Home / ਚੋਣਵੀ ਖਬਰ/ਲੇਖ / ਗਿਆਨੀ ਦਿੱਤ ਸਿੰਘ ਨੂੰ ਯਾਦ ਕਰਦਿਆਂ…

ਗਿਆਨੀ ਦਿੱਤ ਸਿੰਘ ਨੂੰ ਯਾਦ ਕਰਦਿਆਂ…

 

– ਜਸਪਾਲ ਸਿੰਘ ਹੇਰਾਂ

ਸਿੱਖ ਪੰਥ ਦੁਨੀਆ ਦਾ ਨਿਆਰਾ ਪੰਥ ਹੈ, ਇਹ ਧਰਮ ਮਨੁੱਖਤਾ ਦੀ ਬਰਾਬਰੀ ਮਾਨਵਤਾ ਦੇ ਭਲੇ ਅਤੇ ‘ਏਕਸ ਕੇ ਹਮ ਬਾਰਕ’ ਦਾ ਨਾਅਰਾ ਬੁਲੰਦ ਕਰਦਿਆਂ ਹੋਇਆ ਦੁਨੀਆ ’ਚ ਹੁੰਦੇ ਹਰ ਵਿਤਕਰੇ, ਸ਼ੋਸ਼ਣ, ਜ਼ੋਰ-ਜ਼ਬਰ ਤੇ ਬੇਇਨਸਾਫ਼ੀ ਵਿਰੁੱਧ ਡੱਟਣ ਦਾ ਹੋਕਾ ਦਿੰਦਾ ਹੈ। ਸਿੱਖੀ ਦੀ ਮਾਨਵਤਾਵਾਦੀ ਪਹੁੰਚ ਅਤੇ ਜ਼ੋਰ-ਜਬਰ ਵਿਰੁੱਧ ਡੱਟਣ ਲਈ ਕੁਰਬਾਨੀ, ਦਿ੍ਰੜਤਾ ਤੇ ਬਹਾਦਰੀ ਦੇ ਅਸੀਮ ਗੁਣਾਂ ਸਦਕਾ, ਦੁਨੀਆ ਦੀਆਂ ਪਾਖੰਡੀ ਤੇ ਆਡੰਬਰੀ ਤਾਕਤਾਂ, ਹਮੇਸ਼ਾ ਸਿੱਖੀ ਦੇ ਖ਼ਾਤਮੇ ਲਈ ਇਸਦੀਆਂ ਜੜਾਂ ਤੇ ਆਏ ਦਿਨ ਤਿੱਖੇ ਵਾਰ ਕਰਦੀਆਂ ਰਹਿੰਦੀਆਂ ਹਨ। ਇਨਾਂ ਸ਼ਕਤੀਆਂ ਨੇ ਸਿੱਖੀ ’ਚ ਮਿਲਾਵਟ ਲਈ ਮੁੜ ਤੋਂ ਇਸ ਤੇ ਬ੍ਰਾਹਮਣਵਾਦ ਦੀ ਪਾਖੰਡੀ ਅਮਰਵੇਲ ਚੜਾਉਣ ਦਾ ਹਰ ਸੰਭਵ ਯਤਨ ਕੀਤਾ ਹੈ।

 

ਇਹੋ ਕਾਰਣ ਹੈ ਕਿ 19ਵੀਂ ਸਦੀ ’ਚ ਸਿੱਖਾਂ ’ਚ ਮੁੜ ਤੋਂ ਬ੍ਰਾਹਮਣਵਾਦ ਭਾਰੂ ਹੋ ਗਿਆ ਸੀ ਅਤੇ ਜਾਤ-ਪਾਤ, ੳੂਚ-ਨੀਚ, ਪਾਖੰਡ, ਵਹਿਮ ਭਰਮ ਪੂਰੀ ਤਰਾਂ ਹਾਵੀ ਹੋ ਗਏ ਸਨ। ਉਸ ਸਮੇਂ ਗਿਆਨੀ ਦਿੱਤ ਸਿੰਘ ਤੇ ਭਾਈ ਵੀਰ ਸਿੰਘ ਵਰਗੀਆਂ ਗਿਆਨਵਾਨ, ਸਿੱਖੀ ਦਰਦ ਵਾਲੀਆਂ ਸਖ਼ਸੀਅਤਾਂ ਨੇ ਸਿੰਘ ਸਭਾ ਲਹਿਰ ਆਰੰਭੀ ਸੀ ਅਤੇ ਪਾਖੰਡੀ ਤਾਕਤਾਂ ਦਾ ਮੂੰਹ ਭੰਨਣ ਲਈ ਸਿੱਖਾਂ ਨੂੰ ਜਗਾਇਆ ਵੀ ਸੀ ਅਤੇ  ਸਿੱਖਾਂ ’ਚ ਆ ਚੁੱਕੀ ਮਨਮੱਤ ਨੂੰ ਰੋਕਣ ਲਈ ਡੰਡੇ ਦੀ ਚੋਟ ਤੇ ਨਗਾਰਾ ਵਜਾਇਆ ਸੀ। 1879 ’ਚ ਉੱਠੀ ਸਿੰਘ ਸਭਾ ਲਹਿਰ ਨੇ ਸਿੱਖੀ ਦੀ ਮੁੜ ਸੁਰਜੀਤੀ ਦਾ ਨਾਅਰਾ ਦਿੰਦਿਆਂ ਸਿੱਖਾਂ ਨੂੰ ਸਿਰਫ਼ ਤੇ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦੇ ਦਸਮੇਸ਼ ਪਿਤਾ ਦੇ ਹੁਕਮ ਨੂੰ ਮੁੜ ਯਾਦ ਕਰਵਾਇਆ ਸੀ।

 

ਸਿੰਘ ਸਭਾ ਲਹਿਰ ਨੇ ਵਹਿਮਾਂ-ਭਰਮਾਂ, ਮੜੀ-ਮਸਾਣਾਂ, ਗੁਰੂ-ਡੰਮ ਤੇ ਫੋਕੇ ਅਡੰਬਰਾਂ ਵਿਰੁੱਧ ਜੰਗ ਛੇੜੀ ਸੀ। ਭਾਵੇਂ ਕਿ ਉਸ ਸਮੇਂ ਦੇ ਧਾਰਮਿਕ ਆਗੂਆਂ, ਜਿਹੜੇ ਪਾਖੰਡੀ ਤੇ ਲੋਭੀ-ਲਾਲਸੀ ਹੋ ਚੁੱਕੇ ਸਨ, ਵੱਲੋਂ ਡੱਟਵਾਂ ਵਿਰੋਧ ਕੀਤਾ ਗਿਆ, ਪ੍ਰੰਤੂ ਸਿੱਖ ਕੌਮ ਨੇ ਸੱਚ ਦੀ ਇਸ ਅਵਾਜ਼ ਨੂੰ ਸੁਣਿਆ ਹੀ ਨਹੀਂ, ਸਗੋਂ ਬਹੁਤ ਹੱਦ ਤੱਕ ਮੰਨਿਆ ਵੀ ਸੀ, ਜਿਸਦੇ ਸਿੱਟੇ ਵਜੋਂ ਸਿੰਘ ਸਭਾ ਲਹਿਰ ਨੇ ਸਿੱਖੀ ’ਚ ਆ ਚੁੱਕੇ ਨਿਘਾਰ ਨੂੰ ਠੱਲਣ ’ਚ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਸੀ।

 

ਸਿੱਖੀ ਸਿਧਾਤਾਂ ਨੂੰ ਵੰਗਾਰਨ ਵਾਲੇ ਆਰੀਆ ਸਮਾਜੀ ਸਵਾਮੀ ਦਇਆ ਨੰਦ ਨੂੰ ਜਿਸ ਤਰਾਂ ਗਿਆਨੀ ਦਿੱਤ ਸਿੰਘ ਨੇ ਤਿੰਨ ਵਾਰ ਖੁੱਲੀ ਬਹਿਸ ’ਚ ‘‘ਕਰਾਰੀ ਹਾਰ’’ ਦਿੱਤੀ ਅਤੇ ਸਿੱਖਾਂ ਨੂੰ ਅਕਲੋਂ ਖ਼ਾਲੀ ਆਖ਼ ਕੇ ਆਪਣੇ ਮਨ ਨੂੰ ਖੁਸ਼ ਕਰਨ ਤੇ ਸਿੱਖਾਂ ਦਾ ਮਜ਼ਾਕ ਉਡਾਉਣ ਵਾਲੇ ਹਿੰਦੂਆਂ ਨੂੰ ਇਹ ਦੱਸ ਦਿੱਤਾ ਕਿ ਸਿੱਖਾਂ ’ਚ ਬੌਧਿਕਤਾ ਤੇ ਵਿਦਵਤਾ ਦੀ ਘਾਟ ਨਹੀਂ, ਕਿਉਂਕਿ ਗੁਰਬਾਣੀ ਤੋਂ ਵੱਡਾ ਗਿਆਨ ਦਾ ਸਾਗਰ ਇਸ ਦੁਨੀਆ ’ਚ ਹੋਰ ਕੋਈ ਨਹੀਂ ਹੈ।

 

ਅੱਜ ਜਦੋਂ 19ਵੀਂ ਸਦੀ ਵਾਲਾ ਨਿਘਾਰ ਮੁੜ ਤੋਂ ਕੌਮ ’ਚ ਘਰ ਕਰ ਚੁੱਕਾ ਹੈ ਅਤੇ ਸਿੱਖ ਹੁਣ ‘ਨਿਆਰੇ ਸਿੱਖਾਂ’ ਦੀ ਥਾਂ ਫਿਰ ਬ੍ਰਾਹਮਣੀ ਕੁਰੀਤੀਆਂ ਦਾ ਸ਼ਿਕਾਰ ਹੋ ਗਿਆ ਹੈ। ਜਾਤ-ਪਾਤ, ਪਾਖੰਡ, ਆਡੰਬਰ, ਵਹਿਮ-ਭਰਮ, ਫਿਰ ਤੋਂ ਸਿੱਖੀ ਦੇ ਵਿਹੜੇ ਧਮਾਲਾਂ ਪਾ ਰਹੇ ਹਨ। ਸਿੱਖੀ ਦੀ ਹੋਂਦ ਨੂੰ ਖ਼ਤਰੇ ਦੀ ਚਿੰਤਾ ਪ੍ਰਗਟਾਈ ਜਾ ਰਹੀ ਹੈ, ਸਿੱਖ ਆਗੂ ਨਾਮ-ਨਿਹਾਦ ਦੇ ਸਿੱਖ ਰਹਿ ਗਏ ਹਨ। ਪ੍ਰੰਤੂ ਅਸਲ ’ਚ ਬ੍ਰਾਹਮਣੀ ਸ਼ਕਤੀਆਂ ਦੇ ਗੁਲਾਮ ਹੋ ਗਏ ਹਨ। ਦਲਿਤ ਭਾਈਚਾਰਾ ਸਿੱਖੀ ਤੋਂ ਦੂਰ ਜਾ ਰਿਹਾ ਹੈ, ਉਸ ਮੌਕੇ ਗਿਆਨੀ ਦਿੱਤ ਸਿੰਘ ਵਰਗੀਆਂ ਗੌਰਵਮਈ ਵਿਦਵਾਨ ਸਖ਼ਸੀਅਤਾਂ ਦੀ ਕੌਮ ਨੂੰ ਵੱਡੀ ਲੋੜ ਹੈ। ਜਿਹੜੀਆਂ ਉਨਾਂ ਤਾਕਤਾਂ ਨਾਲ ਜਿਹੜੀਆਂ ਸਿੱਖਾਂ ਨੂੰ ਅੰਦਰੋਂ-ਬਾਹਰੋਂ ਖੋਰਾ ਲਾਉਣ ਲੱਗੀਆਂ ਹਨ, ਉਨਾਂ ਨਾਲ ਸਾਹਮਣੀ ਟੱਕਰ ਲੈ ਸਕਣ।

 

ਫਿਰਕੂ ਹਿੰਦੂਵਾਦੀ ਤਾਕਤਾਂ ਅੱਜ ਹਰ ਪਾਸਿਆਂ ਤੋਂ ਸਿੱਖੀ ਤੇ ਹਮਲਾ ਕਰ ਰਹੀਆਂ ਹਨ ਅਤੇ ਉਨਾਂ ਸਿੱਖਾਂ ਦੇ ਆਗੂਆਂ ਨੂੰ ਆਪਣੇ ਗੁਲਾਮ ਬਣਾਇਆ ਹੋਇਆ ਹੈ। ਉਨਾਂ ਤਾਕਤਾਂ ਨਾਲ ਨਜਿੱਠਣ ਲਈ ਅਤੇ ਸਿੱਖੀ ਸਿਧਾਤਾਂ ਦੀ ਅਸਲ ਪਹਿਰੇਦਾਰੀ ਕਰਨ ਲਈ ਗਿਆਨੀ ਦਿੱਤ ਸਿੰਘ ਵਰਗੀਆਂ ਸਖ਼ਸੀਅਤਾਂ ਹੀ ਮੈਦਾਨ ’ਚ ਨਿੱਤਰ ਸਕਦੀਆਂ ਹਨ। ਜਿਵੇਂ ਅਸੀਂ ਪਹਿਲਾ ਹੀ ਲਿਖਿਆ ਸੀ ਕਿ ਜਦੋਂ ਭਾਈ ਵੀਰ ਸਿੰਘ, ਗਿਆਨੀ ਦਿੱਤ ਸਿੰਘ, ਸਿਰਦਾਰ ਕਪੂਰ ਸਿੰਘ ਵਰਗੀਆਂ, ਕੌਮ ਦੀਆਂ ਮਹਾਨ ਸਖ਼ਸੀਅਤਾਂ ਨੂੰ ਯਾਦ ਕਰਦੇ ਹਾਂ ਤਾਂ ਕੌਮ ’ਚ ਬੌਧਿਕਤਾ ਤੇ ਵਿਦਵਤਾ ਦੀ ਘਾਟ ਬਾਰੇ ਵੀ ਜ਼ਰੂਰ ਸੋਚਣਾ ਚਾਹੀਦਾ ਹੈ।

 

ਅੱਜ ਕੌਮ ਪਾਸ ਬੁੱਧੀਜੀਵੀਆਂ ਦੀ ਘਾਟ ਨਹੀਂ, ਪ੍ਰੰਤੂ ਉਹ ਮੈਦਾਨ-ਏ-ਜੰਗ ’ਚ ਜੂਝਣ ਦੀ ਸਮਰੱਥਾ, ਦਿ੍ਰੜਤਾ, ਆਡੋਲਤਾ, ਕੁਰਬਾਨੀ ਤੇ ਤਿਆਗ ਦੀ ਭਾਵਨਾ ਨਹੀਂ ਰੱਖਦੇ, ਜਿਸ ਕਾਰਣ ਸਿਵਾਏ ਫੋਕੀ ਬਿਆਨਬਾਜ਼ੀ ਤੋਂ ਕਿਸੇ ਕੁਰੀਤੀ ਵਿਰੁੱਧ ਫੈਸਲਾਕੁੰਨ ਜੰਗ ਨਹੀਂ ਛਿੜਦੀ। ਜਿਸ ਤਰਾਂ ਗਿਆਨੀ ਦਿੱਤ ਸਿੰਘ ਤੇ ਪ੍ਰੋ. ਗੁਰਮੁੱਖ ਸਿੰਘ ਵਰਗਿਆਂ ਨੇ ਹਰ ਔਕੜ, ਦੁੱਖ ਤਕਲੀਫ਼ ਤੇ ਵਿਰੋਧ ਦੀ ਪ੍ਰਵਾਹ ਕੀਤੇ ਬਿਨਾਂ ਕੌਮ ਦੀ ਮੁੜ ਸੁਰਜੀਤੀ ਲਈ ਘਾਲਣਾ ਘਾਲੀ, ਉਸ ਭਾਵਨਾ ਦੀ ਅੱਜ ਹਰ ਪਾਸੇ ਘਾਟ ਵਿਖਾਈ ਦੇ ਰਹੀ ਹੈ।

 

ਆਸ ਦੀ ਕਿਰਨ ਹੈ ਕਿ ਅਸੀਂ ਇਨਾਂ ਮਹਾਨ ਸਖ਼ਸੀਅਤਾਂ, ਜਿਨਾਂ ਨੂੰ ਭੁੱਲ ਵਿਸਰ ਗਏ ਸਾਂ, ਹੁਣ ਮੁੜ ਤੋਂ ਯਾਦ ਕੀਤਾ ਜਾਣ ਲੱਗ ਪਿਆ ਹੈ। ਪ੍ਰੰਤੂ ਲੋੜ ਹੈ ਕਿ ਅਸੀਂ ‘ਮੁੜ ਆਵੀ, ਬਾਬਾ ਨਾਨਕਾ’ ਵਾਲੀ ਰੱਟ ਤੇ ਭਾਵਨਾ ਨੂੰ ਛੱਡ ਕੇ, ਬਾਬਾ ਨਾਨਕ ਦੇ ਦਰਸਾਏ ਮਾਰਗ ਨੂੰ ਅਪਨਾਉਣ ਦੀ ਸੋਚ ਵਾਲੇ ਬਣੀਏ ਅਤੇ ਗਿਆਨੀ ਦਿੱਤ ਸਿੰਘ ਵੱਲੋਂ ਪਾਈਆਂ ਪੈੜ-ਚਾਲਾਂ ਨੂੰ ਸਮੇਂ ਦੀ ਹਿੱਕ ਤੋਂ ਪਛਾਣ ਕੇ, ਉਨਾਂ ਨਾਲ ਕਦਮ ਮਿਲਾ ਕੇ ਤੁਰਨ ਦਾ ਯਤਨ ਕਰੀਏ। ਅੱਜ ਬਿਨਾਂ ਸ਼ੱਕ ਸਿੱਖੀ ਦੇ ਆ ਚੁੱਕੇ ਨਿਘਾਰ ਨੂੰ ਰੋਕਣ ਲਈ ਇਕ ਹੋਰ ਸਿੰਘ ਸਭਾ ਲਹਿਰ ਦੀ ਵੱਡੀ ਲੋੜ ਹੈ ਅਤੇ ਉਹ ਲਹਿਰ ਤਦ ਹੀ ਪੈਦਾ ਹੋਵੇਗੀ ਜੇ ਗਿਆਨੀ ਦਿੱਤ ਸਿੰਘ ਸਿੰਘ ਦੇ ਵਾਰਿਸ ਉੱਠ ਖੜੇ ਹੋਣਗੇ।

    

 

ਟਿੱਪਣੀ ਕਰੋ:

About webmaster

Scroll To Top