Home / ਚੋਣਵੀ ਖਬਰ/ਲੇਖ / ਸ਼੍ਰੀ ਅਕਾਲ ਤਖਤ ਸਾਹਵੇਂ ਲੱਗਦੇ ਢਾਡੀ ਦਰਬਾਰ ਗਿਆਨੀ ਗੁਰਬਚਨ ਸਿੰਘ ਨੇ ਬੰਦ ਕੀਤੇ

ਸ਼੍ਰੀ ਅਕਾਲ ਤਖਤ ਸਾਹਵੇਂ ਲੱਗਦੇ ਢਾਡੀ ਦਰਬਾਰ ਗਿਆਨੀ ਗੁਰਬਚਨ ਸਿੰਘ ਨੇ ਬੰਦ ਕੀਤੇ

ਅੰਮ੍ਰਿਤਸਰ: ਮੀਰੀ ਪੀਰੀ ਦੇ ਮਾਲਕ ਅਤੇ ਅਕਾਲ ਤਖਤ ਸਾਹਿਬ ਦੇ ਸਿਰਜਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼ੁਰੂ ਕੀਤੀ ਢਾਡੀ ਗਾਇਨ ਪ੍ਰੰਪਰਾਂ ਨੂੰ ਦੋ ਢਾਡੀ ਸਭਾਵਾਂ ਵਿਚਕਾਰ ਸਮੇਂ ਨੂੰ ਲੈ ਕੇ ਵਿਵਾਦ ਦਰਮਿਆਨ ਗਿਆਨੀ ਗੁਰਬਚਨ ਸਿੰਘ ਵੱਲੋਂ ਬੰਦ ਕਰ ਦਿੱਤਾ ਗਿਆ ਹੈ।

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਨਾਲ ਸਬੰਧਤ ਢਾਡੀ ਜਥਿਆਂ ਵੱਲੋਂ ਕੀਤੀ ਮੀਟਿੰਗ ਦੀ ਇਕ ਝਲਕ।

ਢਾਡੀ ਸਭਾਵਾਂ ’ਤੇ ਅਕਾਲ ਤਖ਼ਤ ਦੇ ਸਾਹਮਣੇ ਲਾਏ ਜਾਂਦੇ ਦੀਵਾਨ ’ਤੇ ਲਾਈ ਗਈ ਰੋਕ ਤੋਂ ਬਾਅਦ ਅੱਜ ਇੱਕ ਧਿਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਅਕਾਲ ਤਖ਼ਤ ਦੇ ਸਾਹਮਣੇ ਢਾਡੀ ਦਰਬਾਰ ਸ਼ੁਰੂ ਨਹੀਂ ਹੁੰਦਾ, ਉਹ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ਦੇ ਬਾਹਰ ਢਾਡੀ ਦੀਵਾਨ ਸ਼ੁਰੂ ਕਰਨਗੇ।

 

ਅੱਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਨਾਲ ਸਬੰਧਤ ਢਾਡੀ ਜਥਿਆਂ ਵੱਲੋਂ ਮੀਟਿੰਗ ਕੀਤੀ ਗਈ ਹੈ। ਮੀਟਿੰਗ ਬਾਰੇ ਢਾਡੀ ਸਭਾ ਦੇ ਮੁਖੀ ਗਿਆਨੀ ਬਲਦੇਵ ਸਿੰਘ ਐੱਮਏ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਦੌਰਾਨ ਉਹ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਅਤੇ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸਮੇਤ ਹੋਰਨਾਂ ਨੂੰ ਮਿਲੇ ਹਨ ਅਤੇ ਅਪੀਲ ਕੀਤੀ ਹੈ ਕਿ ਅਕਾਲ ਤਖ਼ਤ ਵਿਖੇ ਢਾਡੀ ਦੀਵਾਨ ਸ਼ੁਰੂ ਕਰਵਾਇਆ ਜਾਵੇ।

 

ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੇ ਇਸ ਮਾਮਲੇ ਵਿੱਚ ਆਪਣੀ ਅਸਮਰਥਾ ਜ਼ਾਹਰ ਕੀਤੀ ਹੈ ਅਤੇ ਆਖਿਆ ਕਿ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਰੋਕ ਲਾਈ ਗਈ ਹੈ। ਉਨ੍ਹਾਂ ਆਖਿਆ ਕਿ ਢਾਡੀ ਸਭਾ ਨੇ ਫੈਸਲਾ ਕੀਤਾ ਕਿ ਢਾਡੀ ਦੀਵਾਨ ਜਾਰੀ ਰੱਖੇ ਜਾਣਗੇ। ਜਦੋਂ ਤਕ ਅਕਾਲ ਤਖ਼ਤ ਦੇ ਸਾਹਮਣੇ ਢਾਡੀ ਦੀਵਾਨ ਸਜਾਉਣ ਦੀ ਆਗਿਆ ਨਹੀਂ ਮਿਲਦੀ, ਉਨ੍ਹਾਂ ਦੀ ਜਥੇਬੰਦੀ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ਦੇ ਬਾਹਰ ਢਾਡੀ ਦੀਵਾਨ ਸਜਾਏਗੀ।

 

ਉਨ੍ਹਾਂ ਆਖਿਆ ਕਿ ਅਕਾਲ ਤਖ਼ਤ ਦੇ ਜਥੇਦਾਰ ਨੂੰ ਆਪਣਾ ਫ਼ੈਸਲਾ ਵਾਪਸ ਲੈਣਾ ਚਾਹੀਦਾ ਹੈ ਅਤੇ ਉਨ੍ਹਾਂ ਕੋਲ ਢਾਡੀ ਸਭਾ ਨੂੰ ਭੰਗ ਕਰਨ ਦਾ ਕੋਈ ਹੱਕ ਨਹੀਂ ਹੈ।
ਮੀਟਿੰਗ ਤੋਂ ਬਾਅਦ ਸ਼੍ਰੋਮਣੀ ਢਾਡੀ ਸਭਾ ਦੇ ਮੈਂਬਰ ਇਕੱਠੇ ਹੋ ਕੇ ਅਕਾਲ ਤਖ਼ਤ ਪੁੱਜੇ, ਜਿਥੇ ਉਨ੍ਹਾਂ ਕੁਝ ਸਮਾਂ ਗੁਰਬਾਣੀ ਦਾ ਪਾਠ ਕੀਤਾ ਅਤੇ ਮੁੜ ਸ੍ਰੀ ਹਰਿਮੰਦਰ ਸਾਹਿਬ ਪ੍ਰਵੇਸ਼ ਪਲਾਜ਼ਾ ਦੇ ਬਾਹਰ ਢਾਡੀ ਦੀਵਾਨ ਲਾਉਣ ਦਾ ਯਤਨ ਕੀਤਾ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਅਤੇ ਕਰਮਚਾਰੀ ਵੀ ਪੁੱਜ ਚੁੱਕੇ ਸਨ। ਹਰਿਮੰਦਰ ਸਾਹਿਬ ਦੇ ਮੈਨੇਜਰ ਵੱਲੋਂ ਸਮਝਾਉਣ ਤੋਂ ਬਾਅਦ ਸ਼੍ਰੋਮਣੀ ਢਾਡੀ ਸਭਾ ਵੱਲੋਂ ਫਿਲਹਾਲ ਅੱਜ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਹੈ।

 

ਗਿਆਨੀ ਬਲਦੇਵ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਆਖਿਆ ਕਿ ਢਾਡੀ ਦੀਵਾਨ ਲਾਉਣ ਦਾ ਪ੍ਰੋਗਰਾਮ ਜਾਰੀ ਰੱਖਿਆ ਜਾਵੇਗਾ। ਜੇਕਰ ਸ਼੍ਰੋਮਣੀ ਕਮੇਟੀ ਪ੍ਰਵੇਸ਼ ਦੁਆਰ ਪਲਾਜ਼ਾ ਦੇ ਬਾਹਰ ਢਾਡੀ ਦੀਵਾਨ ਲਾਉਣ ਤੋਂ ਰੋਕੇਗੀ ਤਾਂ ਉਨ੍ਹਾਂ ਦੀ ਜਥੇਬੰਦੀ ਜਲ੍ਹਿਆਂਵਾਲਾ ਬਾਗ ਨੇੜੇ ਦੀਵਾਨ ਲਾਵੇਗੀ।

ਟਿੱਪਣੀ ਕਰੋ:

About webmaster

Scroll To Top