Home / ਜਰਮਨ ਅਤੇ ਯੂਰਪ / ਭਾਈ ਭਿਊਰਾ ਦੀ ਮਾਂ ਨੂੰ ਮਿਲਣ ਦੀ ਅਰਜ਼ੀ ਹਾਈਕੋਰਟ ਨੇ ਰੱਦ ਕੀਤੀ

ਭਾਈ ਭਿਊਰਾ ਦੀ ਮਾਂ ਨੂੰ ਮਿਲਣ ਦੀ ਅਰਜ਼ੀ ਹਾਈਕੋਰਟ ਨੇ ਰੱਦ ਕੀਤੀ

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਕਤਲ ਕੇਸ ‘ਚ ਉਮਰ ਕੈਦ ਦੀ ਸਜ਼ਾ ਭੋਗ ਰਹੇ ਭਾਈ ਪਰਮਜੀਤ ਸਿੰਘ ਭਿਓਰਾ ਵਲੋਂ ਉਸ ਦੀ ਬਿਮਾਰ ਬਿਰਧ ਲਚਾਰ ਮਾਂ ਨੂੰ ਮਿਲਣ ਲਈ ਸਿਰਫ਼ ਦੋ ਘੰਟੇ ਦੀ ਹਿਰਾਸਤੀ ਪੈਰੋਲ ਦੀ ਮੰਗ ਕਰਦੀ ਅਰਜ਼ੀ ਖ਼ਾਰਜ ਕਰ ਦਿੱਤੀ ਹੈ ।

ਭਾਈ ਪਰਮਜੀਤ ਸਿੰਘ ਭਿਉਰਾ(ਫਾਈਲ ਫੋਟੋ)

ਹਾਈਕੋਰਟ ਨੇ ਪਿਛਲੀ ਸੁਣਵਾਈ ‘ਤੇ ਪੁੱਛਿਆ ਸੀ ਕਿ ਕੀ ਭਾਈ ਭਿਓਰਾ ਨੂੰ ਮਿਲਾਉਣ ਲਈ ਮਾਂ ਕੋਲ ਲਿਜਾਇਆ ਜਾ ਸਕਦਾ ਹੈ ਤੇ ਨਾਲ ਹੀ ਬਿਰਧ ਮਾਂ ਦੀ ਸਿਹਤ ਦੀ ਰਿਪੋਰਟ ਵੀ ਮੰਗੀ ਸੀ । ਹੁਣ ਸਰਕਾਰ ਨੇ ਕਿਹਾ ਹੈ ਕਿ ਦੋ ਡਾਕਟਰਾਂ ਦੀ ਟੀਮ ਨੇ ਮੁਆਇਨਾ ਕੀਤਾ ਕਿ ਮਾਤਾ ਪ੍ਰੀਤਮ ਕੌਰ ਚੱਲਣ ਫਿਰਨ ਦੇ ਕਾਬਲ ਨਹੀਂ ਹੈ ਤੇ ਸਰਕਾਰ ਵਲੋਂ ਪੈਰੋਲ ਦਾ ਵਿਰੋਧ ਕੀਤਾ ਗਿਆ । ਸਾਰੀਆਂ ਧਿਰਾਂ ਨੂੰ ਸੁਣਨ ਉਪਰੰਤ ਹਾਈਕੋਰਟ ਨੇ ਅਰਜ਼ੀ ਖ਼ਾਰਜ ਕਰ ਦਿੱਤੀ ਹੈ ।

 
ਭਾਈ ਭਿਉਰਾ ਦੇ ਵਕੀਲ ਸਿਮਰਨਜੀਤ ਸਿੰਘ ਨੇ ਅਦਾਲਤ ਨੂੰ ਦੱਸਿਆ ਭਾਈ ਭਿਉਰਾ ਨੂੰ ਦੋ ਘੰਟੇ ਲਈ ਕਸਟਡੀ ਪੈਰੋਲ ਤੇ ਭੇਜ ਕੇ ਉਹਨਾਂ ਦੀ ਮਾਤਾ ਦੀ ਆਖਰੀ ਇੱਛਾ ਪੂਰੀ ਕੀਤੀ ਜਾਵੇ। ਉਹਨਾਂ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਰਾਜੀਵ ਗਾਂਧੀ ਕਤਲ ਕਾਂਡ ਵਿਚ ਉਮਰ ਕੈਦ ਦੀ ਸਜਾ ਭੁਗਤ ਰਹੇ ਰਵੀ ਚੰਦਰਨ ਨੂੰ ਵੀ ਮਦਰਾਸ ਹਾਈਕੋਰਟ ਵਲੋਂ ਆਪਣੇ ਸਿਵਲ ਕੇਸ ਦੀ ਪੈਰਵਾਈ ਲਈ 15 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ। ਅਤੇ ਗੁਜਰਾਤ ਵਿਚ ਆਰ.ਐਸ.ਐਸ ਦੀ ਇੱਕ ਵਜ਼ੀਰ ਜਿਸ ਨੂੰ ਕਿ ਅਦਾਲਤ ਨੇ ਗੁਜਰਾਤ ਦੰਗਿਆਂ ਵਿਚ ਸਜਾ ਕੀਤੀ ਸੀ, ਨੂੰ ਵੀ ਇਕ ਮਹੀਨੇ ਦੀ ਪੈਰੋਲ ਦਿੱਤੀ ਸੀ।

 

ਭਾਈ ਭਿਉਰਾ ਦੇ ਵਕੀਲ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਨੂੰ ਜਲਦੀ ਹੀ ਸੁਪਰੀਮ ਕੋਰਟ ਵਿਚ ਚੈਲੰਜ ਕੀਤਾ ਜਾਵੇਗਾ।

 

ਜ਼ਿਕਰਯੋਗ ਹੈ ਕਿ ਭਾਈ ਭਿਓਰਾ ਦੀ ਮਾਤਾ ਰਾਜਪੁਰਾ (ਪਟਿਆਲਾ) ਨੇੜੇ ਪਿੰਡ ਭਟੇੜੀ ਵਿਖੇ ਰਹਿ ਰਹੇ ਹਨ । ਭਾਈ ਭਿਓਰਾ ਨੇ ਪਟੀਸ਼ਨ ਵਿਚ ਕਿਹਾ ਸੀ ਕਿ ਉਸ ਦੇ ਮਾਤਾ ਪ੍ਰੀਤਮ ਕੌਰ ਦੀ ਹਾਲਤ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ ਤੇ ਉਨ੍ਹਾਂ ਦੀ ਅੰਤਿਮ ਇੱਛਾ ਹੈ ਕਿ ਉਹ ਇਕ ਵਾਰ ਉਸ ਨੂੰ ਮਿਲਣਾ ਚਾਹੁੰਦੀ ਹੈ।

ਟਿੱਪਣੀ ਕਰੋ:

About webmaster

Scroll To Top