Home / ਚੋਣਵੀ ਖਬਰ/ਲੇਖ / ”ਨਾਨਕ ਸ਼ਾਹ ਫ਼ਕੀਰ” ਅਕਾਲੀ ਲੀਡਰਸ਼ਿਪ ਲਈ ਨਵੀਂ ਚੁਣੌਤੀ

”ਨਾਨਕ ਸ਼ਾਹ ਫ਼ਕੀਰ” ਅਕਾਲੀ ਲੀਡਰਸ਼ਿਪ ਲਈ ਨਵੀਂ ਚੁਣੌਤੀ

-ਮੇਜਰ ਸਿੰਘ

 

ਸਿੱਖ ਧਰਮ ਦੇ ਬਾਨੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਉਪਦੇਸ਼ ਬਾਰੇ ਬਣੀ ਫ਼ਿਲਮ ”ਨਾਨਕ ਸ਼ਾਹ ਫ਼ਕੀਰ” ਦੇ ਰਿਲੀਜ਼ ਹੋਣ ਬਾਰੇ ਛਿੜੇ ਰੇੜਕੇ ਨੇ ਅਕਾਲੀ ਲੀਡਰਸ਼ਿਪ ਲਈ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ ਹੈ।ਸਿੱਖ ਧਰਮ ਦੀਆਂ ਬੁਨਿਆਦੀ ਮਾਨਤਾਵਾਂ ਤੇ ਰਹੁ-ਰੀਤਾਂ ਦੇ ਉਲਟ ਬਣੀ ਇਸ ਫ਼ਿਲਮ ਨੇ ਪੰਥਕ ਮਾਨਤਾਵਾਂ ਨੂੰ ਗਹਿਰੀ ਸੱਟ ਮਾਰੀ ਹੈ।

 

ਹੈਰਾਨੀ ਭਰੀ ਗੱਲ ਇਹ ਹੈ ਕਿ ਅਕਾਲੀ ਲੀਡਰਸ਼ਿਪ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਦੇ ਨੁਮਾਇੰਦਿਆਂ ਨੇ ਫ਼ਿਲਮ ਨੂੰ ਹਰ ਪੱਖੋਂ ਦੇਖ-ਵਾਚ ਕੇ ਰਿਲੀਜ਼ ਕਰਨ ਲਈ ਨਾ ਸਿਰਫ਼ ਪ੍ਰਵਾਨਗੀ ਹੀ ਦਿੱਤੀ, ਸਗੋਂ ਸ਼੍ਰੋਮਣੀ ਕਮੇਟੀ ਨੇ ਫ਼ਿਲਮ ਦੇ ਪ੍ਰਚਾਰ ‘ਚ ਹਿੱਸਾ ਪਾਇਆ ਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਪ੍ਰਸੰਸਾ ਪੱਤਰ ਵੀ ਜਾਰੀ ਕੀਤਾ ਪਰ ਜਦ ਮਾਰਚ ਮਹੀਨੇ ਫ਼ਿਲਮ ਦੇ ਰਿਲੀਜ਼ ਹੋਣ ਲਈ 13 ਅਪ੍ਰੈਲ ਵਿਸਾਖੀ ਦਾ ਦਿਨ ਮਿੱਥ ਕੇ ਫ਼ਿਲਮ ”ਟਰੇਲਰ” ਦਿਖਾਉਣੇ ਸ਼ੁਰੂ ਕੀਤੇ ਤਾਂ ਸਿੱਖ ਮਾਨਸਿਕਤਾ ਨੇ ਇਕ ਮਿੰਟ ਵੀ ਫ਼ਿਲਮ ਨੂੰ ਰੱਦ ਕਰਨ ਲਈ ਨਹੀਂ ਲਗਾਇਆ।

 

ਗੁਰੂ ਪਰਿਵਾਰ ਦੇ ਜੀਆਂ ਦੇ ਕਿਰਦਾਰ ਫ਼ਿਲਮੀ ਅਭਿਨੇਤਾ ਤੇ ਅਭਿਨੇਤਰੀਆਂ ਵਲੋਂ ਨਿਭਾਏ ਗਏ।ਸਿੱਖ ਧਰਮ ‘ਚ ਮਾਨਤਾ ਹੈ ਕਿ ਸਿੱਖ ਗੁਰੂਆਂ, ਉਨ੍ਹ ਾਂ ਦੇ ਪਰਿਵਾਰਾਂ ਤੇ ਸਾਹਿਬਜ਼ਾਦਿਆਂ ਦਾ ਫ਼ਿਲਮਾਂਕਣ ਮਨੁੱਖੀ ਦੇਹ ਰਾਹੀਂ ਨਹੀਂ ਕੀਤਾ ਜਾ ਸਕਦਾ ਜਾਂ ਦੂਜੇ ਸ਼ਬਦਾਂ ‘ਚ ਕਿਹਾ ਜਾ ਸਕਦਾ ਹੈ ਕਿ ਸਿੱਖ ਗੁਰੂਆਂ ਜਾਂ ਉਨ੍ਹਾਂ ਦੇ ਪਰਿਵਾਰ ਦੀ ਮਨੁੱਖੀ ਦੇਹ ਰਾਹੀਂ ਨਕਲ ਪੂਰੀ ਤਰ੍ਹਾਂ ਵਰਜਿਤ ਹੈ।

 

ਡੇਰਾ ਸਿਰਸਾ ਮੁੱਖੀ ਵਲੋਂ 2007 ‘ਚ ਬਠਿੰਡਾ ਜ਼ਿਲੇ੍ਹ ਦੇ ਸਲਾਬਤਪੁਰਾ ਵਿਖੇ ਦਸਮ ਪਾਤਸ਼ਾਹ ਦਾ ਸਵਾਂਗ ਰਚਾਏ ਜਾਣ ਦੀ ਘਟਨਾ ਵਿਰੁੱਧ ਸਿੱਖਾਂ ਵਲੋਂ ਭਾਰੀ ਰੋਸ ਪ੍ਰਗਟਾਇਆ ਗਿਆ ਸੀ ਤੇ ਇਸ ਮੁੱਦੇ ਉਪਰ ਮਾਲਵਾ ਖੇਤਰ ਵਿਚ ਸਿੱਖ ਸੰਗਤ ਤੇ ਡੇਰਾ ਪ੍ਰੇਮੀਆਂ ਵਿਚ ਕਰੀਬ ਡੇਢ ਸਾਲ ਵੱਡੇ ਟਕਰਾਅ ਚਲਦੇ ਰਹੇ ਹਨ।ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦਸਮ ਗੁਰੂ ਦਾ ਸਵਾਂਗ ਰਚਾਏ ਜਾਣ ਦੇ ਦੋਸ਼ ਹੇਠ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੰਥ ਵਿਚੋਂ ਛੇਕ ਕੇ ਡੇਰਾ ਪ੍ਰੇਮੀਆਂ ਨਾਲ ਸਮਾਜਕ ਸਬੰਧ ਨਾ ਰੱਖਣ ਦੀ ਹਦਾਇਤ ਵੀ ਕੀਤੀ ਸੀ ਪਰ ਸਮੁੱਚੀ ਰਾਜਸੀ ਤੇ ਧਾਰਮਕ ਲੀਡਰਸ਼ਿਪ ਫ਼ਿਲਮ ਨੂੰ ਪ੍ਰਵਾਨਗੀ ਦੇਣ ਲੱਗਿਆਂ ਏਡੀ ਕੁਤਾਹੀ ਕਿਵੇਂ ਕਰ ਲਈ, ਇਹ ਗੱਲ ਵੱਡਾ ਸੁਆਲ ਬਣ ਕੇ ਉਭਰੀ ਹੋਈ ਹੈ।

 

ਸੂਝਵਾਨ ਸਿੱਖ ਹਲਕਿਆਂ ‘ਚ ਚਰਚਾ ਹੈ ਕਿ ਪਿਛਲੀ ਸਦੀ ਦੇ ਆਖੀਰ ਤੱਕ ਸਿੱਖ ਰਾਜਸੀ ਤੇ ਧਾਰਮਕ ਲੀਡਰਸ਼ਿਪ ਮੋਟੇ ਠੁੱਲ੍ਹੇ ਪੰਥਕ ਚੋਖਟੇ ‘ਚ ਰਹਿ ਕੇ ਵਿਚਰਦੀ ਹੈ ਤੇ ਉਹ ਹਮੇਸ਼ਾਂ ਏਨੀ ਕੁ ਸੁਚੇਤ ਤੇ ਸੰਵੇਦਨਸ਼ੀਲ ਰਹਿੰਦੀ ਰਹੀ ਹੈ ਕਿ ਪੰਥਕ ਮੁੱਦਿਆਂ ਉਪਰ ਸਿੱਖ ਸੰਗਤ ਦੀ ਮਾਨਸਿਕਤਾ ਤੋਂ ਉਲਟ ਨਾ ਭੁਗਤਿਆ ਜਾਵੇ।ਇਹੀ ਕਾਰਨ ਹੈ ਕਿ ਵੱਡੀ ਗਿਣਤੀ ਸਿਆਸੀ ਤੇ ਧਾਰਮਿਕ ਆਗੂ ਆਪਣੇ ਰਾਜਸੀ ਤੇ ਆਰਥਕ ਹਿੱਤ ਪੂਰੇ ਕਰਨ ਦੀ ਰਣਨੀਤੀ ਘੜਦਿਆਂ ਤੇ ਫ਼ੈਸਲੇ ਲੈਂਦਿਆਂ ਪੰਥਕ ਮਾਨਸਿਕਤਾ ਦੇ ਦਾਇਰੇ ‘ਚ ਰਹਿਣ ਦਾ ਯਤਨ ਕਰਦੇ ਸਨ ਪਰ ਲੱਗਦਾ ਹੈ ਕਿ ਹੁਣ ਰਾਜਸੀ ਤੇ ਧਾਰਮਿਕ ਖੇਤਰ ਵਿਚ ਉੱਭਰ ਆਈ ਨਵੀਂ ਲੀਡਰਸ਼ਿਪ ਸਿੱਖ ਮਾਨਸਿਕਤਾ ਨੂੰ ਸਮਝਣ ਦੀ ਸਮਰੱਥਾ ਤੋਂ ਊਣੀਂ ਹੋ ਗਈ ਹੈ ਤੇ ਉਸ ਦੇ ਫ਼ੈਸਲੇ ਪੰਥਕ ਮਾਨਸਿਕਤਾ ਤੋਂ ਸੱਖਣੇ ਨਜ਼ਰਆ ਰਹੇ ਹਨ।

 

2015 ‘ਚ ਵੀ ਸਿੱਖ ਤਖ਼ਤ ਦੇ ਜਥੇਦਾਰਾਂ ਵਲੋਂ ਪਹਿਲਾਂ ਸਿਰਸਾ ਡੇਰਾ ਮੁਖੀ ਨੂੰ ਮੁਆਫ਼ ਕਰਨ ਦਾ ਫ਼ੈਸਲਾ ਲੈਣ ‘ਤੇ ਸ਼੍ਰੋਮਣੀ ਕਮੇਟੀ ਵਲੋਂ ਇਸ਼ਤਿਹਾਰ ਛਾਪ ਕੇ ਪ੍ਰਚਾਰ ਕੀਤਾ ਗਿਆ, ਪਰ ਜਦ ਸਿੱਖ ਸੰਗਤ ਬਗਾਵਤ ਕਰ ਗਈ ਤੇ ਫੈਸਲੇ ਦੇ ਵਿਰੋਧ ਵਿਚ ਉੱਠ ਖੜ੍ਹੀ ਹੋਈ ਤਾਂ ਮੁੜ ਫ਼ੈਸਲਾ ਬਦਲਣਾ ਪਿਆ।

 

ਦੋ ਸਾਲ ਵਿਚ ਹੀ ਮੁੜ ਇਤਿਹਾਸ ਦੁਹਰਾ ਦਿੱਤਾ ਗਿਆ ਹੈ।”ਨਾਨਕ ਸ਼ਾਹ ਫ਼ਕੀਰ” ਫ਼ਿਲਮ ਨੂੰ ਪਹਿਲਾਂ ਜਾਂਚ-ਵਾਚ ਕੇ ਮਾਨਤਾ ਦਿੱਤੀ ਗਈ ਤੇ ਫਿਰ ਜਦ ਸੰਗਤ ਨੇ ਫ਼ੈਸਲੇ ਦੀ ਪ੍ਰਵਾਹ ਨਾ ਕਰਦਿਆਂ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤੇ ਇਸ ਮਾਮਲੇ ਨੂੰ ਲੈ ਕੇ ਜਦ ਸਰਬੱਤ ਖ਼ਾਲਸਾ ਵਲੋਂ ਥਾਪੇ ਜਥੇਦਾਰਾਂ ਨੇ ਵੀ ਵਿਰੋਧ ਦਾ ਝੰਡਾ ਚੁੱਕ ਲਿਆ ਤਾਂ ਅਕਾਲੀ ਲੀਡਰਸ਼ਿਪ ਦੀ ਜਾਗ ਖੁੱਲ੍ਹੀ, ਫਿਰ ਫ਼ਿਲਮ ਦੀ ਵਾਹ-ਵਾਹ ਕਰਨ ਵਾਲੀ ਸ਼੍ਰੋਮਣੀ ਕਮੇਟੀ ਨੇ ਉਸੇ ਸਮੇਂ ਫ਼ਿਲਮ ਰੱਦ ਕਰਨ ਦਾ ਫ਼ੈਸਲਾ ਲੈਂਦਿਆਂ ਫ਼ਿਲਮ ਨੂੰ ਰਿਲੀਜ਼ ਹੋਣ ਤੋਂ ਰੋਕਣ ਲਈ ਅਦਾਲਤ ਦਾ ਦਰਵਾਜਾ ਖੜਕਾਇਆ ਤੇ ਪ੍ਰਵਾਨਗੀ ਦੇਣ ਵਾਲੇ ਤਖ਼ਤ ਜਥੇਦਾਰਾਂ ਨੇ ਫ਼ਿਲਮ ਉਪਰ ਰੋਕ ਲਗਾਉਣ ਦਾ ਫ਼ੈਸਲਾ ਸੁਣਾਇਆ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ 2015 ‘ਚ ਡੇਰਾ ਮੁਖੀ ਬਾਰੇ ਸਿੱਖ ਧਾਰਮਿਕ ਲੀਡਰਸ਼ਿਪ ਵਲੋਂ ਕੀਤੇ ਫ਼ੈਸਲਿਆਂ ਬਾਰੇ ਜਿਵੇਂ ਸਿਆਸੀ ਲੀਡਰਸ਼ਿਪ ਨੇ ਚੁੱਪ ਧਾਰੀ ਸੀ, ਉਸੇ ਤਰ੍ਹਾਂ ਹੁਣ ਇਹ ਫ਼ਿਲਮ ਬਾਰੇ ਗੱਲ ਆਊਾ-ਗਊਾ ਹੀ ਕੀਤੀ ਜਾ ਰਹੀ ਹੈ।ਸਿੱਖ ਰਾਜਸੀ ਤੇ ਧਾਰਮਿਕ ਲੀਡਰਸ਼ਿਪ ਦਾ ਸਿੱਖ ਮਾਨਸਿਕਤਾ ਨਾਲ ਆ ਰਿਹਾ ਲਗਾਤਾਰ ਟਕਰਾਅ ਇਸੇ ਗੱਲ ਦਾ ਹੀ ਸੰਕੇਤ ਦੇ ਰਿਹਾ ਹੈ ਕਿ ਨਵੀਂ ਲੀਡਰਸ਼ਿਪ ਸਿੱਖ ਮਾਨਸਿਕਤਾ ਨੂੰ ਸਮਝਣ ਦੀ ਸਮਰੱਥਾ ਤੋਂ ਊਣੀ ਹੋ ਗਈ ਨਜ਼ਰ ਆ ਰਹੀ ਹੈ।

 

ਵਿਧਾਨ ਸਭਾ ਚੋਣਾਂ ‘ਚ ਵੱਡੀ ਸੱਟ ਖਾਣ ਬਾਅਦ ਸਿਆਸੀ ਪਿੜ ਦੇ ਉਭਰਨ ਲਈ ਯਤਨਸ਼ੀਲ ਅਕਾਲੀ ਲੀਡਰਸ਼ਿਪ ਲਈ ਇਹ ਵੱਡੀ ਚੁਣੌਤੀ ਹੈ।ਸਿਆਸੀ ਹਲਕਿਆਂ ‘ਚ ਇਹ ਚਰਚਾ ਹੈ ਕਿ 2015 ‘ਚ ਬੇਅਦਬੀ ਤੇ ਬਰਗਾੜੀ ਘਟਨਾਵਾਂ ਕਾਰਨ ਅਕਾਲੀ ਲੀਡਰਸ਼ਿਪ ਨੂੰ ਵੱਡਾ ਹਰਜਾ ਪੁੱਜਿਆ ਸੀ ਤੇ ਇਹ ਫਿਰ ਪੰਥਕ ਮਾਨਸਿਕਤਾ ਤੋਂ ਬਾਹਰ ਜਾ ਕੇ ਲਏ ਫ਼ੈਸਲੇ ਉਸ ਲਈ ਵੱਡੀ ਚੁਣੌਤੀ ਬਣ ਗਏ ਹਨ |

ਟਿੱਪਣੀ ਕਰੋ:

About webmaster

Scroll To Top