Home / ਚੋਣਵੀ ਖਬਰ/ਲੇਖ / ਬਰਤਾਨੀਆ ਵਿੱਚ ਨਰਿੰਦਰ ਮੋਦੀ ਦੇ ਵਿਰੋਧ ਦੋਰਾਨ ਭਾਰਤੀ ਝੰਡਾ ਪਾੜਿਆ

ਬਰਤਾਨੀਆ ਵਿੱਚ ਨਰਿੰਦਰ ਮੋਦੀ ਦੇ ਵਿਰੋਧ ਦੋਰਾਨ ਭਾਰਤੀ ਝੰਡਾ ਪਾੜਿਆ

 

ਲੰਡਨ: ਨਰਿੰਦਰ ਮੋਦੀ ਦੀ ਬਰਤਾਨੀਆ ਦੀ ਫੇਰੀ ਸਮੇਂ ਭਾਰਤ ਵਿੱਚ ਹਿੰਸਾ ਤੇ ਬਲਾਤਕਾਰਾਂ ਘੱਟ ਗਿਣਤੀਆਂ ਦੇ ਮਨੁੱਖੀ ਹੱਕਾਂ ਦੇ ਦਮਨ ਦੀਆਂ ਘਟਨਾਵਾਂ ਖ਼ਿਲਾਫ਼ ਕੁਝ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਰੋਸ ਮੁਜ਼ਾਹਰੇ ਦੌਰਾਨ ਇਥੇ 53 ਰਾਸ਼ਟਰ ਮੰਡਲ ਮੁਲਕਾਂ ਦੇ ਲਾਏ ਵੱਖ-ਵੱਖ ਕੌਮੀ ਝੰਡਿਆਂ ਵਿੱਚੋਂ ਭਾਰਤੀ ਤਿਰੰਗਾ ਪਾੜ ਦਿੱਤਾ ਗਿਆ।

ਲੰਡਨ ਵਿੱਚ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਕੀਤੇ ਗਏ ਰੋਸ ਮੁਜ਼ਾਹਰੇ ਦੀ ਝਲਕ।

ਪੰਜਾਬੀ ਟ੍ਰਿਬਿਊਨ ਅਖਬਾਰ ਵਿੱਚ ਨਸ਼ਰ ਖਬਰ ਅਨੁਸਾਰ ਨਰਿੰਦਰ ਮੋਦੀ ਜਦੋਂ ਬੀਤੀ ਰਾਤ ਉਹ ਆਪਣੀ ਬਰਤਾਨਵੀ ਹਮਰੁਤਬਾ ਟੈਰੇਜ਼ਾ ਮੇਅ ਨਾਲ ਦੁਵੱਲੀ ਮੁਲਾਕਾਤ ਲਈ ਪੁੱਜੇ ਤਾਂ ਉਨ੍ਹਾਂ ਖ਼ਿਲਾਫ਼ ਖ਼ਾਸਕਰ ਭਾਰਤੀ ਭਾਈਚਾਰੇ ਵੱਲੋਂ ਜ਼ੋਰਦਾਰ ਰੋਸ ਮੁਜ਼ਾਹਰੇ ਕੀਤੇ ਗਏ। ਇਸ ਦੌਰਾਨ ਪਾਰਲੀਮੈਂਟ ਸਕੁਏਅਰ ਵਿੱਚ ਲਾਏ ਗਏ ਝੰਡਿਆਂ ਵਿੱਚੋਂ ਭਾਰਤੀ ਤਿਰੰਗਾ ਪਾੜ ਦਿੱਤਾ ਗਿਆ।

 

ਮੋਦੀ ਦੀ ਫੇਰੀ ਨਾਲ ਸਬੰਧਤ ਇਕ ਸੀਨੀਅਰ ਅਧਿਕਾਰੀ ਨੇ ਇਸ ’ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ, ‘‘ਅਸੀਂ ਇਸ ਘਟਨਾ ਖ਼ਿਲਾਫ਼ ਬਰਤਾਨਵੀ ਅਧਿਕਾਰੀਆਂ ਕੋਲ ਆਪਣੀ ਚਿੰਤਾ ਜ਼ਾਹਰ ਕਰ ਦਿੱਤੀ ਹੈ। ਅਸੀਂ ਇਨ੍ਹਾਂ ਅਨਸਰਾਂ ਵੱਲੋਂ ਗੜਬੜ ਕੀਤੇ ਜਾਣ ਦੇ ਖ਼ਦਸ਼ੇ ਬਾਰੇ ਚੌਕਸ ਕਰਦੇ ਆ ਰਹੇ ਸਾਂ ਤੇ ਅਧਿਕਾਰੀਆਂ ਨੇ ਸਾਨੂੰ ਕਾਰਵਾਈ ਦਾ ਭਰੋਸਾ ਦਿੱਤਾ ਹੈ। ਭਾਰਤੀ ਤਿਰੰਗਾ ਮੁੜ ਲਹਿਰਾ ਦਿੱਤਾ ਗਿਆ ਹੈ।’’

 

ਪਾਰਲੀਮੈਂਟ ਸਕੁਏਅਰ ਵਿੱਚ ਕਰੀਬ 500 ਮੁਜ਼ਾਹਰਾਕਾਰੀਆਂ ਦੀ ਅਗਵਾਈ ਖ਼ਾਲਿਸਤਾਨ-ਪੱਖੀ ਸਿੱਖ ਫੈਡਰੇਸ਼ਨ ਯੂਕੇ ਅਤੇ ਪਾਕਿਤਸਾਨੀ ਮੂਲ ਦੇ ਪੀਰ ਲਾਰਡ ਅਹਿਮਦ ਦੇ ‘ਮਾਇਨੌਰਿਟੀਜ਼ ਅਗੇਂਸਟ ਮੋਦੀ’ ਨਾਮੀ ਗਰੁੱਪ ਵੱਲੋਂ ਕੀਤੀ ਜਾ ਰਹੀ ਸੀ। ਮੁਜ਼ਾਹਾਕਾਰੀਆਂ ਵਿੱਚ ਕੁਝ ਕਸ਼ਮੀਰੀ ਵੱਖਵਾਦੀ ਗਰੁੱਪ ਵੀ ਸ਼ਾਮਲ ਸਨ। ਕੁਝ ਸਮੇਂ ਲਈ ਉਨ੍ਹਾਂ ਸਕੁਏਅਰ ਵਿੱਚ ਸਥਿਤ ਮਹਾਤਮਾ ਗਾਂਧੀ ਦੇ ਬੁੱਤ ਨੂੰ ਵੀ ਆਪਣੇ ਬੈਨਰਾਂ ਤੇ ਝੰਡਿਆਂ ਨਾਲ ਘੇਰਾ ਪਾਇਆ।

 

ਕਾਸਟ ਵਾਚ ਯੂਕੇ ਤੇ ਸਾਊਥ ਏਸ਼ੀਆ ਸੌਲਿਡੈਰਿਟੀ ਦੇ ਕਾਰਕੁਨਾਂ ਨੇ ਵੀ ‘ਮੋਦੀ ਤੇਰਾ ਸਵਾਗਤ ਨਹੀਂ’ ਲਿਖੇ ਬੈਨਰ ਦਿਖਾਏ। ਇਨ੍ਹਾਂ ਮੁਜ਼ਾਹਰਾਕਾਰੀਆਂ ਨੇ ਕਠੂਆ ਬਲਾਤਕਾਰ ਕਾਂਡ ਦੀ ਸ਼ਿਕਾਰ ਅੱਠ ਸਾਲਾ ਬੱਚੀ ਆਸਿਫ਼ਾ ਬਾਨੋ ਤੇ ਕਥਿਤ ਹਿੰਦੂਵਾਦੀਆਂ ਵੱਲੋਂ ਕਤਲ ਕੀਤੀ ਗਈ ਪੱਤਰਕਾਰ ਗੌਰੀ ਲੰਕੇਸ਼ ਦੀਆਂ ਤਸਵੀਰਾਂ ਵੀ ਚੁੱਕੀਆਂ ਹੋਈਆਂ ਸਨ।

ਟਿੱਪਣੀ ਕਰੋ:

About webmaster

Scroll To Top