Home / ਚੋਣਵੀ ਖਬਰ/ਲੇਖ / ਹੁਣ ਬਲਾਤਕਾਰ ਵੀ ਫ਼ਿਰਕੂ ਹੋ ਗਿਆ …..

ਹੁਣ ਬਲਾਤਕਾਰ ਵੀ ਫ਼ਿਰਕੂ ਹੋ ਗਿਆ …..

-ਜਸਪਾਲ ਸਿੰਘ ਹੇਰਾਂ

 

ਜਿਸ ਦੇਸ਼ ‘ਚ ਲਕਸ਼ਮੀ ਨੂੰ ਦੌਲਤ ਦੀ ਦੇਵੀ ਸਮਝ ਕੇ ਪੂਜਿਆ ਜਾਂਦਾ ਹੋਵੇ ,ਦੁਰਗਾ ਨੂੰ ਸ਼ਕਤੀ ਦੀ ਦੇਵੀ ਮੰਨ ਕੇ ਤਿਲਕ  ਲਾਏ ਜਾਂਦੇ ਹੋਣ,ਜੈ ਸੀਤਾ-ਰਾਮ ਦਾ ਨਾਅਰਾ ਲੱਗਦਾ ਹੋਵੇ,ਜੈ ਸ੍ਰੀ ਰਾਧਾ ਕਿ੍ਰਸ਼ਨ ਦੇ ਆਵਾਜ਼ੇ ਨਾਲ ਇੱਕ ਦੂਜੇ ਨੂੰ ਮਿਲਿਆ ਜਾਂਦਾ ਹੋਵੇ,ਜਿਸ ਦੇਸ਼ ਦੀ “ਭਾਰਤ ਮਾਤਾ” ਵਜੋਂ ਜੈ-ਜੈ ਕਾਰ ਕੀਤੀ ਜਾਂਦੀ ਹੋਵੇ ਅਤੇ  ਕੰਜਕਾਂ ਨੂੰ ਪੂਜਿਆ ਜਾਂਦਾ ਹੋਵੇ। ਫਿਰ ਉਸ ਦੇਸ਼ ਚ  ਉਸ ਦੇਸ਼ ਦੀਆਂ ਘੱਟ ਗਿਣਤੀਆਂ ਦੀਆਂ ਬੱਚੀਆਂ ਤੇ ਔਰਤਾਂ ਨਾਲ ਹੈਵਾਨੀਅਤ ਦੀ ਘਨਾਉਣੀ ਖੇਡ ਖੇਡੀ ਜਾਣੀ ਆਮ ਹੋ ਜਾਵੇ ਤੇ ਉਸ ਦੇਸ਼ ਨੂੰ “ਬਲਾਤਕਾਰਸਤਾਨ” ਦਾ ਦਰਜਾ ਮਿਲਣ ਲੱਗ ਪਵੇ ਤਾਂ ਉਸ ਦੇਸ਼ ਦੇ ਹਾਕਮਾਂ ਬਾਰੇ ਤੇ ਬਹੁ-ਗਿਣਤੀ ਦੀ ਫ਼ਿਰਕੂ ਜਾਨੂੰਨੀ  ਸੋਚ ਬਾਰੇ ਕੀ ਟਿੱਪਣੀ ਕੀਤੀ ਜਾਵੇ ?

 

ਕੀ ਗੁਨਾਹ ਵੀ ਧਰਮ ਦੇ ਨਾਂ ‘ਤੇ ‘ਪੁੰਨ’ ਮੰਨਿਆ ਜਾ ਸਕਦਾ ਹੈ। ਕੀ ਜੇ ਬਲਾਤਕਾਰ ਇੱਕ ਮੁਸਲਮਾਨ ਬੱਚੀ ਨਾਲ ਹੋਇਆ ਹੋਵੇ ਤੇ ਉਸ ਬਲਾਤਕਾਰ ਦੇ ਦਰਿੰਦੇ ਦੋਸ਼ੀਆਂ ਦੀ ਹਮਾਇਤ ‘ਤੇ ਹਿੰਦੂਤਵੀ ਮੰਤਰੀ,ਵਕੀਲ ਤੇ ਮੀਡੀਆ ਖੜਾ ਹੋ ਸਕਦਾ ਹੈ? ਕੀ ਬਲਾਤਕਾਰੀ ਦੀ ਸਿੱਧੀ ਜਾਂ ਅੱਿਸੱਧੀ ਮਦਦ ਕਰ ਕੇ ,ਕੋਈ ਆਪਣੇ ਆਪ ਨੂੰ ‘ਇਨਸਾਨ’ਅਖਵਾ ਸਕਦਾ ਹੈ। ਹੈਵਾਨ,ਦਰਿੰਦਾ ਤੇ ਮਾਸੂਮ ਬੱਚੀ ਦਾ ਬਲਾਤਕਾਰੀ ਇੱਕੋ ਹੀ ਹੁੰਦੇ ਹਨ? ਫਿਰ ਕੋਈ ਇਨਸਾਨ ਕਿਸੇ ਹੈਵਾਨ ਦੀ ਸਹਾਇਤਾ ਕਿਵੇਂ ਕਰ ਸਕਦਾ ਹੈ? ਅਸੀਂ ਗ਼ੁਨਾਹ ਨੂੰ ਗ਼ੁਨਾਹ ਹੀ ਮੰਨਦੇ ਹਾਂ,ਪ੍ਰੰਤੂ ਜਿਸ ਤਰਾਂ ਗ਼ੁਨਾਹ ਨੂੰ ਧਰਮਾਂ ‘ਚ ਵੰਡੇ ਜਾਣ ਦੀ ਘਿਨਾਉਣੀ ਸਾਜਿਸ਼ ਨੂੰ ਰਾਜਨੀਤੀ ਦੀ ਪੁੱਠ ਚਾੜੀ ਜਾ ਰਹੀ ਹੈ ,ਉਹ ਕਿਵੇਂ ਵੀ ਬਰਦਾਸ਼ਤ ਕਰਨਯੋਗ ਨਹੀਂ ਹੈ। ਕੀ ਦੇਸ਼ ਦੀ ਸੱਤਾ ‘ਤੇ ਮੁੜ ਕਬਜ਼ਾ ਕਰਨ ਲਈ ,ਹਿੰਦੂਤਵੀ ਤਾਕਤਾਂ ਦੇਸ਼ ਨੂੰ ਫ਼ਿਰਕੂ ਜਾਨੂੰਨ ਦੀ ਤਪਦੀ ਭੱਠੀ ‘ਚ ਸੁੱਟ ਦੇਣਗੀਆਂ?

 

ਅਸੀਂ ਜਿਵੇਂ ਉਪਰ ਲਿਖਿਆ ਹੈ ਕਿ ਬੱਚੇ ਰੱਬ ਦਾ ਰੂਪ ਹੁੰਦੇ ਹਨ,ਇਸ ਲਈ ਕਿਸੇ ਬੱਚੀ ਨਾਲ ਹੋਈ ਹੈਵਾਨੀਅਤ , ਰੱਬ ਵਿਰੁੱਧ ਬਗ਼ਾਵਤ ਆਖੀ ਜਾ ਸਕਦੀ ਹੈ ਤੇ ਰੱਬ ਦੇ ਬਾਗ਼ੀਆਂ ਨੂੰ ਕਿਵੇਂ ਵੀ ਬਖ਼ਸ਼ਿਆ ਨਹੀਂ ਜਾ ਸਕਦਾ? ਧਰਮ ਕੋਈ ਵੀ ਹੋਵੇ ,ਗ਼ੁਨਾਹ ,ਪਾਪ ,ਹੈਵਾਨੀਅਤ ਨੂੰ ਪੁੰਨ ਨਹੀਂ ਮੰਨਿਆਂ ਜਾ ਸਕਦਾ। ਪ੍ਰੰਤੂ ਭਾਜਪਾ ਤੇ ਹਿੰਦੂਤਵੀ ਤਾਕਤਾਂ ਨੇ ਇੱਕ  ਬੱਚੀ ਦੀ ਮਾਸੂਮ ਰੂਹ ਤੇ ਸਰੀਰ ਨਾਲ ਜਿਸ ਤਰਾਂ ਜ਼ੁਲਮ ਕੀਤਾ ਹੈ ,ਉਹ ਬਖ਼ਸਣਯੋਗ ਨਹੀਂ।

 

ਇੱਕਲ਼ੀ ਭਾਜਪਾ ਹੀ ਕਿਉਂ ,ਉਹ ਸਾਰੇ ਲੋਕ ਜਿਹੜੇ ਕਦੇ ਦਿੱਲੀ ‘ਚ ਦਾਮਿਨੀ ਨਾਲ ਹੋਈ ਅਜਿਹੀ ਹੈਵਾਨੀਅਤ ਵਿਰੁੱਧ ਸੜਕਾਂ ‘ਤੇ ਉੱਤਰੇ ਸਨ ਅਤੇ ਦੇਸ਼ ਦੀ ਸਰਕਾਰ ਨੂੰ ਕਾਨੂੰਨ ਤਕ ਬਦਲਣ ਲਈ ਮਜ਼ਬੂਰ ਕਰ ਦਿੱਤਾ ਸੀ। ਉਹ ਵੀ ਦੋਸ਼ੀਆਂ ਦੀ ਕਤਾਰ ‘ਚ ਹਨ ਕਿਉਂਕਿ ਇੱਕ ਮੁਸਲਮਾਨ ਬੱਚੀ ਨਾਲ ਹੋਈ ਹੈਵਾਨੀਅਤ, ਉਹਨਾਂ ਨੂੰ ਹੈਵਾਨੀਅਤ ਹੀ ਨਹੀਂ ਲੱਗੀ,ਜਿਸ ਕਾਰਨ ਉਹਨਾਂ ਨੂੰ ਹੁਣ ਵਿਰੋਧ ਲਈ ਸੜਕਾਂ ‘ਤੇ ਉੱਤਰਨਾ ਯਾਦ ਹੀ ਨਹੀਂ ਰਿਹਾ। ਇਨਸਾਫ਼ ਪਸੰਦ ਦੇ ਅਰਥ ,ਇਨਸਾਫ਼ ਨੂੰ ਪਿਆਰ ਕਰਨਾ ਤੇ ਇਨਸਾਫ਼ ਲਈ ਲੜਨਾ ਹੁੰਦਾ ਹੈ,ਪ੍ਰੰਤੂ ਇਥੇ ਤਾਂ ਸਾਰੀਆਂ ਤਾਕਤਾਂ ਹੀ ਸੁਸਰੀ ਵਾਂਗ ਸੌਂ ਗਈਆਂ। ਉਹਨਾਂ ਨੂੰ ਹਿੰਦੂ ਬੱਚੀ ਤੇ ਮੁਸਲਮਾਨ ਬੱਚੀ ਨਾਲ ਵਾਪਰੀ ‘ਹੈਵਾਨੀਅਤ’ ਇਕੋ ਜਿਹੀ ਨਹੀਂ ਲੱਗਦੀ।

 
 

ਅਸੀਂ ਦੇਸ਼ ਦੇ ਇਨਸਾਫ਼ ਪਸੰਦ ਲੋਕਾਂ ਨੂੰ, ਘੱਟ-ਗਿਣਤੀਆਂ ਨੂੰ ਤੇ ਦਲਿਤ ਭਾਈਚਾਰੇ ਨੂੰ ਨਿਰੰਤਰ ਹੋਕਾ ਦਿੰਦੇ ਆ ਰਹੇ  ਹਾਂ ਕਿ ਉਹ ਹਿੰਦੂਤਵੀ ਤਾਕਤਾਂ ਜਿਹੜੀਆਂ 2022 ‘ਚ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਐਲਾਨੇ ਜਾਣ ਦੀਆਂ ਤਿਆਰੀਆਂ ‘ਚ ਹਨ ਅਤੇ ਉਹਨਾਂ ਦਾ ਏਜੰਡਾ 2019 ‘ਚ ਦੋ-ਤਿਹਾਈ  ਬਹੁਮੱਤ ਪ੍ਰਾਪਤ ਕਰਨ ਲਈ, ਦੇਸ਼ ‘ਚ ਅਜਿਹਾ ਦਹਿਸ਼ਤ ਵਾਲਾ, ਡਰ ਵਾਲਾ, ਖ਼ੌਫ਼ ਵਾਲਾ ਮਹੌਲ ਪੈਦਾ ਕਰਨਾ ਹੈ,ਜਿਸ ਦੇ ਚੱਲਦੇ ਕੋਈ ਦਲਿਤ ਵੋਟਰ ,ਕੋਈ ਘੱਟ-ਗਿਣਤੀ ਵੋਟਰ ,ਪੋਲਿੰਗ ਬੂਥ ਤੱਕ ਜਾਣ ਦੀ ਜ਼ੁਅੱਰਤ ਹੀ ਨਾ ਕਰ ਸਕੇ, ਇਸ ਲਈ ਅਗਲੇ ਮਹੀਨਿਆਂ ‘ਚ ਦੇਸ਼ ਫ਼ਿਰਕੂੂ ਦੰਗਿਆਂ ਦੀ ਅੱਗ ‘ਚ ਲੱਟ-ਲੱਟ ਕਰ ਕੇ ਸੜਦਾ ਵਿਖਾਈ ਦੇੇਵੇਗਾ। ਉਸ ਭਿਆਨਕ ਮਾਹੌਲ ਦਾ ਮੁਕਾਬਲਾ ਕਰਨ ਲਈ ਦਲਿਤ ਭਾਈਚਾਰੇ ਤੇ ਘੱਟਗਿਣਤੀਆਂ ਨੂੰ ਹੁਣੇ ਤੋਂ ਇੱਕਜੁੱਟ ਹੋਣਾ ਪਵੇਗਾ। ਦੇਸ਼ ਦੇ ਲੋਕਾਂ ਨੇ ਇਨਾਂ ਜ਼ਹਿਰੀਲੀਆਂ  ਹਿੰਦੂਤਵੀ ਤਾਕਤਾਂ ਦੇ ਖੂਨ ਪੀਣੇ ਦੰਦਾਂ ਨੂੰ  ਜੇ ਤਾਂ ਬਾਹਰ ਨਿਕਲਦੇ ਸਾਰ ਭੰਨ ਦਿੱਤਾ ਤਾਂ ਹੀ ਉਹ ਸੁਰੱਖਿਅਤ ਰਹਿਣਗੇ। ਨਹੀਂ ਤਾਂ ਹਿੰਦੂਤਵ ਦੀ ਸੁਨਾਮੀ ਸਾਰਾ ਕੁਝ ਰੋੜ ਕੇ ਲੈ ਜਾਵੇਗੀ। ਇਸ ਸੱਚ ਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਹੈ।

ਟਿੱਪਣੀ ਕਰੋ:

About webmaster

Scroll To Top