Home / ਚੋਣਵੀ ਖਬਰ/ਲੇਖ / ਭਾਈ ਖਾਲਸੇ ਦੀ ਮੌਤ ਦਾ ਸੁਨੇਹਾ…

ਭਾਈ ਖਾਲਸੇ ਦੀ ਮੌਤ ਦਾ ਸੁਨੇਹਾ…

-ਜਸਪਾਲ ਸਿੰਘ ਹੇਰਾਂ

 

ਭਾਈ ਗੁਰਬਖਸ਼ ਸਿੰਘ ਖਾਲਸਾ ਆਖ਼ਰ ਆਪਣਾ ਜੀਵਨ ਵਾਰ ਕੇ ਆਪਣੇ ਵਿਰੁੱਧ ਕੌਮ ਦੇ ਸਾਰੇ ਗੁੱਸੇ ਗਿਲਿਆਂ ਨੂੰ ਮੇਟ ਗਏ। ਬੰਦੀ ਸਿੰਘਾਂ ਦੀ ਰਿਹਾਈ ਲਈ ਉਨਾਂ ਜਿਹੜਾ ਜਾਨ ਵਾਰਨ ਦਾ ਸੰਕਲਪ ਲਿਆ ਸੀ ਉਸ ਸੰਕਲਪ ਨੂੰ ਆਖ਼ਰ ਪੂਰਾ ਕਰ ਗਏ, ਭਾਵੇਂ ਕਿਨਾਂ ਹਾਲਾਤਾਂ ਵਿੱਚ ਹੀ ਪੂਰਾ ਕੀਤਾ। ਪ੍ਰੰਤੂ ਉਹ ਆਪਣੀ ਜਾਨ ਨਿਸ਼ਾਵਰ ਕਰਕੇ ਆਪਣੇ ਮਿਸ਼ਨ ਦੀ ਪੂਰਤੀ ਲਈ ਕੌਮ ਨੂੰ ਜ਼ਰੂਰ ਚੁਣੌਤੀ ਦੇ ਗਏ। ਭਾਈ ਗੁਰਬਖਸ਼ ਸਿੰਘ ਆਪਣੇ ਮਿਸ਼ਨ ਲਈ ਆਪਣੀ ਜਾਨ ਵਾਰ ਕੇ ਜਿਹੜਾ ਕਰਜ਼ਾ ਕੌਮ ਸਿਰ ਚੜਾ ਗਏ ਹਨ, ਹੁਣ ਉਸ ਕਰਜ਼ੇ ਨੂੰ ਕਿਵੇਂ ਲਾਹੁਣਾ ਹੈ ਤਾਂ ਕਿ ਇਤਿਹਾਸ ਇਹ ਨਾ ਲਿਖ ਸਕੇ ਕਿ ਗੁਰਬਖਸ਼ ਸਿੰਘ ਖਾਲਸਾ ਦੀ ਜਾਨ ਭੰਗ ਦੇ ਭਾਣੇ ਗਈ।

 

ਇਹ ਅੱਜ ਦੀ ਤਾਰੀਖ਼ ਵਿੱਚ ਕੌਮ ਸਾਹਮਣੇ ਵੱਡੀ ਚੁਣੌਤੀ ਬਣ ਕੇ ਉੱਭਰੀ ਹੈ। ਅਸੀਂ ਸਮੁੱਚੀ ਕੌਮ ਨੂੰ ਇਸ ਸਮੇਂ ਇਹ ਅਪੀਲ ਜ਼ਰੂਰ ਕਰਾਂਗੇ ਕਿ ਹੁਣ ਭਾਈ ਖਾਲਸਾ ਦੀ ਮੌਤ ’ਤੇ ਵਾਦ-ਵਿਵਾਦ ਛੇੜਨ ਦੀ ਥਾਂ ਉਨਾਂ ਦੇ ਮਿਸ਼ਨ ‘‘ਬੰਦੀ ਸਿੰਘਾਂ ਦੀ ਰਿਹਾਈ ਕਿਵੇਂ ਕਰਾਉਣੀ ਹੈ’’, ਉਸ ਪਾਸੇ ਤੁਰਿਆ ਜਾਵੇ। ਭਾਈ ਖਾਲਸਾ ਦੀ ਮੌਤ ਸਿੱਖ ਇਤਿਹਾਸ ਦਾ ਪੰਨਾ ਬਣ ਗਈ ਹੈ, ਦੂਜਾ ਇਹ ਮੌਤ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ-ਨਾਲ ਕੌਮ ਦੇ ਜਿਹੜੇ ਧਾਰਮਿਕ ਆਗੂਆਂ ਵੱਲੋਂ ਇੱਕ ਕਿਰਤੀ ਤੇ ਸਿਰੜੀ ਸਿੱਖ ਨੂੰ ਜਿਹੜਾ ਆਪਣੇ ਸਿਰੜ ਸਦਕੇ ਆਪਣੇ ਸੰਘਰਸ਼ ਦੇ ਪਹਿਲੇ ਦੌਰ ਵਿੱਚ ਸਫ਼ਲਤਾ ਦੇ ਐਨ ਨੇੜੇ ਪੁੱਜ ਗਿਆ ਸੀ ਉਸਨੂੰ ਫੁਸਲਾ ਕੇ, ਉਸ ਦੇ ਸਿਰੜ ਅਤੇ ਦਿ੍ਰੜਤਾ ਨੂੰ ਤੋੜ ਕੇ ਸੰਘਰਸ਼ ਦਾ ਭੋਗ ਪੁਆਇਆ ਸੀ। ਉਨਾਂ ਧਾਰਮਿਕ ਆਗੂਆਂ ਤੋਂ ਇਸ ਮੌਤ ਦੀ ਜਵਾਬਦੇਹੀ ਵੀ ਮੰਗੀ ਜਾਣੀ ਚਾਹੀਦੀ ਹੈ।

 

ਭਾਈ ਗੁਰਬਖਸ਼ ਸਿੰਘ ਦੀ ਮੌਤ ਦੇ ਨਾਲ ਨਾਲ ਕੌਮੀ ਸੰਘਰਸ਼ ਨੂੰ ਤਾਰਪੀਡੋ ਕਰਨ ਵਾਲੇ ਦਲਾਲ ਆਗੂਆਂ ਅਤੇ ਵਿਕਾੳੂ ਧਿਰਾਂ ਦੀ ਨਿਸ਼ਾਨਦੇਹੀ ਵੀ ਕੀਤੀ ਜਾਣੀ ਬਣਦੀ ਹੈ। ਅੱਜ ਤੱਕ ਇੱਕ ਸੰਘਰਸ਼ ਨੂੰ ਫੇਲ ਕਰਕੇ ਦੂਜੇ ਸੰਘਰਸ਼ ਵਿੱਚ ਫਿਰ ਮੋਹਰੀ ਬਣਨ ਵਾਲੇ ਕਾਲੇ ਕਿਰਦਾਰ ਵਾਲੇ ਆਗੂਆਂ ਦੀ ਤੂਤੀ ਬੋਲਦੀ ਆਈ ਹੈ। ਜਿਸ ਕਾਰਣ ਕੌਮ ਦਾ ਕੋਈ ਸੰਘਰਸ਼ ਨੇਪਰੇ ਨਹੀਂ ਚੜਿਆ। ਸਫ਼ਲਤਾ ਦੇ ਐਨ ਨੇੜੇ ਪੁੱਜ ਕੇ ਬੁਰੀ ਤਰਾਂ ਫੇਲ ਹੋਇਆ ਹੈ। ਜਿਸ ਨਾਲ ਕੌਮ ਵਿੱਚ ਨਿਰਾਸ਼ਾ-ਦਰ-ਨਿਰਾਸ਼ਾ ਵਧੀ ਹੈ।

 

ਇਹ ਠੀਕ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਵਿੱਢੇ ਸੰਘਰਸ਼ ਦੇ ਪਹਿਲੇ ਦੋ ਦੌਰਾਂ ਵਿੱਚ ਭਾਈ ਖਾਲਸਾ ਅਜਿਹੇ ਤਿਕੜਮਬਾਜ਼ ਆਗੂਆਂ ਦੀ ਮਕਾਰੀ, ਚਲਾਕੀ ਅਤੇ ਸ਼ੈਤਾਨੀ ਦਾ ਸ਼ਿਕਾਰ ਹੋ ਕੇ ਕੌਮ ਵਿੱਚ ਆਪਣਾ ਭਰੋਸਾ ਗੁਆ ਬੈਠੇ ਸਨ। ਪ੍ਰੰਤੂ ਉਹ ਅਸਲ ਵਿੱਚ ਇੱਕ ਕਿਰਤੀ ਤੇ ਸਿਰੜੀ ਸਿੱਖ ਸੀ। ਉਸ ਦੀ ਆਤਮਾ ਉੱਪਰ ਜਿਹੜਾ ਬੋਝ ਲੱਦ ਦਿੱਤਾ ਗਿਆ ਸੀ, ਉਹ ਉਸਨੂੰ ਚੁੱਕਣ ਤੋਂ ਆਖ਼ਰ ਇਨਕਾਰੀ ਹੋ ਗਿਆ ਤੇ ਆਪਣੀ ਜਾਨ ਨਿਸ਼ਾਵਰ ਕਰਨ ਦਾ ਦੋ-ਟੁੱਕ ਫੈਸਲਾ ਕਰਕੇ ਉਸਨੂੰ ਸਿਰੇ ਚੜਾ ਗਿਆ।

 

ਸਾਨੂੰ ਅੱਜ ਵੀ ਖ਼ਦਸ਼ਾ ਹੈ ਕਿ ਭਾਈ ਖਾਲਸਾ ਵੱਲੋਂ ਦਿੱਤੀ ਜਾਨ ’ਤੇ ਸਵਾਰਥੀ-ਪਦਾਰਥੀ ਧਿਰਾਂ ਫ਼ਿਰ ਸਿਆਸੀ ਖੇਡ ਖੇਡਣ ਦਾ ਯਤਨ ਕਰਨਗੀਆਂ। ਪ੍ਰੰਤੂ ਇਸ ਦੁੱਖਦਾਈ ਅਤੇ ਨਾਜ਼ੁਕ ਸਮੇਂ ਅਸੀਂ ਇਹ ਹੋਕਾ ਜ਼ਰੂਰ ਦਿਆਂਗੇ ਕਿ ਭਾਈ ਖਾਲਸਾ ਦੀ ਮੌਤ ਬੰਦੀ ਸਿੰਘਾਂ ਦੀ ਰਿਹਾਈ ਦੇ ਸੰਘਰਸ਼ ਨੂੰ ਜਿੳੂਂਦਾ ਰੱਖਣ ਲਈ ਅਤੇ ਪ੍ਰਚੰਡ ਕਰਨ ਲਈ ਹੋਈ ਹੈ। ਇਸ ਲਈ ਜੇ ਕੋਈ ਸਿੱਖ ਆਗੂ ਜਾਂ ਪੰਥਕ ਧਿਰ ਉਨਾਂ ਨੂੰ ਸੱਚੀ ਸ਼ਰਧਾਂਜਲੀ ਦੇਣਾ ਚਾਹੰੁਦੀ ਹੈ ਤਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਸੰਘਰਸ਼ ਜਿਸ ਨੂੰ ਅਧਵਾਟੇ ਛੱਡਿਆ ਗਿਆ ਹੋਇਆ ਹੈ, ਉਸ ਸੰਘਰਸ਼ ਨੂੰ ਮੁੱਢ ਤੋਂ ਅਰੰਭਿਆ ਜਾਵੇ। ਚੰਗਾ ਹੁੰਦਾ ਜੇ ਇਹ ਸੰਘਰਸ਼ ਉਨਾਂ ਦੀ ਮਿ੍ਰਤਕ ਦੇਹ ਤੋਂ ਹੀ ਸ਼ੁਰੂ ਕਰ ਦਿੱਤਾ ਜਾਂਦਾ।

 
 

ਜੇ ਇਹ ਸੰਭਵ ਨਹੀਂ ਤਾਂ ਉਨਾਂ ਦੀ ਅੰਤਿਮ ਅਰਦਾਸ ਸਮੇਂ ਸਾਰੀਆਂ ਪੰਥਕ ਧਿਰਾਂ ਇਸ ਸੰਘਰਸ਼ ਦੀ ਰੂਪਰੇਖਾ ਦਾ ਐਲਾਨ ਜ਼ਰੂਰ ਕਰਨ। ਅੱਜ ਕੌਮ ਵਿੱਚ ਸ਼ਬਦੀ ਜੰਗ ਤਾਂ ਝੱਟ ਤੇਜ਼ ਹੋ ਜਾਂਦੀ ਹੈ ਪ੍ਰੰਤੂ ਕੌਮੀ ਮੁੱਦਿਆਂ ਲਈ ਜੰਗ, ਚਾਹੇ ਉਹ ਕੌਮੀ ਘਰ ਦੀ ਪ੍ਰਾਪਤੀ ਦੀ ਹੈ, ਚਾਹੇ ਧਾਰਾ 25- ਬੀ ਦੇ ਖ਼ਾਤਮੇ ਦੀ ਹੈ, ਚਾਹੇ 1984 ਦੇ ਸਿੱਖ ਕਤਲੇਆਮ ਦੇ ਇਨਸਾਫ਼ ਦੀ ਹੈ, ਚਾਹੇ ਸ਼੍ਰੀ ਗੁਰੂ ਗੰ੍ਰਥ ਸਾਹਿਬ ਤੇ ਗੁਰਬਾਣੀ ਦੀ ਬੇਅਦਬੀ ਦੇ ਦੋਸ਼ੀਆਂ ਦੀ ਨਿਸ਼ਾਨਦੇਹੀ ਦੀ ਹੈ ਤੇ ਭਾਵੇਂ ਬੰਦੀ ਸਿੰਘਾਂ ਦੀ ਰਿਹਾਈ ਦੀ ਹੈ, ਉਹ ਅਧਵਾਟੇ ਦਮ ਤੋੜ ਜਾਂਦੀਆਂ ਹਨ।

 

ਆਖ਼ਰ ਦੋਸ਼ੀ ਕੌਣ ਹੈ? ਬੰਦੀ ਸਿੰਘਾਂ ਦੀ ਰਿਹਾਈ ਦੇ ਸੰਘਰਸ਼ ਲਈ ਭਾਈ ਖਾਲਸੇ ਦੀ ਜਾਨ ਚਲੀ ਗਈ ਹੈ, ਇਸ ਲਈ ਇਸ ਸੰਘਰਸ਼ ਵਿੱਚ ਉਨਾਂ ਦੀ ਕੁਰਬਾਨੀ ਦਾ ਲਟ-ਲਟ ਕਰਕੇ ਬਲਦੀ ਦਿਸਣਾ ਅਤੇ ਅਗਵਾਈ ਕਰਦੀ ਵਿਖਾਈ ਦੇਣਾ ਜ਼ਰੂਰੀ ਹੈ। ਇਹ ਤਦ ਹੀ ਸੰਭਵ ਹੋਵੇਗਾ ਜੇ ਭਾਈ ਖਾਲਸਾ ਦੀ ਮੌਤ ਤੋਂ ਪ੍ਰਣ ਲੈ ਕੇ, ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਨੂੰ ਮਘਾਈ ਰੱਖਣਾ ਹੈ ਦੀ, ਸਹੁੰ ਹਰ ਸੱਚਾ ਸਿੱਖ ਭਾਈ ਖ਼ਾਲਸਾ ਦੇੇ ਸ਼ਰਧਾਂਜਲੀ ਸਮਾਰੋਹ ਸਮੇਂ ਜ਼ਰੂਰ ਚੁੱਕੇ।

ਟਿੱਪਣੀ ਕਰੋ:

About webmaster

Scroll To Top