Home / ਚੋਣਵੀ ਖਬਰ/ਲੇਖ / ਅਸਿਫਾ ਬਲਾਤਕਾਰ ਮਾਮਲਾ: ਸੁਪਰੀਮ ਕੋਰਟ ਨੇ ਪਰਿਵਾਰ, ਵਕੀਲ ਅਤੇ ਮੱਦਦਗਾਰ ਨੂੰ ਸੁਰੱਖਿਆ ਦੇਣ ਦੇ ਹੁਕਮ ਦਿੱਤੇ

ਅਸਿਫਾ ਬਲਾਤਕਾਰ ਮਾਮਲਾ: ਸੁਪਰੀਮ ਕੋਰਟ ਨੇ ਪਰਿਵਾਰ, ਵਕੀਲ ਅਤੇ ਮੱਦਦਗਾਰ ਨੂੰ ਸੁਰੱਖਿਆ ਦੇਣ ਦੇ ਹੁਕਮ ਦਿੱਤੇ

 

ਨਵੀਂ ਦਿੱਲੀ: ਜੰਮੂ ਕਸ਼ਮੀਰ ਦੀ ਅੱਠ ਸਾਲਾ ਬੱਚੀ ਆਸਿਫਾ ਦੇ ਮੰਦਰ ਵਿੱਚ ਹੋਏ ਸਮੂਹਿਕ ਬਾਲਤਕਾਰ ਅਤੇ ਹੱਤਿਆ ਕਾਂਡ ਦੇ ਮਾਮਲੇ ਵਿੱਚ ਭਾਰਤੀ ਸੁਪਰੀਮ ਕੋਰਟ ਨੇ ਪੀੜਤ ਪਰਿਵਾਰ, ਉਨ੍ਹਾਂ ਦੇ ਵਕੀਲ ਤੇ ਪੀੜਤ ਪਰਿਵਾਰ ਦੇ ਇਕ ਮਦਦਗਾਰ ਨੂੰ ਸੁਰੱਖਿਆ ਮੁਹੱਈਆ ਕਰਾਉਣ ਦੇ ਨਿਰਦੇਸ਼ ਦਿੱਤੇ ਹਨ।
ਸੁਪਰੀਮ ਕੋਰਟ ਨੇ ਪੀੜਤ ਪਿਤਾ ਵੱਲੋਂ ਮੁਕੱਦਮਾ ਕਠੂਆਂ ਤੋਂ ਚੰਡੀਗੜ੍ਹ ਤਬਦੀਲ ਕਰਨ ਲਈ ਦਾਇਰ ਕੀਤੀ ਅਪੀਲ ਦਾ ਨੋਟਿਸ ਲੈਂਦਿਆਂ ਰਾਜ ਸਰਕਾਰ ਦਾ ਪ੍ਰਤੀਕਰਮ ਮੰਗਿਆ ਹੈ। ਸੁਣਵਾਈ ਦੌਰਾਨ ਪਿਤਾ ਨੇ ਜੰਮੂ ਕਸ਼ਮੀਰ ਪੁਲੀਸ ਵੱਲੋਂ ਹੁਣ ਤੱਕ ਕੀਤੀ ਜਾਂਚ ’ਤੇ ਤਸੱਲੀ ਜ਼ਾਹਰ ਕੀਤੀ ਤੇ ਇਹ ਕੇਸ ਸੀਬੀਆਈ ਦੇ ਹਵਾਲੇ ਕਰਨ ਦੀ ਕੀਤੀ ਜਾ ਰਹੀ ਮੰਗ ਦਾ ਵਿਰੋਧ ਕੀਤਾ।
ਚੀਫ ਜਸਟਿਸ ਦੀਪਕ ਮਿਸ਼ਰਾ ਤੇ ਜਸਟਿਸ ਏਐਮ ਖਾਨਵਿਲਕਰ ਤੇ ਡੀ ਵਾਈ ਚੰਦਰਚੂੜ ਨੇ ਪੀੜਤ ਬੱਚੀ ਦੇ ਪਿਤਾ ਵੱਲੋਂ ਪੁਲੀਸ ਦੀ ਜਾਂਚ ’ਤੇ ਜਤਾਈ ਤਸੱਲੀ ਦੇ ਬਿਆਨ ਨੂੰ ਵੀ ਨੋਟ ਕੀਤਾ। ਬੈਂਚ ਨੇ ਅਰਜ਼ੀ ਵਿੱਚ ਸੁਰੱਖਿਆ ਨੂੰ ਲੈ ਕੇ ਜਤਾਏ ਖਦਸ਼ੇ ਦਾ ਨੋਟਿਸ ਲੈਂਦਿਆਂ ਰਾਜ ਸਰਕਾਰ ਨੂੰ ਪੀੜਤ ਪਰਿਵਾਰ, ਉਨ੍ਹਾਂ ਦੇ ਵਕੀਲ ਦੀਪਿਕਾ ਸਿੰਘ ਰਾਜਾਵਤ ਤੇ ਪਰਿਵਾਰ ਦੇ ਮਦਦਗਾਰ ਤਾਲਿਬ ਹੁਸੈਨ ਨੂੰ ਢੁਕਵੀਂ ਸੁਰੱਖਿਆ ਮੁਹੱਈਆ ਕਰਾਉਣ ਦੇ ਨਿਰਦੇਸ਼ ਦਿੱਤੇ।
ਜੰਮੂ ਖੇਤਰ ਵਿੱਚ ਭੜਕਾਹਟ ਦੇ ਮੱਦੇਨਜ਼ਰ ਮੁਕੱਦਮਾ ਕਠੂਆ ਦੀ ਅਦਾਲਤ ਤੋਂ ਚੰਡੀਗੜ੍ਹ ਤਬਦੀਲ ਕਰਨ ਦੀ ਮੰਗ ਬਾਰੇ ਬੈਂਚ ਨੇ ਰਾਜ ਸਰਕਾਰ ਨੂੰ 27 ਅਪਰੈਲ ਅਗਲੀ ਪੇਸ਼ੀ ਤੱਕ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਹੈ।

ਟਿੱਪਣੀ ਕਰੋ:

About webmaster

Scroll To Top