Home / ਚੋਣਵੀ ਖਬਰ/ਲੇਖ / ‘ਫਰਜ਼ਾਂ ਤੋਂ ਭਗੌੜੇ ਹਿੰਦੂਤਵੀ ਸ਼ੋਅ-ਬਵਾਏ ਕੈਪਟਨ ਅਮਰਿੰਦਰ ਦੀਆਂ ਝੱਲ-ਵਲੱਲੀਆਂ’

‘ਫਰਜ਼ਾਂ ਤੋਂ ਭਗੌੜੇ ਹਿੰਦੂਤਵੀ ਸ਼ੋਅ-ਬਵਾਏ ਕੈਪਟਨ ਅਮਰਿੰਦਰ ਦੀਆਂ ਝੱਲ-ਵਲੱਲੀਆਂ’


ਲਗਭਗ ਡੇਢ ਸਾਲ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਬਣੇ ਕੈਪਟਨ ਅਮਰਿੰਦਰ ਨੇ ਚੋਣਾਂ ਤੋਂ ਪਹਿਲਾਂ ਦੇ ਆਪਣੇ ਹਰ ਵਾਅਦੇ ਨੂੰ ਪੂਰੀ ਤਰ੍ਹਾਂ ਤਾਰ-ਤਾਰ ਕੀਤਾ ਹੈ। ਉਸ ਨੇ ਜਿੱਥੇ ਹਿੰਦੂਤਵੀ ਵਿਚਾਰਧਾਰਾ ਦੇ ਵਫਾਦਾਰ ਸ਼ੋਅ-ਬਵਾਏ ਦਾ ਰੋਲ ਪੂਰੀ ਤਨਦੇਹੀ ਨਾਲ ਨਿਭਾਇਆ ਹੈ ਉੱਥੇ ਬਾਦਲ ਕੋੜਮੇ ਨੂੰ ਹਰ ਮੁਸ਼ਕਿਲ ਮੁਸੀਬਤ ਤੋਂ ਪੂਰੀ ਤਰ੍ਹਾਂ ਮਹਿਫੂਜ਼ ਰੱਖਿਆ ਹੈ। ਹੁਣ ਤਾਂ ਬਾਦਲ ਕੋੜਮੇ ਦੇ ਵਫਾਦਾਰ ਸੁੱਚਾ ਲੰਗਾਹ ਅਤੇ ਤੋਤਾ ਸਿੰਘ ਵੀ ਬਾਗੋ-ਬਾਗ ਹਨ ਕਿਉਂਕਿ ਕੈਪਟਨ ਦੀਆਂ ਮਿਹਰਬਾਨੀਆਂ ਸਦਕਾ ਦੋਹਾਂ ਨੂੰ ਤੱਤੀ ਵਾਅ ਨਹੀਂ ਲੱਗੀ। ਸੁੱਚੇ ਲੰਗਾਹ ਨੇ ਤਾਂ ਆਪਣੀ ਤਸ਼ਬੀਹ ‘ਪੂਰਨ ਭਗਤ’ ਨਾਲ ਕੀਤੀ ਹੈ, ਜਿਸ ਨੂੰ ਰਾਜਾ ਸਲਵਾਨ ਦੀ ਜਵਾਨ ਪਤਨੀ ਲੂਣਾ ਨੇ ਖਾਹਮਖਾਹ ਗੁਨਾਹਗਾਰ ਬਣਾ ਦਿੱਤਾ ਸੀ।
ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਹਮਣੇ ਖਲੋ ਕੇ ਗੁਟਕੇ ‘ਤੇ ਹੱਥ ਰੱਖ ਕੇ ਸੌਂਹ ਖਾਣ ਵਾਲੇ ਅਮਰਿੰਦਰ ਦੇ ਡੇਢ ਸਾਲ ਦੇ ਰਾਜ ਵਿੱਚ ਡਰੱਗਜ਼ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਦੁੱਗਣੀ ਹੋਈ ਹੈ। ਕਿਸਾਨਾਂ ਸਿਰ ਬੈਂਕਾਂ, ਆੜ੍ਹਤੀਆਂ, ਸ਼ਾਹੂਕਾਰਾਂ ਦੇ ਸਮੁੱਚੇ ਕਰਜ਼ ਨੂੰ ਮਾਫ ਕਰਨ ਦੀਆਂ ਸੌਹਾਂ ਖਾਣ ਵਾਲੇ ਅਮਰਿੰਦਰ ਦੇ ਰਾਜ ਵਿੱਚ ਕਰਜ਼ਾ ਮਾਫ ਤਾਂ ਕੀ ਹੋਣਾ ਸੀ, ਕਿਸਾਨ ਆਤਮਘਾਤਾਂ ਦੀ ਗਿਣਤੀ ਜ਼ਰੂਰ ਦੁੱਗਣੀ ਹੋ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਅਸਲ ਦੋਸ਼ੀਆਂ ਨੂੰ ਫੜਨ ਅਤੇ ਬਹਿਬਲ ਕਲਾਂ, ਕੋਟਕਪੂਰਾ ਵਿੱਚ ਗੋਲੀ ਚਲਾਉਣ ਦੀਆਂ ਘਟਨਾਵਾਂ ਲਈ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦੇ ਵਾਅਦੇ ਵੀ ਹਵਾ ਵਿੱਚ ਉੱਡ-ਪੁੱਡ ਗਏ ਹਨ। ਬਾਦਲ ਸਰਕਾਰ ਨੇ ਇਸ ਮੁੱਦੇ ‘ਤੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਬਣਾ ਕੇ ਗੋਂਗਲੂਆਂ ਤੋਂ ਮਿੱਟੀ ਝਾੜੀ ਸੀ। ਕੈਪਟਨ ਅਮਰਿੰਦਰ ਨੇ ਇਸ ਸਬੰਧੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਗਠਨ ਕੀਤਾ ਸੀ।
ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਕੁਝ ਅੰਸ਼ ਮੀਡੀਆ ਵਿੱਚ ‘ਲੀਕ’ ਕੀਤੇ ਗਏ। ਇਨ੍ਹਾਂ ਰਿਪੋਰਟਾਂ ਅਨੁਸਾਰ ਕਮਿਸ਼ਨ ਨੇ ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚ ਗੋਲੀ-ਚਲਾਉਣ ਲਈ ਉਤਲੀ ਪਰਤ ਤੋਂ ਹੇਠਲੀ ਪੱਧਰ ਤੱਕ ਜਿਨ੍ਹਾਂ ਦੀ ਨਿਸ਼ਾਨਦੇਹੀ ਕੀਤੀ, ਉਨ੍ਹਾਂ ਵਿੱਚ ਡੀ. ਜੀ. ਪੀ. ਸੁਮੇਧ ਸੈਣੀ, ਆਈ. ਜੀ. ਪਰਮਰਾਜ ਉਮਰਾਨੰਗਲ, ਡੀ. ਆਈ. ਜੀ. ਅਮਰ ਸਿੰਘ ਚਾਹਲ, ਤਿੰਨ ਐਸ. ਐਸ. ਪੀ. ਜਿਨ੍ਹਾਂ ਵਿੱਚ ਚਰਨਜੀਤ ਸ਼ਰਮਾ ਸ਼ਾਮਲ ਹੈ ਅਤੇ ਦੋ ਗੰਨਮੈਨਾਂ ਨੂੰ ਦੋਸ਼ੀ ਦੱਸਿਆ ਹੈ। ਰਿਪੋਰਟ ਅਨੁਸਾਰ ਕੋਟਕਪੂਰਾ ਗੋਲੀ ਚਲਾਉਣ ਤੋਂ ਪਹਿਲਾਂ ਸੁਮੇਧ ਸੈਣੀ ਦੀ 14 ਅਕਤੂਬਰ ਨੂੰ ਪ੍ਰਕਾਸ਼ ਸਿੰੰਘ ਬਾਦਲ ਅਤੇ ਸੁਖਬੀਰ ਬਾਦਲ ਨਾਲ ਗੱਲਬਾਤ ਹੋਈ ਸੀ। ਭਾਵੇਂ ਜ਼ਿਲ੍ਹਾ ਅਧਿਕਾਰੀਆਂ ਵਲੋਂ ਗੋਲੀ ਨਾ ਚਲਾਉਣ ਦੀ ਪੁਜ਼ੀਸ਼ਨ ਲਈ ਗਈ ਸੀ ਪਰ ਫੇਰ ਕਿਸ ਦੇ ਹੁਕਮਾਂ ‘ਤੇ ਗੋਲੀ ਚਲਾਈ ਗਈ? ਕੀ ਬਾਦਲਾਂ ਨੇ ਇਸ ਦੀ ਪ੍ਰਵਾਨਗੀ ਦਿੱਤੀ ਜਾਂ ਸੁਮੇਧ ਸੈਣੀ ਨੇ ਆਪਣੇ ਤੌਰ ‘ਤੇ ਇਹ ਫੈਸਲਾ ਲਿਆ? ਸੁਮੇਧ ਸੈਣੀ ਨੂੰ ਕਮਿਸ਼ਨ ਵਲੋਂ ਤਿੰਨ ਵਾਰ ਤਲਬ ਕੀਤਾ ਗਿਆ ਪਰ ਉਹ ਹਾਜ਼ਰ ਨਹੀਂ ਹੋਇਆ। ਤੀਸਰੀ ਵਾਰ ਉਸ ਨੇ ਅਧੂਰਾ ਜਿਹਾ ਲਿਖਤੀ ਜਵਾਬ ਭੇਜਿਆ। ਕਮਿਸ਼ਨ ਅਨੁਸਾਰ ਕੁਝ ਦਿਨ ਪਹਿਲਾਂ, ਸੌਦਾ ਸਾਧ ਦੇ ਚੇਲਿਆਂ ਵਲੋਂ ਰੇਲ ਤੇ ਸੜਕ ਟਰੈਫਿਕ ਬੰਦ ਕੀਤਾ ਗਿਆ ਸੀ ਪਰ ਉਦੋਂ ਐਡਮਨਿਸਟਰੇਸ਼ਨ ਨੇ ਕੋਈ ਕਾਰਵਾਈ ਨਾ ਕੀਤੀ। ਪਰ ਹੁਣ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੱਦੇਨਜ਼ਰ ਲੋਕਾਂ ਵਲੋਂ ਸ਼ਾਂਤਮਈ ਢੰਗ ਨਾਲ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕੀਤਾ ਜਾ ਰਿਹਾ ਸੀ, ਸੁਮੇਧ ਸੈਣੀ ਅਤੇ ਪੁਲਿਸ ਅਫਸਰਾਂ ਦੀ ਧਰਨਾ ਚੁਕਵਾਉਣ ਲਈ ਅੰਨ੍ਹੀ ਤਾਕਤ ਦੀ ਵਰਤੋਂ ਕਰਨ ਦੀ ਕੀ ਮਜ਼ਬੂਰੀ ਸੀ? ਕਮਿਸ਼ਨ ਵਲੋਂ ਇਨ੍ਹਾਂ ਸਾਰੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਦੀ ਸਿਫਾਰਸ਼ ਕੀਤੀ ਗਈ ਹੈ। ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਲਗਭਗ ਸਵਾ ਸਾਲ ਦੀ ਪੂਰੀ ਜਾਂਚ ਤੋਂ ਬਾਅਦ ਉਪਰੋਕਤ ਸਿੱਟਾ ਕੱਢਿਆ ਹੈ।
ਜੇ ਅਮਰਿੰਦਰ ਵਿੱਚ ਸੱਚ ਦਾ ਕਿਣਕਾ ਮਾਤਰ ਵੀ ਹੁੰਦਾ ਤਾਂ ਉਹ ਕਮਿਸ਼ਨ ਰਿਪੋਰਟ ਨੂੰ ਇੰਨ-ਬਿੰਨ ਮਨਜ਼ੂਰ ਕਰਦਿਆਂ ਦੋਸ਼ੀ ਪੁਲਿਸ ਅਫਸਰਾਂ ਦੇ ਖਿਲਾਫ ਫੌਰਨ ਕਾਰਵਾਈ ਕਰਦਿਆਂ ਉਨ੍ਹਾਂ ਦੀ ਗ੍ਰਿਫਤਾਰੀ ਦਾ ਹੁਕਮ ਚਾੜ੍ਹਦਾ। ਪਰ ਐਨ ਇਸ ਦੇ ਉਲਟ ਅਮਰਿੰਦਰ ਨੇ ਇਨ੍ਹਾਂ ਦੋਸ਼ੀਆਂ ਨੂੰ ਬਚਾਉਣ ਲਈ ਸਮੁੱਚੇ ਕੇਸ ਨੂੰ ਸੀ. ਬੀ. ਆਈ. ਦੇ ਹਵਾਲੇ ਕਰਨ ਦਾ ਐਲਾਨ ਕੀਤਾ ਹੈ। ਕੀ ਇਹ ਬਾਦਲ ਕੋੜਮੇ ਨੂੰ ਬਚਾਉਣ ਅਤੇ ਹਿੰਦੂਤਵੀ ਏਜੰਡੇ ਦੇ ਤਹਿਤ ਨਹੀਂ ਕੀਤਾ ਗਿਆ? ਯਾਦ ਰਹੇ, ਜਦੋਂ ‘ਚਿੱਟੇ ਦਾ ਬਾਦਸ਼ਾਹ’ ਬਿਕਰਮ ਮਜੀਠੀਆ, ਡਰੱਗ ਐਨਫੋਰਸਮੈਂਟ ਏਜੰਸੀ ਵਲੋਂ ਤਲਬ ਕੀਤਾ ਗਿਆ ਸੀ ਤਾਂ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵੇ ਨੇ ਮੰਗ ਕੀਤੀ ਸੀ ਕਿ ਇਹ ਕੇਸ ਸੀ. ਬੀ. ਆਈ. ਨੂੰ ਸੌਂਪਿਆ ਜਾਵੇ। ਆਪਣੀ ਪਾਰਟੀ ਦੇ ਲੀਡਰ ਖਿਲਾਫ ਜਾਂਦਿਆਂ ਕੈਪਟਨ ਨੇ ਕਿਹਾ ਸੀ ਕਿ ‘ਸਟੇਟ ਦੀਆਂ ਏਜੰਸੀਆਂ ਹਰ ਕਿਸਮ ਦੇ ਕੇਸ ਨੂੰ ਹੱਲ ਕਰਨ ਦੀ ਸਮਰੱਥਾ ਰੱਖਦੀਆਂ ਹਨ – ਸੀ. ਬੀ. ਆਈ. ਨੂੰ ਕੇਸ ਦੇਣ ਦੀ ਕੋਈ ਲੋੜ ਨਹੀਂ ਹੈ।’ ਪਰ ਹੁਣ ਇਹ ਹੀ ਅਮਰਿੰਦਰ ਤੱਥ ਭਰਪੂਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਅਮਲ-ਦਰਾਮਦ ਕਰਨ ਦੀ ਥਾਂ, ਇਸ ਕੇਸ ਨੂੰ ਗਧੀ ਗੇੜ ਵਿੱਚ ਪਾਉਣ ਲਈ ਸੀ. ਬੀ. ਆਈ. ਦੇ ਹਵਾਲੇ ਕਰ ਰਿਹਾ ਹੈ। ਇਸ ਤੋਂ ਵੱਡੀ ਬਦ-ਦਿਆਨਤੀ ਕੀ ਹੋ ਸਕਦੀ ਹੈ?
ਫਰਜ਼ਾਂ ਤੋਂ ਭਗੌੜਾ, ਕੈਪਟਨ ਅਮਰਿੰਦਰ, ਹਿੰਦੂਤਵੀਆਂ ਨੂੰ ਖੁਸ਼ ਰੱਖਣ ਲਈ ਸਿੱਖ ਅਜ਼ਾਦੀ ਦੇ ਮੁੱਦੇ ‘ਤੇ ਪੂਰੇ ਭੰਡ ਦਾ ਰੋਲ ਅਦਾ ਕਰਦਾ ਹੈ। ਸਿੱਖਸ ਫਾਰ ਜਸਟਿਸ ਵਲੋਂ ਰਿਫੈਰੈਂਡਮ 2020 ਦੀ ਮੁਹਿੰਮ ਦੇ ਤਹਿਤ, 12 ਅਗਸਤ ਨੂੰ ਲੰਡਨ ਯੂ. ਕੇ. ਵਿੱਚ ਅਜ਼ਾਦੀ ਰੈਲੀ ਰੱਖੀ ਗਈ ਹੈ। ਭਾਰਤ ਸਰਕਾਰ ਦੇ ਦਬਾਅ ਦੇ ਬਾਵਜੂਦ ਯੂ. ਕੇ. ਸਰਕਾਰ ਨੇ ਇਸ ‘ਤੇ ਪਾਬੰਦੀ ਲਾਉਣ ਤੋਂ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ‘ਸ਼ਾਂਤਮਈ ਤਰੀਕੇ ਨਾਲ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦਾ ਹਰ ਇੱਕ ਨੂੰ ਹੱਕ ਹਾਸਲ ਹੈ।’ ਜ਼ਾਹਰ ਹੈ ਕਿ 30 ਮਿਲੀਅਨ ਸਿੱਖ ਕੌਮ, ਯੂ. ਐਨ. ਚਾਰਟਰ ਦੇ ‘ਸਵੈ-ਨਿਰਣੇ ਦੇ ਹੱਕ’ ਦੀ ਪੰਜਾਬ ਵਿੱਚ ਵਰਤੋਂ ਕਰਦਿਆਂ, ਅਜ਼ਾਦ ਦੇਸ਼ ਖਾਲਿਸਤਾਨ ਦੀ ਸਿਰਜਣਾ ਚਾਹੁੰਦੀ ਹੈ। ਪੰਜ ਮੈਂਬਰੀ ਪੰਥਕ ਕਮੇਟੀ ਵਲੋਂ 29 ਅਪ੍ਰੈਲ, 1986 ਦੇ ਖਾਲਿਸਤਾਨ ਦੇ ਐਲਾਨਨਾਮੇ ਦੇ ਤਹਿਤ 32 ਵਰ੍ਹੇ ਪਹਿਲਾਂ ਕੌਮ ਦਾ ਨਿਸ਼ਾਨਾ ਮਿੱਥਿਆ ਹੋਇਆ ਹੈ।
ਸਿੱਖਸ ਫਾਰ ਜਸਟਿਸ ਦੀ ਮੁਹਿੰਮ ਦੇ ਤਹਿਤ ਰੈਲੀ ਲਈ ਪੰਜਾਬ ਵਿੱਚੋਂ ਲੰਡਨ ਆਉਣ ਵਾਲਿਆਂ ਨੂੰ ਰਾਹਦਾਰੀ ਅਤੇ ਟਿਕਟ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ। ਪ੍ਰੈੱਸ-ਕਾਨਫਰੰਸ ਵਿੱਚ ਕੈਪਟਨ ਤੋਂ ਜਦੋਂ ਲੰਡਨ ਰੈਲੀ ਸਬੰਧੀ ਸਵਾਲ ਪੁੱਛੇ ਗਏ ਤਾਂ ਉਹ ਬੁਖਲਾਹਟ ਵਿੱਚ ਝੱਲ-ਵਲੱਲੀਆਂ ਮਾਰਨ ਲੱਗ ਪਿਆ। ਇੱਕ ਪਾਸੇ ਉਸ ਨੇ ਕਿਹਾ ਕਿ ਦੱਸੋ ਭਾਰਤ ਦੇ ਕਿਹੜੇ ਸੂਬੇ ਵਿੱਚ ਸਿੱਖ ਖੁਸ਼ਹਾਲ ਨਹੀਂ ਹਨ ਅਤੇ ਦੂਸਰੇ ਪਾਸੇ ਕਹਿ ਰਿਹਾ ਸੀ ਕਿ ਸ਼ਿਲਾਂਗ (ਮੇਘਾਲਿਆ) ਦੇ ਪੀੜਤ ਸਿੱਖਾਂ ਲਈ ਸਰਕਾਰ ਨੇ 50 ਲੱਖ ਰੁਪਏ ਦੀ ਧਨ-ਰਾਸ਼ੀ ਰੱਖੀ ਹੈ। ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਲਈ ਉਸ ਨੇ ਬੜੀ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ, ਜਿਹੜੀ ਉਸ ਦੀ ਘਟੀਆ ਸੋਚਣੀ ਦਰਸਾਉਂਦੀ ਹੈ। ਫਿਰ ਉਸ ਨੇ ਬੜੀ ਸ਼ੇਖੀ ਮਾਰਦਿਆਂ ਕਿਹਾ ਕਿ ਮੈਂ ਰੋਜ਼ਾਨਾ ਇੱਕ ਘੰਟਾ ਸੋਸ਼ਲ ਮੀਡੀਆ ਵੇਖਦਾ ਹਾਂ। ਉਸ ਨੇ ਪੱਤਰਕਾਰਾਂ ਨੂੰ ਮੋੜਵਾਂ ਸਵਾਲ ਕੀਤਾ, ‘ਕੀ ਤੁਸੀਂ ਟੀ. ਵੀ. ’84 ਵੇਖਿਆ ਹੈ? ਸਿਰਫ 100 ਕੁ ਲੋਕ ਇਸ ਨੂੰ ਫੌਲੌ ਕਰਦੇ ਹਨ, ਕਰਨ ਦਿਓ।’
ਪਾਠਕਜਨ! ਕੈਪਟਨ ਅਮਰਿੰਦਰ ਦੀਆਂ ਉਪਰਲੀਆਂ ਬੇਥਵੀਆਂ ਕਿਸ ਗੱਲ ਦਾ ਸੰਕੇਤ ਦਿੰਦੀਆਂ ਹਨ? ਹਿੰਦੂਤਵੀਆਂ ਨੂੰ ਖੁਸ਼ ਰੱਖਣ ਦੀ ਦੌੜ ਵਿੱਚ ਇਹ ਆਪਣੇ ਪੁਰਖਿਆਂ ਆਲਾ ਸਿੰਘ ਤੋਂ ਲੈ ਕੇ ਯਾਦਵਿੰਦਰ ਸਿੰਘ ਤੱਕ ਦੇ ਨਕਸ਼ੇ-ਕਦਮਾਂ ‘ਤੇ ਤੁਰ ਨਿਕਲਿਆ ਹੈ। ਆਲਾ ਸਿੰਘ ਨੂੰ ‘ਰਾਜਾ’ ਦਾ ਖਿਤਾਬ ਅਹਿਮਦ ਸ਼ਾਹ ਅਬਦਾਲੀ ਨੇ ਦਿੱਤਾ ਸੀ। ਵੱਡੇ ਘੱਲੂਘਾਰੇ ਵੇਲੇ ਇਨ੍ਹਾਂ ਨੇ ਅਬਦਾਲੀ ਦੀ ਮੱਦਦ ਕੀਤੀ ਸੀ। 1809 ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਅੰਗਰੇਜ਼ਾਂ ਨਾਲ ‘ਅੰਮ੍ਰਿਤਸਰ ਦੀ ਸੰਧੀ’ ਇਸ ਲਈ ਕਰਨੀ ਪਈ ਸੀ ਕਿਉਂਕਿ ਅਮਰਿੰਦਰ ਦੇ ਵਡੇਰੇ ਅੰਗਰੇਜ਼ਾਂ ਦੀ ਸ਼ਰਨ ਵਿੱਚ ਚਲੇ ਗਏ ਸਨ। ਸਿੱਖ-ਅੰਗਰੇਜ਼ ਜੰਗਾਂ ਵੇਲੇ ਇਹ ਅੰਗਰੇਜ਼ਾਂ ਦੇ ਨਾਲ ਸਨ। 1849 ਤੋਂ 1947 ਤੱਕ ਸਿੱਖ ਕੌਮ ਅੰਗਰੇਜ਼ਾਂ ਤੋਂ ਅਜ਼ਾਦੀ ਲੈਣ ਲਈ ਫਾਂਸੀਆਂ ਦੇ ਰੱਸੇ ਚੁੰਮ ਰਹੇ ਸਨ ਅਤੇ ਇਹਦਾ ਦਾਦਾ ਭੁਪਿੰਦਰ ਸਿੰਘ ਆਪਣੇ ਹਰਮ ਵਿੱਚ ਸੈਂਕੜੇ ਔਰਤਾਂ ਨੂੰ ਕੈਦ ਕਰੀ ਬੈਠਾ ਸੀ। ਅਮਰਿੰਦਰ ਦੇ ਬਾਪ, ਯਾਦਵਿੰਦਰ ਸਿੰਘ ਨੇ, ਜਿਹੜਾ ਕਿ 570 ਰਾਜਿਆਂ -ਬਾਦਸ਼ਾਹਾਂ ਦੇ ‘ਚੈਂਬਰ’ ਦਾ ਪ੍ਰਧਾਨ (ਚਾਂਸਲਰ) ਸੀ, ਨੇ ਬਿਨ੍ਹਾਂ ਕਿਸੇ ਨੂੰ ਪੁੱਛਿਆਂ-ਦੱਸਿਆਂ ਆਪਣੀ ਰਿਆਸਤ, ਭਾਰਤ ਦੇ ਹਵਾਲੇ ਕਰ ਦਿੱਤੀ ਸੀ। ਜੇ 1947 ਵਿੱਚ ਸਿੱਖ ਸਟੇਟ ਨਾ ਬਣਨ ਦੇਣ ਲਈ ਮਾਸਟਰ ਤਾਰਾ ਸਿੰਘ ਅਤੇ ਬਲਦੇਵ ਸਿੰਘ ਦੋਸ਼ੀ ਹਨ ਤਾਂ ਯਾਦਵਿੰਦਰ ਸਿੰਘ ਵੀ ਬਰਾਬਰ ਦਾ ਦੋਸ਼ੀ ਹੈ, ਜਿਸ ਨੇ ਕਾਇਦੇ-ਆਜ਼ਮ ਜਿਨਾਹ ਦੀ ਪੇਸ਼ਕਸ਼ ਤੇ ਮਿਲਣੀ ਦਾ ਭੇਦ ਨਹਿਰੂ ਕੋਲ ਖੋਲ੍ਹ ਦਿੱਤਾ ਸੀ, ਜਿਸ ਸਬੰਧੀ ਵਾਇਸਰਾਏ ਲਾਰਡ ਵਾਵੇਲ ਨੇ ਆਪਣੀ ਡਾਇਰੀ ਵਿੱਚ ਲਿਖਿਆ ਸੀ, ‘ਇਹ ਵੇਖਣ ਚਾਖਣ ਨੂੰ ਤਾਂ ਸੋਹਣਾ ਹੈ, ਪਰ ਹੈ ਪੁੱਜ ਕੇ ਬੇਈਮਾਨ ਤੇ ਬੇਇਤਬਾਰ।’ ਅਮਰਿੰਦਰ ਦੀ ਬੇਈਮਾਨੀ ਤੇ ਬਦਕਾਰੀ ਦੀ ਕਹਾਣੀ ਦਾ ਹਰ ਇੱਕ ਵਰਕਾ ਇਸ ਨੂੰ ਆਪਣੇ ਪੁਰਖਿਆਂ ਦਾ ‘ਸੱਚਾ ਵਾਰਸ’ ਸਾਬਤ ਕਰਦਾ ਹੈ। ਇਹ ‘ਮਨ ਹੋਰ, ਮੁੱਖ ਹੋਰ’, ਨਸਲ ਦੇ ਕੱਚੇ-ਪਿੱਲੇ ਹਰਦੂ-ਲਾਹਣਤ ਦੇ ਹੀ ਹੱਕਦਾਰ ਹੁੰਦੇ ਹਨ।

ਟਿੱਪਣੀ ਕਰੋ:

About editor

Scroll To Top