Home / ਚੋਣਵੀ ਖਬਰ/ਲੇਖ / ਭਾਰਤ ਦੇ ਦਲਿਤ ਰਾਸ਼ਟਰਪਤੀ ਕੋਵਿੰਦ ਆਪਣੀ ਪੁਸ਼ਕਰ ਯਾਤਰਾ ਦੌਰਾਨ ਮੰਦਰ ਦੀਆਂ ਪੌੜੀਆਂ ‘ਤੇ ਹੀ ਪੂਜਾ ਕਰ ਸਕੇ, ਅੰਦਰ ਜਾਣ ਦੀ ਇਜਾਜ਼ਤ ਨਾ ਮਿਲੀ!

ਭਾਰਤ ਦੇ ਦਲਿਤ ਰਾਸ਼ਟਰਪਤੀ ਕੋਵਿੰਦ ਆਪਣੀ ਪੁਸ਼ਕਰ ਯਾਤਰਾ ਦੌਰਾਨ ਮੰਦਰ ਦੀਆਂ ਪੌੜੀਆਂ ‘ਤੇ ਹੀ ਪੂਜਾ ਕਰ ਸਕੇ, ਅੰਦਰ ਜਾਣ ਦੀ ਇਜਾਜ਼ਤ ਨਾ ਮਿਲੀ!

ਗੁਜਰਾਤ ਵਿੱਚ ਇੱਕ ਦਲਿਤ ਨੂੰ ਇਸ ਲਈ ਕੁੱਟ-ਕੁੱਟ ਕੇ ਮਾਰ ਦਿੱਤਾ ਕਿਉਂਕਿ ਉਸ ਨੇ ਗੰਦ ਚੁੱਕਣ ਤੋਂ ਕੀਤਾ ਇਨਕਾਰ!
ਕਸ਼ਮੀਰ ਵਿੱਚ ਔਰਤਾਂ ਨਾਲ ਜਬਰ-ਜਿਨਾਹ ਦੇ ਸਹਾਰੇ ਕਸ਼ਮੀਰੀਆਂ ਦੇ ਮਨੋਬਲ ਨੂੰ ਤੋੜਨ ਦੀ ਕੀਤੀ ਜਾ ਰਹੀ ਕੋਸ਼ਿਸ਼!
ਨਿਊਯਾਰਕ ਟਾਈਮਜ਼ ਦੇ ਸਾਊਥ ਏਸ਼ੀਆ ਬਿਓਰੋ ਚੀਫ ਵਲੋਂ, ਯੂ. ਪੀ. ਵਿੱਚ ਬੁੱਚੜਖਾਨੇ ਬੰਦ ਹੋਣ ਕਰਕੇ ਕੁੱਤਿਆਂ ਹੱਥੋਂ ਮਾਰੇ ਗਏ ਦਰਜਨਾਂ ਬੱਚਿਆਂ ਦੀ ਸਟੋਰੀ ਪ੍ਰਕਾਸ਼ਤ ਕਰਨ ਕਰਕੇ ਹਿੰਦੂਤਵੀਆਂ ਨੇ ਦਿੱਤੀਆਂ ਧਮਕੀਆਂ!
ਭਗਵਾਂ!  ਭਗਵਾਂ!!  ਭਗਵਾਂ!!!
ਵਾਸ਼ਿੰਗਟਨ (ਡੀ. ਸੀ.) – 26 ਮਈ, 2018 – ਮੋਦੀ ਸਰਕਾਰ ਦੀ ਸਰਪ੍ਰਸਤੀ ਹੇਠ ਹਿੰਦੂਤਵ ਦੀ ਵਿਚਾਰਧਾਰਾ ਇਸ ਵੇਲੇ ਭਾਰਤ ਭਰ ਵਿੱਚ ਪੂਰੀ ਤਰ੍ਹਾਂ ਵਧ-ਫੁੱਲ ਰਹੀ ਹੈ। ਹਿੰਦੂਤਵ ਦੀ ਰੀੜ੍ਹ ਦੀ ਹੱਡੀ ਜਾਤ-ਪਾਤ ਅਧਾਰਿਤ ਵਰਣ-ਆਸ਼ਰਮ ਸਿਸਟਮ ਹੈ। ਰਿਸ਼ੀ ਮੰਨੂੰ ਨੇ ਇਸ ਸਬੰਧੀ ਸਖਤ ਕਾਨੂੰਨੀ ਵਿਵਸਥਾ ਕੀਤੀ ਅਤੇ ਇਸ ਨੂੰ ਪੂਰੀ ਤਰ੍ਹਾਂ ਜਨਮ-ਅਧਾਰਿਤ ਬਣਾ ਕੇ, ਸ਼ੂਦਰਾਂ ਨੂੰ ਉਨ੍ਹਾਂ ਦੇ ਮੁੱਢਲੇ ਮਨੁੱਖੀ ਹੱਕਾਂ ਤੋਂ ਵਾਂਝਿਆਂ ਕਰ ਦਿੱਤਾ। ਮੰਨੂੰ ਦੀ ਇਸ ਹਿੰਦੂ-ਕਾਨੂੰਨ ਦੀ ਪੁਸਤਕ ਦਾ ਨਾਂ ‘ਮੰਨੂੰ ਸਿਮ੍ਰਤੀ’ ਹੈ, ਜਿਸ ਨੂੰ ਆਰ. ਐਸ. ਐਸ. ਭਾਰਤ ਦੇ ਸੰਵਿਧਾਨ ਦੇ ਤੌਰ ‘ਤੇ ਭਵਿੱਖ ਵਿੱਚ ਲਾਗੂ ਕਰਨ ਲਈ ਪੱਬਾਂ ਭਾਰ ਹੈ।
ਭਾਰਤ ਵਿੱਚ ਦਲਿਤ ਵੋਟ ਬੈਂਕ ਇੱਕ ਵੱਡਾ ਵੋਟ ਬੈਂਕ ਹੈ, ਜਿਸ ਵਿੱਚ ਸੰਨ੍ਹ ਲਾਉਣ ਲਈ, ਬੀ. ਜੇ. ਪੀ. ਨੇ, ਮੰਨੂੰਵਾਦ ਵਿੱਚ ਯਕੀਨ ਰੱਖਣ ਵਾਲੇ ਆਪਣੇ ਇੱਕ ਦਲਿਤ ਸਮਰਥਕ ਨੂੰ ਰਾਸ਼ਟਰਪਤੀ ਬਣਾਇਆ। ਠੀਕ ਇਸੇ ਤਰ੍ਹਾਂ ਹੀ ਪ੍ਰਧਾਨ ਮੰਤਰੀ ਵਾਜਪਾਈ ਨੇ ਇੱਕ ਹਿੰਦੂਤਵੀ ਮੁਸਲਮਾਨ ਅਬਦੁੱਲ ਕਲਾਮ ਨੂੰ ਰਾਸ਼ਟਰਪਤੀ ਬਣਾਇਆ ਸੀ ਤਾਂਕਿ ਬੀ. ਜੇ. ਪੀ. ਦੇ ਮੁਸਲਮਾਨ ਵਿਰੋਧੀ ਕਰੂਪ ਚਿਹਰੇ ਨੂੰ ਢਕਿਆ ਜਾ ਸਕੇ।
2017 ਵਿੱਚ ਬੀ. ਜੇ. ਪੀ. ਦੇ ਉਮੀਦਵਾਰ ਰਾਮ ਨਾਥ ਕੋਵਿੰਦ ਭਾਰਤ ਦੇ 14ਵੇਂ ਰਾਸ਼ਟਰਪਤੀ ਬਣੇ। ਪਿਛਲੇ ਦਿਨੀਂ ਮਿਸਟਰ ਕੋਵਿੰਦ ਆਪਣੇ ਪਰਿਵਾਰ ਨਾਲ, ਬ੍ਰਹਮਾ ਜੀ ਦੀ ਯਾਦ ਵਿੱਚ ਬਣੇ ਪੁਸ਼ਕਰ ਮੰਦਰ ਦੀ ਯਾਤਰਾ ‘ਤੇ ਗਏ। ਸਰੋਵਰ ਦੀ ਪ੍ਰਕਰਮਾ ਤੋਂ ਬਾਅਦ, ਉਨ੍ਹਾਂ ਨੇ ਬ੍ਰਹਮਾ ਮੰਦਰ ਦੇ ਅੰਦਰ ਪੂਜਾ ਦਰਸ਼ਨ ਲਈ ਜਾਣਾ ਸੀ, ਪਰ ਇਸ ‘ਤੇ ਪੁਜਾਰੀਆਂ ਨੇ ਇਤਰਾਜ਼ ਕੀਤਾ। ਖੱਪਖਾਨਾ ਪੈਣ ਦੇ ਡਰੋਂ, ਇਸ ਅਸਲੀਅਤ ਨੂੰ ਦਬਾ ਦਿੱਤਾ ਗਿਆ। ਕਾਹਲੀ-ਕਾਹਲੀ ਮੰਦਰ ਦੀਆਂ ਪੌੜੀਆਂ ‘ਤੇ ਪੂਜਾ ਸਮੱਗਰੀ ਰੱਖ ਕੇ ਕੋਵਿੰਦ ਅਤੇ ਉਸ ਦੀ ਪਤਨੀ ਨੇ ਪੂਜਾ ਅਰਚਨਾ ਕੀਤੀ। ਬਹਾਨਾ ਬਣਾਇਆ ਗਿਆ ਕਿ ਕੋਵਿੰਦ ਦੀ ਪਤਨੀ ‘ਗੋਡਿਆਂ ਦੇ ਦੁਖਣ ਕਰਕੇ ਉਪਰ ਨਹੀਂ ਸੀ ਚੜ੍ਹ ਸਕਦੀ’ ਪਰ ਕੋਵਿੰਦ ਦੇ ਗੋਡੇ ਤਾਂ ਨਹੀਂ ਸਨ ਦੁਖਦੇ। ਫੇਰ ਕੋਵਿੰਦ ਨੂੰ ਕਿਉਂ ਮੰਦਰ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ? ਜੇ ਪਤਨੀ ਏਨੀਆਂ ਪੌੜੀਆਂ ਚੜ੍ਹ ਚੁੱਕੀ ਸੀ ਤਾਂ ਹੋਰ ਚੜ੍ਹਨ ਨਾਲ ਕੀ ਫਰਕ ਪੈਣਾ ਸੀ? ਭਾਰਤ ਦੇ ਹਿੰਦੂਤਵੀ ਰਾਸ਼ਟਰਪਤੀ ਨਾਲ ਪੰਡਿਤਾਂ ਵਲੋਂ ਕੀਤਾ ਗਿਆ ਸਲੂਕ, ਉਨ੍ਹਾਂ ਸਾਰੀਆਂ ਘਟਨਾਵਾਂ ਦੀ ਯਾਦਦਹਾਨੀ ਕਰਵਾਉਂਦਾ ਹੈ ਜਦੋਂਕਿ (ਬਾਬੂ ਜਗਜੀਵਨ ਰਾਮ ਤੋਂ ਲੈ ਕੇ ਮੌਜੂਦਾ ਦਲਿਤ ਵਜ਼ੀਰਾਂ ਤੱਕ) ਦਲਿਤ ਲੀਡਰਾਂ ਵਲੋਂ ਵੇਖੀਆਂ ਥਾਵਾਂ ਨੂੰ ਬਾਅਦ ਵਿੱਚ ਗੰਗਾ ਜਲ ਨਾਲ ਧੋ ਕੇ ਪਵਿੱਤਰ ਕੀਤਾ ਜਾਂਦਾ ਹੈ।
ਮੀਡੀਏ ਵਿੱਚ ਰਾਸ਼ਟਰਪਤੀ ਨਾਲ ਹੋਏ ਸਲੂਕ ਦੀ ਖਬਰ ਨੂੰ ਤਾਂ ਦਬਾਅ ਦਿੱਤਾ ਗਿਆ ਪਰ ਇੱਕ ਖਬਰ ਗੁਜਰਾਤ ਸਟੇਟ ਨਾਲ ਸਬੰਧਿਤ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਹੋਈ ਹੈ। ਖਬਰ ਅਨੁਸਾਰ, ਗੁਜਰਾਤ ਦੇ ਰਾਜਕੋਟ ਜ਼ਿਲ੍ਹੇ ਵਿੱਚ ਇੱਕ ਦਲਿਤ ਜੋੜੇ ਨੂੰ ਇੱਕ ਫੈਕਟਰੀ ਦੇ ਮਾਲਕਾਂ-ਵਰਕਰਾਂ ਵਲੋਂ ਇਸ ਲਈ ਮਾਰਕੁੱਟ ਦਾ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਨ੍ਹਾਂ ਨੇ ਗੰਦ ਚੁੱਕਣ ਤੋਂ ਇਨਕਾਰ ਕਰ ਦਿੱਤਾ। ਮਾਰੇ ਗਏ 40 ਸਾਲਾਂ ਦਲਿਤ ਮੁਕੇਸ਼ ਵਨੀਆ ਦੀ ਪਤਨੀ ਅਨੁਸਾਰ, ਮੁਕੇਸ਼ ਨੂੰ ਇੱਕ ਥਮਲੇ ਨਾਲ ਬੰਨ੍ਹ ਕੇ ਲੋਹੇ ਦੀਆਂ ਰਾਡਾਂ ਨਾਲ ਕੁੱਟਿਆ ਗਿਆ। ਇਸ ਮਾਰਕੁੱਟ ਦੌਰਾਨ ਉਸ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਵਰ੍ਹਾ 2016 ਵਿੱਚ ਊਨੇ ਵਿੱਚ 4 ਦਲਿਤ ਨੌਜਵਾਨਾਂ ਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ-ਕੁੱਟਿਆ ਗਿਆ ਸੀ ਕਿਉਂਕਿ ਉਹ ਇੱਕ ਮਰੇ ਹੋਏ ਪਸ਼ੂ ਦੀ ਖੱਲ ਲਾ ਰਹੇ ਸਨ। ਇਸ ਤੋਂ ਬਾਅਦ ਦਲਿਤਾਂ ਨੇ ਫੈਸਲਾ ਕੀਤਾ ਸੀ ਕਿ ਉਹ ਮਰੇ ਹੋਏ ਪਸ਼ੂ ਅਤੇ ਗੰਦ ਨਹੀਂ ਚੁੱਕਣਗੇ। ਰਾਜਕੋਟ ਵਿੱਚ ਮੁਕੇਸ਼ ਨੂੰ ਇਸ ਲਈ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕਿਉਂਕਿ ਉਹ ਗੰਦ ਚੁੱਕਣ ਤੋਂ ਇਨਕਾਰੀ ਸੀ।
ਸਿੱਖ ਕੌਮ ਨੂੰ 1980ਵਿਆਂ, 1990ਵਿਆਂ ਦਾ ਉਹ ਖੂਨੀ-ਦੌਰ ਚੰਗੀ ਤਰ੍ਹਾਂ ਯਾਦ ਹੈ ਜਦੋਂ ਕਿ ਸਿੱਖ ਨੌਜਵਾਨੀ ਦੀ ਨਸਲਕੁਸ਼ੀ ਦੇ ਨਾਲ-ਨਾਲ ਔਰਤਾਂ ਨੂੰ ਵੀ ਜ਼ਲੀਲ ਤੇ ਖੱਜਲ-ਖੁਆਰ ਕੀਤਾ ਜਾਂਦਾ ਸੀ। 1990ਵਿਆਂ ਵਿੱਚ ਝਬਾਲ ਜ਼ਿਲ੍ਹਾ ਅੰਮ੍ਰਿਤਸਰ ਦੇ 20-25 ਪਿੰਡਾਂ ਦੇ ਸਰਪੰਚਾਂ, ਪੰਚਾਂ ਅਤੇ ਮੋਹਤਬਰ ਬੰਦਿਆਂ ਨੂੰ ਇਕੱਠਿਆਂ ਕਰਕੇ ਇੱਕ ਫੌਜੀ ਬ੍ਰਿਗੇਡੀਅਰ ਸਿਨਹਾ ਵਲੋਂ ਧਮਕੀ ਦਿੱਤੀ ਗਈ ਸੀ ਕਿ, ‘ਅਸੀਂ ਤੁਹਾ²ਡੇ ਸਾਰੇ ਮਰਦ ਮਾਰ ਦਿਆਂਗੇ, ਔਰਤਾਂ ਨੂੰ ਫੌਜੀ ਛਾਉਣੀਆਂ ਵਿੱਚ ਰੱਖ ਕੇ ਇੱਕ ਨਵੀਂ ਨਸਲ ਪੈਦਾ ਕਰਾਂਗੇ, ਜਿਹੜੀ ਭਾਰਤ ਦੀ ਵਫਾਦਾਰ ਹੋਵੇ।’ ਫੌਜ ਤੇ ਕੇ. ਪੀ. ਗਿੱਲ ਦੀ ਪੁਲਿਸ ਨੇ ਖਾਲਿਸਤਾਨੀ ਲਹਿਰ ਨੂੰ ਦਬਾਉਣ ਲਈ ਔਰਤਾਂ ਨਾਲ ਬਦਸਲੂਕੀ ਅਤੇ ਜਬਰਜਿਨਾਹ ਨੂੰ ਵੀ ਹਥਿਆਰ ਦੇ ਤੌਰ ‘ਤੇ ਵਰਤਿਆ ਭਾਵੇਂ ਕਿ ਇਸ ਦਰਦਨਾਕ ਮੰਜ਼ਰ ਦੀਆਂ ਬਹੁਤੀਆਂ ਕਹਾਣੀਆਂ ਬਾਹਰ ਨਹੀਂ ਆਈਆਂ।
ਭਾਰਤ ਦੀਆਂ ਉੱਤਰ-ਪੂਰਬ ਦੀਆਂ ਸਟੇਟਾਂ ਵਿੱਚ ਭਾਰਤੀ ਫੌਜ ਨੇ ਇਹ ਹਥਿਆਰ ਕਿਸ ਵਿਆਪਕ ਹੱਦ ਤੱਕ ਵਰਤਿਆ ਉਸਦਾ ਸਬੂਤ ਪਿਛਲੇ ਵਰ੍ਹਿਆਂ ਦੌਰਾਨ ਮਣੀਪੁਰ ਦੀਆਂ ਹਜ਼ਾਰਾਂ ਔਰਤਾਂ ਵਲੋਂ ਨਿਰ-ਵਸਤਰ ਹੋ ਕੇ ਕੀਤਾ ਗਿਆ ਰੋਸ-ਵਿਖਾਵਾ ਸੀ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਭਾਰਤੀ ਫੌਜ ਸਾਡੇ ਨਾਲ ਸਮੂਹ ਬਲਾਤਕਾਰ ਕਰਕੇ ਆਪਣੀ ਹਵਸ ਪੂਰੀ ਕਰ ਸਕਦੀ ਹੈ।
ਇਉਂ ਜਾਪਦਾ ਹੈ ਕਸ਼ਮੀਰ ਵਾਦੀ ਵਿੱਚ, ਭਾਰਤੀ ਫੌਜ ਵਲੋਂ ਉਪਰੋਕਤ ਹਥਿਆਰ ਦੀ ਵਰਤੋਂ ਹੀ ਨਹੀਂ ਨੁਮਾਇਸ਼ ਵੀ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਫੌਜੀ ਮੇਜਰ ਲੀਤੁਲ ਗੋਗੋਈ, ਸ੍ਰੀਨਗਰ ਦੇ ਇੱਕ ਹੋਟਲ ਵਿੱਚ ਇੱਕ 16 ਸਾਲਾ ਨਾਬਾਲਗ ਲੜਕੀ ਨਾਲ, ਹੋਟਲ ਪ੍ਰਬੰਧਕਾਂ ਅਤੇ ਸਥਾਨਕ ਲੋਕਾਂ ਵਲੋਂ ‘ਗ੍ਰਿਫਤਾਰ’ ਕੀਤਾ ਗਿਆ ਅਤੇ ਮਾਰਕੁੱਟ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਨੇ ਵਾਪਸ ਉਸ ਨੂੰ ਆਪਣੀ ਯੂਨਿਟ ਵਿੱਚ ਭੇਜ ਦਿੱਤਾ ਤੇ ਸਟੋਰੀ ਨੂੰ ‘ਕਵਰ ਅੱਪ’ ਕਰਨ ਦੀ ਕੋਸ਼ਿਸ਼ ਜਾਰੀ ਹੈ। ਯਾਦ ਰਹੇ, ਇਹ ਉਹ ਹੀ ਮੇਜਰ ਗੋਗੋਈ ਹੈ, ਜਿਸ ਨੇ ਪਿਛਲੇ ਸਮੇਂ ਦੌਰਾਨ ਬਡਗਾਮ ਦੇ ਇੱਕ ਕਸ਼ਮੀਰੀ ਨੌਜਵਾਨ ਨੂੰ ਜੀਪ ਦੇ ਬੋਨਟ ਨਾਲ ਬੰਨ੍ਹ ‘ਹਿਊਮਨ ਸ਼ੀਲਡ’ ਵਜੋਂ ਵਰਤਿਆ ਸੀ। ਉਸ ਦੀ ਇਸ ਹਰਕਤ ਦੀ ਸੰਜੀਦਾ ਫੌਜੀ ਹਲਕਿਆਂ ਵਲੋਂ ਵੀ ਨਿਖੇਧੀ ਕੀਤੀ ਗਈ ਸੀ ਪਰ ਫੌਜੀ ਮੁਖੀ ਜਨਰਲ ਰਾਵਤ ਨੇ ਉਸ ਨੂੰ ਵਿਸ਼ੇਸ਼ ‘ਬਹਾਦਰੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਸੀ। ਹਿੰਦੂਤਵੀ ਸ਼ੋਅ-ਬਵਾਏ ਕੈਪਟਨ ਅਮਰਿੰਦਰ ਨੇ ਉਸ ਦੀ ਹਰਕਤ ਦੀ ਸ਼ਲਾਘਾ ਕੀਤੀ ਸੀ। ਮੇਜਰ ਗੋਗੋਈ ਦਾ ਸਬੰਧ ਭਾਰਤ ਦੀ ਉੱਤਰ-ਪੂਰਬੀ ਸਟੇਟ ਆਸਾਮ ਨਾਲ ਹੈ। ਹਿੰਦੂਤਵੀ ਬੈਲਟ ਦੇ ਫੌਜੀ ਉੱਤਰ-ਪੂਰਬ ਵਿੱਚ ਜਬਰਜਿਨਾਹ ਕਰ ਰਹੇ ਹਨ ਜਦੋਕਿ ਉੱਤਰ-ਪੂਰਬ ਦੇ ਫੌਜੀਆਂ ਨੂੰ ਕਸ਼ਮੀਰ ਵਿੱਚ ਜ਼ੁਲਮੋਂ-ਸਿਤਮ ਲਈ ਵਰਤਿਆ ਜਾ ਰਿਹਾ ਹੈ। ਕੀ ਭਾਰਤ ਦੇ ਦੱਬੇ-ਕੁਚਲ਼ੇ ਲੋਕਾਂ ਨੂੰ ਬ੍ਰਾਹਮਣਵਾਦੀਆਂ ਦੀ ਇਸ ਘਟੀਆ ਖੇਡ ਦੀ ਕਦੀ ਸਮਝ ਆਵੇਗੀ?
ਭਾਰਤ ਵਿਚਲਾ ਮੀਡੀਆ ਹੀ ਮੋਦੀਕਿਆਂ ਦੇ ਜਬਰ ਦਾ ਸ਼ਿਕਾਰ ਨਹੀਂ ਹੋ ਰਿਹਾ ਬਲਕਿ ਹੁਣ ਵਿਦੇਸ਼ੀ ਮੀਡੀਆ ਵੀ ਇਨ੍ਹਾਂ ਦੀ ਮਾਰ ਹੇਠਾਂ ਹੈ। ਪਿਛਲੇ ਦਿਨੀਂ ਦਿੱਲੀ ਵਿੱਚ ਇੱਕ ਮੀਡੀਆ ਸੈਮੀਨਾਰ ਹੋਇਆ, ਜਿਸ ਦਾ ਵਿਸ਼ਾ ਸੀ -‘ਅੱਜ ਦੇ ਯੁੱਗ ਵਿੱਚ ਪੱਤਰਕਾਰਿਤਾ ਨੂੰ ਚੈਲੰਜ।’ ਇਸ ਸੈਮੀਨਾਰ ਵਿੱਚ ਬੋਲਦਿਆਂ, ਨਿਊਯਾਰਕ ਟਾਈਮਜ਼ ਅਖਬਾਰ ਦੇ ਸਾਊਥ ਏਸ਼ੀਆ ਬਿਊਰੋ ਚੀਫ ਮਿਸਟਰ ਜੈਫਰੀ ਗੈਟਲਮੈਨ ਨੇ ਕਿਹਾ ਕਿ ਪਿਛਲੇ ਦਿਨੀਂ ਉਨ੍ਹਾਂ ਨੇ ਯੂ. ਪੀ. ਵਿੱਚ ਹਾਲ ਹੀ ਵਿੱਚ ਇੱਕ ਦਰਜਨ ਤੋਂ ਜ਼ਿਆਦਾ ਬੱਚਿਆਂ ਦੀਆਂ ਕੁੱਤਿਆਂ ਦੇ ਵੱਢਣ ਨਾਲ ਹੋਈਆਂ ਮੌਤਾਂ ਸਬੰਧੀ ਇੱਕ ਸਟੋਰੀ ਕੀਤੀ। ਲੋਕਲ ਲੋਕਾਂ ਵਲੋਂ ਇਸ ਸਟੋਰੀ ਅਨੁਸਾਰ ਕਿਹਾ ਗਿਆ ਸੀ ਕਿ ਕਿ ਕਿਉੁਕਿ ਯੋਗੀ ਸਰਕਾਰ ਵਲੋਂ ਬੁੱਚੜਖਾਨੇ ਬੰਦ ਕਰ ਦਿੱਤੇ ਗਏ ਹਨ, ਇਸ ਲਈ ਇਨ੍ਹਾਂ ਕੁੱਤਿਆਂ ਲਈ ਕੋਈ ਵੀ ਰਹਿੰਦ-ਖੂੰਹਦ ਨਹੀਂ ਬਚਦਾ। ਇਹ ਮਾਸਖੋਰੇ ਹੋਣ ਕਰਕੇ, ਹੁਣ ਰਾਹ ਜਾਂਦੇ ਬੱਚਿਆਂ ਨੂੰ ਆਪਣੇ ਹਮਲਿਆਂ ਦਾ ਸ਼ਿਕਾਰ ਬਣਾ ਰਹੇ ਹਨ। ਮਿਸਟਰ ਜੈਫਰੀ ਅਨੁਸਾਰ ਇਸ ਸਟੋਰੀ ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਉਸ ਨੂੰ ਹਿੰਦੂਤਵੀਆਂ ਦੇ ਭਾਰੀ ਕਹਿਰ ਦਾ ਸ਼ਿਕਾਰ ਹੋਣਾ ਪਿਆ। ਉਸ ਨੂੰ ‘ਹਿੰਦੂਫੋਬਿਕ’ ‘ਨਸਲਵਾਦੀ’ ਆਦਿ ਲਕਬਾਂ ਨਾਲ ਸੰਬੋਧਿਤ ਕੀਤਾ ਗਿਆ। ਸੋਸ਼ਲ ਮੀਡੀਆ ‘ਤੇ ਲਗਾਤਾਰ ਟਰੋਲ ਕੀਤਾ ਜਾ ਰਿਹਾ ਹੈ। ਉਸ ਨੂੰ ਡਰ ਹੈ ਕਿ ਉਸ ਦੀ ਕੁੱਟਮਾਰ ਵੀ ਕੀਤੀ ਜਾਵੇਗੀ। ਇਸ ਸੈਮੀਨਾਰ ਨੂੰ ਉੱਘੇ ਪੱਤਰਕਾਰ ਰਾਜਦੀਪ ਸਰਦੇਸਾਈ ਨੇ ਸੰਬੋਧਿਨ ਕਰਦਿਆਂ ਨਿਊਯਾਰਕ ਟਾਈਮਜ਼ ਦੇ ਬਿਊਰੋ ਚੀਫ ਵੱਲ ਵੇਖਦਿਆਂ ਕਿਹਾ, ‘ਤੁਹਾਡੇ ਕੋਲ ਤਾਂ ਇੱਕ ਟਰੰਪ ਹੈ ਪਰ ਸਾਡੇ ਕੋਲ ਦਰਜਨਾਂ ਟਰੰਪ ਹਨ, ਜਿਹੜੇ ਕਿ ਮੀਡੀਆ ਨੂੰ ਸਬਕ ਸਿਖਾਉਣਾ ਚਾਹੁੰਦੇ ਹਨ।’
ਪਾਠਕਜਨ! ਇਸ ਹਫਤੇ ਵਿਚਲੀਆਂ ਉਪਰੋਕਤ ਕਹਾਣੀਆਂ ਕੀ ਇਹ ਦੱਸਣ ਲਈ ਕਾਫੀ ਨਹੀਂ ਕਿ ਭਾਰਤ ਮੁਕੰਮਲ ਤੌਰ ‘ਤੇ ਭਗਵੇਂ ਰੰਗ ਵਿੱਚ ਰੰਗਿਆ ਜਾ ਰਿਹਾ ਹੈ। ਥੋੜ੍ਹੀ ਬਹੁਤ ਰਹਿੰਦੀ ਕਸਰ, ਆਉਂਦੇ ਵਰ੍ਹਿਆਂ ਵਿੱਚ ਪੂਰੀ ਹੋ ਜਾਵੇਗੀ। ਕੀ 30 ਮਿਲੀਅਨ ਸਿੱਖ ਕੌਮ ਗਫ਼ਲਤ ਦੀ ਨੀਂਦੇ ਸੁੱਤੀ ਰਹੇਗੀ ਕਿ ਕਦੀ ਜਾਗੇਗੀ?

ਟਿੱਪਣੀ ਕਰੋ:

About editor

Scroll To Top