Home / ਚੋਣਵੀ ਖਬਰ/ਲੇਖ / ਬਾਰਵੀ ਜਮਾਤ ਦੀ ਕਿਤਾਬ ਵਿੱਚੋਂ ਸਿੱਖ ਇਤਿਹਾਸ ਕੱਢੇ ਜਾਣ ਵਿਰੁੱਧ ਬਾਦਲ-ਭਜਾਪਾ ਨੇ ਰਾਜਪਾਲ ਨੂੰ ਦਿੱਤਾ ਪੱਤਰ

ਬਾਰਵੀ ਜਮਾਤ ਦੀ ਕਿਤਾਬ ਵਿੱਚੋਂ ਸਿੱਖ ਇਤਿਹਾਸ ਕੱਢੇ ਜਾਣ ਵਿਰੁੱਧ ਬਾਦਲ-ਭਜਾਪਾ ਨੇ ਰਾਜਪਾਲ ਨੂੰ ਦਿੱਤਾ ਪੱਤਰ

ਚੰਡੀਗੜ: ਪੰਜਾਬ ਸਕੁਲ਼ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਵਿੱਚ ਸਿੱਖ ਗੁਰੁ ਸਾਹਿਬਾਨ ਅਤੇ ਸਿੱਖਾਂ ਨਾਲ ਇਤਿਹਾਸ ਨੂੰ ਬਾਹਰ ਕਰਨ ਦੇ ਖਿਲਾਫ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ (ਪੰਜਾਬ ਇਕਾਈ) ਦਾ ਵਫਦ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਮਿਲਿਆ।


ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਗਏ ਵਫਦ ਨੇ ਵੀਪੀ ਸਿੰਘ ਬਦਨੌਰ ਨੂੰ ਕਿਹਾ ਕਿ ਉਹ ਪੰਜਾਬ ਸਰਕਾਰ ਨੂੰ ਇਸ ਦੀ ਸਿੱਖ ਇਤਿਹਾਸ, ਵਿਰਾਸਤ ਅਤੇ ਸੱਭਿਆਚਾਰ ਨੂੰ ਮੌਜੂਦਾ ਅਤੇ ਸਾਡੇ ਬੱਚਿਆਂ ਦੀਆਂ ਆਉਣ ਵਾਲੀਆਂ ਪੀੜੀਆਂ ਦੇ ਮਨਾਂ ਤੋਂ ਦੂਰ ਕਰਨ ਦੀ ਡੂੰਘੀ ਅਤੇ ਤਬਾਹਕੁੰਨ ਸਾਜ਼ਿਸ਼ ਨੂੰ ਅਮਲ ਵਿਚ ਲਿਆਉਣ ਤੋਂ ਰੋਕਣ ਲਈ ਤੁਰੰਤ ਪ੍ਰਭਾਵਸ਼ਾਲੀ ਤਰੀਕੇ ਨਾਲ ਦਖ਼ਲ ਦੇਣ।

 
ਬਾਅਦ ਵਿਚ ਪੰਜਾਬ ਰਾਜ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਰਾਜਪਾਲ ਨੇ ਇਸ ਬੇਹੱਦ ਨਾਜ਼ੁਕ ਮੁੱਦੇ ਉੱਤੇ ਵਫ਼ਦ ਵੱਲੋਂ ਪੇਸ਼ ਕੀਤੇ ਹਰ ਪਹਿਲੂ ਨੂੰ ਬਹੁਤ ਹੀ ਠਰੰਮੇ ਅਤੇ ਹਮਦਰਦੀ ਨਾਲ ਸੁਣਿਆ। ਉਹਨਾਂ ਇਸ ਮਸਲੇ ਦੇ ਹਰ ਪਹਿਲੂ ਨੂੰ ਹਮਦਰਦੀ ਨਾਲ ਵਿਚਾਰਨ ਅਤੇ ਢੁੱਕਵੇਂ ਹੰੁਗਾਰੇ ਦਾ ਭਰੋਸਾ ਦਿਵਾਇਆ।

 
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਨੂੰ 12ਵੀਂ ਕਲਾਸ ਵਿਚ ਪੰਜਾਬ ਅਤੇ ਸਿੱਖ ਇਤਿਹਾਸ ਪੜਾਉਣ ਤੋਂ ਸਰਕਾਰ ਵੱਲੋਂ ਕੀਤੇ ਇਨਕਾਰ ਬਾਰੇ ਦੱਸਦਿਆਂ ਵਫ਼ਦ ਨੇ ਮੰਗ-ਪੱਤਰ ਵਿਚ ਕਿਹਾ ਕਿ ਇਹ ਗੁਰੂਆਂ ਦੀ ਧਰਤੀ ਉੱਤੇ ਲੋਕਾਂ ਦੇ ਮਨਾਂ ਵਿਚੋਂ ਸਿੱਖ ਧਰਮ, ਸਿੱਖ ਵਿਚਾਰਧਾਰਾ ਅਤੇ ਸਿੱਖੀ ਜੀਵਨ ਜਾਚ ਦੀਆਂ ਸਾਰੀਆਂ ਨਿਸ਼ਾਨੀਆਂ ਨੂੰ ਮਿਟਾਉਣ ਲਈ ਕੀਤੀ ਗਈ ਇੱਕ ਡੂੰਘੀ ਸਾਜ਼ਿਸ਼ ਹੈ। ਇਹ ਮਹਾਨ ਗੁਰੂ ਸਾਹਿਬਾਨਾਂ ਵੱਲੋਂ ਸਥਾਪਤ ਕੀਤੇ ਸਿੱਖ ਧਰਮ ਦੀ ਨਿਰਾਲੀ ਅਤੇ ਸ਼ਾਨਾਂਮੱਤੀ ਵਿਰਾਸਤ ਅਤੇ ਇਤਿਹਾਸ ਨੂੰ ਖ਼ਤਮ ਕਰਨ ਲਈ ਘੜੀ ਗਈ ਇੱਕ ਡੂੰਘੀ ਸਾਜ਼ਿਸ਼ ਦਾ ਹਿੱਸਾ ਹੈ। ਗੁਰੂ ਸਾਹਿਬਾਨਾਂ ਵੱਲੋਂ ਦਰਸਾਏ ਰੂਹਾਨੀ ਮਾਰਗ ਉੱਤੇ ਚੱਲਦਿਆਂ ਅਣਗਿਣਤ ਯੋਧਿਆਂ ਅਤੇ ਸ਼ਹੀਦਾਂ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗੁਰੂ ਦੇ ਸ਼ਬਦ ਸਿੱਖਾਂ ਦੇ ਮਨਾਂ ਅੰਦਰ ਡੰੂਘੇ ਉੱਕਰੇ ਹੋਏ ਹਨ।
ਇਸ ਬਾਰੇ ਬਿਆਨ ਜਾਰੀ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਖ ਪੰਥ ਦੇ ਰੂਹਾਨੀ ਚਸ਼ਮਿਆਂ ਅਤੇ ਇਤਿਹਾਸਕ ਜੜਾਂ ਨੂੰ ਤਬਾਹ ਕਰਨ ਦੀ ਕੋਸ਼ਿਸ਼ ਤੋਂ ਇਲਾਵਾ 12ਵੀਂ ਕਲਾਸ ਦਾ ਨਵਾਂ ਸਿਲੇਬਸ ਗੁਰੂ ਰਵੀਦਾਸ ਜੀ, ਨਾਮਦੇਵ ਜੀ ਅਤੇ ਕਬੀਰ ਸਾਹਿਬ ਅਤੇ ਹੋਰ ਬਹੁਤ ਸਾਰੇ ਸੰਤਾਂ ਸਮੇਤ ਪੰਜਾਬੀ ਸਮਾਜ ਦੇ ਹਰ ਵਰਗ ਨੂੰ ਬਾਹਰ ਦਾ ਰਸਤਾ ਵਿਖਾਉਂਦਾ ਹੈ।

 
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੜਾਏ ਜਾਣ ਵਾਲੇ ਸਿਲੇਬਸ ਦਾ ਆਕਾਰ ਇੱਕ ਵੱਖਰਾ ਮੁੱਦਾ ਹੈ ਕਿ ਉਹ ਸਾਡੇ ਬੱਚਿਆਂ ਨੂੰ ਉਹਨਾਂ ਮਹਾਨ ਲੋਕਾਂ ਬਾਰੇ ਕਿੰਨੀ ਕੁ ਜਾਣਕਾਰੀ ਦੇਣਾ ਚਾਹੁੰਦੇ ਹਨ, ਜਿਹੜੇ ਸਿਰਫ ਪੰਜਾਬ ਦੇ ਲੋਕਾਂ ਲਈ ਹੀ ਨਹੀਂ, ਸਗੋਂ ਪੂਰੇ ਮੁਲਕ ਲਈ ਪ੍ਰੇਰਣਾ ਸਰੋਤ ਬਣੇ ਹਨ।

 
ਵਫ਼ਦ ਨੇ ਰਾਜਪਾਲ ਨੂੰ ਦੱਸਿਆ ਕਿ ਸਰਕਾਰ ਦੀ ਪੰਜਾਬੀ, ਖਾਸ ਕਰਕੇ ਸਿੱਖ ਇਤਿਹਾਸ ਨੂੰ ਕਤਲ ਕਰਨ ਦੀ ਯੋਜਨਾਬੱਧ ਕਾਰਵਾਈ ਸਿੱਖ ਧਰਮਾਂ ਦੇ ਪੈਰੋਕਾਰਾਂ ਦੇ ਸਿਧਾਂਤਾਂ, ਵਿਸ਼ਵਾਸ਼ਾਂ ਅਤੇ ਵਿਰਸੇ ਉਤੇ ਸਿੱਧਾ ਹਮਲਾ ਹੈ ਅਤੇ ਉਹਨਾਂ ਦੇ ਗੁਰੂ ਸਾਹਿਬਾਨਾਂ ਪ੍ਰਤੀ ਅਟੁੱਟ ਪਿਆਰ ਅਤੇ ਸ਼ਰਧਾ ਰੱਖਣ ਵਾਲੇ ਮਹਾਨ ਯੋਧਿਆਂ ਅਤੇ ਸ਼ਹੀਦਾਂ ਵੱਲੋਂ ਰਚੇ ਇਤਿਹਾਸ ਨੂੰ ਖਤਮ ਕਰਨ ਦੀ ਕੋਸ਼ਿਸ਼ ਹੈ।

 
ਰਾਜ ਭਵਨ ਵਿਚ ਰਾਜਪਾਲ ਨੂੰ ਇਸ ਬਾਰੇ ਜਾਣਕਾਰੀ ਦਿੰਦਿਆਂ ਬਾਦਲ ਨੇ ਕਿਹਾ ਕਿ ਪੰਜਾਬੀ ਅਤੇ ਸਿੱਖ ਕਦੇ ਵੀ ਇਸ ਗੱਲ ਦੀ ਇਜਾਜ਼ਤ ਨਹੀਂ ਦੇਣਗੇ ਕਿ ਸਿੱਖ ਕੌਮ ਦੇ ਬੇਮਿਸਾਲ ਦੇ ਵਿਰਸੇ, ਇਤਿਹਾਸ ਅਤੇ ਪੰਜਾਬ ਦੇ ਇਤਿਹਾਸ ਨੂੰ ਕੋਈ ਤਬਾਹ ਕਰਨ ਦੀ ਕੋਸ਼ਿਸ਼ ਕਰੇ।
ਸਾਂਝੇ ਵਫ਼ਦ ਵੱਲੋਂ ਰਾਜਪਾਲ ਨੂੰ ਦਿੱਤੇ ਮੰਗ ਪੱਤਰ ਵਿਚ ਆਖਿਆ ਕਿ ਪੰਜਾਬ ਸਰਕਾਰ ਅਤੇ ਸੂਬੇ ਦੇ ਸਿੱਖਿਆ ਵਿਭਾਗ ਨੇ ਜਾਣ ਬੁੱਝ ਕੇ 12ਵੀਂ ਕਲਾਸ ਦੀ ਇਤਿਹਾਸ ਦੀ ਕਿਤਾਬ ਵਿਚੋਂ ਸਿੱਖ ਗੁਰੂ ਸਾਹਿਬਾਨਾਂ ਦੇ ਇਤਿਹਾਸ ਅਤੇ ਸਿੱਖ ਯੋਧਿਆਂ ਬਾਰੇ ਵਿਸਥਾਰ ਵਿਚ ਅਧਿਐਨ ਕਰਵਾਉਣ ਵਾਲੇ ਸਮੁੱਚੇ ਸਿਲੇਬਸ ਨੂੰ ਬਾਹਰ ਕੱਢ ਮਾਰਿਆ ਹੈ।

 
ਉਹ ਦਾਅਵਾ ਕਰ ਰਹੇ ਹਨ ਕਿ 12ਵੀਂ ਕਲਾਸ ਦੀਆਂ ਕਿਤਾਬਾਂ ਜਾਂ ਸਿਲੇਬਸ ਵਿਚੋਂ ਪੰਜਾਬ ਅਤੇ ਸਿੱਖ ਇਤਿਹਾਸ ਬਾਰੇ ਕਿਸੇ ਵੀ ਚੈਪਟਰ ਨੂੰ ਮਨਫ਼ੀ ਨਹੀਂ ਕੀਤਾ ਗਿਆ ਅਤੇ ਇਹ ਚੈਪਟਰ 11ਵੀਂ ਕਲਾਸ ਦੀ ਕਿਤਾਬ ਵਿਚ ਪਾ ਦਿੱਤੇ ਗਏ ਹਨ। ਇਹ ਗੱਲ ਬਿਲਕੁੱਲ ਹੀ ਝੂਠੀ ਅਤੇ ਆਧਾਰਹੀਣ ਹੈ। 12ਵੀਂ ਕਲਾਸ ਦੇ ਸਿਲੇਬਸ ਵਿਚ ਮੌਜੂਦ 23 ਚੈਪਟਰਾਂ ਵਿਚੋਂ ਕਿਸੇ ਨੂੰ 11ਵੀਂ ਕਲਾਸ ਦੇ ਸਿਲੇਬਸ ਦਾ ਹਿੱਸਾ ਨਹੀਂ ਬਣਾਇਆ ਗਿਆ। ਪੰਜਾਬ ਅਤੇ ਸਿੱਖ ਇਤਿਹਾਸ ਬਾਰੇ 11ਵੀਂ ਕਲਾਸ ਦੇ ਸਿਲੇਬਸ ਵਿਚ ਜਿਹੜੇ ਚੈਪਟਰਾਂ ਨੂੰ ਨਵੇਂ ਸ਼ਾਮਿਲ ਕੀਤੇ ਚੈਪਟਰ ਦੱਸਿਆ ਜਾ ਰਿਹਾ ਹੈ, ਉਹ ਪਹਿਲਾਂ ਹੀ 11ਵੀਂ ਕਲਾਸ ਦੇ ਸਿਲੇਬਸ ਦਾ ਹਿੱਸਾ ਹੋਣ ਕਰਕੇ ਪੜਾਏ ਜਾ ਰਹੇ ਸਨ।

ਟਿੱਪਣੀ ਕਰੋ:

About webmaster

Scroll To Top