Home / ਕੌਮਾਂਤਰੀ ਖਬਰਾਂ / ਪੰਜਾਬ ਸਿੱਖਿਆ ਬੋਰਡ ਵੱਲੋਂ 12ਵੀਂ ਦੀ ਜਮਾਤ ਵਿੱਚੋਂ ਸਿੱਖ ਇਤਿਹਾਸ ਹਟਾਉਣ ਦਾ ਵਿਰੋਧ

ਪੰਜਾਬ ਸਿੱਖਿਆ ਬੋਰਡ ਵੱਲੋਂ 12ਵੀਂ ਦੀ ਜਮਾਤ ਵਿੱਚੋਂ ਸਿੱਖ ਇਤਿਹਾਸ ਹਟਾਉਣ ਦਾ ਵਿਰੋਧ

 

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਦੀ ਜਮਾਤ ਵਿੱਚੋਂ ਸਿੱਖ ਗੁਰੁ ਸਾਹਿਬਾਨ ਅਤੇ ਪੰਜਾਬ ਦੇ ਇਤਿਹਾਸ ਦੇ ਸੁਨਿਹਰੀ ਇਤਿਹਾਸਕ ਕਾਲ ਨਾਲ ਸਬੰਧਿਤ ਪਾਠਾਂ ਨੂੰ ਕੱਢਣ ਖਿਲਾਫ ਵਿਆਪਕ ਪੱਧਰ ‘ਤੇ ਰੋਸ ਪੈਦਾ ਹੋ ਗਿਆ ਹੈ ਅਤੇ ਇਸ ਲਈ ਜਿਮੇਵਾਰੀ ਬੰਦਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਉੱਠੀ ਹੈ।

ਸਿੱਖਿਆ ਬੋਰਡ ਵੱਲੋਂ ਛਪਾਈ ਅਧੀਨ ਇਤਿਹਾਸ ਦੀ ਪਾਠ ਪੁਸਤਕ ਦਾ ਸਰਵਰਕ।

ਗੁਰਗਿਆਨ ਇੰਸਟੀਚਿਊਟ ਫ਼ਾਰ ਹਿਊਮਨ ਕੰਸਰਨਜ਼ ਵਲੋਂ ਇਸ ਪੁਸਤਕ ਦੀ ਛਪਾਈ ਨੂੰ ਰੋਕਣ ਅਤੇ ਪੰਜਾਬ ਦੇ ਇਤਿਹਾਸ ਨੂੰ ਗ਼ਲਤ ਰੰਗਤ ਦੇਣ ਦੀ ਪੜਤਾਲ ਕਰਵਾਉਣ ਦੀ ਮੰਗ ਕੀਤੀ ਹੈ। ਇੰਸਟੀਚਿਊਟ ਦੇ ਪ੍ਰਧਾਨ ਅਤੇ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁਖੀ ਪ੍ਰੋਫੈਸਰ ਗੁਰਮੀਤ ਸਿੰਘ ਸਿੱਧੂ ਨੇ ਕਿਹਾ ਕਿ ਇਤਿਹਾਸ ਦਾ ਸਿਲੇਬਸ ਸਾਜਿਸ਼ ਦੇ ਤਹਿਤ ਬਦਲਿਆ ਗਿਆ ਹੈ ਅਤੇ ਨਵੇਂ ਤਿਆਰ ਕੀਤੇ ਸਿਲੇਬਸ ‘ਚ ਪੰਜਾਬ ਦੇ ਇਤਿਹਾਸ ਨੂੰ ਕੱਟਣ ਅਤੇ ਛਾਂਗਣ ਤੋਂ ਇਲਾਵਾ ਇਤਿਹਾਸਕ ਤੱਥਾਂ ਨਾਲ ਛੇੜ-ਛਾੜ ਵੀ ਕੀਤੀ ਗਈ ਹੈ ਜਿਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ‘ਚੋਂ ਸਿੱਖ ਗੁਰੂਆਂ ਅਤੇ ਪੰਜਾਬ ਦੇ ਇਤਿਹਾਸ ਨਾਲ ਸਬੰਧਿਤ ਕੁਝ ਚੈਪਟਰਾਂ ਨੂੰ ਗ਼ਾਇਬ ਕਰਨ ਲਈ ਇਕ ਉੱਚ ਪੱਧਰੀ ਜਾਂਚ ਅਤੇ ਜ਼ਿੰਮੇਵਾਰ ਅਧਿਕਾਰੀਆਂ ਿਖ਼ਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

 

ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੰਦਭਾਗਾ ਹੈ ਕਿ ਸੂਬੇ ਦੇ ਆਪਣੇ ਸਕੂਲ ਬੋਰਡ ਨੇ ਪੰਜਾਬ ਦਾ ਇਤਿਹਾਸ ਰਚਣ ਵਾਲਿਆਂ ਨੂੰ ਹੀ ਪੰਜਾਬ ਦੀਆਂ ਇਤਿਹਾਸ ਦੀਆਂ ਕਿਤਾਬਾਂ ‘ਚੋਂ ਹੀ ਬਾਹਰ ਕਰ ਦਿੱਤਾ ਹੈ। ਡਾ. ਚੀਮਾ ਨੇ ਕਿਹਾ ਕਿ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿੱਖ ਗੁਰੂਆਂ ਅਤੇ ਪੰਜਾਬ ਦੇ ਸਿੱਖ ਯੋਧਿਆਂ ਬਾਰੇ ਜਾਣਕਾਰੀ ਤੋਂ ਵਾਂਝੇ ਰੱਖਣ ਵਾਸਤੇ ਇਕ ਡੂੰਘੀ ਸਾਜਿਸ਼ ਘੜੀ ਗਈ ਲਗਦੀ ਹੈ ।

 

ਉਨ੍ਹਾਂ ਕਿਹਾ ਕਿ 12ਵੀਂ ਜਮਾਤ ਦੀ ਨਵੀਂ ਇਤਿਹਾਸ ਦੀ ਕਿਤਾਬ ਦੀ ਛਪਾਈ ਅਤੇ ਵੰਡ ‘ਤੇ ਤੁਰੰਤ ਰੋਕ ਲਾ ਦੇਣੀ ਚਾਹੀਦੀ ਹੈ। ਅਕਾਲੀ ਆਗੂ ਨੇ ਕਿਹਾ ਕਿ 12ਵੀਂ ਜਮਾਤ ਦੀ ਇਤਿਹਾਸ ਦੀ ਪੁਰਾਣੀ ਕਿਤਾਬ ‘ਚ ਸਿੱਖ ਗੁਰੂਆਂ, ਸਿੱਖ ਯੋਧਿਆਂ ਅਤੇ ਪੰਜਾਬ ਦੇ ਅਹਿਮ ਇਤਿਹਾਸਕ ਪੱਖਾਂ ਬਾਰੇ ਜਾਣਕਾਰੀ ਦੇਣ ਵਾਲੇ 23 ਚੈਪਟਰ ਸਨ ਪਰ ਨਵੀਂ ਕਿਤਾਬ ‘ਚੋਂ ਇਨ੍ਹਾਂ ਸਾਰੇ ਚੈਪਟਰਾਂ ਨੂੰ ਹਟਾ ਕੇ ਸਿੱਖਾਂ ਦੇ ਸ਼ਾਨਾਮੱਤੇ ਇਤਿਹਾਸ ਬਾਰੇ ਮਹਿਜ਼ ਅੱਧੇ ਪੰਨੇ ਦੀ ਜਾਣਕਾਰੀ ਦਿੱਤੀ ਗਈ ਹੈ।

 

ਉਨ੍ਹਾਂ ਕਿਹਾ ਕਿ ਨਵੀਂ ਕਿਤਾਬ ‘ਚ ਸੁਤੰਤਰਤਾ ਅੰਦੋਲਨ ‘ਚ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ‘ਚ ਪੰਜਾਬੀਆਂ ਦੁਆਰਾ ਨਿਭਾਈ ਗਈ ਵੱਡੀ ਭੂਮਿਕਾ ਨੂੰ ਨਜ਼ਰਅੰਦਾਜ਼ ਕਰਕੇ ਉਨ੍ਹਾਂ ਨਾਲ ਬੇਇਨਸਾਫ਼ੀ ਕੀਤੀ ਗਈ ਹੈ ।

ਟਿੱਪਣੀ ਕਰੋ:

About webmaster

Scroll To Top