Home / ਚੋਣਵੀ ਖਬਰ/ਲੇਖ / ਲੰਗਰ ਤੇ ਲੱਗਿਆ ‘ਜਜ਼ੀਆ ਟੈਕਸ’ ਹਟਾਉਣ ਦੀ ਥਾਂ ਭਾਰਤ ਸਰਕਾਰ ਨੇ ਲੰਗਰ ਦੀ ਅਹਿਮੀਅਤ ਨੂੰ ਛੁਟਿਆਉਂਦਿਆਂ ਇਸ ਨੂੰ ਜੋੜਿਆ ‘ਸੇਵਾ ਭੋਜ ਯੋਜਨਾ’ ਨਾਲ!

ਲੰਗਰ ਤੇ ਲੱਗਿਆ ‘ਜਜ਼ੀਆ ਟੈਕਸ’ ਹਟਾਉਣ ਦੀ ਥਾਂ ਭਾਰਤ ਸਰਕਾਰ ਨੇ ਲੰਗਰ ਦੀ ਅਹਿਮੀਅਤ ਨੂੰ ਛੁਟਿਆਉਂਦਿਆਂ ਇਸ ਨੂੰ ਜੋੜਿਆ ‘ਸੇਵਾ ਭੋਜ ਯੋਜਨਾ’ ਨਾਲ!

‘ਜੂਨ -84 ਵਿੱਚ ਦਰਬਾਰ ਸਾਹਿਬ ‘ਤੇ ਹਮਲਾ ਕਰਨ ਵਾਲੇ ਭਾਰਤੀ ਕਮਾਂਡੋਆਂ ਨੂੰ ਇਜ਼ਰਾਈਲ ਦੀ ਖੁਫੀਆ ਏਜੰਸੀ ਮੌਸਾਦ ਨੇ ਦਿੱਤੀ ਟਰੇਨਿੰਗ’-ਮਿਡਲ ਈਸਟ ਮਾਨੀਟਰ
ਲੰਗਰ ਤੇ ਲੱਗਿਆ ‘ਜਜ਼ੀਆ ਟੈਕਸ’ ਹਟਾਉਣ ਦੀ ਥਾਂ ਭਾਰਤ ਸਰਕਾਰ ਨੇ ਲੰਗਰ ਦੀ ਅਹਿਮੀਅਤ ਨੂੰ ਛੁਟਿਆਉਂਦਿਆਂ ਇਸ ਨੂੰ ਜੋੜਿਆ ‘ਸੇਵਾ ਭੋਜ ਯੋਜਨਾ’ ਨਾਲ!
ਬੇਸ਼ਰਮ ਬਾਦਲ ਕੋੜਮੇ ਨੇ ਇਸ ਨੂੰ ਦੱਸਿਆ ਬਹੁਤ ਵੱਡੀ ਪ੍ਰਾਪਤੀ!
ਸ਼ਿਲਾਂਗ (ਮੇਘਾਲਿਆ) ਵਿੱਚ ਸਿੱਖ ਭਾਈਚਾਰੇ ਦੇ ਖਿਲਾਫ ਹਿੰਸਾ ਨੇ ਸਾਬਤ ਕਰ ਦਿੱਤਾ ਹੈ ਕਿ ਭਾਰਤ ਵਿੱਚ ਕਸ਼ਮੀਰ ਤੋਂ ਉੱਤਰ-ਪੂਰਬ ਅਤੇ ਕੇਰਲਾ ਤੱਕ ਸਿੱਖ ਕਿਤੇ ਵੀ ਸੁਰੱਖਿਅਤ ਨਹੀਂ!
ਕੀ 30 ਮਿਲੀਅਨ ਸਿੱਖ ਕੌਮ ਕੋਲ ਅਜ਼ਾਦ ਦੇਸ਼ ਖਾਲਿਸਤਾਨ ਦੀ ਪ੍ਰਾਪਤੀ ਤੋਂ ਬਿਨਾਂ ਬਚਣ ਦਾ ਕੋਈ ਰਸਤਾ ਬਾਕੀ ਹੈ?
ਵਾਸ਼ਿੰਗਟਨ (ਡੀ. ਸੀ.) – 9 ਜੂਨ, 2018 – ਜੂਨ ’84 ਦੇ ਘੱਲੂਘਾਰੇ ਦੀ 34ਵੀਂ ਦੁਖਦ ਯਾਦ ਦੁਨੀਆ ਭਰ ਵਿੱਚ ਬੈਠੀ ਸਿੱਖ ਕੌਮ ਵਲੋਂ ਮਨਾਈ ਗਈ। ਸ਼ਹੀਦੀ ਸਮਾਗਮ, ਪ੍ਰੋਟੈਸਟ, ਕੈਂਡਲ ਲਾਈਟ ਵਿਜ਼ਿਲ, ਫਰੀਡਮ ਮਾਰਚ, ਵਿਚਾਰ-ਗੋਸ਼ਟੀਆਂ ਦੁਨੀਆ ਦੇ ਕੋਨੇ-ਕੋਨੇ ਵਿੱਚ ਹੋਈਆਂ। ਲੰਡਨ, ਫਰੈਂਕਫਰਟ, ਵਾਸ਼ਿੰਗਟਨ ਡੀ. ਸੀ., ਸੈਨ-ਫਰਾਂਸਿਸਕੋ, ਓਟਵਾ, ਵੈਨਕੂਵਰ ਆਦਿ ਥਾਵਾਂ ‘ਤੇ ਭਾਰੀ ਰੋਸ ਵਿਖਾਵੇ ਹੋਏ। ਸ੍ਰੀ ਅੰਮ੍ਰਿਤਸਰ ਸ਼ਹਿਰ ਵਿੱਚ ‘ਨਸਲਕੁਸ਼ੀ ਯਾਦਗਾਰ ਮਾਰਚ’ ਕੱਢਿਆ ਗਿਆ ਅਤੇ 6 ਜੂਨ ਨੂੰ ਅੰਮ੍ਰਿਤਸਰ ਵਿੱਚ ਮੁਕੰਮਲ ਬੰਦ ਹੋਇਆ। ਘੱਲੂਘਾਰਾ ਹਫ਼ਤੇ ਦਾ ਮੁੱਖ ਸਮਾਗਮ ਸ੍ਰੀ ਅਕਾਲ ਤਖਤ ਸਾਹਿਬ ਵਿਖੇ 6 ਜੂਨ ਨੂੰ ਲਗਭਗ ਸ਼ਾਂਤ ਮਾਹੌਲ ਵਿੱਚ ਹੋਇਆ। ‘ਸਰਕਾਰੀ ਟਾਸਕ ਫੋਰਸ’ ਦੇ ਜਬਰ ਭਰੇ ਹੱਥਕੰਡਿਆਂ ਦੇ ਬਾਵਜੂਦ, ਖਾਲਿਸਤਾਨੀ ਝੰਡਾ ਵੀ ਲਹਿਰਾਇਆ ਗਿਆ ਅਤੇ ‘ਖਾਲਿਸਤਾਨ-ਜ਼ਿੰਦਾਬਾਦ’ ਦੇ ਨਾਹਰੇ ਵੀ ਗੂੰਜਦੇ ਰਹੇ।
ਪੰਜਾਬ ਦੀ ਖੁਦਮੁਖਤਾਰੀ ਦੀ ਗੱਲ ਕਰਨਾ ਸਰਕਾਰੀ ਜਥੇਦਾਰ ਦੀ ਵੀ ਮਜ਼ਬੂਰੀ ਬਣ ਗਿਆ। ਸਰਬੱਤ ਖਾਲਸਾ ਵਲੋਂ ਥਾਪੇ, ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ, ਜਥੇਦਾਰ ਧਿਆਨ ਸਿੰਘ ਮੰਡ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ 2 ਜੂਨ ਤੋਂ ਬਰਗਾੜੀ ਵਿਖੇ ਅਣਮਿੱਥੇ ਸਮੇਂ ਦਾ ਧਰਨਾ ਆਰੰਭ ਕੀਤਾ ਹੋਇਆ ਹੈ, ਜਿਸ ਨੂੰ ਸੰਗਤਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਘੱਲੂਘਾਰਾ ’84 ਦੇ 34 ਵਰ੍ਹਿਆਂ ਦੌਰਾਨ ਭਾਰਤ ਸਰਕਾਰ ਦੀਆਂ ਜ਼ੁਲਮੀਂ ਨੀਤੀਆਂ ਤੇ ਲੂੰਬੜ ਚਾਲਾਂ ਦੇ ਬਾਵਜੂਦ, ਦੁਨੀਆ ਦੇ ਕੋਨੇ-ਕੋਨੇ ਵਿੱਚ ਖਾਲਿਸਤਾਨ ਦੀਆਂ ਗੂੰਜਾਂ ਪੈ ਰਹੀਆਂ ਹਨ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ, ਮਹਾਨ ਕੌਮੀ ਸ਼ਹੀਦਾਂ ਵਜੋਂ ਸਿੱਖ ਕੌਮ ਦੇ ਨਾਇਕ ਬਣ ਕੇ ਉਭਰੇ ਹਨ।
ਜੂਨ ’84 ਦੇ ਘੱਲੂਘਾਰੇ ਲਈ ਜ਼ਿੰਮੇਵਾਰ ਭਾਰਤੀ ਨੇਤਾਵਾਂ ਖਾਸ ਤੌਰ ‘ਤੇ ਇੰਦਰਾ ਗਾਂਧੀ ਦੀ ਕਿਚਨ ਕੈਬਨਿਟ ਦੇ ਰੋਲ ਬਾਰੇ ਅਕਸਰ ਗੱਲਬਾਤ ਹੁੰਦੀ ਹੈ। ਇਨ੍ਹਾਂ ਵਿੱਚ ਰਾਜੀਵ ਗਾਂਧੀ, ਪ੍ਰਣਬ ਮੁਖਰਜੀ, ਨਰਸਿਮ੍ਹਾ ਰਾਓ, ਅਰੁਣ ਨਹਿਰੂ, ਅਰੁਣ ਸਿੰਘ, ਪੀ. ਚਿਦੰਬਰਮ, ਪੀ. ਸੀ. ਅਲੈਗਜ਼ੈਂਡਰ, ਰਾਅ ਮੁਖੀ ਆਰ. ਐਨ. ਕਾਓ ਦੇ ਨਾਂ ਪ੍ਰਮੁੱਖਤਾ ਨਾਲ ਸਾਹਮਣੇ ਆਉਂਦੇ ਹਨ। 1973 ਵਿੱਚ ਗੋਲਵਲਕਰ ਦੀ ਮੌਤ ਤੋਂ ਬਾਅਦ, ਆਰ. ਐਸ. ਐਸ. ਮੁਖੀ ਬਣੇ ਬਾਲਾ ਸਾਹਿਬ ਦਿਓਰਸ ਨੇ ਇੰਦਰਾ ਗਾਂਧੀ ਨੂੰ ਘੱਲੂਘਾਰਾ ’84 ਲਈ ਮੁਕੰਮਲ ਹਮਾਇਤ ਦਿੱਤੀ। ਆਰ. ਐਸ. ਐਸ. ਦਾ ਸਿਆਸੀ ਵਿੰਗ – ਬੀ. ਜੇ. ਪੀ. ਫੌਜੀ ਐਕਸ਼ਨ ਦੀ ਮੰਗ ਬੜੇ ਚਿਰਾਂ ਤੋਂ ਕਰ ਰਿਹਾ ਸੀ। ਦੋਵੇਂ ਕਮਿਊਨਿਸਟ ਪਾਰਟੀਆਂ ਸਮੇਤ ਭਾਰਤ ਦੀਆਂ ਖੇਤਰੀ ਪਾਰਟੀਆਂ ਵੀ ਇੰਦਰਾ ਗਾਂਧੀ ਦੇ ਹੱਕ ਵਿੱਚ ਭੁਗਤੀਆਂ। ਤੇਲਗੂ ਦੇਸਮ ਪਾਰਟੀ ਦੇ ਐਮ. ਟੀ. ਰਾਮਾਰਾਓ ਨੇ ਇਸ ਦਾ ਵਿਰੋਧ ਕੀਤਾ। ਭਾਰਤ ਭਰ ਦੇ ਮੀਡੀਏ ਅਤੇ ਬਹੁਗਿਣਤੀ ਹਿੰਦੂਆਂ ਨੇ ਇੰਦਰਾ ਗਾਂਧੀ ਦਾ ਗੁਣ ਗਾਇਨ ਕੀਤਾ, ਕਿਉਂਕਿ ਉਸ ਨੇ ‘ਸਿੱਖਾਂ ਨੂੰ ਸਬਕ ਸਿਖਾ ਕੇ’ ਦੇਸ਼ ਦੀ ਏਕਤਾ-ਅਖੰਡਤਾ ਬਚਾ ਲਈ ਸੀ।
ਸਿੱਖ ਕੌਮ ਨੂੰ ਸਜ਼ਾ ਯਾਫਤਾ ਕਰਨ ਦੀ ਨੀਤੀ ਸਿਰਫ ਭਾਰਤੀ ਨਾ ਹੋ ਕੇ, ਅੰਤਰਰਾਸ਼ਟਰੀ ਸਾਜ਼ਿਸ਼ ਸੀ, ਇਸ ਦੀਆਂ ਪਰਤਾਂ ਹੌਲੀ-ਹੌਲੀ ਖੁੱਲ੍ਹ ਰਹੀਆਂ ਹਨ। ਸੋਵੀਅਤ ਯੂਨੀਅਨ ਦੀ ਉਸ ਦੌਰ ਵਿੱਚ ਭਾਰਤ ਵਿੱਚ ਸਿੱਧੀ ਦਖਲਅੰਦਾਜ਼ੀ ਸੀ ਅਤੇ ਘੱਲੂਘਾਰਾ ’84 ਲਈ ਸੋਵੀਅਤ ਖੁਫੀਆ ਏਜੰਸੀ ਕੇ. ਜੀ. ਬੀ., ਭਾਰਤੀ ਖੁਫੀਆ ਏਜੰਸੀ ਰਾਅ ਨਾਲ ਪੂਰਾ ਤਾਲਮੇਲ ਕਰ ਰਹੀ ਸੀ। 1979 ਵਿੱਚ ਸੋਵੀਅਤ ਫੌਜਾਂ ਨੇ ਅਫਗਾਨਿਸਤਾਨ ‘ਤੇ ਕਬਜ਼ਾ ਕੀਤਾ ਸੀ ਅਤੇ ਪਾਕਿਸਤਾਨ ਰਾਹੀਂ ਅਮਰੀਕਾ, ਸੋਵੀਅਤ ਯੂਨੀਅਨ ਦੇ ਖਿਲਾਫ ਅਸਿੱਧੀ ਜੰਗ ਲੜ ਰਿਹਾ ਸੀ। ਇੰਦਰਾ ਗਾਂਧੀ ਨੇ, ਸੋਵੀਅਤ ਯੂਨੀਅਨ ਵਲੋਂ ਅਫਗਾਨਿਸਤਾਨ ‘ਤੇ ਕਬਜ਼ੇ ਦੀ ਹਮਾਇਤ ਕੀਤੀ ਸੀ ਅਤੇ ਉਹ ਪੂਰੀ ਤਰ੍ਹਾਂ ਸੋਵੀਅਤ ਯੂਨੀਅਨ ਦੀ ਖੇਡ, ਖੇਡ ਰਹੀ ਸੀ। ਘੱਲੂਘਾਰਾ ’84 ਦੀ, ਕਮਿਊਨਿਸਟ ਪਾਰਟੀ ਦੇ ਮਾਸਕੋ ਵਿੱਚ ਛਪਦੇ ਮੈਗਜ਼ੀਨ ‘ਪ੍ਰਾਵਦਾ’ ਵਲੋਂ ਮੁਕੰਮਲ ਹਮਾਇਤ ਕੀਤੀ ਗਈ ਸੀ।
ਯੂ. ਕੇ. ਵਲੋਂ ਡੀਕਲਾਸੀਫਾਈ ਕੀਤੇ ਗਏ ਸਰਕਾਰੀ ਦਸਤਾਵੇਜ਼ਾਂ ਤੋਂ ਇਹ ਸਾਹਮਣੇ ਆਇਆ ਹੈ ਕਿ ਫਰਵਰੀ ’84 ਵਿੱਚ ਇੰਦਰਾ ਗਾਂਧੀ ਨੇ ਯੂ. ਕੇ. ਦੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਨੂੰ ਪੱਤਰ ਲਿਖ ਕੇ, ਸਿੱਖਾਂ ਦੇ ਖਿਲਾਫ ਕਾਰਵਾਈ ਵਿੱਚ ਮਦਦ ਮੰਗੀ ਸੀ। ਇਸ ਦੇ ਜਵਾਬ ਵਿੱਚ ਥੈਚਰ ਨੇ ਆਪਣੀ ਖੁਫੀਆ ਏਜੰਸੀ ਦੀ ਉੱਚ-ਪੱਧਰੀ ਟੀਮ ਭਾਰਤ ਭੇਜੀ ਸੀ। ਇਸ ਟੀਮ ਨੇ ਭਾਰਤੀ ਖੁਫੀਆ ਏਜੰਸੀਆਂ ਨਾਲ ਮਿਲ ਕੇ ਦਰਬਾਰ ਸਾਹਿਬ ਕੰਪਲੈਕਸ ਦੀ ਛਾਣਬੀਣ (ਰੇਕੀ) ਕਰਕੇ ਬਲਿਊ-ਪ੍ਰਿੰਟ ਤਿਆਰ ਕੀਤਾ ਸੀ। ਇੰਗਲੈਂਡ ਦੇ ਸਿੱਖਾਂ ਵਲੋਂ ਇਸ ਸਬੰਧੀ ਮੁਕੰਮਲ ਸੱਚ ਸਾਹਮਣੇ ਲਿਆਉਣ ਲਈ ਇੱਕ ‘ਨਿਰਪੱਖ ਪੜਤਾਲੀਆ ਕਮਿਸ਼ਨ’ ਦੀ ਮੰਗ ਕੀਤੀ ਜਾ ਰਹੀ ਹੈ। ਮੁਕੰਮਲ ਸੱਚ ਬਾਹਰ ਆਉਣ ਦੇ ਡਰੋਂ ਇੰਗਲੈਂਡ ਦੀ ਮੌਜੂਦਾ ਕਨਜ਼ਰਵੇਵਿਟ ਸਰਕਾਰ ਨੇ ਇਸ ਨਾਲ ਸਬੰਧਿਤ ਹੋਰ ਦਸਤਾਵੇਜ਼ਾਂ ਨੂੰ ਡੀਕਲਾਸੀਫਾਈ ਕਰਨ ਦੇ ਅਮਲ ਨੂੰ ਰੋਕ ਦਿੱਤਾ ਹੈ। ਜ਼ਾਹਰ ਹੈ ਕਿ ਇੰਗਲੈਂਡ ਸਰਕਾਰ, ਜੂਨ ’84 ਦੇ ਸਿੱਖ ਘੱਲੂਘਾਰੇ ਦੇ ਕੁਕਰਮ ਵਿੱਚ ਭਾਗੀਦਾਰ ਸੀ।
6 ਜੂਨ, 2018 ਦੇ ‘ਮਿਡਲ ਈਸਟ ਮਾਨੀਟਰ’ ਨੇ ਜੂਨ ’84 ਦੇ ਘੱਲੂਘਾਰੇ ਵਿੱਚ ਇਜ਼ਰਾਈਲ ਦੀ ਸ਼ਮੂਲੀਅਤ ਸਬੰਧੀ ਇੱਕ ਸਟੋਰੀ ਪ੍ਰਕਾਸ਼ਿਤ ਕੀਤੀ ਹੈ, ਜਿਸ ਦਾ ਸਿਰਲੇਖ ਹੈ – ‘ਇਜ਼ਰਾਈਲੀ ਏਜੈਂਟਾਂ ਨੇ ਦਰਬਾਰ ਸਾਹਿਬ ‘ਤੇ ਹਮਲਾ ਕਰਨ ਵਾਲੇ ਕਮਾਂਡੋਆਂ ਨੂੰ ਦਿੱਤੀ ਸੀ ਟਰੇਨਿੰਗ’। ਇਸ ਸਟੋਰੀ ਦਾ ਆਧਾਰ ‘ਇੰਡੀਆ ਟੂਡੇ’ ਵਿੱਚ ਪੱਤਰਕਾਰ ਪ੍ਰਭਾਸ਼ ਕੁਮਾਰ ਦੱਤਾ ਦੀ ਪ੍ਰਕਾਸ਼ਿਤ ਸਟੋਰੀ ਨੂੰ ਬਣਾਇਆ ਗਿਆ ਹੈ। ਸਟੋਰੀ ਅਨੁਸਾਰ – ਭਾਵੇਂ 1984 ਵਿੱਚ ਭਾਰਤ ਵਲੋਂ ਇਜ਼ਰਾਈਲ ਨੂੰ ਸਰਕਾਰੀ ਤੌਰ ‘ਤੇ ਕੋਈ ਮਾਨਤਾ ਹਾਸਲ ਨਹੀਂ ਸੀ ਪਰ ਇਹ ਹਕੀਕਤ ਹੈ ਕਿ ਇਜ਼ਰਾਈਲੀ ਖੁਫੀਆ ਏਜੰਸੀ ਮੌਸਾਦ ਦੇ ਏਜੰਟਾਂ ਨੇ ਭਾਰਤੀ ਫੌਜ ਦੇ ਉਨ੍ਹਾਂ ਸਪੈਸ਼ਲ ਕਮਾਂਡੋਆਂ ਨੂੰ ਟਰੇਨਿੰਗ ਦਿੱਤੀ, ਜਿਨ੍ਹਾਂ ਨੇ ਜੂਨ ’84 ਵਿੱਚ ਦਰਬਾਰ ਸਾਹਿਬ ‘ਤੇ ਹਮਲਾ ਕੀਤਾ। ਸਟੋਰੀ ਅਨੁਸਾਰ ਇਨ੍ਹਾਂ ਸਪੈਸ਼ਲ ਕਮਾਂਡੋਆਂ ਦਾ ਸਬੰਧ ’56 ਕਮਾਂਡੋ ਕੰਪਨੀ’ ਨਾਲ ਸੀ। ਭਾਰਤ ਦੀ ਇਹ ਇੱਕੋ ਇੱਕ ਕਮਾਂਡੋ ਯੂਨਿਟ ਹੈ, ਜਿਸਨੂੰ ਮੌਸਾਦ ਨੇ ਵਿਸ਼ੇਸ਼ ਤੌਰ ‘ਤੇ ਇਸ ਮਿਸ਼ਨ ਲਈ ਤਿਆਰ ਕੀਤਾ। ਇਸ ਕਮਾਂਡੋ ਯੂਨਿਟ ਨੂੰ ‘ਸਪੈਸ਼ਲ ਗਾਰਡ ਕਮਾਂਡੋ’ ਯਾਨੀਕਿ ਐਸ. ਜੀ. ਕਮਾਂਡੋ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਇੱਕ ਵੱਖਰੀ ਕਹਾਣੀ ਹੈ ਕਿ ਇਨ੍ਹਾਂ ਕਮਾਂਡੋਆਂ ਦੇ ‘ਪੜਛੇ’ ਸਿੰਘਾਂ ਨੇ ਕਿਵੇਂ ਉਡਾਏ ਪਰ ਜੂਨ ’84 ਦੇ ਘੱਲੂਘਾਰੇ ਵਿੱਚ ਇਜ਼ਰਾਈਲ ਦੀ ‘ਖੁਫੀਆ ਮੱਦਦ’ ਇੱਕ ਡੂੰਘੇ ਭੇਦ ਤੋਂ ਪਰਦਾ ਚੁੱਕਦੀ ਹੈ। ਯਾਦ ਰਹੇ ਇਸ ਸਮੇਂ ਦੌਰਾਨ ਭਾਰਤ ਦੇ ਇਜ਼ਰਾਈਲ ਨਾਲ ‘ਕੂਟਨੀਤਕ ਸਬੰਧ’ ਨਹੀਂ ਸਨ। ਜਨਵਰੀ-1992 ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਨੇ ਇਜ਼ਰਾਈਲ ਨੂੰ ਡਿਪਲੋਮੈਟਿਕ ਮਾਨਤਾ ਦਿੰਦਿਆਂ, ਤੈਲ ਅਵੀਵ (ਇਜ਼ਰਾਇਲ) ਵਿੱਚ ਆਪਣੀ ਅੰਬੈਂਸੀ ਖੋਲ੍ਹੀ ਸੀ। ਕੀ ਇਹ ਇਜ਼ਰਾਇਲ ਦੇ ਘੱਲੂਘਾਰਾ ’84 ਵਿੱਚ ਰੋਲ ਲਈ ਸ਼ੁਕਰੀਆ ਅਦਾ ਕਰਨਾ ਨਹੀਂ ਸੀ?
2014 ਵਿੱਚ ਮੋਦੀ ਸਰਕਾਰ ਹੋਂਦ ਵਿੱਚ ਆਉਣ ਤੋਂ ਬਾਅਦ, ਸਿੱਖ ਕੌਮ ਵੀ ਹਿੰਦੂਤਵੀਆਂ ਦੇ ਦਮਨ-ਚੱਕਰ ਦਾ ਪੂਰੀ ਤਰ੍ਹਾਂ ਸ਼ਿਕਾਰ ਹੋਈ ਹੈ, ਭਾਵੇਂਕਿ ਬੇਸ਼ਰਮ ਬੇਗੈਰਤ ਬਾਦਲ ਕੋੜਮੇ ਨੇ ਅਜੇ ਵੀ ਬੀ. ਜੇ. ਪੀ. ਨਾਲ ਪਤੀ-ਪਤਨੀ ਦਾ ਰਿਸ਼ਤਾ ਕਾਇਮ ਰੱਖਿਆ ਹੋਇਆ ਹੈ। ਮੋਦੀ ਸਰਕਾਰ ਵਲੋਂ ਜੀ. ਐਸ. ਟੀ. ਸਕੀਮ, ਭਾਰਤ ਭਰ ਵਿੱਚ ਲਾਗੂ ਕੀਤੀ ਗਈ, ਜਿਸ ਦੇ ਤਹਿਤ ਕਿਸੇ ਵੀ ਸਟੇਟ ਵਿੱਚ ਇਕੱਠਾ ਹੋਣ ਵਾਲੇ ਟੈਕਸ ਦਾ ਅੱਧਾ ਹਿੱਸਾ, ਸਟੇਟ ਨੂੰ ਜਾਵੇਗਾ ਅਤੇ ਅੱਧਾ ਕੇਂਦਰ ਸਰਕਾਰ ਨੂੰ। ਸਿਤਮਜ਼ਰੀਫੀ ਇਹ ਹੈ ਕਿ ਧਾਰਮਿਕ ਅਦਾਰਿਆਂ ਵਿਸ਼ੇਸ਼ਕਰ ਗੁਰੂ ਰਾਮਦਾਸ ਲੰਗਰ ਸਮੇਤ ਸਾਰੇ ਗੁਰਦੁਆਰਿਆਂ ਦੇ ਲੰਗਰ ਲਈ ਖਰੀਦੀਆਂ ਜਾਣ ਵਾਲੀਆਂ ਵਸਤਾਂ ਨੂੰ ਵੀ ਇਸ ਟੈਕਸ ਦੇ ਦਾਇਰੇ ਵਿੱਚ ਲੈ ਆਂਦਾ ਗਿਆ। ਸਿੱਖ ਕੌਮ ਦੇ ਰੋਹ ਨੂੰ ਵੇਖਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ, ਸਟੇਟ ਦੇ ਹਿੱਸੇ ਦਾ ਟੈਕਸ ਛੱਡ ਦਿੱਤਾ। ਪਰ ਕੇਂਦਰ ਸਰਕਾਰ ਸਾਹਮਣੇ ਪਿਛਲੇ ਦੋ ਵਰ੍ਹਿਆਂ ਤੋਂ ਲੇਲ੍ਹੜੀਆਂ ਕੱਢਦੇ ਅਕਾਲੀ ਦਲ ਨੂੰ ਮੋਦੀ ਸਰਕਾਰ ਨੇ ਅੱਗੋਂ ਹੋਰ ਜ਼ਲੀਲ ਕਰਨ ਦਾ ਇਰਾਦਾ ਕੀਤਾ। ਪਿਛਲੇ ਦਿਨੀਂ ਵਿੱਤ ਮੰਤਰਾਲੇ ਵਲੋਂ ਕਿਹਾ ਗਿਆ ਕਿ ਉਸ ਨੇ 2018-2019 ਲਈ 332 ਕਰੋੜ ਰੁਪਏ ਦੀ ਰਾਸ਼ੀ ‘ਸੇਵਾ ਭੋਜ ਯੋਜਨਾ’ ਲਈ ਰਾਖਵੀਂ ਰੱਖੀ ਹੈ। ਲੰਗਰ ਲਈ ਜੀ. ਐਸ. ਟੀ. ਪਹਿਲਾਂ ਵਾਂਗ ਹੀ ਉਗਰਾਇਆ ਜਾਵੇਗਾ। ਬਾਅਦ ਵਿੱਚ ਸ਼੍ਰੋਮਣੀ ਕਮੇਟੀ ‘ਸੇਵਾ ਭੋਜ ਯੋਜਨਾ’ ਵਾਲਿਆਂ ਨੂੰ ਰਸੀਦਾਂ ਵਿਖਾ ਕੇ ਕੁਝ ਰਕਮ ਵਾਪਸ ਹਾਸਲ ਕਰ ਸਕਦੀ ਹੈ। ਇਹ ਸੇਵਾ ਭੋਜ ਯੋਜਨਾ, ਭਾਰਤ ਭਰ ਦੇ ਤਮਾਮ ਮੰਦਰਾਂ ਅਤੇ ਹੋਰ ਧਾਰਮਿਕ ਚੈਰੀਟੇਬਲ ਅਦਾਰਿਆਂ ‘ਤੇ ਲਾਗੂ ਹੋਵੇਗੀ।
ਜ਼ਾਹਰ ਹੈ ਇਹ ‘ਲੰਗਰ’ ਦੀ ਪ੍ਰੰਪਰਾ ਨੂੰ ਛੁਟਿਆਉਣਾ ਹੈ ਅਤੇ ਇਸ ਨੂੰ ਮੁਫਤ ਭੋਜਨ ਤੱਕ ਸੀਮਤ ਕਰਨਾ ਹੈ। ਉਹ ਵੀ ਸਿਰਫ ਦੋ ਸਾਲ ਲਈ। ਪਰ ਬਾਦਲ ਕੋੜਮੇ ਦੀ ਜ਼ਲਾਲਤ ਦੀ ਸਿਖਰ ਦੇਖੋ! ਇਸ ਅਪਮਾਨ ਲਈ ਜਿੱਤੇ ਉਹ ਆਪਣੀਆਂ ਪਿੱਠਾਂ ‘ਤੇ ਥਾਪੀਆਂ ਮਾਰ ਰਹੇ ਹਨ, ਉੱਥੇ ਅਮਿਤ ਸ਼ਾਹ, ਮੋਦੀ ਤੇ ਜੇਤਲੀ ਦਾ ਲੰਮੇ ਪੈ ਪੈ ਕੇ ਧੰਨਵਾਦ ਕਰ ਰਹੇ ਹਨ। ਅਮਿਤ ਸ਼ਾਹ ਨਾਲ ਚੰਡੀਗੜ੍ਹ ਵਿੱਚ ਬਾਦਲ ਪਿਓ-ਪੁੱਤਰ ਦੀ ਹੋਈ ਮੀਟਿੰਗ ਤੋਂ ਬਾਅਦ ਬਾਦਲ ਨੇ ਗਿਹਾ, ‘ਸਾਡਾ ਬੀਜੇਪੀ ਨਾਲ ਗੱਠਜੋੜ ਕਦੀ ਨਾ ਟੁੱਟਣ ਵਾਲਾ ਹੈ। ਅਸੀਂ 2019 ਦੀਆਂ ਚੋਣਾਂ ਸਾਂਝੇ ਤੌਰ ‘ਤੇ ਲੜਾਂਗੇ। ਮੋਦੀ ਜੀ ਕੀ ਜੈਅ ਹੋ।’ ਇੱਥੇ ਇਹ ਕਹਾਵਤ ਵੀ ਬੇਅਸਰ ਹੋ ਗਈ ਹੈ – ‘ਚੂਲ਼ੀ ਭਰ ਪਾਣੀ ‘ਚ ਡੁੱਬ ਮਰੋ!’
ਪਿਛਲੇ ਦਿਨੀਂ ਮੇਘਾਲਿਆ ਪ੍ਰਾਂਤ ਦੀ ਰਾਜਧਾਨੀ ਸ਼ਿਲਾਂਗ ਵਿੱਚ ਗਰੀਬ ਸਿੱਖ ਭਾਈਚਾਰੇ ਦੇ ਖਿਲਾਫ ਸਥਾਨਕ ਕਬੀਲੇ ‘ਖਾਸੀ’ ਦੇ ਮੈਂਬਰਾਂ ਵਲੋਂ ਸਿਰਜਿਆ ਗਿਆ ਹਿੰਸਕ ਮਾਹੌਲ ਨਵੰਬਰ-1984 ਦੀ ਸਿੱਖ ਨਸਲਕੁਸ਼ੀ ਦਾ ਦੋਹਰਾਅ ਬਣ ਜਾਂਦਾ, ਜੇ ਦੁਨੀਆਂ ਭਰ ਵਿੱਚ ਬੈਠੀ ਸਿੱਖ ਕੌਮ ਵਲੋਂ ਇਸ ਸਬੰਧੀ ਫੌਰਨ ਇਕਜੁੱਟਤਾ ਦਾ ਪ੍ਰਗਟਾਵਾ ਨਾ ਕੀਤਾ ਜਾਂਦਾ। ਸਿੱਖ ਭਾਈਚਾਰੇ ਦੇ ਗੱਭਰੂਆਂ ਤੇ ਮੁਟਿਆਰਾਂ ਨੇ ਵੀ ‘ਆਪਣੀ ਰੱਖਿਆ, ਆਪ ਕਰੋ’ ‘ਤੇ ਦ੍ਰਿੜਤਾ ਨਾਲ ਪਹਿਰਾ ਦਿੰਦਿਆਂ ਦੰਗਈਆਂ ਨੂੰ ਆਪਣੀ ਅਬਾਦੀ ਤੋਂ ਦੂਰ ਰੱਖਿਆ। ਪੁਲਿਸ ਤੇ ਫੌਜ ਦਾ ਰੋਲ ਵੀ ਸਰਾਹੁਣਯੋਗ ਰਿਹਾ ਭਾਵੇਂ ਕਿ ਲੋਕਲ, ਸਾਰੀਆਂ ਹੀ ਸਿਆਸੀ ਧਿਰਾਂ ਨੇ ਖਾਸੀ ਕਬੀਲੇ ਦੇ ਵੋਟ-ਬੈਂਕ ਨੂੰ ਧਿਆਨ ਵਿੱਚ ਰੱਖਦਿਆਂ ਦੋਗਲਾ ਜਿਹਾ ਰੋਲ ਅਦਾ ਕੀਤਾ। ਲਗਭਗ 2 ਸਦੀਆਂ ਤੋਂ ਸ਼ਿਲਾਂਗ ਵਿੱਚ ਸਫਾਈ ਮਜ਼ਦੂਰਾਂ ਵਜੋਂ ਵਸੇ ਇਨ੍ਹਾਂ ਪੰਜਾਬੀ ਦਲਿਤ ਸਿੱਖਾਂ ਨਾਲ ਲੰਮੇ ਵਕਤ ਤੋਂ ਧੱਕਾ ਹੁੰਦਾ ਆ ਰਿਹਾ ਹੈ। ਇਨ੍ਹਾਂ ਦੀ ਅਬਾਦੀ ‘ਪੰਜਾਬੀ ਲੇਨ’ ਮੁੱਖ ਬਜ਼ਾਰ ਦੇ ਨੇੜੇ ਹੈ ਅਤੇ ਇੱਥੇ ਕਾਫੀ ਵਿਉਪਾਰਕ ਵਿਕਾਸ ਹੋਣ ਕਰਕੇ ਜ਼ਮੀਨਾਂ ਦੀਆਂ ਕੀਮਤਾਂ ਬਹੁਤ ਵਧ ਗਈਆਂ ਹਨ। ਵਪਾਰੀ ਲੈਂਡ ਮਾਫੀਆ, ਲੋਕਲ ਸਿਆਸਤਦਾਨਾਂ ਨਾਲ ਮਿਲ ਕੇ ਇਨ੍ਹਾਂ ਸਿੱਖ ਪਰਿਵਾਰਾਂ ਨੂੰ ਇੱਥੋਂ ਹਟਾਉਣਾ ਚਾਹੁੰਦਾ ਹੈ ਤਾਂ ਕਿ ਇੱਥੇ ਉਹ ਵੱਡੀ ‘ਕਮਰਸ਼ੀਅਲ ਮਾਰਕੀਟ’ ਬਣਾ ਸਕਣ। ਇਸ ਵਪਾਰਕ ਲਾਲਚ ਦੇ ਤਹਿਤ ਸਿੱਖਾਂ ਨੂੰ ‘ਬਾਹਰਲੇ’ ਦੱਸ ਕੇ, ਲੋਕਲ ਗਰੀਬ ਕਬੀਲੇ ਖਾਸੀ ਨੂੰ ਭੜਕਾ ਕੇ ਸਿੱਖਾਂ ਦੇ ਗਲ਼ ਪਵਾਇਆ ਗਿਆ। ਭਾਵੇਂ ਹਾਲ ਦੀ ਘੜੀ ਸਥਿਤੀ ਕਾਬੂ ਹੇਠ ਹੈ ਪਰ ਜਦੋਂ ਪੁਲਿਸ-ਫੌਜ ਦੀ ਛਤਰੀ ਨਾ ਰਹੀ ਤਾਂ ਹਾਲਾਤ ਪਹਿਲਾਂ ਤੋਂ ਵੀ ਬਦਤਰ ਬਣ ਸਕਦੇ ਹਨ।
ਸ਼ਿਲਾਂਗ ਦੀਆਂ ਘਟਨਾਵਾਂ ਨੇ 34 ਸਾਲ ਬਾਅਦ ਭਾਰਤ ਭਰ ਦੇ ਸਿੱਖਾਂ ਨੂੰ ਇੱਕ ਦਿਲ-ਕੰਬਾਊ ਹਲੂਣਾ ਮੁੜ ਦਿੱਤਾ ਹੈ ਕਿ ਨਵੰਬਰ ’84 ਦਾ ਪ੍ਰਛਾਵਾਂ ਉਨ੍ਹਾਂ ਦੇ ਸਿਰ ‘ਤੇ ਸਦਾ ਮੰਡਰਾਉਂਦਾ ਰਹੇਗਾ ਅਤੇ ਉਹ ਕਦੀ ਵੀ ਫਿਰਕੂ ਭੀੜਾਂ ਦਾ ਖਾਜਾ ਬਣ ਸਕਦੇ ਹਨ। ਕਸ਼ਮੀਰ ਤੋਂ ਉੱਤਰ-ਪੂਰਬ, ਉਤਰਾਖੰਡ ਤੋਂ ਕਰਨਾਟਕਾ-ਕੇਰਲ ਤੱਕ, ਯਾਨੀ ਕਿ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਉਹ ਕਿਤੇ ਵੀ ਸੁਰੱਖਿਅਤ ਨਹੀਂ ਹਨ। 30 ਮਿਲੀਅਨ ਸਿੱਖ ਕੌਮ ਲਈ ਦਰਿਆਏ ਜਮਨਾ ਤੋਂ ਵਾਘਾ ਵਿਚਲਾ ਆਪਣਾ ਹੋਮਲੈਂਡ ਆਜ਼ਾਦ ਕਰਵਾਉਣਾ ਅਤਿ-ਜ਼ਰੂਰੀ ਹੈ ਨਹੀਂ ਤਾਂ ਉਹ ਭਾਰਤ ਦੇ ਨਕਸ਼ੇ ਵਿੱਚ ਹਮੇਸ਼ਾਂ ਡਰ ਦੇ ਪ੍ਰਛਾਵੇਂ ਥੱਲੇ ਜਿਉਣਗੇ ਅਤੇ ਹੌਲ਼ੀ-ਹੌਲ਼ੀ ਆਪਣੀ ਵਿਲੱਖਣਤਾ ਹਿੰਦੂ ਮਹਾਂਸਾਗਰ ਵਿੱਚ ਗਰਕ ਕਰ ਲੈਣਗੇ।

ਟਿੱਪਣੀ ਕਰੋ:

About editor

Scroll To Top