Home / ਚੋਣਵੀ ਖਬਰ/ਲੇਖ / ਲੋਕਤੰਤਰ ਲਈ ਖਤਰਾ ਕੌਣ? ਕੈਥੋਲਿਕ ਇਸਾਈ ਜਾਂ ਆਰ. ਐਸ. ਐਸ.

ਲੋਕਤੰਤਰ ਲਈ ਖਤਰਾ ਕੌਣ? ਕੈਥੋਲਿਕ ਇਸਾਈ ਜਾਂ ਆਰ. ਐਸ. ਐਸ.


 1. ਆਰ. ਐਸ. ਐਸ. ਨੇ 2019 ਦੀਆਂ ਪਾਰਲੀਮਾਨੀ ਚੋਣਾਂ ਜਿੱਤਣ ਲਈ ਵਿਉਂਤਬੰਦੀ ਤੇ ਪਾਲਾਬੰਦੀ ਦਾ ਸਿਲਸਿਲਾ ਆਰੰਭ ਕਰ ਦਿੱਤਾ ਹੈ। ਹਿੰਦੂ ਬਹੁਗਿਣਤੀ ਨੂੰ ਲੁਭਾਉਣ ਲਈ ਆਰ. ਐਸ.ਐਸ. ਵਲੋਂ ਹਮੇਸ਼ਾ ਮੁਸਲਮਾਨਾਂ ਅਤੇ ਇਸਾਈਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਮੁਸਲਮਾਨਾਂ ਨੂੰ ਪਾਕਿਸਤਾਨ ਨਾਲ ਜੋੜ ਕੇ ਦੇਸ਼ਧ੍ਰੋਹੀ ਸਾਬਤ ਕੀਤਾ ਜਾਂਦਾ ਹੈ ਜਦੋਂ ਕਿ ਇਸਾਈ ਮਿਸ਼ਨਰੀਆਂ ਨੂੰ ਧਰਮ-ਪਰਿਵਰਤਨ ਲਈ ਜ਼ਿੰਮੇਵਾਰ ਦੱਸਦਿਆਂ ਨਿਸ਼ਾਨਾ ਬਣਾਇਆ ਜਾਂਦਾ ਹੈ। ਦਲਿਤਾਂ, ਆਦਿਵਾਸੀਆਂ ਤੇ ਸਿੱਖਾਂ ਨੂੰ ਤਾਂ ‘ਘੜੇ ਦੀ ਮੱਛੀ’ ਸਮਝਦਿਆਂ ਅੱਡ-ਅੱਡ ਤਰੀਕਿਆਂ ਨਾਲ ਖੌਫਜ਼ਦਾ ਕੀਤਾ ਜਾਂਦਾ ਹੈ। ਕਾਂਗਰਸ ਪਾਰਟੀ ਵੀ ਘੱਟਗਿਣਤੀਆਂ ਤੋਂ ਕਿਨਾਰਾਕਸ਼ੀ ਕਰ ਰਹੀ ਹੈ ਕਿਉੁਕਿ ਆਰ. ਐਸ. ਐਸ. ਉਸ ਨੂੰ ਵਾਰ-ਵਾਰ ਘੱਟਗਿਣਤੀਆਂ ਦੇ ਤੁਸ਼ਟੀਕਰਨ ਦੀ ਨੀਤੀ ਲਈ ਜ਼ਿੰਮੇਵਾਰ ਠਹਿਰਾਉਂਦੀ ਹੈ। ਇਹ ਹੀ ਕਾਰਣ ਹੈ ਕਿ ਰਾਹੁਲ ਗਾਂਧੀ ਮੱਥੇ ‘ਤੇ ਟਿੱਕਾ ਲਾ ਕੇ, ਜਨੇਊ ਪਾ ਕੇ ਅਤੇ ਸ਼ਿਵ ਭਗਤ ਹੋਣ ਦਾ ਦਾਅਵਾ ਕਰਕੇ ਗੁਜਰਾਤ ਤੇ ਕਰਨਾਟਕਾ ਦੀਆਂ ਚੋਣਾਂ ਦੌਰਾਨ ਮੰਦਰਾਂ ਵਿੱਚ ਟੱਲ ਖੜਕਾਉਂਦਾ ਤਾਂ ਨਜ਼ਰ ਆਇਆ ਪਰ ਉਸ ਨੇ ਕਿਸੇ ਮਸੀਤ, ਗਿਰਜੇ ਤਾਂ ਗੁਰਦਵਾਰੇ ਦਾ ਰੁਖ ਨਹੀਂ ਕੀਤਾ। ਇਸ ਵੇਲੇ ਬੀਜੇਪੀ ਤੇ ਕਾਂਗਰਸ, ਭਾਰਤ ਵਿੱਚ ਹਿੰਦੂਤਵ ਦੀਆਂ ‘ਏ’ ਤੇ ‘ਬੀ’ ਟੀਮਾਂ ਕਹਾਉਣ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ ਕਰਦੀਆਂ।
  ਉਪਰੋਕਤ ਵਾਤਾਵਰਣ ਦੇ ਪਿਛੋਕੜ ਨੂੰ ਧਿਆਨ ਵਿੱਚ ਰੱਖਦਿਆਂ ਦਿੱਲੀ ਕੈਥੋਲਿਕ ਇਸਾਈਆਂ ਦੇ ਆਰਚਬਿਸ਼ਪ ਅਨਿਲ ਕੂਟੋ ਵਲੋਂ ਦਿੱਲੀ ਦੇ ਚਰਚਾਂ ਨੂੰ 8 ਮਈ ਨੂੰ ਭੇਜੇ ਸਰਕੂਲਰ ਨੂੰ ਵੇਖਿਆ ਜਾਣਾ ਚਾਹੀਦਾ ਹੈ। ਇਸ ਸਰਕੂਲਰ ਵਿੱਚ ਕਿਹਾ ਗਿਆ ਸੀ ਕਿ, ‘ਅਸੀਂ ਇਸ ਵੇਲੇ ਇੱਕ ਸਿਆਸੀ ਉਥਲ-ਪੁਥਲ ਵਾਲੇ ਦੌਰ ਵਿੱਚੋਂ ਲੰਘ ਰਹੇ ਹਾਂ, ਜਿਸ ਦੌਰਾਨ ਸਾਡੇ ਸੰਵਿਧਾਨ ਵਿਚਲੇ ਲੋਕਤੰਤਰੀ ਸਿਧਾਂਤ ਅਤੇ ਸਾਡੇ ਦੇਸ਼ ਦਾ ਸੈਕੂਲਰ ਢਾਂਚਾ ਖਤਰੇ ਵਿੱਚ ਹਨ। 2019 ਵਿੱਚ ਨਵੀਂ ਸਰਕਾਰ ਬਣਨੀ ਹੈ- ਆਓ! ਅਸੀਂ ਇਸ ਦੇਸ਼ ਲਈ 19 ਮਈ ਤੋਂ ਸੱਚੇ ਦਿਲ ਨਾਲ ਪ੍ਰਾਰਥਨਾ ਕਰੀਏ। ਤੁਸੀਂ ਸ਼ੁੱਕਰਵਾਰ ਦੇ ਦਿਨ ਘੱਟੋ-ਘੱਟ ਇੱਕ ਵੇਲੇ ਲਈ ਵਰਤ ਵੀ ਰੱਖੋ ਅਤੇ ਆਪਣੀ ਰੂਹਾਨੀ ਸ਼ਕਤੀ ਅਤੇ ਦੇਸ਼ ਲਈ ਪ੍ਰਾਰਥਨਾ ਕਰੋ। ਇਸ ਮੰਤਵ ਲਈ ਧਾਰਮਿਕ ਸਥਾਨਾਂ, ਚਰਚਾਂ ਅਤੇ ਹੋਰ ਸੰਸਥਾਵਾਂ ਵਿੱਚ ਘੱਟੋ-ਘੱਟ ਇੱਕ ਘੰਟੇ ਲਈ ਆਪਣੇ ਦੇਸ਼ ਲਈ ਪ੍ਰਾਰਥਨਾ ਕੀਤੀ ਜਾਵੇ। ਕੀਤੀ ਜਾਣ ਵਾਲੀ ਪ੍ਰਾਰਥਨਾ, ਸਰਕੂਲਰ ਦੇ ਨਾਲ ਨੱਥੀ ਹੈ।’
  ਇਸ ਸਰਕੂਲਰ ਵਿੱਚ ਕੁਝ ਵੀ ਐਸਾ ਨਹੀਂ, ਜਿਸ ਨੂੰ ਦੇਸ਼ ਵਿਰੋਧੀ, ਸਮਾਜ ਵਿਰੋਧੀ ਜਾਂ ਹਿੰਦੂਤਵ ਵਿਰੋਧੀ ਕਿਹਾ ਜਾ ਸਕਦਾ ਹੈ। ਵਾਰ-ਵਾਰ ‘ਦੇਸ਼’ ਲਈ ਪ੍ਰਾਰਥਨਾ ਕਰਨ ਦੀ ਤਾਕੀਦ ਹੈ। 2019 ਚੋਣਾਂ ਨੂੰ ਲੈ ਕੇ ‘ਡਰ’ ਦਾ ਇਜ਼ਹਾਰ ਜ਼ਰੂਰ ਹੈ, ਜਿਹੜਾ ਕਿ ਵਾਜਬ ਹੈ! ਪਿਛਲੇ ਕਈ ਵਰ੍ਹਿਆਂ ਤੋਂ ਭਾਰਤ ਵਿੱਚ ਇਸਾਈਆਂ ਨੂੰ, ਚਰਚਾਂ ਨੂੰ, ਉਨ੍ਹਾਂ ਦੀ ਨਨਜ਼ ਨੂੰ ਜ਼ਬਰ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮੱਧ ਪ੍ਰਦੇਸ਼ ਦੇ ਛੱਤੀਸਗੜ੍ਹ ਵਿੱਚ ਇਸ ਵੇਲੇ ਹਾਲਾਤ ਬਦਤਰ ਹਨ। ਇਸਾਈ ਪ੍ਰੰਪਰਾ ਰੱਬ ਸਾਹਮਣੇ ਪ੍ਰਾਰਥਨਾ ਵਿੱਚ ਯਕੀਨ ਰੱਖਦੀ ਹੈ, ਹਥਿਆਰਬੰਦ ਸੰਘਰਸ਼ ਵਿੱਚ ਨਹੀਂ। ਵੈਸੇ ਵੀ ਭਾਰਤ ਦੇ ਬਹੁਗਿਣਤੀ ਇਸਾਈ, ਦਲਿਤ ਵਰਗ ‘ਚੋਂ ਹਨ, ਜਿਨ੍ਹਾਂ ਨੇ 4000 ਸਾਲ ਤੋਂ ਬ੍ਰਾਹਮਣਵਾਦ ਦਾ ਕਹਿਰ ਵੇਖਿਆ ਹੋਇਆ ਹੈ। ਆਰ. ਐਸ. ਐਸ. ਦੀ ਸਿਆਸੀ ਸੋਚ ਭਾਰਤ ਵਿੱਚੋਂ ‘ਸੈਕੂਲਰ ਸੰਵਿਧਾਨ’ ਨੂੰ ਖਤਮ ਕਰਕੇ, ‘ਮੰਨੂੰ ਸਿਮ੍ਰਿਤੀ’ ਨੂੰ ਲਾਗੂ ਕਰਨ ਦੀ ਹੈ। ਸੋ ਕੈਥੋਲਿਕ ਅਰਚਬਿਸ਼ਪ ਵਲੋਂ ਹਿੰਦੂਤਵੀਆਂ ਦੇ ਕਹਿਰ ਤੋਂ ਬਚਣ ਲਈ, ਰੱਬ ਅੱਗੇ ‘ਲੋਕਤੰਤਰ ਅਤੇ ਸੈਕੂਲਰਿਜ਼ਮ’ ਦੀ ਸਾਲਮਤੀ ਲਈ ਅਰਦਾਸ ਕਰਨਾ ਕਿਹੜੇ ਪਾਸਿਓਂ ਦੇਸ਼ ਵਿਰੋਧੀ ਕੰਮ ਹੈ?
  ਪਰ ਇਉਂ ਜਾਪਦਾ ਹੈ, ਆਰ. ਐਸ. ਐਸ. ਨੂੰ ਇਸ ਸਰਕੂਲਰ ‘ਚੋਂ ਆਪਣਾ ਮਨ-ਭਾਉਂਦਾ ਖਾਜਾ ਮਿਲ ਗਿਆ ਹੈ। ਕੇਂਦਰੀ ਮੰਤਰੀ ਅਤੇ ਬੀਜੇਪੀ ਨੇਤਾ ਗਿਰੀਰਾਜ ਸਿੰਘ ਨੇ ਕਿਹਾ ਕਿ ‘ਇਹ ਮੋਦੀ ਸਰਕਾਰ ਨੂੰ ਹਟਾਉਣ ਦੀ ਸਾਜ਼ਿਸ਼ ਹੈ। ਅਸੀਂ ਇਸ ‘ਤੇ ਜਵਾਬੀ ਕਾਰਵਾਈ ਕਰਾਂਗੇ।’ ਆਰ. ਐਸ. ਐਸ. ਦੇ ਵਿਚਾਰਕ ਰਾਕੇਸ਼ ਸਿਨਹਾ ਦਾ ਕਹਿਣਾ ਹੈ, ‘ਆਰਚਬਿਸ਼ਪ ਦੀ ਚਿੱਠੀ ਵੈਟੀਕਨ ਵਲੋਂ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਹੈ। ਪੋਪ ਵਲੋਂ ਨਿਰਧਾਰਤ ਆਰਚਬਿਸ਼ਪ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਕਿਵੇਂ ਦਖਲਅੰਦਾਜ਼ੀ ਕਰ ਸਕਦਾ ਹੈ? ਕੀ ਪੋਪ, ਵਿਸ਼ਵ ਹਿੰਦੂ ਪ੍ਰੀਸ਼ਦ ਨੂੰ ਵੈਟੀਕਨ ਵਲੋਂ ਬੋਲਣ ਦਾ ਹੱਕ ਦੇਵੇਗਾ?’ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਕਹਿਣਾ ਹੈ, ‘ਭਾਰਤ ਵਿੱਚ ਕਿਸੇ ਵੀ ਵਿਅਕਤੀ ਨਾਲ ਜਾਤ-ਪਾਤ, ਧਰਮ ਜਾਂ ਫਿਰਕੇ ਦੇ ਆਧਾਰ ‘ਤੇ ਵਿਤਕਰਾ ਨਹੀਂ ਕੀਤਾ ਜਾਂਦਾ। ਅਸੀਂ ਦੇਸ਼ ਦੀ ਏਕਤਾ-ਅਖੰਡਤਾ ਨੂੰ ਕਿਸੇ ਵੀ ਕੀਮਤ ‘ਤੇ ਭੰਗ ਕਰਨ ਦੀ ਇਜਾਜ਼ਤ ਨਹੀਂ ਦਿਆਂਗੇ। ਇਹ ਸਾਡੀ ਨੰਬਰ ਇੱਕ ਪਹਿਲ ਹੈ। ਅਸੀਂ ਸਮਾਜ ਵਿੱਚ ਆਪਸੀ ਸਦਭਾਵਨਾ ਚਾਹੁੰਦੇ ਹਾਂ।’
  ਇਸ ਗੱਲ ਦਾ ਧਿਆਨ ਰਹੇ ਕਿ ਆਰ. ਐਸ. ਐਸ. ਵਿਚਾਰਕ ਰਾਕੇਸ਼ ਸਿਨਹਾ ਨੇ ਇਸਾਈਆਂ ਨੂੰ ਸਿੱਧੀਆਂ ਧਮਕੀਆਂ ਦੇਂਦਿਆਂ ਕਿਹਾ, ‘ਇਸਾਈ ਮਿਸ਼ਨਰੀ ਦੇਸ਼ ਲਈ ਖਤਰਾ ਹਨ। ਇਹ ਸਾਡੀ ਅਧਿਆਤਮਕ-ਜ਼ਮਹੂਰੀਅਤ ਲਈ ਖਤਰਾ ਹਨ। ਇਹ ਜਾਂ ਤਾਂ ਭਾਰਤ ਛੱਡ ਜਾਣ ਜਾਂ ਵੈਟੀਕਨ ਦਾ ਪੱਲਾ ਛੱਡ ਕੇ ‘ਭਾਰਤੀ ਚਰਚ’ ਬਣਾਉਣ ਅਤੇ ਧਰਮ-ਪਰਿਵਰਤਨ ਬੰਦ ਕਰਨ।’ ਸੋ ਜ਼ਾਹਰ ਹੈ ਕਿ ਆਰ. ਐਸ. ਐਸ. ਨੇ ਆਰਚਬਿਸ਼ਪ ਦੀ ਲਿਖਤ ਨੂੰ ਬਿਲਕੁਲ ਯੂ-ਟਰਨ ਦੇਂਦਿਆਂ ਭਾਰਤ ਦੀ ਏਕਤਾ-ਅਖੰਡਤਾ ਅਤੇ ਅਧਿਆਤਮਕ ਲੋਕਤੰਤਰ ਲਈ ਖਤਰਾ ਸਾਬਤ ਕਰ ਦਿੱਤਾ ਹੈ। ਇਸਾਈ ਮਿਸ਼ਨਰੀਆਂ, ਪਾਦਰੀਆਂ ਨੂੰ ਵੈਟੀਕਨ ਦੇ ਏਜੰਟ ਅਤੇ ਧਰਮ ਪਰਿਵਰਤਨ ਕਰਨ ਵਾਲੇ ਦੱਸ ਕੇ ਦੇਸ਼ ਛੱਡਣ ਦੀ ਧਮਕੀ ਵੀ ਦੇ ਦਿੱਤੀ ਹੈ। 2019 ਦੀਆਂ ਪਾਰਲੀਮਾਨੀ ਚੋਣਾਂ ਦੌਰਾਨ ਇਸਾਈਆਂ ਨੂੰ ਡਰਾਉਣ-ਧਮਕਾਉਣ ਬਲੈਕਮੇਲ ਕਰਨ ਲਈ ਉਪਰੋਕਤ ਮਸਾਲਾ ਕਾਫੀ ਹੈ।
  ਸਪੱਸ਼ਟ ਹੈ ਕਿ ਇਸਾਈ ਵਿਚਾਰੇ ਤਾਂ ਰੱਬ ਅੱਗੇ ਹੱਥ ਜੋੜ ਕੇ, ਆਪਣੀ ਜਾਨ ਦੀ ਖੈਰ ਹੀ ਮੰਗ ਰਹੇ ਹਨ ਜਦੋਂਕਿ ਨਾਜ਼ੀਵਾਦੀ ਤਰਜ਼ ‘ਤੇ ਬਣੀ ਆਰ. ਐਸ.ਐਸ. ਜਮਾਤ, ਆਪਣੇ ‘ਹਿੰਦੂ, ਹਿੰਦੀ, ਹਿੰਦੂਸਤਾਨ’ ਦੇ ਨਾਹਰੇ ਨੂੰ ਸਾਕਾਰ ਕਰਨ ਲਈ ਭਾਰਤ ਦੇ ਸਮਾਜਿਕ ਤੇ ਕਾਨੂੰਨੀ ਢਾਂਚੇ ਨੂੰ ਪੂਰੀ ਤਰ੍ਹਾਂ ਤਹਿਸ-ਨਹਿਸ ਕਰਨ ਤੇ ਤੁਲੀ ਹੋਈ ਹੈ।
  2014 ਦੀਆਂ ਚੋਣਾਂ ਆਰ. ਐਸ. ਐਸ. ਲਈ ‘ਪ੍ਰੀਲੀਮੀਨਰੀ’ ਦੌੜ ਸੀ, 2019 ਉੁਸ ਦਾ ਸੈਮੀਫਾਈਨਲ ਹੈ ਅਤੇ 2024 ਫਾਈਨਲ ਹੋਵੇਗਾ। ਇਸ ਤੋਂ ਬਾਅਦ ‘ਮੰਨੂੰ ਸਿਮ੍ਰਿਤੀ’ ਭਾਰਤ ਦਾ ਸੰਵਿਧਾਨ ਹੋਵੇਗਾ। ਭਾਰਤ ਦਾ ਹਰ ਬਸ਼ਿੰਦਾ ਕਾਨੂੰਨੀ ਤੌਰ ‘ਤੇ ਹਿੰਦੂ ਹੋਵੇਗਾ। ਬ੍ਰਾਹਮਣ ਵਰਗ ਸ਼ਾਸਕ ਹੋਵੇਗਾ। ਮਸੀਤਾਂ, ਗਿਰਜਿਆਂ, ਗੁਰਦੁਆਰਿਆਂ, ਬੋਧੀ ਮੱਠਾਂ ਦੇ ਉੱਪਰ ਹਿੰਦੂਤਵੀ ਭਗਵਾਂ-ਝੰਡਾ ਹੋਵੇਗਾ। ਘੱਟਗਿਣਤੀ ਸ਼ਬਦ ਕਾਨੂੰਨੀ ਤੌਰ ‘ਤੇ ਖਤਮ ਕਰ ਦਿੱਤਾ ਜਾਵੇਗਾ। ਘੱਟਗਿਣਤੀ ਕੌਮਾਂ ਪੂਰੀ ਤਰ੍ਹਾਂ ਬਹੁਗਿਣਤੀ ਦੇ ਰਹਿਮੋ-ਕਰਮ ‘ਤੇ ਹੋਣਗੀਆਂ ਅਤੇ ਉਹ ਸਦੀਵ ਲਈ ‘ਸ਼ੂਦਰ’ ਦਾ ਰੁਤਬਾ ਰੱਖਣਗੀਆਂ। ਇਹ ਮਤਲਬ ਹੈ ਭਾਰਤ ਦੀ ‘ਹਿੰਦੂਤਵੀ ਅਧਿਆਤਮਕ ਜਮਹੂਰੀਅਤ’ ਦਾ!

ਟਿੱਪਣੀ ਕਰੋ:

About editor

Scroll To Top