Home / ਚੋਣਵੀ ਖਬਰ/ਲੇਖ / ਮੱਕਾ ਮਸਜਿਦ ਬੰਬ ਕੇਸ: ਆਰਐਸਐਸ ਪ੍ਰਚਾਰਕ ਅਸੀਮਾਨੰਦ ਸਣੇ ਪੰਜ ਮੁਲਜ਼ਮ ਬਰੀ, ਜੱਜ ਨੇ ਦਿੱਤਾ ਅਸਤੀਫਾ

ਮੱਕਾ ਮਸਜਿਦ ਬੰਬ ਕੇਸ: ਆਰਐਸਐਸ ਪ੍ਰਚਾਰਕ ਅਸੀਮਾਨੰਦ ਸਣੇ ਪੰਜ ਮੁਲਜ਼ਮ ਬਰੀ, ਜੱਜ ਨੇ ਦਿੱਤਾ ਅਸਤੀਫਾ

ਹੈਦਰਾਬਾਦ: ਮੱਕਾ ਮਸਜਿਦ ਬੰਬ ਕਾਂਡ ਕੇਸ ’ਚੋਂ ਆਰਐਸਐਸ ਪ੍ਰਚਾਰਕ ਅਸੀਮਾਨੰਦ ਸਣੇ ਪੰਜ ਮੁਲਜ਼ਮਾਂ ਨੂੰ ਅੱਜ ਐਨਆੲਇੇ ਦੀ ਇੱਕ ਵਿਸ਼ੇਸ਼ ਅਦਾਲਤ ਨੇ ਬਰੀ ਕਰ ਦਿੱਤਾ ਅਤੇ ਬਰੀ ਕਰਨ ਤੋਂ ਬਾਅਦ ਜੱਜ ਕੇ. ਰਵਿੰਦਰ ਰੈਡੀ ਨੇ ਖ਼ੁਦ ਵੀ ਨਾਟਕੀ ਢੰਗ ਨਾਲ ਅਹੁਦੇ ਤੋਂ ਅਸਤੀਫ਼ਾ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ। ਜੱਜ ਕੇ. ਰਵਿੰਦਰ ਰੈਡੀ ਨੇ ਫ਼ੈਸਲਾ ਸੁਣਾਉਣ ਤੋਂ ਕੁਝ ਘੰਟੇ ਬਾਅਦ ਹੀ ‘ਨਿਜੀ ਕਾਰਨਾਂ’ ਦੇ ਹਵਾਲੇ ਨਾਲ ਅਹੁਦਾ ਛੱਡਣ ਦਾ ਐਲਾਨ ਕਰ ਦਿੱਤਾ।

ਆਰਐਸਐਸ ਆਗੂ ਸਵਾਮੀ ਅਸੀਮਾਨੰਦ

ਹੈਦਰਾਬਾਦ ਤੋਂ ਐਮਪੀ ਤੇ ਏਆਈਐਮਆਈਐਮ ਦੇ ਮੁਖੀ ਅਸਦੂਦੀਨ ਓਵਾਇਸੀ ਨੇ ਆਪਣੀ ਟਵੀਟ ਰਾਹੀਂ ਇਸ ਪੂਰੇ ਮਾਮਲੇ ਵਿੱਚ ‘ਸਾਜ਼ਿਸ਼’ ਦਾ ਸ਼ੱਕ ਜ਼ਾਹਰ ਕੀਤਾ ਹੈ। ਇਸ ਦੌਰਾਨ ਇਕ ਹੋਰ ਸੀਨੀਅਰ ਜੱਜ ਨੇ ਆਪਣਾ ਨਾਂ ਗੁਪਤ ਰੱਖਦਿਆਂ ਦਾਅਵਾ ਕੀਤਾ ਕਿ ਸ੍ਰੀ ਰੈਡੀ ਨੇ ਕਿਹਾ ਕਿ ਉਨ੍ਹਾਂ ਦੇ ਅਸਤੀਫ਼ੇ ਦਾ ਅੱਜ ਦੇ ਫ਼ੈਸਲੇ ਨਾਲ ਕੋਈ ਤੁਅੱਲਕ ਨਹੀਂ ਹੈ।
ਇਸ ਤੋਂ ਪਹਿਲਾਂ ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਇਸਤਗਾਸਾ ਧਿਰ 2007 ਵਿੱਚ ਹੋਏ ਇਸ ਧਮਾਕੇ ਸਬੰਧੀ ਕੇਸ ਦੇ ਮੁਲਜ਼ਮਾਂ ਖ਼ਿਲਾਫ਼ ‘ਇਕ ਵੀ ਦੋਸ਼’ ਨੂੰ ਸਾਬਤ ਕਰਨ ਵਿੱਚ ਨਾਕਾਮ ਰਹੀ ਹੈ।
ਦੱਸਣਯੋਗ ਹੈ ਕਿ ਇਥੇ ਸਥਿਤ ਚਾਰ ਸਦੀਆਂ ਪੁਰਾਣੀ ਮੱਕਾ ਮਸਜਿਦ ਵਿੱਚ 18 ਮਈ, 2007 ਨੂੰ ਜੁੰਮੇ ਦੀ ਨਮਾਜ਼ ਸਮੇਂ ਜ਼ੋਰਦਾਰ ਧਮਾਕਾ ਉਦੋਂ ਹੋਇਆ ਸੀ। ਇਸ ਕਾਰਨ ਨੌਂ ਵਿਅਕਤੀ ਮਾਰੇ ਗਏ ਤੇ 58 ਜ਼ਖ਼ਮੀ ਹੋਏ ਸਨ। ਧਮਾਕੇ ਤੋਂ ਬਾਅਦ ਹਿੰਸਕ ਮੁਜ਼ਾਹਰੇ ਤੇ ਫ਼ਸਾਦ ਭੜਕਣ ਕਾਰਨ ਪੁਲੀਸ ਕਾਰਵਾਈ ਵਿੱਚ ਪੰਜ ਹੋਰ ਜਾਨਾਂ ਗਈਆਂ ਸਨ। ਮਾਮਲੇ ਦੀ ਜਾਂਚ ਕੌਮੀ ਜਾਂਚ ਏਜੰਸੀ (ਐਨਆਈਏ) ਕਰ ਰਹੀ ਸੀ।
ਫ਼ੈਸਲੇ ਤੋਂ ਬਾਅਦ ਅੱਜ ਸ਼ਹਿਰ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਸ੍ਰੀ ਰੈਡੀ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੌਰਾਨ ਆਪਣਾ ਫ਼ੈਸਲਾ ਸੁਣਾਇਆ। ਉਨ੍ਹਾਂ ਕਿਹਾ, ‘‘ਇਸਤਾਗਾਸਾ ਧਿਰ (ਐਨਆਈਏ) ਕਿਸੇ ਵੀ ਮੁਲਜ਼ਮ ਖ਼ਿਲਾਫ਼ ਇਕ ਵੀ ਦੋਸ਼ ਸਾਬਤ ਨਹੀਂ ਕਰ ਸਕੀ ਅਤੇ ਸਾਰੇ ਮੁਲਜ਼ਮਾਂ ਨੂੰ ਬਰੀ ਕੀਤਾ ਜਾਂਦਾ ਹੈ।’’ ਇਹ ਜਾਣਕਾਰੀ ਅਸੀਮਾਨੰਦ ਦੇ ਵਕੀਲ ਜੇ.ਪੀ. ਸ਼ਰਮਾ ਨੇ ਦਿੱਤੀ।
ਗ਼ੌਰਤਲਬ ਹੈ ਕਿ ‘ਹਿੰਦੂ ਅਤਿਵਾਦ’ ਵਜੋਂ ਪੇਸ਼ ਕੀਤੇ ਜਾ ਰਹੇ ਇਸ ਮਾਮਲੇ ਦਾ ਫ਼ੈਸਲਾ ਸੁਣਾਏ ਜਾਣ ਸਮੇਂ ਮੀਡੀਆ ਨੂੰ ਅਦਾਲਤ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਅਸੀਮਾਨੰਦ ਨੂੰ ਇਸ ਤੋਂ ਪਹਿਲਾਂ 2007 ਦੇ ਹੀ ਅਜਮੇਰ ਦਰਗਾਹ ਧਮਾਕਾ ਕੇਸ ਵਿੱਚੋਂ ਵੀ ਬੀਤੇ ਸਾਲ ਬਰੀ ਕਰ ਦਿੱਤਾ ਗਿਆ ਸੀ। ਉਹ ਉਸੇ ਵਰ੍ਹੇ ਦੇ ਸਮਝੌਤਾ ਐਕਸਪ੍ਰੈੱਸ ਧਮਾਕਾ ਕੇਸ ਵਿੱਚ ਵੀ ਮੁਲਜ਼ਮ ਹੈ। ਅਦਾਲਤ ਨੇ ਦੇਵੇਂਦਰ ਗੁਪਤਾ, ਲੋਕੇਸ਼ ਸ਼ਰਮਾ, ਭਾਰਤ ਮੋਹਨਲਾਲ ਰਤੇਸ਼ਵਰ ਉਰਫ਼ ਭਾਰਤ ਭਾਈ ਅਤੇ ਰਾਜੇਂਦਰ ਚੌਧਰੀ ਨੂੰ ਵੀ ਬਰੀ ਕੀਤਾ ਹੈ।

ਟਿੱਪਣੀ ਕਰੋ:

About webmaster

Scroll To Top