Home / ਚੋਣਵੀ ਖਬਰ/ਲੇਖ / ਕੇਜਰੀਵਾਲ ਨੇ ਮਜੀਠੀਆ ਤੋਂ ਮੁਆਫ਼ੀ ਕਿਉਂ ਮੰਗੀ ?

ਕੇਜਰੀਵਾਲ ਨੇ ਮਜੀਠੀਆ ਤੋਂ ਮੁਆਫ਼ੀ ਕਿਉਂ ਮੰਗੀ ?

-ਹਰਜਿੰਦਰ ਸਿੰਘ ਲਾਲ

 

ਇਸ ਵੇਲੇ ਪੰਜਾਬ ਦੀ ਰਾਜਨੀਤੀ ਵਿਚ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵਲੋਂ ਆਪਣੇ ਵਿਰੁੱਧ 30 ਤੋਂ ਵਧੇਰੇ ਮਾਣਹਾਨੀ ਦੇ ਕੇਸਾਂ ਵਿਚੋਂ ਇਕ-ਇਕ ਕਰਕੇ ਸਭ ਕੋਲੋਂ ਮੁਆਫ਼ੀ ਮੰਗਣ ਦੀ ਗੱਲ ਸਭ ਤੋਂ ਵੱਧ ਚਰਚਾ ਵਿਚ ਹੈ। ਇਹ ਸਵਾਲ ਵਾਰ-ਵਾਰ ਪੁੱਛਿਆ ਜਾ ਰਿਹਾ ਹੈ ਕਿ ਅਜਿਹੇ 30 ਤੋਂ ਵਧੇਰੇ ਕੇਸਾਂ ਵਿਚ ਫਸੇ ਸ੍ਰੀ ਕੇਜਰੀਵਾਲ ਨੇ ਸਭ ਤੋਂ ਪਹਿਲਾਂ ਸ: ਮਜੀਠੀਆ ਤੋਂ ਹੀ ਮੁਆਫ਼ੀ ਕਿਉਂ ਮੰਗੀ?

 

ਜਦੋਂਕਿ ਇਹ ਕੇਸ ਤਾਂ ਅਜੇ ਕਾਫੀ ਲਟਕ ਸਕਦਾ ਸੀ ਤੇ ਖ਼ਤਰੇ ਦੀ ਕੋਈ ਫੌਰੀ ਤਲਵਾਰ ਵੀ ਸ੍ਰੀ ਕੇਜਰੀਵਾਲ ਦੇ ਸਿਰ ‘ਤੇ ਨਹੀਂ ਲਟਕ ਰਹੀ ਸੀ। ਹਾਲਾਂਕਿ ਆਮ ਆਦਮੀ ਪਾਰਟੀ ਇਹ ਸਫ਼ਾਈ ਦੇ ਰਹੀ ਹੈ ਕਿ ਇਨ੍ਹਾਂ ਕੇਸਾਂ ਵਿਚ ਏਨਾ ਸਮਾਂ ਖ਼ਰਾਬ ਹੋ ਰਿਹਾ ਸੀ ਕਿ ਸ੍ਰੀ ਕੇਜਰੀਵਾਲ ਮੁੱਖ ਮੰਤਰੀ ਵਜੋਂ ਦਿੱਲੀ ਲਈ ਕੰਮ ਨਹੀਂ ਕਰ ਪਾ ਰਹੇ ਸਨ। ਗ਼ੌਰਤਲਬ ਹੈ ਕਿ ਕੇਜਰੀਵਾਲ ਨੇ ਮਜੀਠੀਆ ਤੇ ਹੋਰਾਂ ਤੋਂ ਮੁਆਫ਼ੀ ਮੰਗਣ ਦੇ ਫ਼ੈਸਲੇ ਬਾਰੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ, ‘ਆਪ’ ਨੇਤਾ ਅਸ਼ੀਸ਼ ਖੇਤਾਨ, ਪੰਜਾਬ ਦੇ ਇਕ ਵਿਧਾਇਕ ਅਤੇ ਇਕ-ਦੋ ਹੋਰ ਨੇਤਾਵਾਂ ਤੋਂ ਬਿਨਾਂ ਕਿਸੇ ਨੂੰ ਵਿਸ਼ਵਾਸ ਵਿਚ ਨਹੀਂ ਲਿਆ। ਇਥੋਂ ਤੱਕ ਕਿ ਜਿਹੜੇ ਵਿਧਾਇਕ ਹੁਣ ਵੀ ਕੇਜਰੀਵਾਲ ਦੇ ਪਾਲੇ ਵਿਚ ਖੜ੍ਹੇ ਹਨ, ਉਹ ਵੀ ਇਸ ਮੁਆਫ਼ੀ ਤੋਂ ਹੈਰਾਨ-ਪ੍ਰੇਸ਼ਾਨ ਹਨ।

 

ਕੇਜਰੀਵਾਲ ਟੀਮ ਵਲੋਂ ਸਮਾਂ ਖ਼ਰਾਬ ਹੋਣ ਤੋਂ ਬਚਾਉਣ ਦੀ ਦਲੀਲ ਕਿਸੇ ਦੇ ਵੀ ਗਲੇ ਤੋਂ ਹੇਠਾਂ ਨਹੀਂ ਉਤਰ ਰਹੀ ਕਿਉਂਕਿ ਸਵਾਲ ਉੱਠਦਾ ਹੈ ਕਿ, ਕੀ ਕੇਜਰੀਵਾਲ ਹੁਣ ਕੋਈ ਚੋਣ ਨਹੀਂ ਲੜਨਗੇ? ਜੇ ‘ਆਪ’ ਚੋਣਾਂ ਲੜੇਗੀ ਤਾਂ ਕੀ ਕੇਜਰੀਵਾਲ ਇਸ ਵਾਰ ਆਪਣੇ ਭਾਸ਼ਣਾਂ ਵਿਚ ਵਿਰੋਧੀਆਂ ‘ਤੇ ਕੋਈ ਇਲਜ਼ਾਮ ਨਹੀਂ ਲਾਉਣਗੇ? ਜੇ ਲਾਉਣਗੇ ਤਾਂ ਕੀ ਫਿਰ ਦੁਬਾਰਾ ਨਵੇਂ ਕੇਸ ਨਹੀਂ ਹੋਣਗੇ?
ਮਜੀਠੀਆ ਤੋਂ ਮੁਆਫ਼ੀ ਪਿੱਛੇ ਕਾਰਨ?
‘ਆਪ’ ਨੇ ਪੰਜਾਬ ਵਿਧਾਨ ਸਭਾ ਵਿਚ ਨਸ਼ੇ ਨੂੰ ਸਭ ਤੋਂ ਵੱਡਾ ਮੁੱਦਾ ਬਣਾਇਆ ਸੀ ਤੇ ਇਸ ਬਾਰੇ ਸਭ ਤੋਂ ਵੱਧ ਇਲਜ਼ਾਮ ਵੀ ਬਿਕਰਮ ਸਿੰਘ ਮਜੀਠੀਆ ਖਿਲਾਫ਼ ਲਾਏ ਸਨ। ਕੇਜਰੀਵਾਲ ਖ਼ੁਦ ਮਜੀਠੀਏ ਖਿਲਾਫ਼ ਸਭ ਤੋਂ ਵੱਧ ਬੋਲੇ। ਫਿਰ ਅਜਿਹਾ ਕੀ ਹੋ ਗਿਆ ਕਿ ਉਨ੍ਹਾਂ ਨੂੰ ਮਜੀਠੀਆ ਤੋਂ ਮੁਆਫ਼ੀ ਮੰਗਣੀ ਪਈ। ਇਸ ਬਾਰੇ ਦੋ ਵੱਖ-ਵੱਖ ਕਾਰਨ ਸੁਣਾਈ ਦੇ ਰਹੇ ਹਨ।

 
ਪਹਿਲੀ ਗੱਲ ਤਾਂ ਇਹ ਸੁਣਾਈ ਦੇ ਰਹੀ ਹੈ ਕਿ ਕੇਜਰੀਵਾਲ ਅਰੁਣ ਜੇਤਲੀ ਵਾਲੇ ਕੇਸ ਦੇ ਸੰਭਾਵਿਤ ਅੰਜਾਮ ਤੋਂ ਘਬਰਾ ਗਏ ਹਨ ਤੇ ਉਨ੍ਹਾਂ ਨੇ ਇਸ ਸਬੰਧ ਵਿਚ ਜੇਤਲੀ ਨਾਲ ਸਮਝੌਤਾ ਕਰਨ ਲਈ ਸੰਪਰਕ ਕੀਤਾ ਤਾਂ ਉਨ੍ਹਾਂ ਇਹ ਸ਼ਰਤ ਰੱਖੀ ਕਿ ਪਹਿਲਾਂ ਨਿਤਿਨ ਗਡਕਰੀ ਅਤੇ ਮਜੀਠੀਆ ਕੋਲੋਂ ਮੁਆਫ਼ੀ ਮੰਗੋ, ਜਿਸ ਨੂੰ ਮੰਨ ਕੇ ਕੇਜਰੀਵਾਲ ਨੂੰ ਮਜੀਠੀਆ ਕੋਲੋਂ ਮੁਆਫ਼ੀ ਮੰਗਣੀ ਪਈ। ਤਾਜ਼ਾ ਸੂਚਨਾ ਅਨੁਸਾਰ ਹੁਣ ਸ੍ਰੀ ਜੇਤਲੀ ਨੇ ਇਹ ਸ਼ਰਤ ਲਗਾ ਦਿੱਤੀ ਹੈ ਕਿ ਮੇਰੇ ਕੋਲੋਂ ਮੁਆਫ਼ੀ ਇਕੱਲੇ ਕੇਜਰੀਵਾਲ ਨਹੀਂ ਸਗੋਂ ਸੰਜੇ ਸਿੰਘ ਤੇ ਹੋਰ ‘ਆਪ’ ਨੇਤਾ ਵੀ ਮੰਗਣ। ਸਾਨੂੰ ਮਿਲੀ ਸੂਚਨਾ ਅਨੁਸਾਰ ਭਾਵੇਂ ਸੰਜੇ ਸਿੰਘ ਨੇ ਮਜੀਠੀਆ ਕੋਲੋਂ ਤਾਂ ਮੁਆਫ਼ੀ ਨਹੀਂ ਮੰਗੀ ਪਰ ਉਹ ਕੇਜਰੀਵਾਲ ਨੂੰ ਬਚਾਉਣ ਲਈ ਜੇਤਲੀ ਕੋਲੋਂ ਕੇਜਰੀਵਾਲ ਨਾਲ ਮੁਆਫ਼ੀ ਮੰਗਣ ਲਈ ਸਹਿਮਤ ਹੋ ਗਏ ਹਨ।

 
ਇਕ ਦੂਸਰਾ ਕਾਰਨ ਵੀ ਕੁਝ ਹਲਕਿਆਂ ਵਲੋਂ ਦੱਸਿਆ ਜਾ ਰਿਹਾ ਹੈ ਕਿ ਕੇਜਰੀਵਾਲ ਪੰਜਾਬ ਦੀ ‘ਆਪ’ ਲੀਡਰਸ਼ਿਪ ਵਲੋਂ ‘ਆਪ’ ਹਾਈ ਕਮਾਨ ਦੀ ਪ੍ਰਵਾਹ ਨਾ ਕੀਤੇ ਜਾਣ ਤੋਂ ਨਾਰਾਜ਼ ਸਨ ਤੇ ਉੱਪਰੋਂ ਉਨ੍ਹਾਂ ਨੂੰ ਸੱਚ ਜਾਂ ਝੂਠ ਪਰ ਇਹ ਸੂਚਨਾਵਾਂ ਮਿਲੀਆਂ ਸਨ ਕਿ ਸੁਖਪਾਲ ਸਿੰਘ ਖਹਿਰਾ, ਬੈਂਸ ਭਰਾ, ‘ਆਪ’ ਵਿਚੋਂ ਕੱਢੇ ਸੰਸਦ ਮੈਂਬਰ ਧਰਮਵੀਰ ਗਾਂਧੀ, ਇਕ ਕਾਂਗਰਸੀ ਵਿਧਾਇਕ ਅਤੇ ਕੁਝ ਹੋਰਾਂ ਵਲੋਂ ਇਕ ਨਵਾਂ ਪੰਜਾਬੀ ਫਰੰਟ ਬਣਾਏ ਜਾਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤੇ ‘ਆਪ’ ਦੇ ਬਹੁਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਲ ਜਾ ਸਕਦੇ ਹਨ। ਭਾਵੇਂ ਇਨ੍ਹਾਂ ਖ਼ਬਰਾਂ ਦਾ ਕੋਈ ਪੱਕਾ ਆਧਾਰ ਨਹੀਂ ਸੀ। ਪਰ ਚਰਚਾ ਹੈ ਕਿ ‘ਆਪ’ ਮੁਖੀ ਕੇਜਰੀਵਾਲ ਇਨ੍ਹਾਂ ਤੋਂ ਪ੍ਰੇਸ਼ਾਨ ਸਨ। ਇਸ ਦਰਮਿਆਨ ਜਦੋਂ ਕੇਜਰੀਵਾਲ ਨੇ ਮਾਣਹਾਨੀ ਦੇ ਕੇਸਾਂ ਵਿਚ ਮੁਆਫ਼ੀ ਮੰਗ ਲੈਣ ਦਾ ਰਾਹ ਚੁਣ ਲਿਆ ਤਾਂ ਪੰਜਾਬ ਵਿਚ ਇਕ ਤੀਰ ਨਾਲ ਦੋ ਸ਼ਿਕਾਰ ਖੇਡਣ ਦੀ ਖੇਡ ਚੁਣੀ ਗਈ।

 

ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਇਹ ਕੈਲਕੁਲੇਟਿਡ (ਸੋਚੀ ਵਿਚਾਰੀ) ਚਾਲ ਸੀ ਕਿ ਜਦੋਂ ਉਨ੍ਹਾਂ ਦੀ ਮਜੀਠੀਏ ਤੋਂ ਮੁਆਫ਼ੀ ਮੰਗਣ ਦੀ ਗੱਲ ਸਾਹਮਣੇ ਆਏਗੀ ਤਾਂ ਪਾਰਟੀ ਦੇ ਪੰਜਾਬ ਇਕਾਈ ਦੇ ਮੁਖੀ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਖਹਿਰਾ ਤੇ ਕੰਵਰ ਸੰਧੂ ਦਾ ਪ੍ਰਤੀਕਰਮ ਬਹੁਤ ਸਖ਼ਤ ਹੋਵੇਗਾ, ਉਹ ਖ਼ੁਦ ਹੀ ਅਸਤੀਫ਼ੇ ਦੇ ਦੇਣਗੇ। ਕਈ ਲੋਕ ਤਾਂ ਇਹ ਵੀ ਕਹਿ ਰਹੇ ਹਨ ਕਿ ਪਾਰਟੀ ਨੇਤਾ ਅਮਨ ਅਰੋੜਾ ਨੇ ਅਸਤੀਫ਼ਾ ਉਨ੍ਹਾਂ ਨੂੰ ਅਸਤੀਫ਼ੇ ਦੇਣ ਲਈ ਉਕਸਾਉਣ ਵਾਸਤੇ ਹੀ ਦਿੱਤਾ ਸੀ, ਨਹੀਂ ਤਾਂ ਉਹ ਤਾਂ ਅੱਜ ਵੀ ਕੇਜਰੀਵਾਲ ਖੇਮੇ ਵਿਚ ਹੀ ਖੜ੍ਹੇ ਹਨ। ਪਰ ਇਹ ਖੇਡ ਕੇਜਰੀਵਾਲ ਤੇ ‘ਆਪ’ ਨੂੰ ਪੁੱਠੀ ਪੈ ਗਈ, ਕਿਉਂਕਿ ਜੋ ਕੁਝ ਮਿੱਥਿਆ ਗਿਆ ਸੀ, ਉਸ ਤਰ੍ਹਾਂ ਨਹੀਂ ਹੋਇਆ। ਸਾਡੀ ਜਾਣਕਾਰੀ ਅਨੁਸਾਰ ਮੁਆਫ਼ੀ ਮੰਗਣ ਵੇਲੇ ਬਿਕਰਮ ਸਿੰਘ ਮਜੀਠੀਆ ਨਾਲ ਹੋਏ ਸਮਝੌਤੇ ਦੀ ਇਕ ਜ਼ਬਾਨੀ ਸ਼ਰਤ ਇਹ ਵੀ ਸੀ ਕਿ ਮਜੀਠੀਆ ਮੁਆਫ਼ੀ ਮੰਗੇ ਜਾਣ ਤੋਂ ਬਾਅਦ ਹਫ਼ਤਾ-10 ਦਿਨ ਇਸ ਬਾਰੇ ਕੋਈ ਬਿਆਨਬਾਜ਼ੀ ਨਹੀਂ ਕਰਨਗੇ। ਇਸ ਦਰਮਿਆਨ ਇਹ ਗੱਲ ਹੌਲੀ-ਹੌਲੀ ਫੈਲੇਗੀ ਤੇ ਪਾਰਟੀ ਹਾਈ ਕਮਾਨ ਜ਼ਿਆਦਾਤਰ ਵਿਧਾਇਕਾਂ ਨੂੰ ਆਪਣੇ ਨਾਲ ਕਰ ਲਵੇਗੀ। ਪਰ ਮਜੀਠੀਆ ਇਸ ਮੁਆਫ਼ੀ ਤੋਂ ਬਹੁਤ ਉਤਸ਼ਾਹਿਤ ਸਨ ਤੇ ਉਨ੍ਹਾਂ ਲਈ ਆਪਣਾ ਅਕਸ ਸੁਧਾਰਨ ਲਈ ਇਹ ਬਹੁਤ ਵੱਡੀ ਗੱਲ ਸੀ।

 
ਮੁਆਫ਼ੀ ਦਾ ਸਮਝੌਤਾ ਸਿਰੇ ਕਿਵੇਂ ਚੜ੍ਹਿਆ?
ਸਾਰੇ ਮਾਮਲੇ ਨੂੰ ਬੜੇ ਗੁੱਪ-ਚੁੱਪ ਤਰੀਕੇ ਨਾਲ ਸਿਰੇ ਚਾੜ੍ਹਿਆ ਗਿਆ। ਸਾਡੀ ਜਾਣਕਾਰੀ ਅਨੁਸਾਰ ਇਸ ਸਮਝੌਤੇ ਦਾ ਤਾਣਾ-ਬਾਣਾ ਬੁਣਨ ਦੀ ਜ਼ਿੰਮੇਵਾਰੀ ‘ਆਪ’ ਨੇਤਾ ਅਸ਼ੀਸ਼ ਖੇਤਾਨ ਨੂੰ ਸੌਂਪੀ ਗਈ। ਕਰੀਬ 6 ਮਹੀਨੇ ਪਹਿਲਾਂ ਖੇਤਾਨ ਨੇ ਇਸ ਬਾਰੇ ਸੁਖਪਾਲ ਸਿੰਘ ਖਹਿਰਾ ਨੂੰ ਵੀ ਟੋਹਿਆ ਪਰ ਉਸ ਨੇ ਇਸ ਵਿਚ ਪੈਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਸਾਡੀ ਜਾਣਕਾਰੀ ਅਨੁਸਾਰ ਖੇਤਾਨ ਨੇ ਪਾਰਟੀ ਦੇ ਇਕ ਸਿੱਖ ਵਿਧਾਇਕ ਅਤੇ ਚੰਡੀਗੜ੍ਹ ਦੇ ਇਕ ਸਿੱਖ ਮਾਮਲਿਆਂ ਲਈ ਲੜਨ ਵਾਲੇ ਵਕੀਲ ਰਾਹੀਂ ਇਕ ਅਜਿਹੇ ਸਿੱਖ ਨੇਤਾ ਨਾਲ ਸੰਪਰਕ ਕੀਤਾ ਜੋ ਬਿਕਰਮ ਸਿੰਘ ਮਜੀਠੀਆ ਦੇ ਵੀ ਨੇੜੇ ਸੀ ਤੇ ਜਿਸ ‘ਤੇ ਇਹ ਵਕੀਲ ਤੇ ਵਿਧਾਇਕ ਵੀ ਵਿਸ਼ਵਾਸ ਕਰਦੇ ਸਨ। ਇਸ ਸਿੱਖ ਨੇਤਾ ਨੇ ਮਜੀਠੀਆ ਨਾਲ ਸਮਝੌਤੇ ਦੀ ਗੱਲ ਕੀਤੀ ਤਾਂ ਪਤਾ ਲੱਗਾ ਕਿ ਮਜੀਠੀਆ ਕੇਜਰੀਵਾਲ ਦੀ ਇਲਜ਼ਾਮਬਾਜ਼ੀ ਤੋਂ ਦਿਲੋਂ ਬਹੁਤ ਦੁਖੀ ਸੀ। ਉਹ ਇਸ ਨੂੰ ਆਪਣੀ ਕਿਰਦਾਰਕੁਸ਼ੀ ਮੰਨ ਰਹੇ ਸਨ। ਉਹ ਸਮਝੌਤੇ ਲਈ ਤਿਆਰ ਨਹੀਂ ਸਨ ਪਰ ਜਦੋਂ ਉਨ੍ਹਾਂ ਨੂੰ ਸਮਝਾਇਆ ਗਿਆ ਕਿ ਇਸ ਨਾਲ ਉਨ੍ਹਾਂ ਦੇ ਅਕਸ ‘ਤੇ ਲਾਏ ਦਾਗ਼ ਹੀ ਨਹੀਂ ਧੁਲ ਜਾਣਗੇ, ਸਗੋਂ ਅਕਾਲੀ ਦਲ ਨੂੰ ਫਾਇਦਾ ਹੋਵੇਗਾ ਤਾਂ ਉਹ ਮੰਨ ਗਏ। ਸਾਡੀ ਜਾਣਕਾਰੀ ਅਨੁਸਾਰ ਕੇਜਰੀਵਾਲ ਇਸ ਸਮਝੌਤੇ ਤੋਂ ਬਾਅਦ ਉੱਠੇ ਤੂਫ਼ਾਨ ਤੋਂ ਬਹੁਤ ਨਿਰਾਸ਼ ਹੋਏ ਕਿਉਂਕਿ ਇਸ ਦੇ ਨਤੀਜੇ ਉਨ੍ਹਾਂ ਦੀ ਆਸ ਤੋਂ ਕਿਤੇ ਵੱਧ ਬੁਰੇ ਨਿਕਲੇ ਤੇ ਖਹਿਰਾ ਹੋਰ ਮਜ਼ਬੂਤ ਹੋ ਗਏ।

 
ਦਲਿਤ ਪੱਤਾ ਖੇਡਣ ਦੀ ਤਿਆਰੀ ਵਿਚ ‘ਆਪ’?
ਇਸ ਦਰਮਿਆਨ ਪਤਾ ਲੱਗਾ ਹੈ ਕਿ ‘ਆਪ’ ਹਾਈ ਕਮਾਨ ਪੰਜਾਬ ਵਿਚ ਦਲਿਤ ਪੱਤਾ ਖੇਡਣ ਦੀ ਤਿਆਰੀ ਵਿਚ ਹੈ। ਅਸਲ ਵਿਚ ਪਾਰਟੀ ਨੇ ਪਹਿਲਾਂ 4 ਲੋਕ ਸਭਾ ਸੀਟਾਂ ਵਿਚੋਂ ਵੀ 2 ਰਿਜ਼ਰਵ ਤੇ ਫਿਰ ਵਿਧਾਨ ਸਭਾ ਵਿਚ ਜਿੱਤੀਆਂ 20 ਵਿਚੋਂ 9 ਰਿਜ਼ਰਵ ਸੀਟਾਂ ਜਿੱਤੀਆਂ ਹਨ। ਪਤਾ ਲੱਗਾ ਹੈ ਕਿ ਪਾਰਟੀ ਸੋਚਦੀ ਹੈ ਕਿ ਪੰਜਾਬ ਵਿਚ ਦਲਿਤਾਂ ਦੀ ਆਬਾਦੀ 31.94 ਫ਼ੀਸਦੀ ਹੈ ਜਦੋਂ ਕਿ ਜੱਟਾਂ ਦੀ ਆਬਾਦੀ 21 ਫ਼ੀਸਦੀ ਹੈ। ਜੇ 31 ਫ਼ੀਸਦੀ ਵੋਟਾਂ ਲੈ ਕੇ ਭਾਜਪਾ ਦੇਸ਼ ‘ਤੇ ਰਾਜ ਕਰ ਰਹੀ ਹੈ ਤਾਂ ਪੰਜਾਬ ਦੇ 32 ਫ਼ੀਸਦੀ ਦਲਿਤਾਂ ਨੂੰ ਇਕੱਠਾ ਕਰਕੇ ਬਾਕੀ ਹੋਰ ਲੋਕਾਂ ਵਿਚੋਂ ਬਣਦਾ ਹਿੱਸਾ ਲੈ ਕੇ ਪਾਰਟੀ ਪੰਜਾਬ ਵਿਚ ਆਪਣੀ ਹੋਂਦ ਬਚਾਅ ਸਕਦੀ ਹੈ ਤੇ ਸੱਤਾ ਪਾਉਣ ਵੱਲ ਵੀ ਵਧ ਸਕਦੀ ਹੈ। ਸੋ, ਪਤਾ ਲੱਗਾ ਹੈ ਕਿ ‘ਆਪ’ ਦੀ ਅੰਦਰੂਨੀ ਜੰਗ ਛੇਤੀ ਠੰਢੀ ਪੈਣ ਵਾਲੀ ਨਹੀਂ ਤੇ ਆਉਂਦੇ ਦਿਨਾਂ ਵਿਚ ਹੋਰ ਵਧਣ ਦੇ ਹੀ ਆਸਾਰ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ‘ਆਪ’ ਹਾਈ ਕਮਾਨ ਹੁਣ ਸੁਖਪਾਲ ਸਿੰਘ ਖਹਿਰਾ ਦੀ ਥਾਂ ਦਲਿਤ ਨੇਤਾਵਾਂ ਸਰਵਜੀਤ ਕੌਰ ਮਾਣੂਕੇ ਜਾਂ ਅਮਰਜੀਤ ਸਿੰਘ ਸੰਦੋਆ ਨੂੰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਨੇਤਾ ਬਣਾਉਣ ਦੀਆਂ ਸੰਭਾਵਨਾਵਾਂ ਤਲਾਸ਼ ਰਹੀ ਹੈ। ਪਰ ਕੇਜਰੀਵਾਲ ਲਈ ਹਾਲਾਤ ਏਨੇ ਸਾਜ਼ਗਾਰ ਨਹੀਂ ਹਨ ਕਿਉਂਕਿ ਖਹਿਰਾ ਕਿਸੇ ਵੀ ਕੀਮਤ ‘ਤੇ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਛੱਡਣ ਲਈ ਤਿਆਰ ਨਹੀਂ ਹੋਣਗੇ। ਜੇਕਰ ਪਾਰਟੀ ਹਾਈ ਕਮਾਨ ਨੇ ਉਨ੍ਹਾਂ ਨੂੰ ਹਟਾਉਣ ਦੀ ਕੋਈ ਕੋਸ਼ਿਸ਼ ਕੀਤੀ ਤਾਂ ਪਾਰਟੀ ਦਾ ਦੋ ਫਾੜ ਹੋਣਾ ਤੈਅ ਹੋ ਜਾਵੇਗਾ ਤੇ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਆਪਣੇ-ਆਪ ਅਕਾਲੀ ਦਲ ਦੀ ਝੋਲੀ ਵਿਚ ਪੈ ਜਾਵੇਗਾ।

 
ਪੰਜਾਬ ਰਾਜਨੀਤੀ ਦਾ ਭਵਿੱਖ?
ਹਾਲਾਂਕਿ ਕੈਪਟਨ ਸਰਕਾਰ ਆਪਣੇ ਵਲੋਂ ਕੰਮ ਕਰ ਰਹੀ ਦਿਖਦੀ ਹੈ ਪਰ ਇਕ ਸਾਲ ਦੀ ਕਾਰਗੁਜ਼ਾਰੀ ਨੇ ਕਾਂਗਰਸ ਦਾ ਗ੍ਰਾਫ਼ ਘਟਾਇਆ ਹੀ ਹੈ। ਲੋਕ ਅਜੇ ਵੀ ਅਕਾਲੀ ਦਲ ਵੱਲ ਝੁਕੇ ਨਜ਼ਰ ਨਹੀਂ ਆ ਰਹੇ। ਜਦੋਂਕਿ ‘ਆਪ’ ਪਹਿਲਾਂ ਹੀ ਕੋਈ ਚੰਗੀ ਹਾਲਾਤ ਵਿਚ ਨਹੀਂ ਸੀ ਪਰ ਕੇਜਰੀਵਾਲ ਦੀ ਮੁਆਫ਼ੀ ਨੇ ਤਾਂ ਉਸ ਦਾ ਭੱਠਾ ਹੀ ਬਿਠਾ ਦਿੱਤਾ ਹੈ। ਇਸ ਲਈ ਸਮਝਿਆ ਜਾ ਰਿਹਾ ਹੈ ਕਿ ਪੰਜਾਬ ਵਿਚ ਰਾਜਸੀ ਖਲਾਅ ਨੂੰ ਭਰਨ ਲਈ ਕਿਸੇ ਨਵੀਂ ਪਾਰਟੀ ਦਾ ਉਭਾਰ ਵਕਤ ਦੀ ਜ਼ਰੂਰਤ ਹੈ। ਪਰ ਇਹ ਪਾਰਟੀ ਤਦ ਹੀ ਕਾਮਯਾਬ ਹੋ ਸਕੇਗੀ, ਜੇ ਇਸ ਦੇ ਆਗੂਆਂ ਦੇ ਨਾਲ-ਨਾਲ ਹੇਠਲੇ ਪੱਧਰ ‘ਤੇ ਵੀ ਉਹ ਹੀ ਲੋਕ ਲਏ ਜਾਣ, ਜਿਨ੍ਹਾਂ ਦੀ ਵਿਸ਼ਵਾਸਯੋਗਤਾ ਸ਼ੱਕੀ ਨਾ ਹੋਵੇ।

-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ।ਫੋਨ : 92168-60000
E. mail : hslall@ymail.com

ਟਿੱਪਣੀ ਕਰੋ:

About webmaster

Scroll To Top