Home / ਚੋਣਵੀ ਖਬਰ/ਲੇਖ / ਏਅਰ ਇੰਡੀਆ ਹਾਦਸਾ: ਸੱਚ ਸਾਹਮਣੇ ਲਿਆਉਣ ਲਈ ਨਿਰਪੱਖ ਅੰਤਰ-ਰਾਸ਼ਟਰੀ ਜਾਂਚ ਦੀ ਲੋੜ!

ਏਅਰ ਇੰਡੀਆ ਹਾਦਸਾ: ਸੱਚ ਸਾਹਮਣੇ ਲਿਆਉਣ ਲਈ ਨਿਰਪੱਖ ਅੰਤਰ-ਰਾਸ਼ਟਰੀ ਜਾਂਚ ਦੀ ਲੋੜ!


ਵਾਸ਼ਿੰਗਟਨ, ਡੀ. ਸੀ. (ਜੂਨ 16, 2018)- ਜੂਨ ਦਾ ਸਮੁੱਚਾ ਮਹੀਨਾ ਸਿੱਖ ਕੌਮ ਲਈ ਇੱਕ ਦੁਖਦ ਯਾਦਾਂ ਦਾ ਮਹੀਨਾ ਹੈ। ਇਸ ਮਹੀਨੇ ਵਿੱਚ, ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ, ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਸਾਢੇ ਤਿੰਨ ਸਾਲ ਦੇ ਸਪੁੱਤਰ ਅਜੈ ਸਿੰਘ ਸਮੇਤ 700 ਸਾਥੀ ਸਿੰਘਾਂ ਦੀ ਸ਼ਹਾਦਤ ਤਾਂ ਸਿੱਖ ਕੌਮ ਯਾਦ ਕਰਦੀ ਹੀ ਸੀ ਪਰ ਜੂਨ ’84 ਦੇ ਪਹਿਲੇ ਹਫ਼ਤੇ ਭਾਰਤੀ ਹਾਕਮਾਂ ਵਲੋਂ ਵਰਤਾਏ ਗਏ ਘੱਲੂਘਾਰੇ ਨੇ ਇਸ ਵਿੱਚ ਇੱਕ ਹੋਰ ਅਧਿਆਏ ਜੋੜ ਦਿੱਤਾ। ਅਫਸੋਸ! ਕਿ ਭਾਰਤ ਦੇ ਨਕਸ਼ੇ ਵਿੱਚ ਕੈਦ ਸਿੱਖ ਕੌਮ ਨੂੰ ਜੂਨ ’84 ਵਿੱਚ ਆਪਣੇ ਕਹਿਰ ਦਾ ਸ਼ਿਕਾਰ ਬਣਾਉਣ ਵਾਲੇ ਭਾਰਤੀ ਹਾਕਮਾਂ ਦੀਆਂ ਨਾਪਾਕ ਚਾਲਾਂ ਤੋਂ ਪ੍ਰਦੇਸੀ ਖਾਲਸਾ ਵੀ ਨਹੀਂ ਬਚ ਸਕਿਆ। ਸਿੱਖ ਕੌਮ ਨੂੰ ਦੁਨੀਆ ਭਰ ਵਿੱਚ ਬਦਨਾਮ ਕਰਨ ਦੀ ਕੁਨੀਤੀ ਦੇ ਤਹਿਤ ਭਾਰਤੀ ਖੁਫੀਆ ਏਜੰਸੀਆਂ ਨੇ 23 ਜੂਨ 1985 ਨੂੰ ਏਅਰ ਇੰਡੀਆ (ਕਨਿਸ਼ਕਾ) ਦੀ ਫਲਾਈਟ 182 ਵਿੱਚ ਬੰਬ ਧਮਾਕਾ ਕਰਵਾ ਕੇ, ਬੇਗੁਨਾਹ 329 ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰਿਆ। ਇਸ ਹਾਦਸੇ ਵਿੱਚ ਮਾਰੇ ਗਏ 329 ਵਿਅਕਤੀਆਂ ਵਿੱਚੋਂ 307 ਮੁਸਾਫਿਰ ਸਨ ਜਦੋਂਕਿ 22 ਵਿਅਕਤੀ ਜਹਾਜ਼ ਦੇ ਅਮਲੇ-ਫੈਲੇ ਨਾਲ ਸਬੰਧਿਤ ਸਨ। ਭਾਰਤੀ ਹਾਕਮਾਂ ਨੇ ਬੜੀ ਚਲਾਕੀ ਨਾਲ ਇਸ ਨਿੰਦਣਯੋਗ ਕਰਤੂਤ ਨੂੰ ਸਮੁੱਚੀ ਸਿੱਖ ਕੌਮ ਦੇ ਖਾਤੇ ਵਿੱਚ ਪਾਉਣ ਲਈ ਪੂਰੀ ਵਾਹ ਲਾਈ। ਉਸ ਸਮੇਂ ਦੌਰਾਨ ਦੀ ਸਿੱਖ ਭਾਵੁਕਤਾ ਅਤੇ ਸਿਆਸੀ ਨਾ-ਸਮਝੀ ਭਰੀ ਬਿਆਨਬਾਜ਼ੀ ਨੂੰ ਭਾਰਤੀ ਏਜੰਸੀਆਂ ਨੇ ਆਪਣੇ ਮੁਫਾਦ ਲਈ ਵਰਤਿਆ।
23 ਜੂਨ ਨੂੰ, ਮੌਂਟਰੀਅਲ ਤੋਂ ਲੰਡਨ ਰਾਹੀਂ ਨਵੀਂ ਦਿੱਤੀ ਜਾ ਰਿਹਾ ਏਅਰ ਇੰਡੀਆ ਦਾ ਇਹ ਜਹਾਜ਼ ਆਇਰਲੈਂਡ ਦੇ ਏਅਰਸਪੇਸ ਵਿੱਚ 31 ਹਜ਼ਾਰ ਫੁੱਟ ਦੀ ਉਚਾਈ ‘ਤੇ ਇੱਕ ਬੰਬ ਧਮਾਕੇ ਦਾ ਸ਼ਿਕਾਰ ਹੋ ਕੇ ਐਟਲਾਂਟਿਕ ਸਮੁੰਦਰ ਵਿੱਚ ਜਾ ਡਿੱਗਿਆ। ਮਾਰੇ ਗਏ 329 ਵਿਅਕਤੀਆਂ ‘ਚੋਂ 268 ਕੈਨੇਡੀਅਨ ਸ਼ਹਿਰੀ ਸਨ ਜਦੋਂਕਿ 27 ਬਰਤਾਨਵੀ ਅਤੇ 24 ਭਾਰਤੀ ਸ਼ਹਿਰੀ ਸਨ। 10 ਮੁਸਾਫਿਰਾਂ ਦਾ ਸਬੰਧ ਦੂਸਰੇ ਦੇਸ਼ਾਂ ਨਾਲ ਸੀ। ਮਾਰੇ ਗਏ ਇਨ੍ਹਾਂ ਬੇਗੁਨਾਹ ਮੁਸਾਫਿਰਾਂ ਵਿੱਚ 35 ਸਿੱਖ ਸਨ, ਜਿਹੜੇ ਗਰੇਟਰ ਮੌਂਟਰੀਅਲ ਨਾਲ ਸਬੰਧਿਤ ਸਨ।
ਇਸ ਦੁਖਦ ਹਾਦਸੇ ਰਾਹੀਂ ਕੈਨੇਡਾ ਵਿੱਚ ਹੀ ਨਹੀਂ ਬਲਕਿ ਕੁਲ ਦੁਨੀਆ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਲਈ ਭਾਰਤੀ ਏਜੰਸੀਆਂ ਨੇ, ਪੂਰਾ ਅੱਡੀ-ਚੋਟੀ ਦਾ ਜ਼ੋਰ ਲਾਇਆ। ਭਾਰਤੀ ਏਜੰਸੀਆਂ ਦੀ ਇਸ ਖੇਡ ਨੂੰ ਸਫਲ ਬਣਾਉਣ ਵਿੱਚ ਆਰ. ਸੀ. ਐਮ. ਪੀ. ਸਮੇਤ ਕੈਨੇਡਾ ਦੀਆਂ ਖੁਫੀਆ ਏਜੰਸੀਆਂ ਨੇ ਵੀ ਪੂਰਾ ਯੋਗਦਾਨ ਪਾਇਆ। ਇਸ ਕਾਂਡ ਦੀ ਕੈਨੇਡਾ ਦੇ ਇਤਿਹਾਸ ਵਿੱਚ ਸਭ ਤੋਂ ‘ਖਰਚੀਲੀ ਜਾਂਚ’ ਦੇ ਬਾਵਜੂਦ, 1984-85 ਦੇ ਸਮੇਂ ਦੌਰਾਨ, ਓਟਵਾ, ਕੌਂਸਲੇਟਾਂ ਅਤੇ ਹਾਈ ਕਮਿਸ਼ਨਾਂ ਵਿੱਚ ਤਾਇਨਾਤ ਭਾਰਤੀ ਖੁਫੀਆ ਏਜੰਸੀਆਂ ਦੇ ਏਜੰਟਾਂ ਨੂੰ ਕਦੀ ਵੀ ਜਾਂਚ ਦੇ ਘੇਰੇ ਵਿੱਚ ਨਹੀਂ ਲਿਆਂਦਾ ਗਿਆ।
ਕੈਨੇਡਾ ਦੀਆਂ ਪ੍ਰਸਿੱਧ ਅਖਬਾਰਾਂ ‘ਗਲੋਬ ਐਂਡ ਮੇਲ’ ਅਤੇ ‘ਟੋਰੰਟੋ ਸਟਾਰ’ ਦੇ ਦੋ ਪੱਤਰਕਾਰਾਂ ਜੁਹੇਰ ਕਸ਼ਮੀਰੀ ਅਤੇ ਬਰਾਇਨ ਮੈਕਐਂਡਰਿਊ ਨੇ, ਇਸ ਹਾਦਸੇ ਅਤੇ ਕੈਨੇਡੀਅਨ ਸਿੱਖਾਂ ਦੇ ਮਾਮਲਿਆਂ ਵਿੱਚ ਭਾਰਤੀ ਖੁਫੀਆ ਏਜੰਸੀਆਂ ਦੀ ਦਖਲਅੰਦਾਜ਼ੀ ਸਬੰਧੀ ਸਬੂਤਾਂ ਸਮੇਤ ਇੱਕ ਪੁਸਤਕ ਲਿਖੀ ਹੈ, ਜਿਸ ਦਾ ਨਾਂ ਹੈ ‘ਸੌਫਟ ਟਾਰਗੈਟ’। ਇਸ ਵਿੱਚ ਵੇਰਵੇ ਸਹਿਤ ਦੱਸਿਆ ਗਿਆ ਹੈ ਕਿ ਕਿਵੇਂ ਭਾਰਤੀ ਦੂਤਾਵਾਸਾਂ ਵਿਚਲੇ ਏਜੰਟਾਂ ਨੇ ਸਿੱਖਾਂ ਵਿੱਚ ਘੁਸਪੈਠ ਕਰਕੇ, ਇਸ ਨਿੰਦਣਯੋਗ ਕਾਂਡ ਨੂੰ ਸਿਰੇ ਚੜ੍ਹਾਇਆ, ਲੇਕਿਨ ਇਸ ਦੇ ਬਾਵਜੂਦ ‘ਜਾਂਚ-ਪੜਤਾਲ’ ਦਾ ਰੁਖ ਕਦੀ ਵੀ ਭਾਰਤੀ ਏਜੰਸੀਆਂ ਵੱਲ ਨਹੀਂ ਕੀਤਾ ਗਿਆ। ਇਸ ਦੇ ਉਲਟ, ਭਾਰਤੀ ਏਜੰਸੀਆਂ ਸਬੰਧੀ ਬਹੁਤ ਸਾਰੇ ਸਬੂਤਾਂ ਨੂੰ ਆਰ. ਸੀ. ਐਮ. ਪੀ. ਨੇ ਨਸ਼ਟ ਕੀਤਾ ਅਤੇ ਕੁਝ ਏਜੰਟਾਂ ਨੂੰ ਪੇਅਰੋਲ ‘ਤੇ ਪਾ ਕੇ ਗਵਾਹਾਂ ਵਜੋਂ ਵਰਤਣ ਦੀ ਕੋਸ਼ਿਸ਼ ਕੀਤੀ। ਅਦਾਲਤੀ ਕਾਰਵਾਈ ਵਿੱਚ ਦੋ ਵਿਅਕਤੀਆਂ ਦੇ ਨਿਰਦੋਸ਼ ਸਾਬਤ ਹੋਣ ਦੇ ਬਾਵਜੂਦ, ਅੱਜ ਤੱਕ ਵੀ ਇਸ ਕਾਂਡ ਨੂੰ ਸਮੁੱਚੀ ਸਿੱਖ ਕੌਮ ਦੇ ਖਾਤੇ ਵਿੱਚ ਪਾਇਆ ਜਾਂਦਾ ਹੈ। ਭਾਰਤੀ ਏਜੰਸੀਆਂ ਨੇ ਆਪਣੀ ਇਸ ਕਾਰਵਾਈ ਨਾਲ, ਇੱਕੋ ਹੀ ਝਟਕੇ ਵਿੱਚ ਸਿੱਖਾਂ ਦੀ ਆਜ਼ਾਦੀ ਦੀ ਲਹਿਰ (ਖਾਲਿਸਤਾਨ) ਨੂੰ ‘ਅੰਤਰਰਾਸ਼ਟਰੀ ਦਹਿਸ਼ਤਗਰਦੀ’ ਦੇ ਖਾਤੇ ਵਿੱਚ ਪਵਾ ਦਿੱਤਾ। ਜਿੱਥੇ ਸਿੱਖ ਕੌਮ ‘ਤੇ ਭਾਰਤੀ ਹਾਕਮਾਂ ਵਲੋਂ ਕੀਤੇ ਜਾ ਰਹੇ ਜ਼ੁਲਮਾਂ ਕਰਕੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਸੀ, ਉਸ ਦੇ ਉਲਟ ਸਿੱਖਾਂ ਨੂੰ ਇੱਕ ਖੂੰਖਾਰ, ਖੂਨ ਦੇ ਪਿਆਸੇ, ਬੇਗੁਨਾਹਾਂ ਨੂੰ ਮਾਰਨ ਵਾਲੇ ਬੇਤਰਸ ਦਹਿਸ਼ਤਗਰਦਾਂ ਵਜੋਂ ਵੇਖਿਆ ਜਾਣ ਲੱਗਾ। ਭਾਰਤੀ ਏਜੰਸੀਆਂ ਵਲੋਂ ਇਹ ਪ੍ਰਾਪੇਗੰਡਾ ਕਿਸੇ ਨਾ ਕਿਸੇ ਤਰੀਕੇ ਨਾਲ ਅਜੇ ਵੀ ਜਾਰੀ ਰੱਖਿਆ ਜਾ ਰਿਹਾ ਹੈ।
ਭਾਰਤੀ ਏਜੰਸੀਆਂ, ਜੂਨ 84 ਦੇ ਘੱਲੂਘਾਰੇ ਤੋਂ ਬਾਅਦ, ਅਮਰੀਕਾ ਕੈਨੇਡਾ, ਇੰਗਲੈਂਡ ਸਮੇਤ ਯੂਰਪ ਦੇ ਸਿੱਖਾਂ ਦੀ ਵਧ ਰਹੀ ਹਮਾਇਤ ਤੋਂ ਕਾਫੀ ਚਿੰਤਤ ਸਨ। ਇਸ ਹਮਾਇਤ ਨੂੰ ਸਿਰਫ ਕਿਸੇ ਵੱਡੀ ਦਹਿਸ਼ਤਗਰਦੀ ਦੀ ਘਟਨਾ ਨਾਲ ਹੀ ਨਫਰਤ ਵਿੱਚ ਬਦਲਿਆ ਜਾ ਸਕਦਾ ਸੀ। ਪੁਸਤਕ ‘ਸੌਫਟ ਟਾਰਗੈਟ’ ਦੇ ਪੰਨਾ 53 ‘ਤੇ ਭਾਰਤੀ ਏਜੰਸੀਆਂ ਦੀ ‘ਅੰਦਰੂਨੀ ਖੇ²ਡ’ ਸਬੰਧੀ ਇਹ ਵੇਰਵਾ ਦਰਜ ਹੈ।
”ਭਾਰਤ ਦੀ ਵਾਸ਼ਿੰਗਟਨ ਡੀ. ਸੀ. ਦੀ ਅੰਬੈਂਸੀ ਵਿੱਚ ਵਿਜੈ ਕੁਮਾਰ ਇੱਕ ਖੁਫੀਆ ਏਜੰਟ ਸੀ, ਜਿਹੜਾ ਕਿ ਅਮਰੀਕੀ ਸਿਆਸਤਦਾਨਾਂ ਨਾਲ, ਸਿੱਖ ਵੱਖਵਾਦੀਆਂ ਦੇ ਸਬੰਧਾਂ ‘ਤੇ ਅੱਖ ਰੱਖ ਰਿਹਾ ਸੀ। ਉਸ ਸਮੇਂ ਦੌਰਾਨ ਦਿੱਤੇ ਇੱਕ ਇੰਟਰਵਿਊ ਵਿੱਚ ਉਸ ਨੇ ਕਿਹਾ ਕਿ ਸੱਜੇ ਪੱਖੀ 30 ਸੈਨੇਟਰ ਇਸ ਵੇਲੇ ਸਿੱਖਾਂ ਦੀ ਹਮਾਇਤ ਕਰ ਰਹੇ ਹਨ। ਜੇ ਇਨ੍ਹਾਂ ਸੈਨੇਟਰਾਂ ਦਾ ਵੱਸ ਚੱਲੇ ਤਾਂ ਇਹ ਭਾਰਤ ਨੂੰ ਕਈ-ਕਈ ਟੁਕੜਿਆਂ ਵਿੱਚ ਤੋੜ ਸੁੱਟਣ। ਸਿੱਖ ਇਨ੍ਹਾਂ ਸੈਨੇਟਰਾਂ ਨੂੰ ਮੂਰਖ ਬਣਾ ਰਹੇ ਹਨ। ਪਰ ਅਮਰੀਕਾ ਦੀ ਜਨਤਾ ਦਾ ਸਟੈਂਡ ਦਹਿਸ਼ਤਗਰਦੀ ਦੇ ਖਿਲਾਫ ਹੈ। ਅਸੀਂ ਦੇਖਾਂਗੇ ਕਿ ਇਹ ਸੈਨੇਟਰ ਸਿੱਖਾਂ ਦੀ ਹਮਾਇਤ ਵਿੱਚ ਕਿੱਥੋਂ ਤੱਕ ਜਾਣਗੇ। ਇੱਕ ਗੱਲ ਸਪੱਸ਼ਟ ਹੈ ਕਿ ਇਹ ਸੈਨੇਟਰ ਅਤੇ ਦੂਸਰੇ ਹੋਰ (ਸਿੱਖਾਂ ਦੇ ਹਮਦਰਦ) ਦਹਿਸ਼ਤਗਰਦੀ ਦੀ ਕਦੀ ਹਮਾਇਤ ਨਹੀਂ ਕਰ ਸਕਦੇ।”
ਪਾਠਕਜਨ! ਜ਼ਾਹਰ ਹੈ ਕਿ ਏਅਰ ਇੰਡੀਆ ਦਾ ਹਾਦਸਾ, ਭਾਰਤੀ ਏਜੰਸੀਆਂ ਦੀ ਹੀ ਕਾਰਸਤਾਨੀ ਸੀ। ਇਸ ਘਟਨਾ ਨੇ ਸਿੱਖ ਅਜ਼ਾਦੀ ਲਹਿਰ ਨੂੰ ਪੂਰੀ ਤਰ੍ਹਾਂ ਬਦਨਾਮ ਕਰਕੇ ਰੱਖ ਦਿੱਤਾ ਸੀ। ਲਗਭਗ ਤਿੰਨ ਦਹਾਕਿਆਂ ਬਾਅਦ, ਜਦੋਂਕਿ ਸਿੱਖ ਕੌਮ, ਖਾਲਿਸਤਾਨ ਦੀ ਲੜਾਈ ਲਈ ਨਵੀਂ ਪੈਂਤੜੇਬਾਜ਼ੀ ਕਰ ਰਹੀ ਸੀ ਅਤੇ ਸਿੱਖਾਂ ਦੀ ਨੌਜਵਾਨ ਪੀੜ੍ਹੀ, ਖਾਲਿਸਤਾਨ ਦੀ ਝੰਡਾਬਰਦਾਰ ਬਣ ਚੁੱਕੀ ਹੈ, ਭਾਰਤੀ ਏਜੰਸੀਆਂ ਫਿਰ ਕੋਈ ਕੋਝੀ ਖੇਡ ਖੇਡਣ ਦੀ ਝਾਕ ਵਿੱਚ ਹਨ। ਜਿਸ ਤਰੀਕੇ ਨਾਲ ਘੱਲੂਘਾਰਾ ’84 ਦੀ 34ਵੀਂ ਦੁਖਦ ਯਾਦ ਸਬੰਧੀ ਦੁਨੀਆਂ ਭਰ ਵਿੱਚ ਸਿੱਖ ਕੌਮ ਵਲੋਂ ਵਿਖਾਈ ਗਈ ਜਾਗਰੂਕਤਾ ਨੂੰ, ਭਾਰਤੀ ਏਜੰਸੀਆਂ ਵਲੋਂ ਪਲਾਂਟ ਕੀਤੀਆਂ ਵੱਖ-ਵੱਖ ਸਟੋਰੀਆਂ ਵਿੱਚ ‘ਦਹਿਸ਼ਤਗਰਦੀ ਦੇ ਮੁੜ ਉਭਾਰ’ ਵਜੋਂ ਪੇਸ਼ ਕੀਤਾ ਜਾ ਰਿਹਾ ਹੈ, ਉਹ ਇਨ੍ਹਾਂ ਦੀ ਕੱਛ ਵਿੱਚ ਲੁਕੀ ਕਿਸੇ ਨਵੀਂ ਸ਼ਰਾਰਤ ਦੀ ਨਿਸ਼ਾਨਦੇਹੀ ਕਰਦਾ ਹੈ। ਇਸ ਤੋਂ ਸਾਨੂੰ ਖਬਰਦਾਰ ਹੋਣ ਦੀ ਲੋੜ ਹੈ। ‘ਸਿੱਖਸ ਫਾਰ ਜਸਟਿਸ’ ਵਲੋਂ, ਸਿੱਖਾਂ ਦੇ ਸ੍ਵੈ-ਨਿਰਣੇ ਦੇ ਹੱਕ ਲਈ ਕੀਤੀ ਜਾ ਰਹੀ ਲਾਮਬੰਦੀ ਦੀ ਅਸੀਂ ਸ਼ਲਾਘਾ ਕਰਦੇ ਹਾਂ। ਉਨ੍ਹਾਂ ਵਲੋਂ ਏਅਰ ਇੰਡੀਆ ਹਾਦਸੇ ਨੂੰ ਭਾਰਤੀ ਖੁਫੀਆ ਏਜੰਸੀਆਂ ਦੀ ਕਾਰਵਾਈ ਵਜੋਂ ਉਭਾਰਨਾ ਵੀ ਇੱਕ ਠੀਕ ਦਿਸ਼ਾ ਵੱਲ ਕਦਮ ਹੈ, ਕਿਉਂਕਿ ਸਿੱਖ ਕੌਮ ਦਾ ਇੱਕ ਵੱਡਾ ਹਿੱਸਾ ਵੀ ਭਾਰਤੀ ਪ੍ਰਾਪੇਗੰਡੇ ਦਾ ਪ੍ਰਭਾਵ ਕਬੂਲਦਿਆਂ ਇਸ ਗੈਰ-ਮਨੁੱਖੀ ਕਾਰਵਾਈ ਨੂੰ ਆਪਣੀ ਸ਼ਰਮਸਾਰੀ ਵਜੋਂ ਹੀ ਵੇਖਦਾ ਆ ਰਿਹਾ ਹੈ। ਅਸੀਂ ਸਮਝਦੇ ਹਾਂ ਕਿ ਸਿੱਖ ਕੌਮ ਵਲੋਂ ਇਹ ਜ਼ੋਰਦਾਰ ਮੰਗ ਕੀਤੀ ਜਾਣੀ ਚਾਹੀਦੀ ਹੈ ਕਿ ਕਿਉਂਕਿ ਇਸ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦਾ ਸਬੰਧ ਅੱਡ-ਅੱਡ ਦੇਸ਼ਾਂ ਨਾਲ ਸੀ, ਇਸ ਲਈ ਸਚਾਈ ਨੂੰ ਸਾਹਮਣੇ ਲਿਆਉਣ ਲਈ ਇਸ ਦੀ ਨਿਰਪੱਖ ਅੰਤਰਰਾਸ਼ਟਰੀ ਜਾਂਚ ਹੋਣੀ ਚਾਹੀਦੀ ਹੈ, ਤਾਂਕਿ ਸਚਾਈ ਸਾਹਮਣੇ ਆ ਸਕੇ।
ਅਸੀਂ ਇਸ ਦੁਖਦ ਹਾਦਸੇ ਵਿੱਚ ਮਾਰੇ ਗਏ 329 ਨਿਰਦੋਸ਼ ਵਿਅਕਤੀਆਂ ਦੇ ਪਰਿਵਾਰਜਨਾਂ ਨਾਲ ਵੀ ਪੂਰਨ ਹਮਦਰਦੀ ਦਾ ਪ੍ਰਗਟਾਵਾ ਕਰਦੇ ਹਾਂ। ਅੰਤਰਰਾਸ਼ਟਰੀ ਜਾਂਚ ਰਾਹੀਂ ਜੇ ਸੱਚਾਈ ਸਾਹਮਣੇ ਆਏਗੀ ਤਾਂ ਭਾਰਤੀ ਏਜੰਸੀਆਂ ਵਲੋਂ ਭਵਿੱਖ ਵਿੱਚ ਕੀਤੀ ਜਾਣ ਵਾਲੀ ਕਿਸੇ ਹੋਰ ਭਿਆਨਕ ਘਟਨਾ ਨੂੰ ਵੀ ਠੱਲ੍ਹ ਪੈ ਜਾਵੇਗੀ।
ਇਹ ਵੀ ਇੱਕ ਸੱਚਾਈ ਹੈ ਕਿ 1985 ਵਿੱਚ ਕੈਨੇਡਾ ਦਾ ‘ਕਨਿਸ਼ਕ ਕਾਂਡ’ ਵੀ ਭਾਰਤ ਆਈ. ਬੀ. ਅਤੇ ਉਸ ਦੀਆਂ ਫਰੰਟ ਏਜੰਸੀਆਂ ਦੀ ਕਰਤੂਤ ਹੀ ਸੀ। ‘ਓਪਨ ਸੀਕਰੇਟਸ’ ਲਿਖਣ ਵਾਲਾ ਮਲੋਏ ਧਰ ਵੀ ਆਈ. ਬੀ. ਦਾ ਉੱਚ-ਅਧਿਕਾਰੀ ਹੀ ਸੀ ਅਤੇ ਉਸ ਦੌਰ ਵਿੱਚ ਉਸ ਦੀ ਪੋਸਟਿੰਗ ਓਟਵਾ (ਕੈਨੇਡਾ ਦੀ ਰਾਜਧਾਨੀ) ਵਿੱਚ ਸੀ, ਜਿਹੜਾ ਇੰਕਸ਼ਾਫ ਉਸ ਨੇ ਆਪਣੀ ਪੁਸਤਕ ਵਿੱਚ ਕੀਤਾ ਹੈ। ਇਹ ਵੀ ਯਾਦ ਕਰਨ ਵਾਲੀ ਗੱਲ ਹੈ ਕਿ ਦਸੰਬਰ 2001 ਵਿੱਚ ਭਾਰਤੀ ਪਾਰਲੀਮੈਂਟ ‘ਤੇ ਹਮਲਾ ਕਰਨ ਤੋਂ ਪਹਿਲਾਂ, ਇਸੇ ਆਈ. ਬੀ. ਨੇ ਗ੍ਰਹਿ ਮੰਤਰੀ ਅਡਵਾਨੀ ਨੂੰ ਭਰੋਸੇ ਵਿੱਚ ਲੈ ਕੇ 20 ਮਾਰਚ, 2000 ਨੂੰ, ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਪਿੰਡ ਵਿੱਚ 35 ਸਿੱਖਾਂ ਦਾ ਕਤਲੇਆਮ ਕੀਤਾ ਸੀ। ਇਸ ਘਿਨਾਉਣੀ ਕਾਰਵਾਈ ਨੂੰ ਵੀ ਲਸ਼ਕਰ-ਏ-ਤੋਇਬਾ ਦੇ ਖਾਤੇ ਵਿੱਚ ਪਾਇਆ ਗਿਆ ਸੀ ਜਿਵੇਂਕਿ ਪਾਰਲੀਮੈਂਟ ‘ਤੇ ਹਮਲੇ ਅਤੇ ਮੁੰਬਈ ਦੇ ਦਹਿਸ਼ਤਗਰਦ ਹਮਲਿਆਂ ਨੂੰ ਪਾਇਆ ਗਿਆ।
ਪਾਠਕਜਨ! ਤੱਥ ਆਪਣੇ ਮੂੰਹੋਂ ਬੋਲ ਕੇ ਦੱਸ ਰਹੇ ਹਨ ਕਿ ਭਾਰਤੀ ਖੁਫੀਆ ਏਜੰਸੀਆਂ ਦਾ ‘ਤੰਦੂਆ ਜਾਲ’ ਕਿੰਨਾ ਬੇਕਿਰਕ ਤੇ ਬੇਰਹਿਮ ਹੈ। ਉਨ੍ਹਾਂ ਲਈ ਆਪਣੇ ਸ਼ਹਿਰੀਆਂ ਨੂੰ ਮਾਰਨਾ, ਸੁਰੱਖਿਆ ਕਰਮਚਾਰੀਆਂ ਨੂੰ ਮਾਰਨਾ, ਸਿੱਖਾਂ-ਮੁਸਲਮਾਨਾਂ ਨੂੰ ਮਾਰਨਾ, ਹੇਮੰਤ ਕਰਕਰੇ ਵਰਗੇ ਈਮਾਨਦਾਰ ਇਨਵੈਸਟੀਗੇਟਰ ਨੂੰ ਮਾਰਨਾ, ਜਹਾਜ਼ਾਂ ਨੂੰ ਉਡਾਉਣਾ, ਇੱਕ ਮਾਮੂਲੀ ਜਿਹੀ ਗੱਲ ਹੈ। ਭਾਰਤੀ ਖੁਫੀਆ ਏਜੰਸੀਆਂ ਇਸ ਵੇਲੇ ਪੂਰੀ ਤਰ੍ਹਾਂ ਹਿੰਦੂਤਵੀਆਂ ਦੇ ਕਬਜ਼ੇ ਵਿੱਚ ਹਨ ਅਤੇ ਹਿੰਦੂਤਵ ਦੇ ਏਜੰਡੇ ਨੂੰ ਲਾਗੂ ਕਰਨ ਲਈ ਭਵਿੱਖ ਵਿੱਚ ਹੋਰ ਵੀ ਖਤਰਨਾਕ ਕਾਰਵਾਈਆਂ ਸਾਹਮਣੇ ਆਉਣਗੀਆਂ। ਇਨ੍ਹਾਂ ਲਈ ਨਿਰਦੋਸ਼ਾਂ ਦੀ ਜਾਨ ਦਾ ਕੋਈ ਮੁੱਲ ਨਹੀਂ। ਆਪਣੇ ਏਜੰਡੇ ‘ਤੇ ਨਿਸ਼ਾਨੇ ਦੀ ਪੂਰਤੀ ਲਈ ਇਹ ਜਿੰਨਾ ਚਾਹੁੰਣ ਖੂਨ ਡੋਲ੍ਹ ਸਕਦੇ ਹਨ।
ਭਵਿੱਖ ਦੀ ਖਬਰਦਾਰੀ ਅਤੇ ਕਨਿਸ਼ਕਾ ਕਾਂਡ ਦੀ ਅੰਤਰਰਾਸ਼ਟਰੀ ਪੜਤਾਲ, ਭਾਰਤੀ ਖੂਨੀ ਖੇਡ ਨੂੰ ਰੋਕ ਸਕਦੇ ਹਨ। ਇਸ ਲਈ ਜ਼ੋਰਦਾਰ ਲਾਮਬੰਦੀ ਦੀ ਲੋੜ ਹੈ।

ਟਿੱਪਣੀ ਕਰੋ:

About editor

Scroll To Top