Home / ਚੋਣਵੀ ਖਬਰ/ਲੇਖ / ਬਰਗਾੜੀ ਦੇ ਪੰਥਕ ਇਕੱਠ ਵਿੱਚ ਨਿਸ਼ਾਨੇ ’ਤੇ ਰਹੇ ਬਾਦਲ ਤੇ ਕੈਪਟਨ

ਬਰਗਾੜੀ ਦੇ ਪੰਥਕ ਇਕੱਠ ਵਿੱਚ ਨਿਸ਼ਾਨੇ ’ਤੇ ਰਹੇ ਬਾਦਲ ਤੇ ਕੈਪਟਨ

ਬਰਗਾੜੀ :–, 1 ਜੂਨ ਤਿੰਨ ਸਾਲ ਪਹਿਲਾਂ ਬਰਗਾੜੀ ਵਿੱਚ ਵਾਪਰੀ ਗੁਰੂ ਗ੍ਰੰਥ ਦੀ ਬੇਅਦਬੀ ਦੀ ਘਟਨਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਅੱਜ ਤੀਜੀ ਵਰ੍ਹੇਗੰਢ ਬਰਗਾੜੀ ਵਿੱਚ ਮਨਾਈ ਗਈ। ਅੱਜ ਦੇ ਪੰਥਕ ਇਕੱਠ ਵਿੱਚ ਸਿੱਖ ਸੰਗਠਨਾਂ ਅਤੇ ਸਿਆਸੀ ਪਾਰਟੀਆਂ ਦੇ ਪ੍ਰਤੀਨਿਧਾਂ ਨੇ ਸ਼ਮੂਲੀਅਤ ਕੀਤੀ। ਬੁਲਾਰਿਆਂ ਨੇ ਘਟਨਾਵਾਂ ’ਤੇ ਪਰਦਾਪੋਸ਼ੀ ਲਈ ਅਕਾਲੀ ਦਲ ਅਤੇ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ। ਬੁਲਾਰਿਆਂ ਨੇ ਕਿਹਾ ਕਿ ਰਾਜਨੀਤਕ ਲਾਹੇ ਲਈ ਇਹ ਘਟਨਾਵਾਂ ਕਥਿਤ ਤਤਕਾਲੀ ਹਕੂਮਤ ਵੱਲੋਂ ਕਰਵਾਈਆਂ ਗਈਆਂ। ਇਸ ਦੌਰਾਨ ਤਤਕਾਲੀ ਤੇ ਮੌਜੂਦਾ ਮੁੱਖ ਮੰਤਰੀਆਂ ਦੇ ਪਰਿਵਾਰਾਂ ਦੀ ਅੰਦਰਖਾਤੇ ‘ਮਿੱਤਰਤਾ’ ਦੀ ਭਾਂਡਾ ਵੀ ਭੰਨ੍ਹਿਆ ਗਿਆ।
ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਬਾਦਲ-ਕੈਪਟਨ ਸਮਝੌਤੇ ਬਾਰੇ ਬੋਲਦਿਆਂ ਕਿਹਾ ਕਿ ਬਹਿਬਲ ਕਾਂਡ ਦੀ ਐੱਫਆਈਆਰ ‘ਚ ਦਰਜ ‘ਅਣਪਛਾਤੀ ਪੁਲੀਸ’ ਅਜੇ ਵੀ ਪਹਿਲੀ ਥਾਂ ਤਾਇਨਾਤ ਹੈ, ਜਿਸ ਤੋਂ ਸਾਫ਼ ਹੈ ਕਿ ਕਿਹੜਾ ਪੁਲੀਸ ਅਫ਼ਸਰ ਕਿਸ ਦੇ ਖ਼ਿਲਾਫ਼ ਕਿਵੇਂ ਕਾਰਵਾਈ ਕਰ ਸਕੇਗਾ? ਉਨ੍ਹਾਂ ਪੰਜਾਬ ਦੇ ਜ਼ਹਿਰੀਲੇ ਹੋ ਰਹੇ ਦਰਿਆਈ ਪਾਣੀਆਂ ਅਤੇ ਵਿਦੇਸ਼ ਜਾ ਰਹੇ ਨੌਜਵਾਨਾਂ ਬਾਰੇ ਵੀ ਫ਼ਿਕਰਮੰਦੀ ਜਤਾਈ। ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਲੋਕਾਂ ਨੂੰ ਨਿਹੋਰਾ ਦਿੱਤਾ ਕਿ ਉਹ ਸਿੱਖ ਸੰਘਰਸ਼ ਦੀ ਕਾਮਯਾਬੀ ਲਈ ਸਹਿਯੋਗ ਨਹੀਂ ਦਿੰਦੇ ਅਤੇ ਕੇਵਲ ਨਾਅਰੇ ਮਾਰਦੇ ਹਨ। ਸ੍ਰੀ ਅਕਾਲ ਤਖ਼ਤ ਦੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਬਾਦਲ ਤੇ ਕੈਪਟਨ ਕਥਿਤ ਰਲੇ ਹੋਏ ਹਨ, ਜਿਸ ਕਾਰਨ ਬੇਅਦਬੀ ਦੇ ਮੁਲਜ਼ਮਾਂ ਅਤੇ ਬਹਿਬਲ ਕਾਂਡ ਦਾ ਖੂਨੀ ਸਾਕਾ ਰਚਾਉਣ ਵਾਲਿਆਂ ਵਿਰੁੱਧ ਕਾਰਵਾਈ ਨਹੀਂ ਹੋਈ। ਉਨ੍ਹਾਂ ਦੇਸ਼ ਅਤੇ ਵਿਦੇਸ਼ ਦੀਆਂ ਜੇਲ੍ਹਾਂ ਵਿੱਚ ਬੰਦੀ ਸਿੱਖਾਂ ਦੀ ਰਿਹਾਈ ਪ੍ਰਤੀ ਸਰਕਾਰਾਂ ਦੀ ਪਹੁੰਚ ਨੂੰ ਗ਼ੈਰਸੰਜੀਦਾ ਕਰਾਰ ਦਿੱਤਾ।
ਤਖ਼ਤ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਮਤੇ ਪਾਸ ਕਰ ਕੇ ਬੁਰਜ ਜਵਾਹਰ ਸਿੰਘ ਵਾਲਾ ਤੋਂ ਪਾਵਨ ਸਰੂਪ ਚੋਰੀ ਕਰਨ ਵਾਲਿਆਂ ਦੀ ਗ੍ਰਿਫ਼ਤਾਰੀ, ਬਰਗਾੜੀ ਬੇਅਦਬੀ ਕਾਂਡ ਖ਼ਿਲਾਫ਼ ਕੋਟਕਪੂਰਾ ਅਤੇ ਬਹਿਬਲ ਵਿੱਚ ਸ਼ਾਂਤਮਈ ਧਰਨੇ ’ਤੇ ਬੈਠੀ ਸੰਗਤ ਉੱਪਰ ਕਹਿਰ ਢਾਹੁਣ ਵਾਲੇ ਪੁਲੀਸ ਕਰਮਚਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਦੇਸ਼-ਵਿਦੇਸ਼ ਵਿੱਚ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਲਈ ਚਾਰਾਜੋਈ ਕੀਤੀ ਜਾਵੇ। ਇਸ ਮੌਕੇ ਗੁਰਬਖਸ਼ ਸਿੰਘ ਖਾਲਸਾ ਦੇ ਪਿਤਾ, ਗੁਰਜੀਤ ਸਿੰਘ ਸਰਾਵਾਂ ਦੇ ਪਿਤਾ ਅਤੇ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਵਿਧਾਇਕ ਮਾਸਟਰ ਬਲਦੇਵ ਸਿੰਘ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ, ਲੱਖਾ ਸਿਧਾਣਾ, ਗੁਰਦੀਪ ਸਿੰਘ ਬਠਿੰਡਾ, ਵੱਸਣ ਸਿੰਘ ਜ਼ਫ਼ਰਵਾਲ, ਭਾਈ ਮੋਹਕਮ ਸਿੰਘ, ਬਲਦੇਵ ਸਿੰਘ ਸਿਰਸਾ ਆਦਿ ਹਾਜ਼ਰ ਸਨ।

ਭਾਈ ਮੰਡ ਵੱਲੋਂ ਪੱਕਾ ਮੋਰਚਾ ਸ਼ੁਰੂ

ਅਕਾਲ ਤਖ਼ਤ ਦੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਮੰਗਾਂ ਲਈ ਹਕੂਮਤ ’ਤੇ ਦਬਾਅ ਬਣਾਉਣ ਲਈ ਅੱਜ ਦੇ ਇਕੱਠ ਵਾਲੀ ਥਾਂ ’ਤੇ ਤੁਰੰਤ ਬੇਮਿਆਦੀ ਧਰਨੇ ‘ਤੇ ਬੈਠਣ ਦਾ ਫੈਸਲਾ ਸੁਣਾਇਆ। ਕਰੀਬ ਸਾਢੇ ਪੰਜ ਵਜੇ ਸਮਾਗਮ ਦੀ ਸਮਾਪਤੀ ਪਿੱਛੋਂ ਉਹ ਦਾਣਾ ਮੰਡੀ ਵਿੱਚ ਆਪਣੇ ਮਿਸ਼ਨ ’ਤੇ ਸਮਰਥਕਾਂ ਸਮੇਤ ਡਟ ਗਏ।

ਟਿੱਪਣੀ ਕਰੋ:

About editor

Scroll To Top