Home / ਚੋਣਵੀ ਖਬਰ/ਲੇਖ / ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਪੁਰਬ ਮਨਾਉਣ ਪਾਕਿ ਗਿਆ ਸ਼ਰਧਾਲੂਆਂ ਦਾ ਜਥਾ

ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਪੁਰਬ ਮਨਾਉਣ ਪਾਕਿ ਗਿਆ ਸ਼ਰਧਾਲੂਆਂ ਦਾ ਜਥਾ

ਅਟਾਰੀ, 8 ਜੂਨ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 16 ਜੂਨ ਨੂੰ ਗੁਰਦੁਆਰਾ ਡੇਹਰਾ ਸਾਹਿਬ, ਲਾਹੌਰ (ਪਾਕਿਸਤਾਨ) ਵਿਖੇ ਮਨਾਉਣ ਅਤੇ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਅੱਜ ਭਾਰਤੀ ਸਿੱਖ ਸ਼ਰਧਾਲੂਆਂ ਦਾ 84 ਮੈਂਬਰੀ ਜਥਾ ਵਿਸ਼ੇਸ਼ ਰੇਲਗੱਡੀ ਰਾਹੀਂ ਦੁਪਹਿਰ ਇੱਕ ਵਜੇ ਰੇਲਵੇ ਸਟੇਸ਼ਨ ਅਟਾਰੀ ਤੋਂ ਪਾਕਿਸਤਾਨ ਗਿਆ। ਇਸ ਜਥੇ ਦੀ ਅਗਵਾਈ ਵਿਸ਼ਵ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਫ਼ਿਰੋਜ਼ਪੁਰ ਦੇ ਆਗੂ ਜੰਗ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਆਗੂ ਪ੍ਰੀਤਮ ਸਿੰਘ ਕਰ ਰਹੇ ਹਨ।
ਅਟਾਰੀ ਸਰੱਹਦ ਤੋਂ ਰੇਲਗੱਡੀ ਚੱਲਣ ਤੋਂ ਪਹਿਲਾਂ ਗੱਲਬਾਤ ਕਰਦਿਆਂ ਭਾਈ ਜੰਗ ਸਿੰਘ ਨੇ ਦੱਸਿਆ ਕਿ ਭਾਰਤੀ ਸਿੱਖ ਜਥਾ ਪਾਕਿਸਤਾਨ ਸਥਿਤ ਗੁਰਦੁਆਰਾ ਡੇਹਰਾ ਸਾਹਿਬ, ਲਾਹੌਰ ਵਿਖੇ 16 ਜੂਨ ਨੂੰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਅਤੇ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਪਾਕਿਸਤਾਨ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਜਥਾ ਅੱਜ ਪਾਕਿਸਾਤਨ ਦੇ ਰੇਲਵੇ ਸਟੇਸ਼ਨ ਵਾਹਗਾ ਤੋਂ ਲਾਹੌਰ ਰਸਤੇ ਗੁਰਦੁਆਰਾ ਪੰਜਾ ਸਾਹਿਬ (ਹਸਨ ਅਬਦਾਲ) ਪੁੱਜੇਗਾ। ਉੱਥੇ ਅਖੰਡ ਪਾਠ ਦੇ ਭੋਗ ਉਪਰੰਤ ਗੁਰਦੁਆਰਾ ਨਨਕਾਣਾ ਸਾਹਿਬ ਲਈ ਰਵਾਨਾ ਹੋਵੇਗਾ। ਨਨਕਾਣਾ ਸਾਹਿਬ ਸਥਿਤ ਸਥਾਨਕ ਗੁਰਦੁਆਰਿਆਂ ਅਤੇ ਗੁਰਦੁਆਰਾ ਸੱਚਾ ਸੌਦਾ (ਫਾਰੂਕਾਬਾਦ) ਦੇ ਦਰਸ਼ਨ ਕਰਕੇ ਇਹ ਜਥਾ ਗੁਰਦੁਆਰਾ ਡੇਹਰਾ ਸਾਹਿਬ, ਲਾਹੌਰ ਪੁੱਜੇਗਾ। ਉਸ ਮਗਰੋਂ ਸਿੱਖ ਜਥਾ  ਗੁਰਦੁਆਰਾ ਰੋੜੀ ਸਾਹਿਬ (ਐਮਨਾਬਾਦ) ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਵਾਪਸ ਲਾਹੌਰ ਪਰਤ ਆਵੇਗਾ। ਉਨ੍ਹਾਂ ਦੱਸਿਆ ਕਿ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 16 ਜੂਨ ਨੂੰ ਗੁਰਦੁਆਰਾ ਡੇਹਰਾ ਸਾਹਿਬ, ਲਾਹੌਰ ਵਿਖੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ। ਭਾਰਤੀ ਸਿੱਖ ਜਥਾ ਲਾਹੌਰ ਦੇ ਸਥਾਨਕ ਗੁਰਧਾਮਾਂ ਦੇ ਦਰਸ਼ਨ ਕਰਨ ਉਪਰੰਤ 17 ਜੂਨ ਨੂੰ ਵਤਨ ਪਰਤੇਗਾ।
ਦੱਸਣਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਪਾਕਿਸਤਾਨੀ ਦੂਤਘਰ ਵੱਲੋਂ ਵੀਜ਼ੇ ਨਾ ਦੇਣ ਕਾਰਨ ਇਸ ਵਾਰ ਸ਼੍ਰੋਮਣੀ ਕਮੇਟੀ ਦਾ ਜਥਾ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ’ਤੇ ਪਾਕਿਸਤਾਨ ਨਹੀਂ ਜਾ ਸਕਿਆ। ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ 17 ਜੂਨ ਨੂੰ ਗੁਰਦੁਆਰਾ ਡੇਹਰਾ ਸਾਹਿਬ, ਲਾਹੌਰ ਵਿਖੇ ਮਨਾਉਣ ਲਈ ਨਵੀਂ ਦਿੱਲੀ ਸਥਿਤ ਪਾਕਿਸਤਾਨੀ ਦੂਤਘਰ ਕੋਲੋਂ ਯਾਤਰੀਆਂ ਲਈ 9 ਤੋਂ 18 ਜੂਨ ਤੱਕ ਵੀਜ਼ੇ ਦੀ ਮੰਗ ਕੀਤੀ ਗਈ ਸੀ। ਦੂਜੇ ਪਾਸੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਉਲੀਕੇ ਗਏ ਪ੍ਰੋਗਰਾਮ ਤਹਿਤ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ 16 ਜੂਨ ਨੂੰ ਮਨਾਉਣ ਲਈ ਭਾਰਤੀ ਸਿੱਖ ਯਾਤਰੀਆਂ ਨੂੰ 8 ਤੋਂ 17 ਜੂਨ ਤੱਕ ਹੀ ਵੀਜ਼ਾ ਦਿੱਤਾ ਗਿਆ ਹੈ।

ਟਿੱਪਣੀ ਕਰੋ:

About editor

Scroll To Top