Home / ਚੋਣਵੀ ਖਬਰ/ਲੇਖ / ਬਾਦਲੋ ! ਹੰਕਾਰ ਨਾ ਛੱਡਿਆ ਅਤੇ ਸੱਚ ਨੂੰ ਝੂਠ ਬਣਾਉਣ ਦਾ ਯਤਨ ਕੀਤਾ ਤਾਂ ਰੱਬ ਦੀ ਲਾਠੀ ਝੱਲਣ ਲਈ ਤਿਆਰ ਰਹਿਣ।

ਬਾਦਲੋ ! ਹੰਕਾਰ ਨਾ ਛੱਡਿਆ ਅਤੇ ਸੱਚ ਨੂੰ ਝੂਠ ਬਣਾਉਣ ਦਾ ਯਤਨ ਕੀਤਾ ਤਾਂ ਰੱਬ ਦੀ ਲਾਠੀ ਝੱਲਣ ਲਈ ਤਿਆਰ ਰਹਿਣ।

ਜਸਪਾਲ ਸਿੰਘ ਹੇਰਾਂ

ਅੱਜ ਦੇ ਜਮਾਨੇ ਵਿਚ ਪੈਸਾ ਹੀ ਦੀਨ ਇਮਾਨ ਬਣ ਗਿਆ ਹੈ, ਜਿਥੇ ਪੈਸਾ ਆ ਜਾਂਦਾ ਹੈ, ਉਥੇ ਅੱਜ ਦਾ ਮਨੁੱਖ ਧਰਮ ਤੇ ਪ੍ਰਮਾਤਮਾ-ਵਾਹਿਗੁਰੂ ਸਭ ਨੂੰ ਭੁੱਲ ਜਾਂਦਾ ਹੈ। ਬਰਗਾੜੀ ਬੇਅਦਬੀ ਕਾਂਡ ਦਾ ਇਕੋ ਇਕ ਕੌੜਾ ਸੱਚ ਹੈ ਅਤੇ ਉਸ ਸੱਚ ਨੂੰ ਅਸੀਂ ਗੱਜ ਵੱਜ ਕੇ ਪਿਛਲੇ ਸਵਾ ਦੋ ਸਾਲਾਂ ਤੋਂ ਬਿਆਨ ਕਰਦੇ ਆ ਰਹੇ ਹਾਂ ਅਤੇ ਲਗਭਗ ਗੁਰੂ ਦਾ ਹਰ ਇਕ ਸੱਚਾ ਸਿੱਖ ਬਾਖੂਬੀ ਜਾਣਦਾ ਵੀ ਹੈ ਕਿ ਇਸ ਕਾਂਡ ਲਈ ਸੌਧਾ ਸਾਧ ਤੇ ਬਾਦਲਕੇ ਬਰਾਬਰ ਦੇ ਦੋਸ਼ੀ ਹਨ, ਬਾਦਲਕੇ ਸੌਦਾ ਸਾਧ ਨਾਲੋਂ ਵੱਧ ਦੋਸ਼ੀ ਇਸ ਕਾਰਨ ਹਨ ਕਿ ਉਨਾਂ ਬੇਅਦਬੀ ਕਾਂਡ ਦੇ ਸਬੂਤ ਮਿਟਾਉਣ ਲਈ ਆਪਣੀ ਸਰਕਾਰ ਦੀ ਨਾਜਾਇਜ਼ ਵਰਤੋਂ ਵੀ ਕੀਤੀ ਹੈ। ਹੁਣ ਜਦੋਂ ਇਹ ਸਾਬਤ ਹੋ ਚੁੱਕਾ ਹੈ ਕਿ ਇਸ ਲਈ ਬਾਦਲਕੇ ਅਤੇ ਸੌਦਾ ਸਾਧ ਗੰਭੀਰ ਤੇ ਮੁੱਖ ਦੋਸ਼ੀ ਹਨ ਅਤੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਬਾਦਲਕਿਆਂ ਦੇ ਲੱਖ ਯਤਨਾਂ ਤੇ ਅੰਦਰੂਨੀ ਸਮਝੌਤਿਆਂ ਸਦਕਾ ਰਿਪੋਟਰ ਨੂੰ ਭਾਵੇਂ ਮਿੱਟੀ ਘਾਟੇ ਮਿਟਾਉਣ ਦਾ ਯਤਨ ਕੀਤਾ ਜਾਵੇ ਪ੍ਰੰਤੂ ਇਸ ਪਾਪ ਨਾਲ ਬਾਦਲਕਿਆਂ ਦੀਆਂ ਜੜਾਂ ਪੁੱਟੀਆਂ ਹੀ ਜਾਣੀਆਂ ਹਨ। ਇਸ ਪਾਪ ਤੋਂ ਕੰਬੇ ਬਾਦਲਾਂ ਦੇ ਦਿਨ ਰਾਤ ਸਾਜਿਸ਼ਾਂ ਘੜ ਕੇ ਜਾਂਚ ਰਿਪੋਰਟ ਦੀ ਫੂਕ ਕੱਢਣ ਲੱਗੇ ਹੋਏ ਹਨ। ਕਦੇ ਗਿਆਨੀ ਗੁਰਮੁਖ ਸਿੰਘ ਨੂੰ ਮੁੜ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮੁੱਖ ਗ੍ਰੰਥੀ ਥਾਪਿਆ ਗਿਆ ਹੈ ਅਤੇ ਅੱਜ ਭਗਤਾ ਭਾਈ ਕਾ ਤੋਂ ਐਮ ਐਲ ਏ ਰਹੇ ਹਰਬੰਸ ਸਿੰਘ ਜਲਾਲ, ਜਿਸ ਨੇ ਕਦੇ ਬਾਦਲਾਂ ਵਿਰੁੱਧ ਗਵਾਹੀ ਦਿੱਤੀ ਸੀ।

ਉਸ ਨੂੰ ਮੀਡੀਏ ਸਾਹਮਣੇ ਲਿਆ ਕੇ ਗੋਲ ਮੋਲ ਬਿਆਨ ਦੁਆ ਕੇ ਉਸਦੀ ਗਵਾਹੀ ਨੂੰ ਸ਼ੱਕੀ ਬਣਾਇਆ ਜਾਂਦਾ ਹੈ। ਸਾਡੇ ਕਈ ਪਾਠਕ ਇਹ ਸਵਾਲ ਕਰ ਸਕਦੇ ਹਨ ਕਿ ਸਾਬਕਾ ਵਿਧਾਇਕ ਜਲਾਲ ਨੇ ਤਾਂ ਉਲਟਾ ਬਾਦਲਾਂ ਦੀ ਵੱਧ ਮਿੱਟੀ ਪੱਟੀ, ਫਿਰ ਉਸਤੇ ਗਵਾਹੀ ਤੋਂ ਮੁੱਕਰਨ ਦਾ ਦੋਸ਼ ਕਿਵੇਂ ਲਾਇਆ ਜਾ ਸਕਦਾ ਹੈ। ਬਾਦਲਕੇ ਬੇਹੱਦ ਘਾਗ ਹਨ, ਬਦਨਾਮ ਤਾਂ ਉਹ ਪਹਿਲਾਂ ਹੀ ਬਹੁਤ ਹੋ ਚੁੱਕੇ ਹਨ, ਹੋਰ ਹੋ ਜਾਣਗੇ ਤਾਂ ਕੋਈ ਬਹੁਤਾ ਫਰਕ ਨਹੀਂ ਪੈਣ ਲੱਗਾ। ਪਰੰਤੂ ਜਲਾਲ ਵੱਲੋਂ ਆਪਣੀ ਗਵਾਹੀ ਨੂੰ ਸ਼ੱਕੀ ਬਣਾ ਕੇ ਜਸਟਿਸ ਰਣਜੀਤ ਸਿੰਘ ਤੇ ਦੋਸ਼ ਲਾ ਕੇ ਉਸਦੀ ਭਰੋਸੇਯੋਗਤਾ ’ਤੇ ਸਵਾਲ ਜਰੂਰ ਖੜੇ ਕਰ ਦਿੱਤੇ ਗਏ ਹਨ।  ਬਾਦਲਕੇ ਆਪਣੀ ਪਰਾਪੇਗੰਡਾ ਟੀਮ ਰਾਹੀਂ ਆਉਂਦੇ ਦਿਨਾ ਵਿਚ ਜਸਟਿਸ ਰਣਜੀਤ ਸਿੰਘ ਵਿਰੁੱਧ ਝੂਠਾ ਪਰਚਾਰ ਕਰਕੇ ਆਪਣੇ ਗੁਨਾਹਾਂ ’ਤੇ ਪਰਦਾ ਪਾਉਣ ਦਾ ਯਤਨ ਕਰਨਗੇ। ਪਰੰਤੂ ਸੱਚ ਤਾਂ ਸੱਚ ਹੁੰਦਾ ਹੈ। ਸੁਖਬੀਰ ਬਾਦਲ ਨੇ ਵਾਧ ਘਾਟ ਵਿਚ ਜਿਹੜਾ ਜਸਟਿਸ ਰਣਜੀਤ ਸਿੰਘ ਤੇ ਇਹ ਦੋਸ਼ ਲਾਇਆ ਕਿ ਨਾ ਤਾਂ ਉਹ ਸਿੱਖ ਹੈ ਤੇ ਨਾ ਹੀ ਜਸਟਿਸ। ਉਸਨੇ ਇਹ ਦੋਸ਼ ਲਾ ਕੇ ਆਪਣੇ ਗਲ ਕਾਨੂੰਨੀ ਫੰਦਾ ਜਰੂਰ ਪਾ ਲਿਆ ਹੈ। ਬਾਦਲਾਂ ਅਤੇ ਕੈਪਟਨ ਦੀ ਮਿਲੀ ਭੁਗਤ ਹੀ ਹੈ ਕਿ ਵਿਧਾਨ ਸਭਾ ਦੇ ਸਿਰਫ ਦੋ ਕੁ ਦਿਨ ਚੱਲਣ ਵਾਲੇ ਇਜਲਾਸ ਸਮੇਂ ਜਸਟਿਸ ਰਣਜੀਤ ਸਿੰਘ ਨੂੰ ਬਦਨਾਮ ਕਰਨ ਦੀ ਕਾਰਵਾਈ ਇਕ ਸਾਜਿਸ਼ ਅਧੀਨ ਤੇਜ਼ ਕੀਤੀ ਗਈ ਹੈ।

ਜਿਵੇਂ ਅਸੀਂ ਉਪਰ ਵੀ ਲਿਖਿਆ ਹੈ ਕਿ ਸੱਚ ਤਾਂ ਸੱਚ ਹੁੁੰਦਾ ਹੈ। ਸੱਚਾ ਬੰਦਾ ਤਾਂ ਝੂਠ ਨੂੰ ਵੰਗਾਰ ਸਕਦਾ ਹੈ, ਹਿੱਕ ਤਾਣ ਕੇ ਖੜਾ ਹੋ ਸਕਦਾ ਹੈ। ਪਰੰਤੂ ਝੂਠਾ ਬੰਦਾ ਸੱਚ ਨੂੰ ਕਿਵੇਂ ਚੁਣੌਤੀ ਦੇ ਸਕਦਾ ਹੈ! ਜਿਸ ਲਾਣੇ ਨੂੰ ਸਮੁੱਚਾ ਪੰਜਾਬ ਗਪੌੜੀ ਦਾ ਖਿਤਾਬ ਦੇ ਚੁੱਕਾ ਹੈ ਉਹ ਲਾਣਾ, 100 ਵਾਰੀ ਝੂਠ ਬੋਲ ਕੇ ਇਕ ਸੱਚ ਨੂੰ ਝੂਠ ਵਿਚ ਨਹੀਂ ਬਦਲ ਸਕਦਾ।

ਭਾਵੇਂ ਕਿ ਬਾਦਲਕਿਆਂ ਨੇ 100 ਵਾਰੀ ਝੂਠ ਬੋਲ ਕੇ ਸੱਚ ਨੂੰ ਝੂਠ ਬਣਾਉਣ ਦਾ ਯਤਨ ਕੀਤਾ ਹੈ। ਪਰੰਤੂ ਝੂਠ ਬੋਲਣ ਵਾਲੇ ’ਤੇ ਲੋਕ ਮਾੜਾ ਮੋਟਾ ਤਾਂ ਭਰੋਸਾ ਕਰਦੇ ਹੋਏ ਚਾਹੀਦੇ ਹਨ ਜਿਸ ਨੂੰ ਲੋਕ ਨਿਰਾ ਝੂਠਾ ਤੇ ਪਾਖੰਡੀ ਪਰਵਾਨ ਕਰ ਚੁੱਕੇ ਹਨ ਉਹ ਸੱਚ ਨੂੰ ਲੱਖ ਵਾਰ ਵੀ ਝੂਠ ਬੋਲ ਕੇ ਝੂਠਾ ਸਾਬਤ ਨਹੀਂ ਕਰ ਸਕਦਾ। ਖੈਰ ਅਸੀਂ ਚਾਹੁੰੁਦੇ ਹਾਂ ਕਿ ਸਿਰਫ਼ ਸੱਚ ਦੀ ਹੀ ਜੈ ਜੈ ਕਾਰ ਹੋਵੇ ਝੂਠਾ ਕੋਈ ਵੀ ਹੋਵੇ ਉਸਦਾ ਮੂੰਹ ਕਾਲਾ ਹੋਣਾ ਚਾਹੀਦਾ ਹੈ। ਇਥੇ ਤਾਂ ਮਾਮਲਾ ਹੀ ਗੁੁਰੂ ਸਾਹਿਬ ਦੀ ਬੇਅਦਬੀ ਨਾਲ ਜੁੜਿਆ ਹੋਇਆ ਹੈ। ਝੂਠ ਬੋਲਣ ਵਾਲੇ ਅਤੇ ਝੂਠ ਦਾ ਸਾਥ ਦੇਣ ਵਾਲੇ ਦਾ ਕਦੇ ਵੀ ਦੋਹੀਂ ਜਹਾਨੀ ਭਲਾ ਨਹੀਂ ਹੋ ਸਕਦਾ। ਭਾਵੇਂ ਇਸ ਦੇਸ਼ ਦੇ ਕਾਨੂੰਨ ਦਾ ਨੱਕ ਤਾਂ ਆਮ ਕਰਕੇ ਮੋਮ ਦਾ ਨੱਕ ਮੰਨਿਆ ਜਾਂਦਾ ਹੈ ਤਾਕਤਵਰ ਤਾਂ ਉਸਨੂੰ ਆਪਣੇ ਅਨੁਸਾਰ ਜਿੱਧਰ ਚਾਹੇ ਮਰੋੜ ਸਕਦਾ ਹੈ। ਹੋ ਸਕਦਾ ਹੈ ਕਿ ਬਰਗਾੜੀ ਕਾਂਡ ਨੂੰ ਵੀ ਇਹ ਤਾਕਤਾਂ ਮਿਲੀ ਭੁਗਤ ਨਾਲ ਰੋਲਣ ਦਾ ਯਤਨ ਕਰਨ ਤੇ ਸਫਲ ਵੀ ਹੋ ਜਾਣ, ਪਰੰਤੂ ਪ੍ਰਮਾਤਮਾਂ ਦੇ ਇਨਸਾਫ਼ ਦੀ ਚੱਕੀ ਬਹੁਤ ਬਾਰੀਕ ਪੀਂਹਦੀ ਹੈ।

ਗਿਆਨੀ ਗੁਰਮੁੱਖ ਸਿਹੰੁ ਤੇ ਜਲਾਲ ਦੀ ਝੂਠੀ ਚੱਕੀ, ਸੱਚ ਨੂੰ ਪੀਹ ਨਹੀਂ ਸਕੇਗੀ। ਅਸੀਂ ਅੱਗੇ ਵੀ ਲਿਖਿਆ ਹੈ ਕਿ ਬਾਦਲਾਂ ਨੂੰ ਸੱਚ ਦਾ ਗਲਾ ਦਬਾਉਣ ਦੀ ਥਾਂ ਸਿੱਖ ਸੰਗਤ ਅੱਗੇ ਮੁਆਫ਼ੀ ਮੰਗਦਿਆਂ ਗੋਡੇ ਟੇਕ ਦੇਣੇ ਚਾਹੀਦੇ ਹਨ। ਸ਼ਾਇਦ ਕੌਮ ਦੇ ਮਨ ਮਿਹਰ ਪੈ ਹੀ ਜਾਵੇ ਤੇ ਮੁਆਫ਼ੀ ਮਿਲ ਜਾਵੇ। ਪਰੰਤੂ ਜੇ ਉਨਾਂ ਨੇ ਆਪਣਾ ਹੰਕਾਰ ਨਾ ਛੱਡਿਆ ਅਤੇ ਸੱਚ ਨੂੰ ਝੂਠ ਬਣਾਉਣ ਦਾ ਯਤਨ ਜਾਰੀ ਰੱਖਿਆ ਤਾਂ ਫਿਰ ਰੱਬ ਦੀ ਲਾਠੀ ਝੱਲਣ ਦੀ ਤਿਆਰ ਰਹਿਣ।

(ਧੰਨਵਾਦ ਸਾਹਿਤ ਪਹਿਰੇਦਾਰ ਵਿੱਚੋ)

ਟਿੱਪਣੀ ਕਰੋ:

About editor

Scroll To Top