Home / ਕੌਮਾਂਤਰੀ ਖਬਰਾਂ / ਭਾਈ ਹਰਮਿੰਦਰ ਸਿੰਘ ਮਿੰਟੂ ਦੀ ਮੌਤ ਜਾਂ ਸਾਜਿਸ਼ੀ ਕਤਲ…  

ਭਾਈ ਹਰਮਿੰਦਰ ਸਿੰਘ ਮਿੰਟੂ ਦੀ ਮੌਤ ਜਾਂ ਸਾਜਿਸ਼ੀ ਕਤਲ…  

 

-ਜਸਪਾਲ ਸਿੰਘ ਹੇਰਾਂ

 

ਕੀ ਇਸ ਦੇਸ਼ ਦੀ ਹਿੰਦੂਤਵੀ ਸਰਕਾਰ ਨੇ ਇਹ ਫ਼ੈਸਲਾ ਕਰ ਲਿਆ ਹੈ ਕਿ ਉਸਨੇ ਸਿੱਖ ਸੰਘਰਸ਼ ਦੇ ਪ੍ਰਤੀਕ ਜੇਲਾਂ ਵਿੱਚ ਬੰਦ, ਬੰਦੀ ਸਿੰਘਾਂ ਨੂੰ ਜਿਉਦੇ ਰਿਹਾਅ ਨਹੀਂ ਕਰਨਾ? ਸਗੋਂ ਉਹਨਾਂ ਨੂੰ ਕੋਹ-ਕੋਹ ਕੇ ਜੇਲਾਂ ਵਿੱਚ ਕਤਲ ਕੀਤਾ ਜਾਵੇਗਾ। ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਭਾਈ ਹਰਮਿੰਦਰ ਸਿੰਘ ਮਿੰਟੂ ਉਰਫ਼ ਨਿਹੰਗ ਇਸ ਫ਼ਾਨੀ ਸੰਸਾਰ ਤੋਂ ਆਪਣੇ ਸੰਘਰਸ਼ਮਈ ਜੀਵਨ ਇਤਿਹਾਸ ਨੂੰ ਸਿਰਜ ਕੇ ਕੂਚ ਕਰ ਗਏ ਹਨ।

ਭਾਈ ਹਰਮਿੰਦਰ ਸਿੰਘ ਮਿੰਟੂ (ਪੁਰਾਣੀ ਤਸਵੀਰ)

ਆਖਿਆ ਜਾ ਰਿਹਾ ਹੈ ਕਿ ਉਹਨਾਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋ ਗਈ ਹੈ। ਪ੍ਰੰਤੂ ਕੌੜਾ ਸੱਚ ਇਹ ਹੈ ਕਿ ਉਹਨਾਂ ਦਾ ਸਾਜਿਸ਼ੀ ਕਤਲ ਕੀਤਾ ਗਿਆ ਹੈ। ਭਾਈ ਹਰਮਿੰਦਰ ਸਿੰਘ ਮਿੰਟੂ ਪਿਛਲੇ 15 ਦਿਨਾਂ ਤੋਂ ਸ਼ਿਕਾਇਤ ਕਰ ਰਹੇ ਸਨ ਕਿ ਉਹਨਾਂ ਨੂੰ ਬਹੁਤ ਕਸ਼ਟਦਾਇਕ ਸਰੀਰਕ ਤਕਲੀਫ਼ ਹੈ। ਡਾਕਟਰ ਵੀ ਉਹਨਾਂ ਨੂੰ ਪੀ.ਜੀ.ਆਈ ਲੈਕੇ ਜਾਣ ਲਈ ਆਖ ਚੁੱਕੇ ਸਨ। ਪ੍ਰੰਤੂ ਜ਼ੇਲ ਪ੍ਰਸ਼ਾਸਨ ਉਪਰਲੀਆਂ ਹਦਾਇਤਾਂ ਅਨੁਸਾਰ ਪੂਰੀ ਗਾਰਦ ਨਾ ਹੋਣ ਦਾ ਬਹਾਨਾ ਲਾ ਕੇ ਹਸਪਤਾਲ ਲੈਕੇ ਜਾਣ ਲਈ ਤਿਆਰ ਨਹੀਂ ਹੋਇਆ। ਭਾਈ ਮਿੰਟੂ 15 ਦਿਨ, ਦਿਨ-ਰਾਤ ਤੜਫਦੇ ਰਹੇ। ਪ੍ਰੰਤੂ ਜ਼ੇਲ ਪ੍ਰਸ਼ਾਸਨ ਨੇ ਉਹਨਾਂ ਦਾ ਇਲਾਜ ਕਰਵਾਉਣ ਦੀ ਲੋੜ ਨਹੀਂ ਸਮਝੀ। ਆਖ਼ਰ ਭਿਆਨਕ ਦਰਦ ਨੇ ਉਹਨਾਂ ਦੀ ਜਾਨ ਲੈ ਲਈ। ਫ਼ਿਰ ਰਸਮੀ ਕਾਰਵਾਈ ਲਈ ਜ਼ੇਲ ਪ੍ਰਸ਼ਾਸਨ ਨੇ ਉਹਨਾਂ ਨੂੰ ਤੁਰੰਤ ਹਸਪਤਾਲ ਵੀ ਲੈ ਗਿਆ। ਪ੍ਰੰਤੂ ਮਿ੍ਰਤਕ ਦਾ ਇਲਾਜ ਨਹੀਂ ਹੁੰਦਾ। ਹਸਪਤਾਲ ਨੇ ਉਹਨਾਂ ਨੂੰ ਮਿ੍ਰਤਕ ਐਲਾਣਨਾ ਸੀ, ਐਲਾਨ ਦਿੱਤਾ।

 

ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਨਾਭਾ ਜੇਲ ਬ੍ਰੇਕ ਤੋਂ ਬਾਅਦ ਹਿੰਦੂਤਵੀ ਸਰਕਾਰ ਖ਼ਤਰਨਾਕ ਮੰਨਣ ਲੱਗ ਪਈ ਸੀ। ਇਸੇ ਕਾਰਨ ਉਹਨਾਂ ਨੂੰ ਇਲਾਜ ’ਚ ਅਣਗਹਿਲੀ ਦੇ ਬਹਾਨੇ ਮਾਰ ਦਿੱਤਾ ਗਿਆ। ਨਹੀਂ ਤਾਂ ਇਹ ਕਿਵੇਂ ਸੰਭਵ ਹੈ ਕਿ ਇੱਕ ਬਿਮਾਰ ਕੈਦੀ 15 ਦਿਨ ਇਲਾਜ ਖੁਣੋਂ ਜ਼ੇਲ ਵਿੱਚ ਤੜਫਦਾ ਰਹੇ? ਇਹ ਪਹਿਲੀ ਤੇ ਆਖ਼ਰੀ ਉਦਾਹਰਨ ਨਹੀਂ ਇਸ ਤੋਂ ਪਹਿਲਾ ਭਾਈ ਜਗਤਾਰ ਸਿੰਘ ਹਵਾਰਾ, ਭਾਈ ਦਯਾ ਸਿੰਘ ਲਹੌਰੀਆ, ਸੁਖਵਿੰਦਰ ਸਿੰਘ ਸੁੱਖੀ ਤੇ ਭਾਈ ਭੂਤਨਾ ਆਪੋ-ਆਪਣੇ ਸਰੀਰਕ ਕਸ਼ਟਾਂ ਤੋਂ ਬੁਰੀ ਤਰਾਂ ਪੀੜਤ ਹਨ। ਪ੍ਰੰਤੂ ਉਹਨਾਂ ਨੂੰ ਵੀ ਸੁਰੱਖਿਆ ਬਹਾਨੇ ਇਲਾਜ ਖੁਣੋ ਤੜਫਾਇਆ ਜਾ ਰਿਹਾ ਹੈ। ਜਿਸਦਾ ਸਿੱਧਾ-ਸਿੱਧਾ ਅਰਥ ਹੈ ਕਿ ਉਹਨਾਂ ਨੂੰ ਸਰੀਰਕ ਰੂਪ ਵਿੱਚ ਖ਼ਤਮ ਕਰਨ ਦੀ ਸਾਜਿਸ਼ ਨੂੰ ਸਿਰੇ ਚੜਾਇਆ ਜਾ ਰਿਹਾ ਹੈ। ਇਲਾਜ ਹਰ ਵਿਅਕਤੀ ਦਾ ਮੁੱਢਲਾ ਅਧਿਕਾਰ ਹੈ, ਪ੍ਰੰਤੂ ਇਸ ਦੇਸ਼ ਵਿੱਚ ਸਿੱਖਾਂ ਨੂੰ ਅਹਿਸਾਸ ਕਰਵਾਇਆ ਜਾ ਰਿਹਾ ਹੈ ਕਿ ਗੁਲਾਮਾਂ ਦਾ ਕੋਈ ਅਧਿਕਾਰ ਨਹੀਂ ਹੁੰਦੇ। ਉਹਨਾਂ ਦੀ ਹੋਣੀ ਚਿੜੀਆਂ ਵਾਂਗੂੰ ਮਰਨਾ ਹੀ ਹੁੰਦੀ ਹੈ। ਅਸੀਂ ਸਮਝਦੇ ਹਾਂ ਕਿ ਭਾਈ ਮਿੰਟੂ ਦੀ ਇਸ ਸਾਜਿਸ਼ੀ ਮੌਤ ਦਾ ਕੌਮ ਨੂੰ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ। ਸਰਕਾਰ ਦੀ ਜਵਾਬ ਤਲਬੀ ਨੂੰ ਯਕੀਨੀ ਬਣਾਇਆ ਜਾਵੇ।

 
 

ਜੇਲ ਅਧਿਕਾਰੀਆਂ ਦੀ ਜ਼ਿੰਮੇਵਾਰੀ ਵੀ ਨਿਰਧਾਰਿਤ ਕੀਤੀ ਜਾਵੇ। ਭਾਈ ਮਿੰਟੂ ਦੀ ਇਸ ਮੌਤ ਨੂੰ ਕੁਦਰਤੀ ਨਾ ਮੰਨਿਆ ਜਾਵੇ ਸਗੋਂ ਹਕੂਮਤ ਵੱਲੋਂ ਗਿਣ-ਮਿਥ ਕੇ ਕੀਤਾ ਗਿਆ ਸਾਜਿਸ਼ੀ ਕਤਲ ਆਖਿਆ ਜਾਵੇ। ਭਾਈ ਮਿੰਟੂ ਦਾ ਜੇਲ ਵਿੱਚ ਹੋਇਆ ਇਹ ਸਾਜਿਸ਼ੀ ਕਤਲ ਬੰਦੀ ਸਿੰਘਾਂ ਦੀ ਰਿਹਾਈ ਦੇ ਸੰਘਰਸ਼ ਨੂੰ ਪ੍ਰਚੰਡ ਕਰਨ ਲਈ ਸਹਾਈ ਹੋਣਾ ਚਾਹੀਦਾ ਹੈ। ਜੇ ਅੱਜ ਵੀ ਕੌਮ ਹਿੰਦੂਤਵੀ ਸਰਕਾਰਾਂ ਦੀ ਇਸ ਘਿਨੌਣੀ ਸਾਜਿਸ਼ ਨੂੰ ਕਿ ਸਿੱਖ ਸੰਘਰਸ਼ ਦੇ ਪ੍ਰਤੀਕ ਯੋਧੇ ਜਰਨੈਲਾਂ ਨੂੰ ਜੇਲਾਂ ਵਿੱਚ ਹੀ ਖਪਾ ਦਿੱਤਾ ਜਾਵੇ , ਚੰਗੀ ਤਰਾਂ ਨਾ ਸਮਝੀ ਅਤੇ ਇਸਦੀ ਰੋਕਥਾਮ ਲਈ ਜਾਗੀ ਨਾਂਹ ਤਾਂ ਜੇਲਾਂ ਵਿੱਚੋਂ ਇਹੋ-ਜਿਹੀਆ ਦੁੱਖਦਾਈ ਤੇ ਕੌਮ ਨੂੰ ਝੰਜੋੜਨ ਵਾਲੀਆਂ ਖ਼ਬਰਾਂ ਆਏ ਦਿਨਾਂ ਸ਼ੁਰੂ ਹੋ ਜਾਣਗੀਆਂ। ਇਸ ਲਈ ਭਾਈ ਹਰਮਿੰਦਰ ਸਿੰਘ ਮਿੰਟੂ ਦੀ ਮੌਤ ’ਤੇ ਰੋਣ ਦੀ ਥਾਂ ਉਸਦੀ ਸੋਚ ਨੂੰ ਬਚਾਉਣ ਲਈ, ਬੰਦੀ ਸਿੰਘਾਂ ਦੀ ਰਿਹਾਈ ਲਈ ਤਕੜਾ ਹੰਭਲਾ ਮਾਰਨ ਲਈ ਕੌਮ ਨੂੰ ਕਮਰਕੱਸੇ ਕਰਨੇ ਪੈਣਗੇ।

ਟਿੱਪਣੀ ਕਰੋ:

About webmaster

Scroll To Top