Home / ਚੋਣਵੀ ਖਬਰ/ਲੇਖ / ‘ਭਾਰਤੀ ਲੋਕਤੰਤਰ ਬਨਾਮ ਪਾਕਿਸਤਾਨੀ ਜ਼ਮਹੂਰੀਅਤ’ ਪਾਕਿਸਤਾਨ ਦੇ ਚੋਣ-ਨਤੀਜਿਆਂ ਦਾ ਲੇਖਾ-ਜੋਖਾ:

‘ਭਾਰਤੀ ਲੋਕਤੰਤਰ ਬਨਾਮ ਪਾਕਿਸਤਾਨੀ ਜ਼ਮਹੂਰੀਅਤ’ ਪਾਕਿਸਤਾਨ ਦੇ ਚੋਣ-ਨਤੀਜਿਆਂ ਦਾ ਲੇਖਾ-ਜੋਖਾ:

ਪਾਕਿਸਤਾਨ ਵਿੱਚ ਪਿਛਲੇ ਦਿਨੀਂ ਹੋਈਆਂ ਚੋਣਾਂ ਦੇ ਨਤੀਜੇ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਪਾਰਟੀ ਦੇ ਹੱਕ ਵਿੱਚ ਗਏ ਹਨ, ਜਿਸ ਦਾ ਸਰਪ੍ਰਸਤ ਕ੍ਰਿਕਟ ਖਿਡਾਰੀ ਇਮਰਾਨ ਖਾਨ ਹੈ। ਪਾਕਿਸਤਾਨ ਦੀ ਕੌਮੀ ਅਸੈਂਬਲੀ ਦੀਆਂ ਕੁਲ 342 ਸੀਟਾਂ ਹਨ। ਇਨ੍ਹਾਂ ਵਿੱਚੋਂ 272 ਸੀਟਾਂ ਸਿੱਧੀ ਵੋਟ ਨਾਲ ਚੁਣੀਆਂ ਜਾਂਦੀਆਂ ਹਨ ਜਦੋਂਕਿ ਔਰਤਾਂ ਅਤੇ ਘੱਟਗਿਣਤੀਆਂ ਲਈ 70 ਸੀਟਾਂ ਰਿਜ਼ਰਵ ਹਨ, ਜਿਨ੍ਹਾਂ ਨੂੰ ਚੁਣੇ ਗਏ ਅਸੈਂਬਲੀ ਮੈਂਬਰਾਂ ਵਲੋਂ ਪਾਰਟੀ ਅਨੁਪਾਤ ਮੁਤਾਬਿਕ ਬਾਅਦ ਵਿੱਚ ਮਨੋਨੀਤ ਕੀਤਾ ਜਾਵੇਗਾ। ਇਨ੍ਹਾਂ ਰਿਜ਼ਰਵ ਸੀਟਾਂ ਤੋਂ ਇਲਾਵਾ ਵੀ ਔਰਤਾਂ ਅਤੇ ਘੱਟਗਿਣਤੀਆਂ ਦੇ ਨੁਮਾਇੰਦੇ ਜਨਰਲ ਸੀਟਾਂ ‘ਤੇ ਵੀ ਖੜ੍ਹੇ ਹੋ ਸਕਦੇ ਹਨ। ਭਾਵੇਂ ਚੋਣ ਨਤੀਜਿਆਂ ਦਾ ਅਜੇ ਸਰਕਾਰੀ ਤੌਰ ‘ਤੇ ਐਲਾਨ ਨਹੀਂ ਕੀਤਾ ਗਿਆ ਪਰ ਗੈਰ-ਸਰਕਾਰੀ ਅਨੁਮਾਨਾਂ ਅਨੁਸਾਰ, 272 ਸੀਟਾਂ ‘ਤੇ ਹੋਈਆਂ ਚੋਣਾਂ ਵਿੱਚ ਇਮਰਾਨ ਖਾਨ ਦੀ ਪੀ. ਟੀ. ਆਈ. ਨੂੰ 119 ਸੀਟਾਂ ਹਾਸਲ ਹੋਈਆਂ ਹਨ, ਨਵਾਜ਼ ਸ਼ਰੀਫ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ 64 ਸੀਟਾਂ ਹਾਸਲ ਕਰ ਚੁੱਕੀ ਹੈ ਜਦੋਂਕਿ ਭੁੱਟੋ ਪਰਿਵਾਰ ਦੀ ਪਾਰਟੀ ਪਾਕਿਸਤਾਨ ਪੀਪਲਜ਼ ਪਾਰਟੀ ਨੂੰ 37 ਸੀਟਾਂ ਮਿਲੀਆਂ ਹਨ। ਮਜ਼ਹਬੀ ਜਮਾਤਾਂ ਦੇ ਨੁਮਾਇੰਦਿਆਂ ਨੂੰ 10 ਦੇ ਕਰੀਬ ਸੀਟਾਂ ਮਿਲੀਆਂ ਹਨ ਜਦੋਂਕਿ ਬਾਕੀ ਸੀਟਾਂ ਐਮ. ਕਿਊ. ਐਮ ਅਤੇ ਅਜ਼ਾਦ ਉਮੀਦਵਾਰਾਂ ਦੇ ਹਿੱਸੇ ਆਈਆਂ ਹਨ।
ਇਮਰਾਨ ਖਾਨ ਨੇ ਆਪਣੀ ਜੇਤੂ-ਸਪੀਚ ਰਾਹੀਂ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਹੀ ਪਾਕਿਸਤਾਨ ਵਿੱਚ ਸਰਕਾਰ ਬਣਾਉਣ ਜਾ ਰਹੇ ਹਨ ਭਾਵੇਂਕਿ ਬਹੁਗਿਣਤੀ ‘ਚ ਆਉਣ ਲਈ ਉਨ੍ਹਾਂ ਨੂੰ ਅਜ਼ਾਦ ਉਮੀਦਵਾਰਾਂ ਜਾਂ ਦੂਸਰੀਆਂ ਛੋਟੀਆਂ ਪਾਰਟੀਆਂ ਦੇ ਲਗਭਗ 17 ਜੇਤੂ ਉਮੀਦਵਾਰਾਂ ਦੀ ਹਮਾਇਤ ਦੀ ਲੋੜ ਹੋਵੇਗੀ, ਜਿਹੜਾ ਕਿ ਉਨ੍ਹਾਂ ਦੀ ਪਹੁੰਚ ਵਿੱਚ ਹੈ। ਇਹ ਪਹਿਲੀ ਵਾਰ ਹੈ ਕਿ ਪੀ. ਟੀ. ਆਈ. ਕੇਂਦਰ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ। 1996 ਵਿੱਚ ਪੀ. ਟੀ. ਆਈ. ਦਾ ਗਟਨ ਕੀਤਾ ਗਿਆ ਸੀ। 2002 ਦੀਆਂ ਚੋਣਾਂ ਵਿੱਚ ਇਕੱਲੇ ਇਮਰਾਨ ਖਾਨ ਹੀ ਪਾਰਟੀ ਵਲੋਂ ਜਿੱਤੇ ਸਕੇ ਸਨ। 2013 ਦੀਆਂ ਚੋਣਾਂ ਵਿੱਚ, ਪੀ. ਟੀ. ਆਈ. ਨੂੰ 75 ਲੱਖ ਵੋਟਾਂ ਮਿਲੀਆਂ ਸਨ ਅਤੇ ਉਹ ਪਾਕਿਸਤਾਨ ਦੀ ਦੂਸਰੀ ਵੱਡੀ ਪਾਰਟੀ ਬਣ ਗਈ ਸੀ ਭਾਵੇਂ ਕਿ ਉਸ ਦੀ ਸਰਕਾਰ ਸਿਰਫ ਪਾਕਿਸਤਾਨ ਦੇ ਸੂਬੇ ਖੈਬਰ-ਪਖਤੂਨਖਵਾ ਵਿੱਚ ਹੀ ਬਣ ਸਕਦੀ ਸੀ। ਪੀ. ਟੀ. ਆਈ. ਦੀ ਸਰਕਾਰ ਦੀ ਖੈਬਰ-ਪਖਤੂਨਖਵਾ ਵਿੱਚ ਕਾਰਗੁਜ਼ਾਰੀ ਵਧੀਆ ਰਹੀ, ਜਿਥੇ ਸਰਕਾਰ ਨੇ ਸਿਹਤ ਸੇਵਾਵਾਂ, ਪੁਲਿਸ, ਵਿੱਦਿਆ ਅਤੇ ਸਮਾਜਿਕ ਨਿਆਂ ਦੇ ਖੇਤਰਾਂ ਵਿੱਚ ਚੰਗਾ ਕੰਮ ਕੀਤਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿਵੇਂ ਪਾਕਿਸਤਾਨ ਪੀਪਲਜ਼ ਪਾਰਟੀ ਭੁੱਟੋ ਪਰਿਵਾਰ ਦੀ ਅਜ਼ਾਰੇਦਾਰੀ ਹੈ, ਪਾਕਿਸਤਾਨ ਮੁਸਲਿਮ ਲੀਗ ਤੇ ਨਵਾਜ਼ ਸ਼ਰੀਫ ਕੋੜਮੇ ਦਾ ਕਬਜ਼ਾ ਹੈ ਇਸੇ ਤਰ੍ਹਾਂ ਪੀ. ਟੀ. ਆਈ. ਦੇ ਕਰਤਾ-ਧਰਤਾ ਇਮਰਾਨ ਖਾਨ ਹੀ ਹਨ ਅਤੇ ਸਭ ਕੁਝ ਉਨ੍ਹਾਂ ਦੀ ਸ਼ਖਸੀਅਤ ਦੁਆਲੇ ਹੀ ਘੁੰਮਦਾ ਹੈ। ਉਨ੍ਹਾਂ ਦਾ ਅਕਸ ਇਰਾਦੇ ਦੇ ਦ੍ਰਿੜ ਅਤੇ ਇਮਾਨਦਾਰ ਵਿਅਕਤੀ ਵਾਲਾ ਹੈ। ਉਹ ਇੱਕ ਪਠਾਣ ਹਨ ਪਰ ਉਨ੍ਹਾਂ ਦੀ ਮਕਬੂਲੀਅਤ ਪੰਜਾਬ ਸਮੇਤ ਬਾਕੀ ਸੂਬਿਆਂ ਦੇ ਨੌਜਵਾਨਾਂ ਵਿੱਚ ਹੈ, ਜਿਨ੍ਹਾਂ ਨੇ ਸੋਸ਼ਲ ਮੀਡੀਏ ਰਾਹੀਂ ਇਮਰਾਨ ਖਾਨ ਦੇ ਹੱਕ ਵਿੱਚ ਲਹਿਰ ਬਣਾਈ। ਭੁੱਟੋ ਪਾਰਟੀ ਤੇ ਨਵਾਜ਼ ਸ਼ਰੀਫ ਪਾਰਟੀ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਪੂਰੀ ਤਰ੍ਹਾਂ ਫਸੀਆਂ ਹੋਈਆਂ ਹਨ, ਇਸ ਲਈ ਲੋਕਾਂ ਨੇ ਇੱਕ ਸਾਫ-ਸੁਥਰੇ ਅਕਸ ਵਾਲੇ ਬੰਦੇ ਨੂੰ ਮੌਕਾ ਦੇਣ ਦਾ ਫੈਸਲਾ ਕੀਤਾ।
ਇਮਰਾਨ ਖਾਨ, ਭਾਰਤ ਵਿੱਚ ਵੀ ਪ੍ਰਸਿੱਧ ਰਹੇ ਹਨ ਭਾਵੇਂ ਕਿ ਹੁਣ ਭਾਰਤੀ ਮੀਡੀਏ ਨੇ ਉਨ੍ਹਾਂ ਨੂੰ ‘ਵਿਲੇਨ’ ਦੇ ਤੌਰ ‘ਤੇ ਪੇਸ਼ ਕਰਨਾ ਸ਼ੁਰੂ ਕੀਤਾ ਹੈ। ਬੀਤੇ ਸਮੇਂ ਵਿੱਚ ਭਾਰਤ ਦੇ ਅੱਡ-ਅੱਡ ਟੀ. ਵੀ. ਚੈਨਲਾਂ ਨੂੰ ਦਿੱਤੇ ਪੰਜ ਇੰਟਰਵਿਊ ਦੱਸਦੇ ਹਨ ਕਿ ਇਮਰਾਨ ਖਾਨ ਕਸ਼ਮੀਰ, ਸਮੇਤ ਹਰ ਮਸਲੇ ਦਾ ਹੱਲ ‘ਗੱਲਬਾਤ’ ਰਾਹੀਂ ਕੱਢਣ ਵਿੱਚ ਯਕੀਨ ਰੱਖਦੇ ਹਨ ਪਰ ਕਿਸੇ ਧਮਕੀ ਤੋਂ ਡਰਨ-ਝੁਕਣ ਵਾਲੇ ਨਹੀਂ ਹਨ। ਘੱਟਗਿਣਤੀਆਂ ਸਬੰਧੀ ਵੀ ਉਨ੍ਹਾਂ ਦਾ ਵਰਤਾਰਾ ਹਮਦਰਦੀ ਵਾਲਾ ਰਿਹਾ ਹੈ ਅਤੇ ਉਨ੍ਹਾਂ ਦੀ ਪਾਰਟੀ ਨੇ ਸਮੇਂ-ਸਮੇਂ ਖੈਬਰ-ਪਖਤੂਨਖਵਾ ਤੋਂ ਸਿੱਖ ਉਮੀਦਵਾਰਾਂ ਨੂੰ ਮੌਕਾ ਦਿੱਤਾ ਹੈ।
ਇਮਰਾਨ ਖਾਨ, ਅਫਗਾਨਿਸਤਾਨ ਵਿੱਚ ਅਮਰੀਕੀ ਨੀਤੀ ਦੇ ਸਖਤ ਵਿਰੋਧੀ ਹਨ, ਇਸ ਲਈ ਅਮਰੀਕਾ ਪੱਖੀ ਲੋਕ ਉਨ੍ਹਾਂ ਨੂੰ ‘ਤਾਲੀਬਾਨ ਖਾਨ’ ਕਹਿ ਕੇ ਬੁਲਾਉਂਦੇ ਰਹੇ ਹਨ। ਆਪਣੀ ਜੇਤੂ ਸਪੀਚ ਵਿੱਚ ਉਨ੍ਹਾਂ ਨੇ ਚੀਨ ਦੀ ਕਾਫੀ ਤਾਰੀਫ ਕੀਤੀ ਹੈ ਅਤੇ ਅਮਰੀਕਾ ਨਾਲ ਸਬੰਧ ਸੁਧਾਰਨ ਦੀ ਗੱਲ ਵੀ ਕੀਤੀ ਹੈ। ਭਾਰਤ ਸਬੰਧੀ ਉਨ੍ਹਾਂ ਨੇ ਕਸ਼ਮੀਰ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਹੈ ਕਿ ਭਾਰਤ ਵਲੋਂ ਕਿਸੇ ਵੀ ਪੇਸ਼ਕਦਮੀ ਨੂੰ ਉਹ ਉਸੇ ਅੰਦਾਜ਼ ਵਿੱਚ ਹੱਲ ਵੱਲ ਵਧਣ ਲਈ ਅੱਗੇ ਆਉਣਗੇ। ਇਮਰਾਨ ਦੇ ਫੌਜ ਨਾਲ ਚੰਗੇ ਸਬੰਧ ਹਨ ਅਤੇ ਇਹ ਜ਼ਰੂਰੀ ਵੀ ਹੈ ਕਿਉੁਂਕਿ ਪਾਕਿਸਤਾਨ ਦੇ ਹੋਂਦ ਵਿੱਚ ਆਉਣ ਦੇ ਮੁੱਢਲੇ ਵਰ੍ਹਿਆਂ ਤੋਂ ਹੀ ਫੌਜ ਦਾ ਪਾਕਿਸਤਾਨ ਦੀ ਰਾਜਨੀਤੀ ਵਿੱਚ ਦਖਲ ਰਿਹਾ ਹੈ। ਖਾਸ ਕਰਕੇ 1959 ਤੋਂ ਜਦੋਂ ਕਿ ਫੌਜੀ ਮੁਖੀ ਅਯੂਬ ਖਾਨ ਨੇ ਸੱਤਾ ਪਲਟ ਕੇ ਫੌਜੀ ਰਾਜ ਕਾਇਮ ਕੀਤਾ ਸੀ। ਆਪਣੀ ਜੇਤੂ ਸਪੀਚ ਵਿੱਚ ਇਮਰਾਨ ਖਾਨ ਨੇ ਦੇਸ਼ ਦੀ ਆਰਥਿਕਤਾ, ਵਪਾਰ, ਕਾਨੂੰਨ ਵਿਵਸਥਾ, ਵਿੱਦਿਆ, ਸਿਹਤ ਸੇਵਾਵਾਂ ਆਦਿ ਨੂੰ ਪਹਿਲ ਦੇਣ ਦਾ ਐਲਾਨ ਕੀਤਾ ਹੈ।
ਪਾਕਿਸਤਾਨ ਦੇ ਚੋਣ ਨਤੀਜਿਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪਾਕਿਸਤਾਨ ਵਿੱਚ ‘ਇਸਲਾਮਿਕ ਅੱਤਵਾਦ’ ਦੀ ਕੋਈ ਥਾਂ ਨਹੀਂ ਹੈ। ਭਾਰੀ ਸ਼ੋਰ-ਸ਼ਰਾਬੇ ਤੇ ਧੂਮ-ਧੜੱਕੇ ਦੇ ਬਾਵਜੂਦ ਮਜ਼ਹਬੀ ਨਜ਼ਰੀਏ ਵਾਲੀਆਂ ਧਿਰਾਂ ਸਿਰਫ 10 ਸੀਟਾਂ ਹੀ ਜਿੱਤ ਸਕੀਆਂ ਜਦੋਂ ਕਿ ਬਹੁਗਿਣਤੀ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ। ਇਹ ਚੋਣ ਨਤੀਜੇ ਇਸ ਭਾਰਤੀ ਪ੍ਰਾਪੇਗੰਡੇ ਨੂੰ ਨਕਾਰਦੇ ਹਨ ਕਿ ਪਾਕਿਤਸਤਾਨ ਵਿੱਚ ‘ਜਿਹਾਦੀ ਲਹਿਰ’ ਚੱਲ ਰਹੀ ਹੈ। ਇਸ ਦੇ ਉਲਟ ਜੇ ਭਾਰਤ ਵੱਲ ਨਜ਼ਰ ਮਾਰੀਏ ਤਾਂ 2014 ਦੀਆਂ ਚੋਣਾਂ ਵਿੱਚ ‘ਹਿੰਦੂ, ਹਿੰਦੀ, ਹਿੰਦੂਸਤਾਨ’ ਦੀ ਮੁਦਈ ਦਹਿਸ਼ਤਗਰਦ ਧਿਰ ਆਰ. ਐਸ. ਐਸ. ਦੀ ਸਿਆਸੀ ਜਮਾਤ ਬੀਜੇਪੀ, ਆਪਣੇ ਬਲਬੂਤੇ ‘ਤੇ ਸਰਕਾਰ ਬਣਾਉਣ ਵਿੱਚ ਕਾਮਯਾਬ ਰਹੀ। ਇਸ ਵੇਲੇ ਭਾਰਤ ਦੇ 21 ਸੂਬਿਆਂ ਵਿੱਚ ਇਸ ਹਿੰਦੂ ਫਾਸ਼ੀਵਾਦੀ ਪਾਰਟੀ ਦੀਆਂ ਸਰਕਾਰਾਂ ਹਨ। 2019 ਦੀਆਂ ਚੋਣਾਂ ਜਿੱਤਣ ਲਈ ਆਰ. ਐਸ. ਐਸ. ਵਲੋਂ ਫੈਲਾਈ ਨਫਰਤ ਅਤੇ ਹਿੰਦੂ ਫਿਰਕਾਪ੍ਰਸਤੀ ਦੀ ਗ੍ਰਿਫਤ ਵਿੱਚ ਸਾਰਾ ਭਾਰਤ ਆ ਚੁੱਕਾ ਹੈ। ਸਿੱਖ, ਮੁਸਲਮਾਨ, ਦਲਿਤ, ਆਦਿਵਾਸੀ, ਇਸਾਈ ਇੱਕ ਖੌਫ ਅਤੇ ਭੈਅ ਦੇ ਮਾਹੌਲ ਵਿੱਚ ਜੀਅ ਰਹੇ ਹਨ। ਪਾਕਿਸਤਾਨ, ਜਿਹੜਾ ਕਿ ਪਿਛਲੇ ਕਈ ਦਹਾਕਿਆਂ ਤੋਂ ਖੁਦ ਦਹਿਸ਼ਤਗਰਦੀ ਦਾ ਸ਼ਿਕਾਰ ਹੈ, ਜਮਹੂਰੀਅਤ ਦੀ ਬਹਾਲੀ ਲਈ ਇਮਾਨਦਾਰ ਕੋਸ਼ਿਸ਼ ਕਰ ਰਿਹਾ ਹੈ। ਇਨ੍ਹਾਂ ਚੋਣਾਂ ਵਿੱਚ ਲਗਭਗ 11 ਕਰੋੜ ਵੋਟਰਾਂ ਨੇ ਹਿੱਸਾ ਲਿਆ ਅਤੇ ਲਗਭਗ 5 ਲੱਖ ਦੇ ਕਰੀਬ ਫੌਜ ਅਤੇ ਸੁਰੱਖਿਆ ਦਸਤਿਆਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਵੋਟਰ ਸ਼ਾਂਤੀਪੂਰਵਕ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕਣ।
ਅਸੀਂ ਪਾਕਿਸਤਾਨ ਵਿੱਚ ਇਮਰਾਨ ਖਾਨ ਦੀ ਅਗਵਾਈ ਵਿੱਚ ਬਣਨ ਵਾਲੀ ਸਰਕਾਰ ਨੂੰ ਸ਼ੁੱਭ ਕਾਮਨਾਵਾਂ ਦਿੰਦੇ ਹਾਂ। ਪਾਕਿਸਤਾਨ ਦੀ ਖੁਸ਼ਹਾਲੀ ਅਤੇ ਸਥਿਰਤਾ, 30 ਮਿਲੀਅਨ ਸਿੱਖ ਕੌਮ ਲਈ ਬੜੀ ਅਹਿਮੀਅਤ ਰੱਖਦੀ ਹੈ। ਖਾਲਿਸਤਾਨ ਦੇ ਮਾਡਲ ਲਈ ਜ਼ਰੂਰੀ ਹੈ ਕਿ ਪਾਕਿਸਤਾਨ ਦਾ ਮਾਡਲ ਕਾਮਯਾਬ ਸਾਬਤ ਹੋਵੇ। ਪਾਕਿਸਤਾਨ ਵਿੱਚ ਸਾਡੇ 174 ਦੇ ਕਰੀਬ ਇਤਿਹਾਸਕ ਗੁਰਦੁਆਰੇ ਹਨ ਅਤੇ 25 ਹਜ਼ਾਰ ਦੇ ਕਰੀਬ ਸਿੱਖ ਵੀ ਇੱਥੇ ਵਸਦੇ ਹਨ। ਸਿੱਖ ਕੌਮ ਇਸ ਗੱਲ ਦੀ ਆਸ ਕਰਦੀ ਹੈ ਕਿ ਇਮਰਾਨ ਖਾਨ ਦੀ ਸਰਕਾਰ ਸਿੱਖਾਂ ਸਮੇਤ ਹੋਰ ਘੱਟਗਿਣਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਏਗੀ। ਇਸਦੇ ਨਾਲ-ਨਾਲ ਖਾਲਿਸਤਾਨ ਦੀ ਕਾਇਮੀ ਲਈ, ਪਾਕਿਸਤਾਨ ਨੂੰ ਚਾਹੀਦਾ ਹੈ ਕਿ ਉਹ ਸਿੱਖਾਂ ਨੂੰ ‘ਡਿਪਲੋਮੈਟਿਕ ਹਮਾਇਤ’ ਦੇਵੇ, ਜਿਵੇਂ ਕਿ ਉਹ ਕਸ਼ਮੀਰ ਦੇ ਮੁੱਦੇ ‘ਤੇ ਦਿੰਦਾ ਹੈ। ਕਸ਼ਮੀਰ ਦੀ ਆਜ਼ਾਦੀ, ਖਾਲਿਸਤਾਨ ਦੀ ਕਾਇਮੀ ਨਾਲ ਜੁੜੀ ਹੋਈ ਹੈ। ਇੱਕ ਪਾਕਿਸਤਾਨ ਦਾਨਿਸ਼ਵਰ ਨੇ ਬਹੁਤ ਪਹਿਲਾਂ ਕਿਹਾ ਸੀ, ‘ਲਾਹੌਰ ਤੋਂ ਸ੍ਰੀਨਗਰ ਜਾਣ ਵਾਲੀ ਸੜਕ ਅੰਮ੍ਰਿਤਸਰ ਤੋਂ ਲੰਘਦੀ ਹੈ।’ ਇਸ ਦਾ ਡਿਪਲੋਮੈਟਿਕ ਮਤਲਬ ਸੀ – ਕਸ਼ਮੀਰ ਉਦੋਂ ਹੀ ਆਜ਼ਾਦ ਹੋਵੇਗਾ ਜਦੋਂ ਕਿ ਭਾਰਤੀ ਕਬਜ਼ੇ ਵਾਲਾ ਪੰਜਾਬ ਆਜ਼ਾਦ ਹੋਵੇਗਾ। ਅਸੀਂ ਆਸ ਕਰਦੇ ਹਾਂ ਕਿ ਇਮਰਾਨ ਖਾਨ ਪਾਕਿਸਤਾਨੀਆਂ ਅਤੇ ਸਿੱਖਾਂ ਦੀਆਂ ਉਮੀਦਾਂ ‘ਤੇ ਪੂਰਾ ਉਤਰੇਗਾ। ਆਮੀਨ!

ਟਿੱਪਣੀ ਕਰੋ:

About editor

Scroll To Top