Home / ਚੋਣਵੀ ਖਬਰ/ਲੇਖ / ਸਿੱਖ ਇਤਿਹਾਸ ਨੂੰ ਵਿਗਾੜ ਨੇ ਪੇਸ਼ ਕਰਦੀ ਪੰਜਾਬ ਬੋਰਡ ਦੀ ਕਿਤਾਬ ਦੀ ਖਾਮੀਆਂ ਬਾਰੇ ਸਿੱਖ ਵਿਦਵਾਨਾਂ ਦੀ ਤੱਥ ਖੋਜ ਕਮੇਟੀ ਨੇ ਮੁੱਖ ਮੰਤਰੀ ਨੂੰ ਭੇਜੀ ਰਿਪੋਰਟ

ਸਿੱਖ ਇਤਿਹਾਸ ਨੂੰ ਵਿਗਾੜ ਨੇ ਪੇਸ਼ ਕਰਦੀ ਪੰਜਾਬ ਬੋਰਡ ਦੀ ਕਿਤਾਬ ਦੀ ਖਾਮੀਆਂ ਬਾਰੇ ਸਿੱਖ ਵਿਦਵਾਨਾਂ ਦੀ ਤੱਥ ਖੋਜ ਕਮੇਟੀ ਨੇ ਮੁੱਖ ਮੰਤਰੀ ਨੂੰ ਭੇਜੀ ਰਿਪੋਰਟ

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਜਮਾਤ ਨੂੰ ਪੜ੍ਹਾਈ ਜਾਣ ਵਾਲੀ ਇਤਿਹਾਸ ਦੀ ਨਵੀਂ ਪਾਠ ਪੁਸਤਕ ‘ਚੋਂ ਸਿੱਖ ਇਤਿਹਾਸ ਗ਼ਾਇਬ ਕਰਨ ਦੇ ਮਾਮਲੇ ਤੇ ਸਿੱਖ ਵਿਦਵਾਨਾਂ ਵਲੋਂ ਅੱਜ 12ਵੀਂ ਜਮਾਤ ਦੀ ਇਤਿਹਾਸ ਦੀ ਵਿਵਾਦਤ ਪੁਸਤਕ ਬਾਰੇ ਗਠਿਤ ਕੀਤੀ ਤੱਥ ਖੋਜ ਕਮੇਟੀ ਵਲੋਂ ਤਿਆਰ ਕੀਤੀ ਰਿਵਿਊ ਰਿਪੋਰਟ ਦੀ ਕਾਪੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜੀ ਗਈ ਹੈ। ਇਸ ਰਿਪੋਰਟ ‘ਚ ਸਿੱਖ ਵਿਦਵਾਨਾਂ ਵਲੋਂ ਨਵੇਂ ਖ਼ੁਲਾਸੇ ਕੀਤੇ ਗਏ ਹਨ ।

ਗੁਰਗਿਆਨ ਇੰਸਟੀਚਿਊਟ ਦੇ ਪ੍ਰਧਾਨ ਡਾ. ਗੁਰਮੀਤ ਸਿੰਘ ਸਿੱਧੂ, ਮੁਖੀ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਹੋਰ ਸਿੱਖ ਵਿਦਵਾਨਾਂ ਨੇ ਪ੍ਰੈੱਸ ਕਲੱਬ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਦੇ ਨਾਮ ਦਿੱਤੀ ਰਿਪੋਰਟ ‘ਚ ਖ਼ੁਲਾਸਾ ਕੀਤਾ ਗਿਆ ਹੈ ਕਿ ਕਿਤਾਬ ‘ਚ ਖ਼ਾਲਸਾ ਰਾਜ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਨ ਦੇ ਇਲਾਵਾ ਜੋ ਗੱਲਾਂ ਸਿੱਖੀ ਵਿਚ ਵਰਜਿਤ ਹਨ ਉਨ੍ਹਾਂ ਨੂੰ ਵਧੇਰੇ ਉਭਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ।

 

ਉਨ੍ਹਾਂ 12ਵੀਂ ਦੀ ਨਵੀਂ ਕਿਤਾਬ ਗੁਰੂ ਇਤਿਹਾਸ ਨੂੰ ਵਿਗਾੜਨ ਦੀ ਵੱਡੀ ਸਾਜ਼ਿਸ਼ ਦਾ ਹਿੱਸਾ ਦੱਸਦਿਆਂ ਰਿਪੋਰਟ ‘ਚ ਕਿਤਾਬ ਨੂੰ ਰੱਦ ਕਰਨ ਤੇ ਇਸ ਦੀਆਂ ਕਾਪੀਆਂ ਨਸ਼ਟ ਕਰਨ ਦਾ ਸੁਝਾਅ ਦਿੱਤਾ ਹੈ। ਇਸ ਦੇ ਨਾਲ ਹੀ 11ਵੀਂ ਦੀ ਕਿਤਾਬ ਤਿਆਰ ਕਰਕੇ ਅਗਲੇ ਸੈਸ਼ਨ ‘ਚ ਤੇ 12ਵੀਂ ਦੀ ਸਾਲ 2020-21 ‘ਚ ਲਾਗੂ ਕਰਨ ਦਾ ਸੁਝਾਅ ਦਿੱਤਾ ਹੈ ।

 

ਇਸ ਮੌਕੇ ਡਾ. ਸਿੱਧੂ ਨਾਲ ਮੌਜੂਦ ਡਾ. ਗੁਰਬੀਰ ਸਿੰਘ ਖ਼ਾਲਸਾ ਕਾਲਜ ਪਟਿਆਲਾ, ਪ੍ਰਦੀਪ ਕੌਰ ਰਿਸਰਚ ਸਕਾਲਰ ਤੇ ਰੁਪਿੰਦਰ ਕੌਰ ਰਿਸਰਚ ਫੈਲੋ ਸ੍ਰੀ ਗੁਰੂ ਗੋਬਿੰਦ ਸਿੰਘ ਚੇਅਰ ਨੇ ਕਿਹਾ ਕਿ ਇਸ ਕਿਤਾਬ ਨੂੰ ਵਾਚਣ ਮਗਰੋਂ ਇੰਜ ਲੱਗਦਾ ਹੈ ਕਿ ਇਸ ਨੂੰ ਗਿਆਨ ਵਿਹੂਣੇ ਲੋਕਾਂ ਵਲੋਂ ਤਿਆਰ ਕਰਕੇ ਸਿੱਖ ਇਤਿਹਾਸ ਮੇਟਣ ਦੀ ਸਾਜ਼ਿਸ਼ ਕੀਤੀ ਗਈ ਹੈ।

 

ਇਨ੍ਹਾਂ ਵਿਦਵਾਨਾਂ ਅਨੁਸਾਰ ਕਿਤਾਬ ਸਬੰਧੀ ਮੈਟਰ ਪਹਿਲਾਂ ਇੰਟਰਨੈੱਟ ਤੋਂ ਕਾਪੀ ਕੀਤਾ ਗਿਆ ਹੈ, ਜਿਸ ਦਾ ਅਨੁਵਾਦ ਕਰਕੇ ਕਿਤਾਬ ਤਿਆਰ ਕਰ ਲਈ ਗਈ।

 

ਉਨ੍ਹਾਂ ਖ਼ੁਲਾਸਾ ਕੀਤਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਇਸ ਕਿਤਾਬ ‘ਚ ਨਾਸਤਿਕ ਦੱਸਦਿਆਂ ਲੁਧਿਆਣਾ ਦੇ ਜੰਮਪਲ ਦੱਸਿਆ ਗਿਆ ਹੈ ਤੇ ਲਿਖਿਆ ਗਿਆ ਹੈ ਉਨ੍ਹਾਂ ਦੀ ਮੂਰਤੀ ਲੁਧਿਆਣਾ ਵਿਚ ਲਗਾਈ ਗਈ ਹੈ ਜਦਕਿ ਉਹ ਪਿੰਡ ਸਰਾਭਾ ਦੇ ਜੰਮਪਲ ਸਨ ਤੇ ਸ਼ਹੀਦਾਂ ਦੇ ਬੁੱਤ ਹੀ ਲਗਾਏ ਜਾਂਦੇ ਹਨ ਨਾ ਕਿ ਮੂਰਤੀਆਂ।

 

ਉਨ੍ਹਾਂ ਕਿਹਾ ਕਿ ਇਸ ਕਿਤਾਬ ‘ਚ ਸਿੱਖੀ ਨੂੰ ਹਿੰਦੂਵਾਦ ਨਾਲ ਜੋੜ ਕੇ ਹਿੰਦੂਵਾਦ ਦਾ ਹੀ ਅੰਗ ਸਾਬਿਤ ਕਰਨ ਦੀ ਘਿਨੌਣੀ ਸ਼ਰਾਰਤ ਕੀਤੀ ਗਈ ਹੈ । ਇਸ ਦੇ ਇਲਾਵਾ ਸਿੱਖ ਯੋਧਿਆਂ ਤੇ ਸ਼ਹੀਦ ਦਾ ਇਤਿਹਾਸ ਮੇਟ ਕੇ ਪੁਜਾਰੀਵਾਦ ਨੂੰ ਮਹੱਤਵ ਦਿੱਤਾ ਗਿਆ ਹੈ । ਵਿਦਵਾਨਾਂ ਨੇ ਕਿਹਾ ਕਿ ਕਿਤਾਬ ‘ਚ ਦਸਮ ਪਿਤਾ ਵਲੋਂ ਸਾਜੇ ਖ਼ਾਲਸੇ ਦੀ ‘ਟ੍ਰਾਂਸਫੋਰਮੇਸ਼ਨ’ (ਤਬਦੀਲੀ) ਦਾ ਵਿਚਾਰ ਪੇਸ਼ ਕਰਨ ਲਈ ਜ਼ਮੀਨ ਤਿਆਰ ਕੀਤੀ ਗਈ ਹੈ ਜਦਕਿ ਹਿੰਦੂ ਧਰਮ ‘ਚ ਮਹਿਲਾਵਾਂ ਤੇ ਸ਼ੂਦਰਾਂ ਨੂੰ ਧਾਰਮਿਕ ਰਸਮਾਂ ਤੇ ਦੇਵਤਿਆਂ ਦੀ ਪੂਜਾ ਦੀ ਆਗਿਆ ਸੀ ਕਿਹਾ ਗਿਆ ਹੈ ਜੋ ਕਿ ਸਹੀ ਨਹੀਂ ।

 

ਇਸ ਦੇ ਇਲਾਵਾ ਬਿ੍ਟਿਸ਼ ਰਾਜ ਅਧੀਨ ਪੰਜਾਬ ‘ਚ 1957 ਦੀ ਲਹਿਰ ‘ਚ ਸ਼ਾਮਿਲ ਯੋਧਿਆਂ ਨੂੰ ਹਿੰਦੂ ਵਜੋਂ ਪੇਸ਼ ਕੀਤਾ ਗਿਆ ਹੈ । ਇਨ੍ਹਾਂ ਵਿਦਵਾਨਾਂ ਨੇ ਸਿੱਖਿਆ ਬੋਰਡ ਨੂੰ ਚੁਣੌਤੀ ਦਿੱਤੀ ਕਿ ਉਨ੍ਹਾਂ ਕੋਲ ਸਿੱਖ ਧਰਮ ਬਾਰੇ ਅਜਿਹੇ ਬਹੁਤ ਸਾਰੇ ਸਵਾਲ ਹਨ ਜੋ ਇਸ ਪਾਠ ਪੁਸਤਕ ਵਿਚੋਂ ਲੱਭੇ ਨਹੀਂ ਜਾ ਸਕਦੇ ।

 

ਇਨ੍ਹਾਂ ਵਿਦਵਾਨਾਂ ਨੇ ਮਾਮਲੇ ਦੀ ਜਾਂਚ ਕਰਾਉਣ, ਕਿਤਾਬ ਤਿਆਰ ਕਰਨ ਲਈ ਯੂਨੀਵਰਸਿਟੀ ਪੱਧਰ ਦੇ 5 ਵਿਦਵਾਨਾਂ ਦੀ ਚੋਣ ਕਰਨ ਤੇ ਤੋੜ ਮਰੋੜ ਕੇ ਪੇਸ਼ ਕੀਤੇ ਤੱਥਾਂ ਵਾਲੀ ਕਿਤਾਬ ਵਿਦਿਆਰਥੀਆਂ ਦੇ ਹੱਥਾਂ ‘ਚ ਦੇਣ ‘ਤੇ ਪਾਬੰਦੀ ਲਾਉਣ ਦੀ ਮੰਗ ਚੁੱਕੀ । ਇਨ੍ਹਾਂ ਵਿਦਵਾਨਾਂ ਨੇ ਕਿਹਾ ਕਿ ਇਸ ਸਮੀਖਿਆ ਰਿਪੋਰਟ ਨੂੰ ਸਿੱਖਿਆ ਬੋਰਡ ਦੇ ਸਾਬਕਾ ਚੇਅਰਮੈਨਾਂ, ਇਤਿਹਾਸਕਾਰਾਂ, ਸਿੱਖ ਵਿਦਵਾਨਾਂ, ਸਕੂਲ ਲੈਕਚਰਾਰਾਂ ਤੇ ਇਤਿਹਾਸ ਪੜ੍ਹਦੇ ਵਿਦਿਆਰਥੀਆਂ ਨਾਲ ਮੁਲਾਕਾਤਾਂ ਮਗਰੋਂ ਖ਼ੋਜੇ ਤੱਥਾਂ ਦੇ ਆਧਾਰ ‘ਤੇ ਤਿਆਰ ਕੀਤਾ ਗਿਆ ਹੈ ।

ਟਿੱਪਣੀ ਕਰੋ:

About webmaster

Scroll To Top