Home / ਚੋਣਵੀ ਖਬਰ/ਲੇਖ / ਸਿਦਕੀ ਸਿੱਖ ਯੋਧਾ ਸ਼ਹੀਦ ਅਕਾਲੀ ਫੂਲਾ ਸਿੰਘ

ਸਿਦਕੀ ਸਿੱਖ ਯੋਧਾ ਸ਼ਹੀਦ ਅਕਾਲੀ ਫੂਲਾ ਸਿੰਘ

-ਭਗਵਾਨ ਸਿੰਘ ਜੌਹਲ

 

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਅਸਲ ਰੂਪ ਵਿਚ ਵਿਸਥਾਰ ਦੇਣ ਲਈ ਆਪਣਾ-ਆਪ ਕੁਰਬਾਨ ਕਰਨ ਵਾਲੇ ਅਤੇ ਸ਼ਹਾਦਤ ਦਾ ਜਾਮ ਪੀਣ ਵਾਲੇ 96ਵੇਂ ਕਰੋੜੀ ਪੰਥ ਅਕਾਲੀ ਬੁੱਢਾ ਦਲ ਦੇ ਛੇਵੇਂ ਮੁਖੀ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਕਾਲੀ ਫੂਲਾ ਸਿੰਘ ਨਿਹੰਗ ਸਿੰਘ ਦੀ ਲਾਸਾਨੀ ਕੁਰਬਾਨੀ ਨੂੰ ਸਿੱਖ ਜਗਤ ਕਦੇ ਨਹੀਂ ਭੁੱਲ ਸਕਦਾ। ਇਸ ਮਹਾਨ ਯੋਧੇ ਸਿਦਕੀ ਸਿੱਖ ਦਾ ਜਨਮ ਸੰਗਰੂਰ ਜ਼ਿਲ੍ਹੇ ਦੇ ਮੂਣਕ ਕਸਬੇ ਤੋਂ ਥੋੜ੍ਹੀ ਦੂਰ ਪੱਛਮ ਵਾਲੇ ਪਾਸੇ ਸਥਿਤ ਸੀਹਾਂ ਪਿੰਡ ਵਿਚ ਪਿਤਾ ਸ: ਈਸ਼ਰ ਸਿੰਘ ਦੇ ਗ੍ਰਹਿ ਵਿਖੇ ਮਾਤਾ ਹਰ ਕੌਰ ਦੀ ਕੁੱਖ ਤੋਂ ਜਨਵਰੀ 1760 ਈ: ਵਿਚ ਹੋਇਆ।

ਜਦੋਂ ਅਹਿਮਦ ਸ਼ਾਹ ਦੁਰਾਨੀ ਨੇ ਕੁੱਪ ਰਹੀੜੇ ਦੇ ਸਥਾਨ ‘ਤੇ ਵੱਡੇ ਘੱਲੂਘਾਰੇ ਦੌਰਾਨ ਹਜ਼ਾਰਾਂ ਸਿੰਘਾਂ ਨੂੰ ਸ਼ਹੀਦ ਕੀਤਾ, ਉਸ ਸਮੇਂ ਸ: ਈਸ਼ਰ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋਏ, ਜ਼ਖਮ ਬੜੇ ਡੂੰਘੇ ਸਨ, ਠੀਕ ਨਾ ਹੋ ਸਕੇ, ਥੋੜ੍ਹੇ ਸਮੇਂ ਬਾਅਦ ਪੰਜ ਭੂਤਕ ਸਰੀਰ ਤਿਆਗ ਕੇ ਬਾਕੀ ਸ਼ਹੀਦ ਸਿੰਘਾਂ ਨਾਲ ਹੀ ਸੱਚਖੰਡ ਜਾ ਬਿਰਾਜੇ। ਬਾਬਾ ਨਰੈਣ ਸਿੰਘ ਨੇ ਬਾਬਾ ਫੂਲਾ ਸਿੰਘ ਨੂੰ ਬਚਪਨ ਵਿਚ ਹੀ ਧਾਰਮਿਕ ਗ੍ਰੰਥਾਂ ਦੇ ਅਧਿਐਨ ਦੇ ਨਾਲ-ਨਾਲ ਸ਼ਸਤਰ ਵਿੱਦਿਆ, ਘੋੜਸਵਾਰੀ ਅਤੇ ਜੰਗੀ ਕਰਤਬਾਂ ਵਿਚ ਨਿਪੁੰਨ ਕੀਤਾ।
ਪੂਰਨ ਰੂਪ ਵਿਚ ਤਿਆਗੀ ਬਿਰਤੀ ਅਤੇ ਬੰਦਗੀ ਦੇ ਮਾਲਕ ਅਕਾਲੀ ਫੂਲਾ ਸਿੰਘ ਨੇ ਆਪਣਾ ਸਾਰਾ ਘਰ-ਬਾਰ ਅਤੇ ਜਾਇਦਾਦ ਆਪਣੇ ਛੋਟੇ ਭਾਈ ਸ: ਸੰਤਾ ਸਿੰਘ ਨੂੰ ਸੌਂਪ ਕੇ ਨਿਹੰਗ ਸਿੰਘ ਸਜ ਕੇ ਸ਼ਹੀਦਾਂ ਦੀ ਮਿਸਲ ਵਿਚ ਸ਼ਾਮਿਲ ਹੋ ਕੇ ਸਿੱਖ ਪੰਥ ਦੀ ਸੇਵਾ ਨਿਭਾਉਣੀ ਸ਼ੁਰੂ ਕੀਤੀ। ਜਦੋਂ ਸੰਨ 1800 ਈ: ਵਿਚ ਬਾਬਾ ਨਰੈਣ ਸਿੰਘ ਅਕਾਲ ਚਲਾਣਾ ਕਰ ਗਏ ਤਾਂ ਅਕਾਲੀ ਫੂਲਾ ਸਿੰਘ ਨੂੰ ਜਥੇਦਾਰ ਥਾਪਿਆ ਗਿਆ।

 

ਜਥੇਦਾਰੀ ਸੰਭਾਲਣ ਤੋਂ ਬਾਅਦ ਬਾਬਾ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪਾਵਨ ਸਰੋਵਰ ਦੀ ਸੇਵਾ ਲਈ ਸ੍ਰੀ ਅੰਮ੍ਰਿਤਸਰ ਪੁੱਜੇ। ਇਸ ਤੋਂ ਬਾਅਦ ਬਾਬਾ ਜੀ ਨੇ ਸਥਾਈ ਤੌਰ ‘ਤੇ ਅੰਮ੍ਰਿਤਸਰ ਵਿਖੇ ਰਿਹਾਇਸ਼ ਰੱਖਣੀ ਸ਼ੁਰੂ ਕਰ ਦਿੱਤੀ। ਇਸੇ ਰਿਹਾਇਸ਼ ਵਾਲੀ ਜਗ੍ਹਾ ਉੱਤੇ ਹੁਣ ਬੁਰਜ ਅਕਾਲੀ ਫੂਲਾ ਸਿੰਘ (ਛਾਉਣੀ ਨਿਹੰਗ ਸਿੰਘਾਂ) ਜੋ ਮੌਜੂਦਾ ਮੁਖੀ ਬੁੱਢਾ ਦਲ ਜਥੇਦਾਰ ਬਾਬਾ ਬਲਬੀਰ ਸਿੰਘ ਦੇ ਪ੍ਰਬੰਧ ਹੇਠ ਹੈ। ਜਨਵਰੀ 1802 ਈ: ਵਿਚ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਦੇ ਕਬਜ਼ੇ ਲਈ ਭੰਗੀ ਸਰਦਾਰਾਂ ਉੱਤੇ ਹਮਲਾ ਕੀਤਾ ਤਾਂ ਅਕਾਲੀ ਫੂਲਾ ਸਿੰਘ ਨੇ ਦੋਵਾਂ ਧਿਰਾਂ ਵਿਚਕਾਰ ਸੁਲਾਹ ਕਰਵਾ ਕੇ ਖੂਨ-ਖਰਾਬੇ ਤੋਂ ਬਚਾ ਲਿਆ।

 
ਅਕਾਲੀ ਬਾਬਾ ਫੂਲਾ ਸਿੰਘ ਨੇ ਨਿਹੰਗ ਸਿੰਘਾਂ ਦੀ ਅਕਾਲੀ ਫੌਜ ਦੇ ਮੁਖੀ ਵਜੋਂ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੀ ਸਹਾਇਤਾ ਕਰਕੇ ਕਸੂਰ, ਮੁਲਤਾਨ ਅਤੇ ਕਸ਼ਮੀਰ ਦੀ ਜਿੱਤ ਲਈ ਲਾਮਿਸਾਲ ਬਹਾਦਰੀ ਤੇ ਸੂਰਮਗਤੀ ਵਿਖਾਈ। ਖਾਲਸਾਈ ਮਰਿਆਦਾ ਅਤੇ ਨਿਯਮਾਂ ਦੀ ਰੱਖਿਆ ਲਈ ਮਹਾਰਾਜਾ ਰਣਜੀਤ ਸਿੰਘ ਨੂੰ ਤਨਖਾਹ ਲਾਉਣ ਲਈ ਬਤੌਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਬਾਬਾ ਜੀ ਨੇ ਜ਼ਰਾ ਜਿੰਨੀ ਵੀ ਹਿਚਕਚਾਹਟ ਨਹੀਂ ਵਿਖਾਈ। ਭਰੇ ਦੀਵਾਨ ਵਿਚ ਮਹਾਰਾਜਾ ਨੂੰ ਤਨਖਾਹ ਲਾਉਣ ਤੋਂ ਸੰਕੋਚ ਨਹੀਂ ਕੀਤਾ।

 
ਸਿੱਖ ਰਾਜ ਦੀਆਂ ਸਰਹੱਦਾਂ ਦੇ ਵਾਧੇ ਲਈ ਨੌਸ਼ਹਿਰੇ ਦੀ ਆਖਰੀ ਲੜਾਈ ਵਿਚ ਸੂਰਮਗਤੀ ਅਤੇ ਅਦੁੱਤੀ ਬਹਾਦਰੀ ਦੀ ਮਿਸਾਲ ਨੂੰ ਕਾਇਮ ਰੱਖਦਿਆਂ ਹਾਰ ਨੂੰ ਜਿੱਤ ਵਿਚ ਬਦਲਦਿਆਂ ਅਕਾਲੀ ਬਾਬਾ ਫੂਲਾ ਸਿੰਘ ਨਿਹੰਗ ਸਿੰਘ ਨੇ 14 ਮਾਰਚ, 1823 ਈ: ਨੂੰ ਸ਼ਹਾਦਤ ਪ੍ਰਾਪਤ ਕੀਤੀ। ਬਾਬਾ ਜੀ ਦਾ ਸ਼ਹੀਦੀ ਅਸਥਾਨ ਨੌਸ਼ਹਿਰਾ ਤੋਂ 6 ਕਿਲੋਮੀਟਰ ਦੂਰ ਲੁੰਡੇ ਦਰਿਆ (ਕਾਬਲ ਨਦੀ) ਦੇ ਕੰਢੇ ਅਕੋੜਾ ਖਟਕ (ਸਰਹੱਦੀ ਸੂਬਾ) ਪਾਕਿਸਤਾਨ ਵਿਚ ਮੌਜੂਦ ਹੈ। ਬਾਬਾ ਜੀ ਦੀ ਯਾਦ ਵਿਚ ਪੂਸਾ ਰੋਡ, ਦਿੱਲੀ ਵਿਖੇ ਇਕ ਗੁਰੂ-ਘਰ ਅਤੇ ਸਕੂਲ ਚੱਲ ਰਿਹਾ ਹੈ। ਬਾਬਾ ਜੀ ਦੀ ਸ਼ਹੀਦੀ ਯਾਦ ਹਰ ਸਾਲ ਬੁਰਜ ਅਕਾਲੀ ਫੂਲਾ ਸਿੰਘ ਅੰਮ੍ਰਿਤਸਰ ਵਿਖੇ ਬੜੀ ਸ਼ਰਧਾ ਤੇ ਸਤਿਕਾਰ ਨਾਲ ਬੁੱਢਾ ਦਲ ਦੇ ਮੌਜੂਦਾ ਮੁਖੀ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿਚ ਮਨਾਈ ਜਾਂਦੀ ਹੈ।
bhagwansinghjohal@gmail.com

ਟਿੱਪਣੀ ਕਰੋ:

About webmaster

Scroll To Top