Home / ਕੌਮਾਂਤਰੀ ਖਬਰਾਂ / ਖਾਲਸਾ ਸਾਜਨਾ ਦਿਹਾੜੇ ‘ਤੇ ਸਰੀ ਵਿੱਚ ਹੋਇਆ ਨਗਰ ਕੀਰਤਨ, ਭੱਖਦੇ ਸਿੱਖ ਮੁੱਦਿਆਂ ‘ਤੇ ਹੋਈਆਂ ਵਿਚਾਰਾਂ

ਖਾਲਸਾ ਸਾਜਨਾ ਦਿਹਾੜੇ ‘ਤੇ ਸਰੀ ਵਿੱਚ ਹੋਇਆ ਨਗਰ ਕੀਰਤਨ, ਭੱਖਦੇ ਸਿੱਖ ਮੁੱਦਿਆਂ ‘ਤੇ ਹੋਈਆਂ ਵਿਚਾਰਾਂ

 

ਵੈਨਕੂਵਰ: ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਖ਼ਾਲਸਾ ਸਾਜਨਾ ਦਿਹਾੜ ਦੇ ਸਬੰਧ ਵਿੱਚ ਸਰੀ ’ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿੱਚ (ਸਰਕਾਰੀ ਅੰਕੜਿਆਂ ਮੁਤਾਬਿਕ) ਪੰਜ ਲੱਖ ਤੋਂ ਵੱਧ ਵਿਅਕਤੀ ਸ਼ਾਮਲ ਹੋਏ। ਇਹ ਗਿਣਤੀ ਸਰੀ ਦੀ ਕੁੱਲ ਆਬਾਦੀ ਤੋਂ ਵੱਧ ਹੈ।

 


ਨਗਰ ਕੀਰਤਨ ‘ਚ ਖ਼ਾਲਿਸਤਾਨ ਸੁਰ ਹਮੇਸ਼ਾ ਵਾਂਗ ਭਾਰੂ ਰਹੀ ।ਨਿਰਵਿਘਨਤਾ ਸਹਿਤ ਉਲੀਕੇ ਗਏ ਇਸ ਨਗਰ ਕੀਰਤਨ ‘ਚ ਸਿੱਖੀ ਦੀ ਚੜ੍ਹਦੀਕਲਾ ਵੇਖ ਕੇ ਹਰ ਪ੍ਰਾਣੀ ਅਸ਼-ਅਸ਼ ਕਰ ਉੱਠਿਆ ।ਅਤਿ ਸੁਹਾਵਣੇ ਮੌਸਮ ‘ਚ ਨਗਰ ਕੀਰਤਨ ਆਰੰਭ ਹੋਣ ਤੋਂ ਪਹਿਲਾਂ ਕੈਨੇਡਾ ਦੇ ਇਕ ਮੂਲ ਨਿਵਾਸੀ ਕਬੀਲੇ ਦੇ ਮੁਖੀ ਨੇ ਆਪਣੇ ਪਰਿਵਾਰ ਸਮੇਤ ਉਨ੍ਹਾਂ ਦੀ ਜ਼ੁਬਾਨ ‘ਚ ਅਰਦਾਸ ਕੀਤੀ ਅਤੇ ਸਿੱਖਾਂ ਦੇ ਯੋਗਦਾਨ ਨੂੰ ਸਲਾਹੁੰਦਿਆਂ ਆਖਿਆ ਕਿ ਇਹ ਸਾਂਝ ਹੋਰ ਪਕੇਰੀ ਹੋਣੀ ਚਾਹੀਦੀ ਹੈ ।ਇਸ ਤੋਂ ਬਾਅਦ ਕੈਨੇਡੀਅਨ ਫ਼ੌਜ, ਜਲ ਸੈਨਾ ਤੇ ਪੁਲਿਸ ਦੀ ਸਾਂਝੀ ਟੁਕੜੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਲਾਮੀ ਭੇਟ ਕੀਤੀ ਗਈ ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲੋਟ ਅੱਗੇ ਪੰਜ ਪਿਆਰਿਆਂ, ਗਤਕੇ ਦੀਆਂ ਵੱਖ-ਵੱਖ ਟੀਮਾਂ, ਮੋਟਰ ਸਾਈਕਲ ਸਵਾਰ ਸਿੱਖ ਨੌਜਵਾਨਾਂ ਤੇ ਮੁੱਖ ਫਲੋਟ ਪਿੱਛੇ ਕਈ ਸਿੱਖ ਜਥੇਬੰਦੀਆਂ, ਸਮਾਜਿਕ ਸੰਸਥਾਵਾਂ ਤੇ ਪੰਜਾਬ ਹਿਤੈਸ਼ੀ ਸੰਗਠਨਾਂ ਨੇ ਵੀ ਪ੍ਰਭਾਵਸ਼ਾਲੀ ਝਾਕੀਆਂ ਪੇਸ਼ ਕੀਤੀਆਂ।

ਦਮਦਮੀ ਟਕਸਾਲ ਦੇ ਮੁਖੀ ਭਾਈ ਰਾਮ ਸਿੰਘ ਨੇ ਗੁਰੂ ਮਹਾਰਾਜ ਦੀ ਸਵਾਰੀ ਵਾਲੇ ਫਲੋਟ ‘ਤੇ ਚੌਰ ਦੀ ਸੇਵਾ ਨਿਭਾਈ ਜਦਕਿ ਪੰਜਾਬ ਤੋਂ ਪੁੱਜੇ ਵੱਖ-ਵੱਖ ਕੀਰਤਨੀ ਜਥਿਆਂ ਨੇ ਅੰਮਿ੍ਤਮਈ ਗੁਰਬਾਣੀ ਪ੍ਰਵਾਹ ਨਾਲ ਸੰਗਤ ਨੂੰ ਵਾਹਿਗੁਰੂ ਨਾਮ ਜਪਾਇਆ ।ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਦੀ ਮੁੱਖ ਸਟੇਜ ਤੋਂ ਕਵੀਸ਼ਰਾਂ, ਢਾਡੀਆਂ ਨੇ ਪੁਰਾਤਨ ਤੇ ਵਰਤਮਾਨ ਸਿੱਖ ਜਰਨੈਲਾਂ ਦੀਆਂ ਜੋਸ਼ ਭਰਪੂਰ ਵਾਰਾਂ ਗਾਈਆਂ ।

 

ਬਿ੍ਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਹਨ ਹੌਰੇਗਨ, ਐਨ. ਡੀ. ਪੀ. ਆਗੂ ਜਗਮੀਤ ਸਿੰਘ ਅਤੇ ਹੋਰ ਕੇਂਦਰੀ ਤੇ ਸੂਬਾਈ ਸਿਆਸਤਦਾਨ ਸੰਗਤ ‘ਚ ਤੁਰ-ਫਿਰ ਕੇ ਮੇਲ-ਮਿਲਾਪ ਕਰਦੇ ਨਜ਼ਰ ਆਏ ।ਸੂਬੇ ਦੇ ਕਿਰਤ ਮੰਤਰੀ ਹੈਰੀ ਬੈਂਸ, ਵਿਧਾਇਕ ਜਗਰੂਪ ਬਰਾੜ, ਵਿਧਾਇਕ ਰਚਨਾ ਸਿੰਘ ਤੇ ਵਿਧਾਇਕ ਗੈਰੀਬੈੱਗ ਨੇ ਮੁੱਖ ਸਟੇਜ ਤੋਂ ਸੰਗਤ ਨੂੰ ਵਧਾਈ ਦਿੱਤੀ ਤੇ ਸਰਕਾਰ ਵਲੋਂ ਅਪ੍ਰੈਲ ਮਹੀਨੇ ਨੂੰ ‘ਸਿੱਖ ਵਿਰਾਸਤੀ ਮਹੀਨਾ’ ਐਲਾਨੇ ਜਾਣ ਦਾ ਪ੍ਰਮਾਣ ਪੱਤਰ ਪ੍ਰਬੰਧਕਾਂ ਨੂੰ ਭੇਟ ਕੀਤਾ ।

 

ਇਸ ਮੌਕੇ ਸ਼ਹੀਦ ਭਾਈ ਅਮਰੀਕ ਸਿੰਘ ਦੀ ਪਤਨੀ ਬੀਬੀ ਹਰਮੀਤ ਕੌਰ, ਸ਼ਹੀਦ ਭਾਈ ਰਛਪਾਲ ਸਿੰਘ ਪੀ.ਏ. ਦੀ ਪਤਨੀ ਬੀਬੀ ਪ੍ਰੀਤਮ ਕੌਰ, ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਦੇ ਭਤੀਜੇ ਭੁਪਿੰਦਰ ਸਿੰਘ ਸਮੇਤ ਕਈ ਸ਼ਹੀਦ ਪਰਿਵਾਰ ਸਨਮਾਨਿਤ ਕੀਤੇ ਗਏ ।ਪੰਜਾਬ ਤੋਂ ਪੁੱਜੇ ਮਨੁੱਖੀ ਅਧਿਕਾਰ ਕਾਰਕੁਨ ਤੇ ਵਕੀਲ ਜਸਪਾਲ ਸਿੰਘ ਮੰਝਪੁਰ ਦਾ ਉਚੇਚਾ ਸਨਮਾਨ ਕੀਤਾ ਗਿਆ, ਜਿਨ੍ਹਾਂ ਹਾਲ ਹੀ ‘ਚ ਗਿ੍ਫ਼ਤਾਰ ਕੀਤੇ ਸਿੱਖ ਨੌਜਵਾਨਾਂ ਤੇ ਜਥੇਦਾਰ ਹਵਾਰਾ ਸਮੇਤ ਪਹਿਲਾਂ ਤੋਂ ਹੀ ਜੇਲ੍ਹਾਂ ‘ਚ ਬੰਦ ਸਿੱਖ ਨਜ਼ਰਬੰਦਾਂ ਬਾਰੇ ਜਾਣਕਾਰੀ ਸੰਗਤ ਨਾਲ ਸਾਂਝੀ ਕੀਤੀ ਅਤੇ ‘ਰਾਜ ਕਰੇਗਾ ਖ਼ਾਲਸਾ’ ਦੀ ਪੂਰਤੀ ਲਈ ਸਿੱਖਾਂ ਨੂੰ ਆਪਣਾ ਕਿਰਦਾਰ ਹੋਰ ਸੁੱਚਾ ਤੇ ਉੱਚਾ ਕਰਨ ਦੀ ਪ੍ਰੇਰਨਾ ਦਿੱਤੀ ।
ਬੀਸੀ ਦੇ ਮੁੱਖ ਮੰਤਰੀ ਜੌਹਨ ਹੌਰਗਨ ਨੇ ਆਪਣੇ ਮੰਤਰੀਆਂ ਤੇ ਵਿਧਾਇਕਾਂ ਸਮੇਤ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ। ਉਨ੍ਹਾਂ ਸੂਬੇ ਵਿੱਚ ਹਰ ਸਾਲ ਅਪਰੈਲ ਮਹੀਨਾ ਸਿੱਖ ਵਿਰਾਸਤੀ ਮਹੀਨੇ ਵਜੋਂ ਮਨਾਉਣ ਬਾਰੇ ਸਰਕਾਰੀ ਪੱਤਰ ਪ੍ਰਬੰਧਕਾਂ ਨੂੰ ਸੌਂਪਿਆ।
ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਏ ਨਗਰ ਕੀਰਤਨ ਨੂੰ ਵਾਪਸ ਪਹੁੰਚਣ ਲਈ ਕਰੀਬ ਅੱਠ ਘੰਟੇ ਲੱਗੇ। ਪਾਲਕੀ ਸਾਹਿਬ ਦੇ ਮੂਹਰੇ ਗਤਕਾ ਪਾਰਟੀਆਂ ਨੇ ਗਤਕਾ ਖੇਡਿਆ। ਇਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਸ਼ੇਸ਼ ਤੌਰ ’ਤੇ ਵਧਾਈ ਸੰਦੇਸ਼ ਭੇਜ ਕੇ ਖ਼ਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ।

 

 

ਨਗਰ ਕੀਰਤਨ ਦੌਰਾਨ ਭਾਰਤ ਵਿੱਚ ਸਿੱਖਾਂ ਦੀ ਮੌਜੂਦਾ ਸਥਿਤੀ ‘ਤੇ ਬੁਲਾਰਿਆਂ ਨੇ ਗੱਲ ਕੀਤੀ ਅਤੇ ਇਸ ਦੌਰਾਨ ਸੰਗਤ ਵੱਲੋਂ ਵਾਰ-ਵਾਰ “ਖਾਲਿਸਤਾਨ ਜਿੰਦਾਬਾਦ” ਦੇ ਅਕਾਸ਼ ਗੂੰਜਾਉ ਨਾਅਰੇ ਲਾਏ ਗਏ। ਨਗਰ ਕੀਰਤਨ ਦੌਰਾਨ ਮੌਜੂਦਾ ਸਿੱਖ ਸੰਘਰਸ਼ ਦੌਰਾਨ ਸ਼ਹੀਦ ਹੋਏ ਸਿੰਘਾਂ ਦੀ ਤਸਵੀਰਾਂ ਨਾਲ ਸਜਿਆ ਫਲੌਟ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ।

ਟਿੱਪਣੀ ਕਰੋ:

About webmaster

Scroll To Top