Home / ਚੋਣਵੀ ਖਬਰ/ਲੇਖ / ਅੰਮ੍ਰਿਤਸਰ-ਬਰਮਿੰਘਮ ਸਿੱਧੀ ਉਡਾਨ ਹਫ਼ਤੇ ’ਚ ਤਿੰਨ ਵਾਰ

ਅੰਮ੍ਰਿਤਸਰ-ਬਰਮਿੰਘਮ ਸਿੱਧੀ ਉਡਾਨ ਹਫ਼ਤੇ ’ਚ ਤਿੰਨ ਵਾਰ

ਅੰਮ੍ਰਿਤਸਰ:  ਗੁਰੂ ਨਗਰੀ ਅੰਮ੍ਰਿਤਸਰ ਦੇ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਏਅਰਪੋਰਟ ਤੋਂ ਏਅਰ ਇੰਡੀਆ ਨੇ ਅੰਮ੍ਰਿਤਸਰ-ਬਰਮਿੰਘਮ ਸਿੱਧੀ ਉਡਾਨ ਦੀ ਗਿਣਤੀ ਦੋ ਤੋਂ ਵਧਾ ਕੇ ਪ੍ਰਤੀ ਹਫਤਾ ਤਿੰਨ ਦਿਨ ਕਰ ਦਿੱਤੀ ਹੈ। ਇਸ ਨਾਲ ਗੁਰੂ ਨਗਰੀ ਅੰਮ੍ਰਿਤਸਰ ਵਾਸੀਆਂ ਦੀ ਚਿਰੋਕਣੀ ਮੰਗ ਅੰਸ਼ਕ ਰੂਪ ਵਿੱਚ ਪੂਰੀ ਹੋ ਗਈ ਹੈ।

ਸ੍ਰੀ ਹਰਿਮੰਦਰ ਸਾਹਿਬ

ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਧਾਨ ਪ੍ਰੋ. ਮੋਹਨ ਸਿੰਘ ਅਤੇ ਕਾਰਜਕਾਰਨੀ ਮੈਂਬਰ ਯੋਗੇਸ਼ ਕਾਮਰਾ ਨੇ ਦੱਸਿਆ ਹੈ ਕਿ ਹਫਤੇ ਦੀ ਇਹ ਤੀਸਰੀ ਉਡਾਣ ਸ਼ਨਿੱਚਰਵਾਰ ਨੂੰ ਚੱਲੇਗੀ ਅਤੇ ਇਸ ਉਡਾਣ ਦੀਆਂ ਟਿਕਟਾਂ ਦੀ ਅਗਾਊਂ ਬੁਕਿੰਗ ਏਅਰ ਇੰਡੀਆ ਦੀ ਵੈਬਸਾਈਟ ’ਤੇ ਸ਼ੁਰੂ ਹੋ ਚੁੱਕੀ ਹੈ। ਤੀਸਰੀ ਉਡਾਨ ਏਅਰ ਇੰਡੀਆ ਏ-ਆਈ-117 ਬੋਇੰਗ 787 ਡਰੀਮਲਾਈਨਰ ਹਵਾਈ ਜਹਾਜ਼ ਰਾਹੀਂ ਸ਼ਨਿਚਰਵਾਰ ਬਾਅਦ ਦੁਪਹਿਰ 1:55 ’ਤੇ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਰਵਾਨਾ ਹੋਏਗੀ ਅਤੇ ਐਤਵਾਰ ਸਵੇਰੇ 7.30 ਵਜੇ ਵਾਪਸ ਅੰਮ੍ਰਿਤਸਰ ਪਹੁੰਚੇਗੀ। ਉਨ੍ਹਾਂ ਕਿਹਾ ਕਿ ਯਾਤਰੂਆਂ ਦੇ ਅੰਮ੍ਰਿਤਸਰ-ਬਰਮਿੰਘਮ ਸਿੱਧੀ ਹਵਾਈ ਉਡਾਨ ਪ੍ਰਤੀ ਉਤਸ਼ਾਹ ਕਾਰਨ ਹੀ ਏਅਰ ਇੰਡੀਆ ਨੇ ਇਹ ਉਡਾਨ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।

 

ਅੰਮ੍ਰਿਤਸਰ ਵਿਕਾਸ ਮੰਚ ਨੇ ਭਾਰਤ ਸਰਕਾਰ ਦੇ ਸਿਵਲ ਏਵੀਏਸ਼ਨ ਮੰਤਰਾਲੇ ਅਤੇ ਏਅਰ ਇੰਡੀਆ ਦੇ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਅੰਮ੍ਰਿਤਸਰ-ਬਰਮਿੰਘਮ ਸਿੱਧੀ ਉਡਾਣ ਪ੍ਰਤੀ ਹਵਾਈ ਯਾਤਰੂਆਂ ਦੀ ਗਿਣਤੀ ਦੇ ਮੱਦੇਨਜ਼ਰ ਉਡਾਨਾਂ ਹਫਤੇ ਵਿੱਚ ਸੱਤੋਂ ਦਿਨ ਹੋਣ। ਇਸ ਤੋਂ ਇਲਾਵਾ ਢੋਆ ਢੁਆਈ ਸ਼ੁਰੂ ਹੋਣ ਨਾਲ ਹਵਾਈ ਅੱਡੇ ਤੇ ਸਮੁੱਚੇ ਖੇਤਰ ਨੂੰ ਆਰਥਿਕ ਲਾਭ ਪਹੁੰਚੇਗਾ ਅਤੇ ਏਅਰਪੋਰਟ ਦੀ ਆਮਦਨ ਵਿੱਚ ਇਜ਼ਾਫਾ ਹੋਵੇਗਾ। ਸ੍ਰੀ ਕਾਮਰਾ ਨੇ ਦੱਸਿਆ ਕਿ ਇੰਗਲੈਂਡ ਸਥਿਤ ਗੈਰ-ਸਰਕਾਰੀ ਜਥੇਬੰਦੀ ਸੇਵਾ ਟਰੱਸਟ ਅਤੇ ਅੰਮ੍ਰਿਤਸਰ ਵਿਕਾਸ ਮੰਚ ਨੇ ਸਾਂਝੇ ਤੌਰ ’ਤੇ ਅੰਮ੍ਰਿਤਸਰ-ਲੰਡਨ ਸਿੱਧੀ ਹਵਾਈ ਸੇਵਾ ਲਈ ਵੀ ਯਤਨ ਸ਼ੁਰੂ ਕੀਤੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਯਾਤਰੂਆਂ ਨੂੰ ਦਿੱਲੀ ਰੁਕ ਕੇ ਕਾਫੀ ਸਮਾਂ ਬਰਬਾਦ ਕਰਨਾ ਪੈਂਦਾ ਸੀ ਤੇ ਥਕਾਵਟ ਵੱਖਰੀ ਹੁੰਦੀ ਸੀ।

 

ਇਸ ਤੋਂ ਇਲਾਵਾ ਅੰਮ੍ਰਿਤਸਰ-ਲੰਡਨ ਸਿੱਧੀ ਉਡਾਨ ਸਦਕਾ ਪੰਜਾਬੀਆਂ ਦਾ ਯੂਰਪ, ਕੈਨੇਡਾ, ਅਮਰੀਕਾ ਜਾਣਾ ਵੀ ਆਸਾਨ ਹੋ ਜਾਵੇਗਾ ਕਿਉਂਕਿ ਲੰਡਨ ਤੋਂ ਇਨ੍ਹਾਂ ਦੇਸ਼ਾਂ ਨੂੰ ਸਿੱਧੀਆਂ ਉਡਾਨਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਉਨ੍ਹਾਂ ਮੰਗ ਕੀਤੀ ਕਿ ਰੋਜ਼ਾਨਾ ਸਿੱਧੀ ਉਡਾਣ ਸ਼ੁਰੂ ਕਰਵਾਉਣ ਲਈ ਠੋਸ ਯਤਨ ਕੀਤੇ ਜਾਣ। ਇਸੇ ਦੌਰਾਨ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਅਤੇ ਇੰਗਲੈਂਡ ਦੇ ਪਾਰਲੀਮੈਂਟ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਅੰਮ੍ਰਿਤਸਰ-ਲੰਡਨ ਸਿੱਧੀ ਉਡਾਣ ਲਈ ਵੀ ਯਤਨ ਤੇਜ਼ ਕਰ ਦਿੱਤੇ ਹਨ। ਇੰਗਲੈਂਡ ਤੋਂ ਕਈ ਪਾਰਲੀਮੈਂਟ ਮੈਂਬਰ, ਪ੍ਰਮੁੱਖ ਏਅਰ ਲਾਈਨਾਂ ਦੇ ਅਧਿਕਾਰੀ ਅਤੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਲੰਡਨ ਵਿੱਚ 24 ਅਪਰੈਲ 2018 ਨੂੰ ਸ਼ੁਰੂ ਹੋਣ ਵਾਲੀ ਮੁਹਿੰਮ ਵਿੱਚ ਸ਼ਾਮਲ ਹੋਣਗੇ।

ਟਿੱਪਣੀ ਕਰੋ:

About webmaster

Scroll To Top