲੇਖ / ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਕੀ ਬਾਦਲ ਲਾਣੇ ਅਤੇ ਸੁਮੇਧ ਸੈਣੀ ਸਮੇਤ ਦੋਸ਼ੀ ਪੁਲਿਸ ਅਧਿਕਾਰੀਆਂ ਦੇ ਖਿਲਾਫ, ਬਾਦਲ-ਦੋਸਤ ਕੈਪਟਨ ਅਮਰਿੰਦਰ ਕਰੇਗਾ ਕੋਈ ਕਾਰਵਾਈ?

ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਕੀ ਬਾਦਲ ਲਾਣੇ ਅਤੇ ਸੁਮੇਧ ਸੈਣੀ ਸਮੇਤ ਦੋਸ਼ੀ ਪੁਲਿਸ ਅਧਿਕਾਰੀਆਂ ਦੇ ਖਿਲਾਫ, ਬਾਦਲ-ਦੋਸਤ ਕੈਪਟਨ ਅਮਰਿੰਦਰ ਕਰੇਗਾ ਕੋਈ ਕਾਰਵਾਈ?

ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਪੰਜਾਬ ਵਿਧਾਨ ਸਭਾ ਵਿੱਚ ਹੋਈ ਬਹਿਸ ਦੇ ‘ਦਿਲਚਸਪ ਪਹਿਲੂ’!
ਕੀ ਬਾਦਲ ਲਾਣੇ ਅਤੇ ਸੁਮੇਧ ਸੈਣੀ ਸਮੇਤ ਦੋਸ਼ੀ ਪੁਲਿਸ ਅਧਿਕਾਰੀਆਂ ਦੇ ਖਿਲਾਫ, ਬਾਦਲ-ਦੋਸਤ ਕੈਪਟਨ ਅਮਰਿੰਦਰ ਕਰੇਗਾ ਕੋਈ ਕਾਰਵਾਈ?
ਰਾਹੁਲ ਗਾਂਧੀ ਨੇ ਨਵੰਬਰ ’84 ਦੀ ਸਿੱਖ ਨਸਲਕੁਸ਼ੀ ਵਿੱਚ ਕਾਂਗਰਸ ਦੇ ਰੋਲ ਤੋਂ ਕੀਤਾ ਇਨਕਾਰ ਅਤੇ ਕੈਪਟਨ ਨੇ ਕੀਤੀ ਇਸ ਦੀ ਮੁਕੰਮਲ ਹਮਾਇਤ!
ਬਾਦਲ ਦਲ ਦੇ ‘ਪਰਦੇਸੀ ਚਿਹਰੇ’ ਅਤੇ ਰਾਜਸੀ ਸੱਤਾ ਦੇ ਗਲਿਆਰਿਆਂ ਵਿੱਚ ‘ਦਲਾਲ’ ਵਜੋਂ ਜਾਣੇ ਜਾਂਦੇ ਮਨਜੀਤ ਜੀ. ਕੇ. ਨੂੰ ਅਮਰੀਕਾ ਦੇ ਸਿੱਖਾਂ ਨੇ ਵਿਖਾਈ ਉਸ ਦੀ ਔਕਾਤ!
ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਬੈਠੇ ਅਜ਼ਾਦੀ ਪਸੰਦ 50 ਲੱਖ ਸਿੱਖ, ਬਾਦਲਕਿਆਂ, ਕਾਂਗਰਸੀਆਂ ਸਮੇਤ ਭਾਰਤੀ ਸਟੇਟ ਦੇ ਹਰ ਦੁੱਮਛੇੱਲੇ ਨੂੰ ਦ੍ਰਿੜਾਉਣ ‘ਆਜ਼ਾਦੀ’ ਦਾ ਸਬਕ!
ਵਾਸ਼ਿੰਗਟਨ (ਡੀ. ਸੀ.) 1 ਸਤੰਬਰ, 2018- ਲਗਭਗ ਤਿੰਨ ਵਰ੍ਹੇ ਪਹਿਲਾਂ ਵਾਪਰੀਆਂ ਬੁਰਜ ਜਵਾਹਰ ਸਿੰਘ ਵਾਲਾ, ਬਰਗਾੜੀ, ਬਹਿਬਲ ਕਲਾਂ, ਕੋਟਕਪੂਰਾ ਦੀਆਂ ਘਟਨਾਵਾਂ ਦੀ ਜਾਂਚ ਲਈ, ਕੈਪਟਨ ਅਮਰਿੰਦਰ ਸਿੰਘ ਵਲੋਂ ਬਣਾਏ ਗਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਲਗਭਗ 192 ਸਫਿਆਂ ਦੀ ਰਿਪੋਰਟ, ਇਸ ਹਫਤੇ ਦੁਨੀਆ ਭਰ ਦੇ ਸਿੱਖ ਹਲਕਿਆਂ ਵਿੱਚ ਚਰਚਾ ਦਾ ਮੁੱਖ ਵਿਸ਼ਾ ਰਹੀ। ਇਸ ਰਿਪੋਰਟ ਨੂੰ ਪਹਿਲਾਂ ਹੀ ਮੀਡੀਆ ਤੱਕ ਪਹੁੰਚਾ ਦਿੱਤਾ ਗਿਆ ਸੀ, ਜਿਸ ਬਾਰੇ ਸ਼ੱਕ ਦੀ ਸੂਈ, ਬਾਦਲਾਂ ਦੇ ਅੰਦਰੂਨੀ ਦੋਸਤ ਕੈਪਟਨ ਅਮਰਿੰਦਰ ਵੱਲ ਹੀ ਜਾਂਦੀ ਹੈ। ਪਰ ਜਦੋਂ ਪੰਜਾਬ ਵਿਧਾਨ ਸਭਾ ਵਿੱਚ ਇਸ ਨੂੰ ਪੇਸ਼ ਕੀਤਾ ਗਿਆ ਤਾਂ ਕੈਪਟਨ ਸਰਕਾਰ ਵਲੋਂ ਯਕੀਨੀ ਬਣਾਇਆ ਗਿਆ ਕਿ ਵਿਧਾਨ ਸਭਾ ਦੀ ਕਾਰਵਾਈ ਦਾ ਲਾਈਵ ਪ੍ਰਸਾਰਣ ਹੋਵੇ। ਵਿਧਾਨ ਸਭਾ ਵਿੱਚ ਇਸ ਰਿਪੋਰਟ ‘ਤੇ ਲਗਭਗ ਅੱਠ ਘੰਟੇ ਦੀ ਵਿਚਾਰ ਚਰਚਾ ਨੂੰ, ਦੁਨੀਆ ਭਰ ਵਿੱਚ ਲੱਖਾਂ ਸਿੱਖਾਂ ਨੇ ਵੇਖਿਆ। ਅਕਾਲੀ ਦਲ ਦੇ ਵਿਧਾਨਕਾਰਾਂ ਵਲੋਂ ਇਸ ਦੌਰਾਨ ਸੈਸ਼ਨ ਦਾ ਬਾਈਕਾਟ ਕੀਤਾ ਗਿਆ। ਇਹ ਵੀ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ ਸਿੱਖ ਮਾਮਲਿਆਂ ਨਾਲ ਸਬੰਧਿਤ ਕਿਸੇ ਕਮਿਸ਼ਨ ਦੀ ਰਿਪੋਰਟ ਇਵੇਂ ਪਬਲਿਕ ਕੀਤੀ ਗਈ ਹੋਵੇ। ਹਾਲ ਹੀ ਵਿੱਚ ਜਿਨ੍ਹਾਂ ਰਿਪੋਰਟਾਂ ਨੂੰ ਕਦੀ ਸਰਕਾਰੀ ਤਹਿਖਾਨਿਆਂ ‘ਚੋਂ ਬਾਹਰ ਦੀ ਹਵਾ ਨਹੀਂ ਲਵਾਈ ਗਈ, ਉਨ੍ਹਾਂ ਵਿੱਚ 4 ਫਰਵਰੀ, 1986 ਨੂੰ ਨਕੋਦਰ ‘ਚ ਸ਼ਹੀਦ ਹੋਏ ਚਾਰ ਸਿੰਘਾਂ ਦੇ ਸਾਕੇ ਦੀ ਪੜਤਾਲ ਲਈ ਬਣਿਆ ਜਸਟਿਸ ਗੁਰਨਾਮ ਸਿੰਘ ਕਮਿਸ਼ਨ, ਅਕਾਲ ਤਖਤ ਸਾਹਿਬ ਦੇ ਜਥੇਦਾਰ, ਜਥੇਦਾਰ ਗੁਰਦੇਵ ਸਿੰਘ ਕਾਉਂਕੇ ਦੀ ਝੂਠੇ ਪੁਲਿਸ ਮੁਕਾਬਲੇ ਵਿੱਚ ਹੋਈ ਸ਼ਹਾਦਤ ਦੀ ਪੜਤਾਲ ਲਈ ਬਣੇ ਤਿਵਾੜੀ ਕਮਿਸ਼ਨ ਆਦਿ ਦੀਆਂ ਰਿਪੋਰਟਾਂ ਸ਼ਾਮਲ ਹਨ। ਸੋ ਜ਼ਾਹਰ ਹੈ ਕਿ ਇੱਕ ਪਾਸੇ ਕੈਪਟਨ ਵਲੋਂ ਰਿਪੋਰਟ ‘ਲੀਕ’ ਕਰਕੇ ਬਾਦਲਾਂ ਨੂੰ ਆਪਣੇ ਬਚਾਅ ਕਰਨ ਦਾ ਮੌਕਾ ਦਿੱਤਾ ਗਿਆ, ਉਥੇ ਵਿਧਾਨ ਸਭਾ ਵਿੱਚ ਇਸ ਦੀ ਖੁੱਲ੍ਹੀ ਚਰਚਾ ਕਰਵਾ ਕੇ, ਇਸ ਦਾ ਸਿਆਸੀ ਲਾਹਾ ਲੈਣ ਦਾ ਯਤਨ ਵੀ ਕੀਤਾ ਗਿਆ।
ਪੰਜਾਬ ਵਿਧਾਨ ਸਭਾ ਵਿੱਚ, ਅਕਾਲੀ ਦਲ ਦੀ ਗੈਰਹਾਜ਼ਰੀ ਵਿੱਚ ਮਾਹੌਲ ਪੂਰੀ ਤਰ੍ਹਾਂ ਸਿੱਖੀ ਰੰਗ ਵਿੱਚ ਰੰਗਿਆ ਹੋਇਆ ਸੀ। ਕਾਂਗਰਸ ਅਤੇ ਆਮ ਆਦਮੀ ਪਾਰਟੀਆਂ ਦੇ ਬੁਲਾਰਿਆਂ ਵਲੋਂ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਅਤੇ ਸਿੱਖ ਜਜ਼ਬਿਆਂ ਦਾ ਇਜ਼ਹਾਰ ਕੀਤਾ ਗਿਆ, ਉਸ ‘ਚੋਂ ਇਹ ਝਾਉਲਾ ਪੈਂਦਾ ਸੀ ਕਿ ਮਾਨੋ ਬੀਤੇ ਸਮੇਂ ਦੇ ਟਕਸਾਲੀ ਅਕਾਲੀ ਜਥੇਦਾਰ ਬੋਲ ਰਹੇ ਹੋਣ। ਸ਼ਾਇਦ ਇਹ ਵੀ ਪਹਿਲੀ ਵਾਰ ਹੋਇਆ ਕਿ ਅਸੈਂਬਲੀ ਵਿੱਚ ਜੈਕਾਰਿਆਂ ਦੀ ਗੂੰਜ ਪਈ। ਬਹੁਤਿਆਂ ਨੇ ਲਿਖਤੀ ਪੇਪਰਾਂ ਤੋਂ ਪੜ੍ਹਿਆ, ਜਿਸ ਤੋਂ ਜ਼ਾਹਰ ਹੈ ਕਿ ਉਹ ਪੂਰੀ ਤਰ੍ਹਾਂ ਹਰ ਕਹੇ ਲਫਜ਼ ਬਾਰੇ ਵਚਨਬੱਧ ਸਨ। ਅਕਾਲੀਆਂ ਨੂੰ ਇਸ ਸਮੁੱਚੀ ਵਿਚਾਰ-ਚਰਚਾ ਦਾ ਨਿਸ਼ਾਨਾ ਬਣਾਇਆ ਗਿਆ। ਪ੍ਰਕਾਸ਼ ਸਿੰਘ ਬਾਦਲ ‘ਤੇ  ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਸਿੱਧੀ ਜ਼ਿੰਮੇਵਾਰੀ ਕਮਿਸ਼ਨ ਰਿਪੋਰਟ ਰਾਹੀਂ ਸਾਹਮਣੇ ਆਈ। ਬਾਦਲਾਂ, ਸੁਮੇਧ ਸੈਣੀ ਅਤੇ ਦੂਸਰੇ ਦੋਸ਼ੀ ਪੁਲਿਸ ਅਫਸਰਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਬਾਦਲਾਂ ਲਈ ਸਜ਼ਾਏ ਮੌਤ ਦਾ ਜ਼ਿਕਰ ਹੋਇਆ ਅਤੇ ਬਾਦਲਾਂ ਨੂੰ ਇਤਿਹਾਸ ਵਲੋਂ ਕਦੀ ਮੁਆਫ ਨਾ ਕੀਤੇ ਜਾਣ ਵਾਲੇ ਖਲਨਾਇਕ ਦਰਸਾਇਆ ਗਿਆ। ਨਵਜੋਤ ਸਿੱਧੂ ਨੇ ਆਪਣਾ ‘ਹਿੰਦੂਤਵੀ ਭਗਵਾ ਚੋਲਾ’ ਲਾਹ ਕੇ ਪੂਰੀ ਤਰ੍ਹਾਂ ਸਿੱਖ ‘ਨਿਹੰਗ ਬਾਣਾ’ ਧਾਰਦਿਆਂ, ਸਭ ਨੂੰ ਹੈਰਾਨ ਕੀਤਾ। ਇਹ, ਕਾਂਗਰਸ ਵਿੱਚ ਰਾਹੁਲ ਗਾਂਧੀ ਦੀ ਸ਼ਹਿ ‘ਤੇ ਉਭਰ ਰਹੇ ਨਵੇਂ ‘ਰੌਸ਼ਨ ਸਿਤਾਰੇ’ ਦਾ ਪ੍ਰਕਾਸ਼ ਵੀ ਕਿਹਾ ਜਾ ਸਕਦਾ ਹੈ।
ਕੈਪਟਨ ਅਮਰਿੰਦਰ ਨੇ, ਬਾਦਲਾਂ-ਮਜੀਠਿਆਂ ਦੇ ਖਿਲਾਫ ‘ਚੁਟਕਲੇ’ ਤਾਂ ਜ਼ਰੂਰ ਸੁਣਾਏ ਪਰ ਕੋਈ ‘ਠੋਸ ਕਾਰਵਾਈ’ ਕਰਨ ਦੀ ਇੱਛਾ ਸ਼ਕਤੀ ਦੀ ਘਾਟ ਸਪੱਸ਼ਟ ਨਜ਼ਰ ਆਈ। ਸੰਭਵ ਹੈ ਕਿ ਕੈਪਟਨ ਦੇ ਦਿਲੋ ਦਿਮਾਗ ਵਿੱਚ 2017 ਦੀਆਂ ਵਿਧਾਨ ਸਭਾ ਚੋਣਾਂ ਵਾਂਗ, 2019 ਦੀਆਂ ਪਾਰਲੀਮਾਨੀ ਚੋਣਾਂ ‘ਅਕਾਲੀਆਂ’ ਨਾਲ ਅੰਦਰਖਾਤੇ ਰਲ ਕੇ ਲੜਨ ਦੀ ਚਾਹਨਾ ਉਹਨੂੰ ਕਿਸੇ ਫੈਸਲਾਕੁੰਨ ਫੈਸਲੇ ਤੋਂ ਰੋਕ ਰਹੀ ਹੋਵੇ। ਉਪਰੋਕਤ ਕੇਸਾਂ ਨੂੰ ਸੀਬੀਆਈ ਤੋਂ ਵਾਪਸ ਲੈ ਕੇ, ਪੁਲਿਸ ਅਗਵਾਈ ਵਿਚਲੀ ਸਪੈਸ਼ਲ ਇਨਵੈਸਟੀਗੇਟਿਵ ਟੀਮ (ਸਿਟ) ਦੇ ਹਵਾਲੇ ਕਰਨ ਦਾ ਮਤਾ ਵੀ ਵਿਧਾਨ ਸਭਾ ਵਲੋਂ ਪਾਸ ਕੀਤਾ ਗਿਆ। ਇਸ ਪੜਤਾਲ ਨੂੰ ‘ਨਿਸ਼ਚਿਤ ਸਮੇਂ’ ਵਿੱਚ ਮੁਕਾਉਣ ਦੀ ਗੱਲ ਕੀਤੀ ਗਈ। ਪਰ ਅਖੀਰ ਸਿਟ ਦੀ ਬਣਤਰ ਕਿਵੇਂ ਹੁੰਦੀ ਹੈ ਅਤੇ ਪੜਤਾਲੀਆ ਰਿਪੋਰਟ ਵਿੱਚ ਕੀ ਹੋਵੇਗਾ, ਇਸ ਦਾ ਫੈਸਲਾ ‘ਸਿਆਸੀ ਇੱਛਾਸ਼ਕਤੀ’ ਹੀ ਕਰੇਗੀ। ਪਰ ਇੱਕ ਗੱਲ ਸਪੱਸ਼ਟ ਹੈ ਕਿ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਅਤੇ ਵਿਧਾਨ ਸਭਾ ਵਿੱਚ ਪ੍ਰਗਟਾਏ ਗਏ ਜਜ਼ਬਾਤ, ਕੈਪਟਨ ਅਮਰਿੰਦਰ ਦੇ ਗਲੇ ਦੀ ਹੱਡੀ ਬਣੇ ਰਹਿਣਗੇ, ਜਦੋਂ ਤੱਕ ਇਨ੍ਹਾਂ ‘ਤੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ।
ਬਾਦਲ ਅਕਾਲੀ ਦਲ ਨੇ, ਰਣਜੀਤ ਸਿੰਘ ਕਮਿਸ਼ਨ ਰਿਪੋਰਟ ਦੇ ਸਾਹਮਣੇ ਆਉਂਦਿਆਂ ਹੀ, ਪਰਦੇਸੀ ਸਿੱਖਾਂ ਦਾ ਧਿਆਨ ਖਿੰਡਾਉਣ ਲਈ, ਦਿੱਲੀ ਦੇ ਬਾਦਲ ਅਕਾਲੀ ਦਲ ਅਤੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੂੰ ਅਮਰੀਕਾ ਦੀ ਯਾਤਰਾ ‘ਤੇ ਤੋਰ ਦਿੱਤਾ। ਪਿਛਲੇ ਸਮੇਂ ਦੌਰਾਨ, ਜੀਕੇ ਨੇ ਆਪਣੇ ਪਿਤਾ ਸੰਤੋਖ ਸਿੰਘ ਵਾਂਗ ‘ਦਾਦਾਗਿਰੀ’ ਦੇ ਅੰਦਾਜ਼ ਵਿੱਚ ਵੰਗਾਰਨ ਅਤੇ ਭਾਰਤੀ ਏਜੰਸੀਆਂ ਨਾਲ ਸਾਂਝ ਭਿਆਲੀ ਕਰਨ ਵਿੱਚ ਕਾਫੀ ਚੰਗਾ ਰੁਤਬਾ ਹਾਸਲ ਕੀਤਾ ਹੈ। ਵੈਸੇ ਹਰਿਆਣੇ ਤੋਂ ਲੈ ਕੇ ਸ਼ਿਲਾਂਗ ਤੱਕ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਦੀਆਂ ਮੁਸ਼ਕਿਲਾਂ ਵੇਲੇ ਫੌਰਨ ਪਹੁੰਚਣ ਵਿੱਚ ਵੀ ਜੀਕੇ ਮੁਹਾਰਤ ਰੱਖਦੇ ਹਨ। ਬਾਦਲ ਪਿਓ-ਪੁੱਤਰ ਕਿਉਂਕਿ ਸਿੱਖਾਂ ਵਿੱਚ ਇੰਨੇ ਬਦਨਾਮ ਹਨ ਕਿ ਉਹ ਪੰਜਾਬ ਤੋਂ ਬਾਹਰ ਪੈਰ ਰੱਖਣ ਦਾ ਹੌਂਸਲਾ ਹੀ ਨਹੀਂ ਕਰਦੇ, ਸੋ ਉਸ ਰੋਲ ਵਿੱਚ ਵੀ ਜੀਕੇ ਬਾਖੂਬੀ ਫਿੱਟ ਬੈਠਦੇ ਹਨ। ਜਦੋਂ ਤੋਂ ਬਾਹਰਲੇ ਦੇਸ਼ਾਂ ਦੀਆਂ ਗੁਰਦੁਆਰਾ ਕਮੇਟੀਆਂ ਨੇ ਭਾਰਤੀ ਮਿਸ਼ਨਾਂ ਨਾਲ ਸਬੰਧਿਤ ਅਧਿਕਾਰੀਆਂ ਦੇ ਗੁਰਦੁਆਰਿਆਂ ਵਿੱਚ ਵੜਨ ‘ਤੇ ਪਾਬੰਦੀ ਲਾਈ ਹੈ ਅਤੇ ਪਰਦੇਸਾਂ ਵਿੱਚ ਖਾਲਿਸਤਾਨ ਦੀ ਅਜ਼ਾਦੀ ਦਾ ਮੁੱਦਾ ‘ਰਿਫੈਰੈਂਡਮ 2020’ ਦੀ ਮੁਹਿੰਮ ਹੇਠ ਗਰਮਾਇਆ ਹੈ, ਭਾਰਤੀ ਏਜੰਸੀਆਂ ਇਸ ਤੋਂ ਪਰੇਸ਼ਾਨ ਹਨ। ਇਹ ਏਜੰਸੀਆਂ ਆਪਣੇ ‘ਏਜੰਟਾਂ’ ਰਾਹੀਂ ਗੁਰਦੁਆਰਿਆਂ ਵਿੱਚ ਘੁਸਪੈਠ ਕਰਨ ਦੇ ਆਹਰ ਵਿੱਚ ਹਨ। ਜੀਕੇ ਇਸ ਰੋਲ ਵਿੱਚ ਵੀ ਪੂਰਾ ਸੂਰਾ ਹੈ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਉਹ ਖੁੱਲ੍ਹ ਕੇ ‘ਖਾਲਿਸਤਾਨ’ ਅਤੇ ‘ਰਿਫੈਰੈਂਡਮ 2020’ ਦੇ ਖਿਲਾਫ ਬਿਆਨਬਾਜ਼ੀਆਂ ਕਰ ਰਿਹਾ ਹੈ। ਜੀਕੇ ਦੇ ਆਰ. ਐਸ. ਐਸ ਨਾਲ ਵੀ ਨੇੜਲੇ ਸਬੰਧ ਹਨ। ਦਿੱਲੀ ਗੁਰਦੁਆਰਾ ਕਮੇਟੀ ਦਾ ਜਨਰਲ ਸਕੱਤਰ ਮਨਜਿੰਦਰ ਸਿਰਸਾ, ਦਿੱਲੀ ਵਿਧਾਨ ਸਭਾ ਵਿੱਚ ਬੀ. ਜੇ. ਪੀ. ਦੀ ਟਿਕਟ ‘ਤੇ ਜਿੱਤਿਆ ਉਮੀਦਵਾਰ ਹੈ। ਪਿਛਲੇ ਦਿਨੀਂ ਉਸ ਨੇ ਆਰ. ਐਸ. ਐਸ. ਦੀ ਹਮਾਇਤ ਵਿੱਚ, ਦਿੱਲੀ ਵਿਧਾਨ ਸਭਾ ਵਿੱਚ ਮੁਸਲਮਾਨ ਬਹਾਦਰ ਯੋਧੇ ਟੀਪੂ ਸੁਲਤਾਨ ਦੀ ਤਸਵੀਰ ਨਾ ਲਾਉਣ ਦੀ ਮੰਗ ਕੀਤੀ ਸੀ। ਜੀਕੇ. ਦਾ ਦਿੱਲੀ ਵਿਚਲਾ ‘ਆਕਾ’ ਮਨਜਿੰਦਰ ਸਿਰਸਾ ਹੈ, ਜਿਹੜਾ ਕਿ ਆਰ. ਐਸ. ਐਸ. ਦੀ ਔਲਾਦ ਹੈ।
ਮਨਜੀਤ ਜੀਕੇ ਨੂੰ ਨਿਊਯਾਰਕ, ਯੂਬਾ ਸਿਟੀ, ਸੈਨਹੋਜ਼ੇ ਵਿਖੇ ਸਿੱਖ ਸੰਗਤਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਨਿਊਯਾਰਕ ਵਿੱਚ ਗਾਲੀ ਗਲੋਚ ਤੇ ਚੈਲਿੰਜ, ਯੂਬਾ ਸਿਟੀ ਵਿੱਚ ਮਾਰਕੁਟਾਈ ਅਤੇ ਸੈਨਹੋਜ਼ੇ ਵਿੱਚ ਬਿਨ੍ਹਾਂ ਲੜੇ-ਜਿੱਤ ਜੀਕੇ ਦੇ ਦੌਰੇ ਦੀਆਂ ਮੁੱਖ ਸੁਰਖੀਆਂ ਬਣੇ। ਅਸੀਂ ਕਿਸੇ ਵੀ ਬੇਲੋੜੀ ਹਿੰਸਾ ਅਤੇ ਤਕਰਾਰ-ਟਕਰਾਅ ਦੇ ਬਿਲਕੁਲ ਹੱਕ ਵਿੱਚ ਨਹੀਂ ਹਾਂ ਪਰ ਇਹੋ ਜਿਹੇ ਏਜੰਸੀਆਂ ਵਲੋਂ ਖੜ੍ਹੇ ਕੀਤੇ ਗਏ ਇਸ਼ੂ ਦੋਧਾਰੀ ਤਲਵਾਰ ਵਾਂਗ ਹਨ। ਜੇ ਤੁਸੀਂ ਇਨ੍ਹਾਂ ਸਰਕਾਰੀ ਟੁੱਚਿਆਂ ਨੂੰ ਚੈਲਿੰਜ ਨਾ ਕਰੋ ਤਾਂ ਫਿਰ ਇਨ੍ਹਾਂ ਦੀ ਚੜ੍ਹ ਮੱਚਦੀ ਹੈ। ਜੇ ਇਨ੍ਹਾਂ ਤੋਂ ਸਵਾਲ ਪੁੱਛੋ ਤਾਂ ਇਹ ਭੜਕ ਕੇ ਸਭ ਨੂੰ ਆਈ. ਐਸ. ਆਈ. ਦੇ ਏਜੰਟ ਦੱਸਦੇ ਹਨ ਤੇ ਕੁੱਟ ਖਾਂਦੇ ਹਨ। ਇਸ ਤਰ੍ਹਾਂ ਵੀ ਨਾਂਹ-ਪੱਖੀ ਇਮੇਜ ਬਣਦਾ ਹੈ। ਅਸੀਂ ਸਮਝਦੇ ਹਾਂ ਕਿ ਇਸ ਵੇਲੇ ਭਾਰਤ ਸਰਕਾਰ ਨਾਲ ਸਿੱਖ ਕੌਮ ਦੀ ਆਰ ਪਾਰ ਦੀ ਲੜਾਈ ਹੈ। ਕੁਝ ਫੈਸਲੇ ਭਾਵੇਂ ਉਹ ਨਾਂਹ-ਪੱਖੀ ਹੁੰਦੇ ਹਨ ਪਰ ਲੈਣੇ ਪੰਥਕ ਸੋਚ ਵਾਲੇ ਸਿੱਖਾਂ ਦੀ ਮਜ਼ਬੂਰੀ ਬਣ ਜਾਂਦੇ ਹਨ। ਗੱਲ ਸਿਰਫ ਅਕਾਲੀਆਂ ਦੇ ਵਿਰੋਧ ਤੱਕ ਸੀਮਤ ਨਹੀਂ ਹੈ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਪਿਛਲੇ ਦਿਨੀਂ ਆਪਣੇ ਜਰਮਨ ਅਤੇ ਬ੍ਰਿਟੇਨ ਦੇ ਦੌਰੇ ਦੌਰਾਨ ਜਿੱਥੇ ਆਪਣੀ ਬੌਧਿਕ ਨਾ-ਸਮਝੀ ਦਾ ਇਜ਼ਹਾਰ ਕੀਤਾ ਗਿਆ, ਉਥੇ ਉਸ ਨੇ ਸਿੱਖਾਂ ਦੇ ਜ਼ਖਮਾਂ ‘ਤੇ ਵੀ ਲੂਣ ਛਿੜਕਣ ਦੀ ਕੋਸ਼ਿਸ਼ ਕੀਤੀ। ਉਸ ਵਲੋਂ ਇਹ ਕਿਹਾ ਗਿਆ ਕਿ ਨਵੰਬਰ ’84 ਵਿੱਚ ਸਿੱਖਾਂ ਦੇ ਖਿਲਾਫ ਹੋਏ ‘ਦੰਗੇ’ ‘ਮੰਦਭਾਗੇ’ ਸਨ ਪਰ ਇਨ੍ਹਾਂ ਦੰਗਿਆਂ ਵਿੱਚ ਕਾਂਗਰਸ ਪਾਰਟੀ ਦਾ ਕੋਈ ਹੱਥ ਨਹੀਂ ਸੀ। ਰਾਜੀਵ ਗਾਂਧੀ ਦੀ ਲੰਡਨ ਫੇਰੀ ਦੌਰਾਨ, ਇੱਕ ਇਕੱਠ ਵਿੱਚ ਸਿੱਖ ਨੌਜਵਾਨਾਂ ਨੇ ਉਸ ਦੇ ਖਿਲਾਫ ਨਾਹਰੇਬਾਜ਼ੀ ਵੀ ਕੀਤੀ। ਜੂਨ ’84 ਦੇ ਘੱਲੂਘਾਰੇ ਦੇ ਵਿਰੋਧ ਵਿੱਚ, ਪਟਿਆਲੇ ਤੋਂ ਆਪਣੀ ਐਮ. ਪੀ. ਦੀ ਸੀਟ ਛੱਡਣ ਵਾਲਾ ਕੈਪਟਨ ਅਮਰਿੰਦਰ, ਫੌਰਾਨ ਰਾਹੁਲ ਗਾਂਧੀ ਦੇ ਹੱਕ ਵਿੱਚ ਨਿੱਤਰਿਆ। ਕੈਪਟਨ ਨੇ ਕਿਹਾ ਕਿ ‘ਰਾਹੁਲ ਜੀ ਨੇ ਬਿਲਕੁਲ ਠੀਕ ਫੁਰਮਾਇਆ ਹੈ। ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਆਦਿਕ ਵਿਅਕਤੀਗਤ ਤੌਰ ‘ਤੇ ‘ਸਿੱਖ ਵਿਰੋਧੀ ਦੰਗਿਆਂ’ ਵਿੱਚ ਸ਼ਮੂਲੀਅਤ ਦੇ ਦੋਸ਼ੀ ਹੋ ਸਕਦੇ ਹਨ ਪਰ ਇਸ ਵਿੱਚ ਕਾਂਗਰਸ ਪਾਰਟੀ ਦਾ ਕੋਈ ਰੋਲ ਨਹੀਂ ਸੀ।”
ਪਾਠਕਜਨ! ਜ਼ਾਹਰ ਹੈ ਕਿ ਕੁਰਸੀ ਦੀ ਭੁੱਖ ਕਿਸ ਤਰ੍ਹਾਂ ਦੇ ਬੇਸ਼ਰਮ, ਬੇਗੈਰਤ ਬਾਦਲ, ਅਮਰਿੰਦਰ ਨਸਲ ਪੈਦਾ ਕਰਦੀ ਹੈ, ਇਸ ਦਾ ਪ੍ਰਤੱਖ ਸਬੂਤ ਸਾਹਮਣੇ ਹੈ। ਇਨ੍ਹਾਂ ਲਾਲਚੀ, ਭੁੱਖੇ, ਬਦਇਖਲਾਕ, ਵਿਕਾਊ ਮਾਲ ਲਈ ਨਾ ਸਾਡੇ ਇਸ਼ਟ ਗੁਰੂ ਗ੍ਰੰਥ ਸਾਹਿਬ ਦੀ ਕੋਈ ਕਦਰ ਹੈ ਨਾ ਹੀ ਸਿੱਖ ਕੌਮ ਦੀ ਬਰਬਾਦੀ ਦਾ ਖੌਫ। ਗੁਰੂ ਗ੍ਰੰਥ-ਗੁਰੂ ਪੰਥ ਦੇ ਇਨ੍ਹਾਂ ਵੈਰੀਆਂ ਨੂੰ, ਗੁਰੂ ਦਰਗਾਹ ਵਿੱਚ ਤਾਂ ਸਜ਼ਾ ਮਿਲੇਗੀ ਹੀ ਪਰ ਪਰਦੇਸੀ ਖਾਲਸਾ ਜੀ ਘੱਟੋ ਘੱਟ ਇਨ੍ਹਾਂ ਤੋਂ ਕਿਨਾਰਾਕਸ਼ੀ ਤਾਂ ਕਰ ਸਕਦੇ ਹਨ। ਇਹ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਬੈਠੇ 50 ਲੱਖ ਪਰਦੇਸੀ ਸਿੱਖਾਂ ਦੇ ਜ਼ਿੰਮੇ ਹੈ ਕਿ ਉਹ ਕੌਮੀ ਅਣਖ ਦੇ ਪ੍ਰਤੀਕ ਖਾਲਿਸਤਾਨ ਦੀ ਅਜ਼ਾਦੀ ਦੇ ਪਰਚਮ ਨੂੰ ਅਕਾਸ਼ ਵਿੱਚ ਬੁਲੰਦ ਰੱਖਣ ਲਈ ਸੰਘਰਸ਼ਸ਼ੀਲ ਹੋਣ। ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਬਾਦਲਕਿਆਂ, ਕਾਂਗਰਸੀਆਂ ਸਮੇਤ ਭਾਰਤੀ ਸਟੇਟ ਦੇ ਹਰ ਦੁਮਛੱਲੇ ਨੂੰ ਕਿਸੇ ਵੀ ਗੁਰਦੁਆਰੇ ਜਾਂ ਜਨਤਕ ਥਾਂ ‘ਤੇ ਭਾਰਤੀ ਸਟੇਟ ਦੇ ਕੂੜ ਨੂੰ ਨਾ ਪ੍ਰਚਾਰਨ ਦਿੱਤਾ ਜਾਵੇ। ਇਨ੍ਹਾਂ ਪੰਥ ਧ੍ਰੋਹੀਆਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ। ਇਨ੍ਹਾਂ ਜ਼ਮੀਰ-ਫਰੋਸ਼ਾਂ ‘ਤੇ ਗਾਲਿਬ ਦਾ ਇਹ ਸ਼ੇਅਰ ਬਿਲਕੁਲ ਠੀਕ ਢੁਕਦਾ ਹੈ -ਸਿੱਖ ਸੰਘਰਸ਼ ਡਾਟ.ਕਾਮ
‘ਕਾਬਾ ਕਿਸ ਮੂੰਹ ਸੇ ਜਾਓਗੇ ਗਾਲਿਬ
ਸ਼ਰਮ ਤੁਮਕੋ ਮਗਰ ਨਹੀਂ ਆਤੀ।’

ਟਿੱਪਣੀ ਕਰੋ:

About editor

Scroll To Top