Home / ਚੋਣਵੀ ਖਬਰ/ਲੇਖ / ਕੌਮ ‘ਤੇ ਇੱਕ ਹੋਰ ਨਵਾਂ ਹੱਲਾ ..?

ਕੌਮ ‘ਤੇ ਇੱਕ ਹੋਰ ਨਵਾਂ ਹੱਲਾ ..?

-ਜਸਪਾਲ ਸਿੰਘ ਹੇਰਾਂ

 

ਦਸ਼ਮੇਸ਼ ਪਿਤਾ! ਇਹ ਕੀ ਹੋ ਰਿਹਾ ਹੈ? ਅੱਜ ਨਿਰਾਸ਼ ਤੇ ਬੇਵੱਸ ਹੋਈ ਕਲਮ, ਕਲਗੀਆਂ ਵਾਲੇ ਨੂੰ ਇਹ ਸੁਆਲ ਕਰਨ ਲਈ ਮਜ਼ਬੂਰ ਹੋ ਗਈ। ਸਿੱਖ ਪੰਥ ਦੀ ਹੋਂਦ ਖ਼ਤਰੇ ‘ਚ ਹੈ, ਗੁੁਰੂ ਸਾਹਿਬ ਸੁਰੱਖਿਅਤ ਨਹੀਂ, ਸਿੱਖ ਸਿਧਾਂਤ ਸੁਰੱਖਿਅਤ ਨਹੀਂ, ਸਿੱਖ ਇਤਿਹਾਸ ਤੇ ਵਿਰਸਾ ਸੁਰੱਖਿਅਤ ਨਹੀਂ, ਸਿੱਖੀ ਸਰੂਪ ਤੇ ਸਿੱਖ ਕਕਾਰ ਸੁੱਰਖਿਅਤ ਨਹੀਂ, ਸਿੱਖਾਂ ਦੀ ਦਸਤਾਰ ਸੁਰੱਖਿਅਤ ਨਹੀਂ। ਬਾਣੀ ਤੇ ਬਾਣੇ ‘ਤੇ ਹਮਲੇ ਜਾਰੀ ਹਨ। ਕੌਮ ਹਾਲੇ ਪਹਿਲੇ ਹਮਲੇ ਦਾ ਜਵਾਬ ਦੇਣ ਲਈ ਤਿਆਰੀ ਕਰ ਰਹੀ ਹੁੰਦੀ ਹੈ, ਅਗਲਾ ਹਮਲਾ ਹੋ ਜਾਂਦਾ ਹੈ, ਜਿਸ ਨਾਲ ਕੌਮ ਪਹਿਲੇ ਹੱਲੇ ਨੂੰ ਭੁੱਲ ਜਾਂਦੀ ਹੈ ਤੇ ਅਗਲੇ ਹੱਲੇ ਦੀ ਤਿਆਰੀ ‘ਚ ਜੁੱਟ ਜਾਂਦੀ ਹੈ,ਪ੍ਰੰਤੂ ਉਸ ਤੋਂ ਪਹਿਲਾਂ ਅਗਲਾ ਹੱਲਾ ਬੋਲ ਦਿੱਤਾ ਜਾਂਦਾ ਹੈ।

 

ਕੌਮ ਪਿਛਲੇ ਹੱਲਿਆਂ ਨੂੰ ਭੁੱਲ ਜਾਂਦੀ ਹੈ ਤੇ ਬਿਪਰਨ ਤਾਕਤਾਂ ਆਪਣਾ ਸੁਆਰਥ ਪੂਰਾ ਕਰਨ ‘ਚ ਸਫ਼ਲ ਹੋ ਜਾਂਦੀਆਂ ਹਨ। ਭੋਲੇ-ਭਾਲੇ ਸਿੱਖਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹਨਾਂ ਨੇ ਕੀ ਗੁਆ ਲਿਆ ਹੈ? ਕਿੰਨੀ ਵੱਡੀ ਕੀਮਤ ਤਾਰ ਦਿੱਤੀ ਹੈੈ? ਅੱਜ ਜਦੋਂ ਦੇਸ਼ ਦੀ ਸਰਵਉੱਚ ਅਦਾਲਤ ਨੇ “ਸਿਰਦਾਰ ਦੀ ਦਸਤਾਰ” ‘ਤੇ ਹੀ ਸੁਆਲੀਆ ਚਿੰਨ ਲਾ ਦਿੱਤਾ ਹੈ ਅਤੇ 23 ਅਪ੍ਰੈਲ ਨੂੰ ਸਿੱਖਾਂ ਨੇ ਸਪੁਰੀਮ ਕੋਰਟ ਦੇ ਮੁੱਢਲੇ ਵਾਰ ਨੂੰ ਰੋਕਣ ਲਈ ਚਾਰਾਜ਼ੋਈ ਕਰਨੀ ਸੀ,ਕਾਨੂੰਨੀ ਜੰਗ,ਕਾਨੂੰਨੀ ਦਾਅ-ਪੇਚਾਂ ਨਾਲ ਤੇ ਸਿਆਸੀ ਜੰਗ ,ਸਿਆਸੀ ਦਬਾਅ ਨਾਲ ਲੜਨ ਲਈ ਕਮਰਕੱਸੇ ਕਰਨੇ ਸਨ, ਤਾਂ ਸਿੱਖਾਂ ਦੀ ਪਾਰਲੀਮੈਂਟ ਹੀ ਸਿੱਖਾਂ ਦਾ ਧਿਆਨ ਇੱਕ ਹੋਰ ਗੰਭੀਰ ਮੁੱਦੇ ਨਾਲ ਮੋੜਨ ਲਈ ਘਿਨਾਉਣੀ  ਖੇਡ, ਖੇਡ ਦਿੰਦੀ  ਹੈ। ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਫ਼ੈਸਲਾ ਕਰਦੀ ਹੈ ਕਿ ਸਿੱਖਾਂ ਦੇ ਬੌਧਿਕ ਤੇ ਵਿਰਾਸਤੀ ਖ਼ਜਾਨੇ ਦੀ ਧਰੋਹਰ ,ਸਿੱਖ ਰੈਂਫਰੈਂਸ ਲਾਇਬ੍ਰੇਰੀ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਕੱਢ ਕੇ ਨਵੇਂ ਸਿਰੇ ਤੋਂ ਉਸਾਰਿਆ ਜਾਵੇ ।

 

ਪਹਿਲਾਂ ਸਿੱਖ ਰੈਂਫਰੈਂਸ ਲਾਇਬ੍ਰੇਰੀ ਦੀ ਮਹਾਨਤਾ ਸੀ ਕਿ ਉਹ ਕੌਮ ਦੇ ਬੌਧਿਕ ਤੇ ਵਿਰਾਸਤੀ ਖ਼ਜ਼ਾਨੇ ਨੂੰ ਸੰਭਾਲੀ ਬੈਠੀ ਸੀ, ਪ੍ਰੰਤੂ ਸਾਕਾ ਦਰਬਾਰ ਸਾਹਿਬ ਭਾਵ ਜੂਨ 1984 ਸਮੇਂ, ਜਦੋਂ ਸ਼ੈਤਾਨ ਦੁਸ਼ਮਣ ਨੇ ਸਿੱਖਾਂ ਨੂੰ ਉਹਨਾਂ ਦੇ ਬੌਧਿਕ ਤੇ ਵਿਰਾਸਤੀ ਖ਼ਜ਼ਾਨੇ ਤੋਂ ਵਾਂਝੇ ਕਰਨ ਲਈ,ਫੌਜੀ ਹਮਲੇ ਤੋਂ ਬਾਅਦ ਉਸ ਸਾਰੇ ਕੀਮਤੀ ਖ਼ਜ਼ਾਨੇ ਨੂੰ ਚੁੱਕਣ ਉਪਰੰਤ ਲਾਇਬ੍ਰੇਰੀ ਨੂੰ,ਅੱਗਾਂ ਲਾ ਦਿੱਤੀਆਂ ਸਨ ਕਿ ਕੌਮ ਆਪਣੇ ਇਸ ਅਨਮੋਲ ਖ਼ਜ਼ਾਨੇ ਦੀ ਵਾਪਸੀ ਦੀ ਮੰਗ ਨਾ ਕਰ ਸਕੇ।

 

ਅੱਜ ਇਸ ਇਤਿਹਾਸਕ ਲਾਇਬਰੇਰੀ ਦੀ ਮਹਾਨਤਾ, ਭਾਰਤੀ ਹਕੂਮਤ ਦੀ ਸਿੱਖਾਂ ਪ੍ਰਤੀ ਚਲਾਕ,ਮਕਾਰ ਤੇ ਸਿੱਖ ਹੋਂਦ ਦੇ ਖ਼ਾਤਮੇ ਦੀ ਖ਼ਤਰਨਾਕ ਸੋਚ ਦੀ ਪ੍ਰਤੀਕ ਵਜੋਂ ਹੈ। 34 ਸਾਲ ਤੱਕ, ਭਾਰਤੀ  ਹਕੂਮਤ ਚਾਹੇ ਉਹ ਚਿੱਟੇ ਰੰਗ ਦੀ ਸੀ ਤੇ ਚਾਹੇ ਉਹ ਭਗਵੇਂ ਰੰਗ ਦੀ, ਉਹਨਾਂ ਨੇ ਸਿੱਖ ਰੈਂਫਰੈਂਸ ਲਾਇਬ੍ਰੇਰੀ ‘ਚੋਂ ਅਲੋਪ ਕੀਤੇ ਕੀਮਤੀ ਖ਼ਜ਼ਾਨੇ ਦਾ ਕੋਈ ਥਹੁ-ਪਤਾ ਨਹੀਂ ਦਿੱਤਾ। ਨਾ ਹੀ ਸ਼੍ਰੋਮਣੀ ਕਮੇਟੀ ਨੇ ਇਸ ਅਨਮੋਲ ਖ਼ਜ਼ਾਨੇ ਦੀ ਵਾਪਸੀ ਲਈ ਗੰਭੀਰ ਉਪਰਾਲੇ ਕੀਤੇ ਹਨ। ਦਰਬਾਰ ਸਾਹਿਬ ਸਾਕਾ ਸਿੱਖ ਹੋਂਦ ਦੇ ਖ਼ਾਤਮੇ ਲਈ ਸੀ। ਸਿੱਖ ਰੈਂਫਰੈਂਸ ਲਾਇਬ੍ਰੇਰੀ ‘ਤੇ ਡਾਕਾ,ਉਸਦਾ ਜਿਊਂਦਾ-ਜਾਗਦਾ ਸਬੂਤ ਹੈ।

 

ਇਸ ਲਈ ਅਗਲੀਆਂ ਸਦੀਆਂ ‘ਚ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂ, ਸ੍ਰੀ ਦਰਬਾਰ ਸਾਹਿਬ ਸਾਕੇ ਦੀ ਯਾਦ ਤਾਜ਼ਾ ਕਰਨਗੇ ਤਾਂ ਸਿੱਖ ਰੈਂਫਰੈਂਸ ਲਾਇਬ੍ਰੇਰੀ ਉਹਨਾਂ ਦੇ ਮਨਮਸਤਕ ‘ਤੇ ਜ਼ਰੂਰ ਉਭਰੇਗੀ। ਜਦੋਂ ਉਹ ਸਿੱਖ ਰੈਂਫਰੈਂਸ ਲਾਇਬ੍ਰੇਰੀ ਨੂੰ ਦਰਬਾਰ ਸਾਹਿਬ ਦੇ ਆਸ-ਪਾਸ ਨਹੀਂ ਦੇਖਣਗੇ ਤਾਂ ਉਹ ਸਾਕਾ ਦਰਬਾਰ ਸਾਹਿਬ ਦੇ ਮੁੰਕਮਲ ਦਿ੍ਰਸ਼ ਨੂੰ ਕਿਵੇਂ ਆਪਣੇ ਮਨਮਸਤਕ ‘ਤੇ ਲੈ ਕੇ ਆ ਸਕਣਗੇ?

 
 

ਅਸੀਂ ਢਹਿ ਢੇਰੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੁੜ ਉਸਾਰੀ ਕਰਕੇ, ਦਰਬਾਰ ਸਾਹਿਬ ਨੂੰ ਲੱਗੀਆਂ ਗੋਲੀਆਂ ਦੇ ਨਿਸ਼ਾਨ ਮਿਟਾ ਕੇ ਭਾਰਤੀ ਹਕੂਮਤ ਦੀ ਸਿੱਖ ਦੁਸ਼ਮਣੀ ਤੇ ਵਹਿਸ਼ੀਆਨਾ ਕਾਰਵਾਈ ਦਾ ਪ੍ਰਭਾਵ ਮੱਠਾ ਕਰ ਚੁੱਕੇ ਹਾਂ। ਹੁਣ ਸਿੱਖ ਰੈਂਫਰੈਂਸ ਲਾਇਬ੍ਰੇਰੀ ਨੂੰ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਲਿਜਾ ਕੇ,ਸਾਕਾ ਦਰਬਾਰ ਸਾਹਿਬ ਨੂੰ ਮਨਘੜਤ ਦਰਸਾਉਣ ਵੱਲ ਤੁਰ ਪਏ ਹਾਂ। ਲੋੜ ਤਾਂ ਇਹ ਸੀ ਕਿ ਭਾਰਤੀ ਹਕੂਮਤ ਤੋਂ ਉਸ ਅਨਮੋਲ ਖ਼ਜ਼ਾਨੇ ਦੀ ਵਾਪਸੀ ਲਈ ਕੌਮੀ ਦਬਾਅ ਪੈਦਾ ਕੀਤਾ ਜਾਵੇ। ਉਲਟਾ ਉਸ ਦਬਾਅ ਨੂੰ ਸਦੀਵੀ ਖ਼ਤਮ ਕਰਨ ਦੇ ਕੋਝੇ ਯਤਨ ਸ਼ੁਰੂ ਹੋ ਗਏ ਹਨ। ਕੀ ਸ਼੍ਰੋਮਣੀ ਕਮੇਟੀ ਦੇ ਕਰਤੇ-ਧਰਤੇ ਜਵਾਬ ਦੇਣਗੇ ਕਿ ਇਹ ਕਿਉਂ ਤੇ ਕਿਸਦੇ ਇਸ਼ਾਰੇ ‘ਤੇ ਹੈ? ਦੂਸਰਾ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਹੋਣ ਤੋਂ ਬਾਅਦ, ਕੌਮ ਦੇ ਇਸ ਬਚੇ-ਖੁਚੇ ਕੀਮਤੀ,ਅਨਮੋਲ,ਬੌਧਿਕ ਖ਼ਜ਼ਾਨੇ ਦੀ ਸੁਰੱਖਿਅਤਾ ਦੀ ਜ਼ਾਮਨੀ ਕੌਣ ਲਵੇਗਾ? ਹਿੰਦੂਤਵੀ ਤਾਕਤਾਂ  ਲਈ ਕੀ ਇਸ ਖ਼ਜ਼ਾਨੇ ‘ਤੇ ਹਮਲਾ ਸੌਖਾ ਨਹੀਂ ਹੋ ਜਾਵੇਗਾ? ਵਿਰਾਸਤ ਤੇ ਕੌਮੀ ਭਾਵਨਾਵਾਂ ਨਾਲ ਜੁੜੇ,ਮੁੱਦਿਆਂ ‘ਤੇ ਬਾਦਲਾਂ ਦੀ ਗ਼ੁਲਾਮ ਕਾਰਜਕਾਰਨੀ ਵੱਲੋਂ ਫ਼ੈਸਲੇ  ਲੈਣ ਦੀ ਭਲਾ ਕੀ ਤੁੱਕ ਹੈ? ਅਜਿਹੇ ਫ਼ੈਸਲੇ ਕੌਮ ਦੀਆਂ ਸਾਰੀਆਂ ਧਾਰਮਿਕ ਜਥੇਬੰਦੀਆਂ ਨੂੰ ਭਰੋਸੇ ‘ਚ ਲੈ ਕੇ ਕਰਨੇ ਚਾਹੀਦੇ ਹਨ। ਇਸ ਸਮੇਂ ਤਾਂ ਸ਼੍ਰੋਮਣੀ ਕਮੇਟੀ  ਦਾ ਸਾਰਾ ਧਿਆਨ ਭਾਰਤੀ ਅਦਾਲਤਾਂ ਤੋਂ ਦਸਤਾਰਾਂ ਨੂੰ ਪੈਦਾ ਹੋ ਰਹੇ ਖ਼ਤਰੇ ਨੂੰ ਖ਼ਤਮ ਕਰਨ ਵੱਲ ਹੋਣਾ ਚਾਹੀਦਾ ਹੈ। ਨਵਾਂ ਵਿਵਾਦ ਛੇੜ  ਕੇ ਕੌਮ ਦਾ ਧਿਆਨ ਵੰਡਣਾ ਤਾਂ ਦਾਲ ’ਚ ਕਾਲਾ ਹੋਣ ਦਾ ਸ਼ੰਕਾ ਖੜਾ ਕਰਦਾ ਹੈ।

ਟਿੱਪਣੀ ਕਰੋ:

About webmaster

Scroll To Top