Home / ਚੋਣਵੀ ਖਬਰ/ਲੇਖ / ਮੋਦੀ ਤੋਂ ਦਸਤਾਰ ਦੀ ਰਾਖ਼ੀ ਦੀ ਆਸ ਕਿਉਂ…?

ਮੋਦੀ ਤੋਂ ਦਸਤਾਰ ਦੀ ਰਾਖ਼ੀ ਦੀ ਆਸ ਕਿਉਂ…?

ਜਸਪਾਲ ਸਿੰਘ ਹੇਰਾਂ

‘‘ਫਰਾਂਸ ’ਚ ਸਿੱਖਾਂ ਦੀ ਦਸਤਾਰ ਦਾ ਮੁੱਦਾ ਮੋਦੀ, ਫਰਾਂਸ ਦੇ ਰਾਸ਼ਟਰਪਤੀ ਪਾਸ ਉਠਾਉਣ’’ ਇਹ ਮੰਗ ਪੰਜਾਬ ਦੀ ਕੇਂਦਰ ’ਚ ਪ੍ਰਤੀਨਿਧਤਾ ਕਰ ਰਹੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਧਰਮ ਪਤਨੀ ਬੀਬਾ ਹਰਸਿਮਰਤ ਕੌਰ ਬਾਦਲ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਕਮੇਟੀ ਤੇ ਹੋਰ ਪਤਾ ਨੀ ਕਿੰਨੀਆਂ ਕੁ ਸਿੱਖ ਜਥੇਬੰਦੀਆਂ ਕਰ ਰਹੀਆਂ ਹਨ।

ਕੀ ਅਸੀਂ ਮੂਰਖ ਹਾਂ? ਜਾਂ ਫ਼ਿਰ ਕੌਮ ਨੂੰ ਇਸ ਗੱਲ ’ਤੇ ਮੂਰਖ ਬਣਾਉਣ ਲਈ ਕਿ ਅਸੀਂ ਸਿੱਖ ਮੁੱਦਿਆਂ ਪ੍ਰਤੀ ਬਹੁਤ ਗੰਭੀਰ ਹਾਂ, ਜਾਂ ਫ਼ਿਰ ਮੀਡੀਆ ’ਚ ਸਸਤੀ ਸ਼ੋਹਰਤ ਲੈਣ ਲਈ ਅਜਿਹੀ ਬਿਆਨਬਾਜ਼ੀ ਕਰਦੇ ਹਾਂ? ਮੋਦੀ ਕੌਣ ਹੈ? ਕੀ ਕਿਸੇ ਨੂੰ ਭੁਲੇਖਾ ਹੈ? ਮੋਦੀ, ਸਿੱਖ ਦੁਸ਼ਮਣ ਤਾਕਤਾਂ ਦੇ ਕੁਹਾੜੇ ਦਾ ਦਸਤਾ ਹੈ, ਉਹ ਸਿੱਖਾਂ ਦੀਆਂ ਜੜਾਂ ਵੱਢਣ ਵਾਲਾ ਹੈ, ਰਾਖ਼ੀ ਕਰਨ ਵਾਲਾ ਨਹੀਂ। ਮੋਦੀ ਨੇ ਆਪਣੇ ਸਿੱਖ ਵਿਰੋਧੀ ਹੋਣ ਨੂੰ ਕਿਸੇ ਝੂਠੇ ਪਰਦੇ ਥੱਲੇ ਲੁਕਾ ਕੇ ਨਹੀਂ ਰੱਖਿਆ। ਉਹ ਸ਼ਰੇਆਮ, ਧੜੱਲੇ ਨਾਲ, ਜਦੋਂ ਵੀ ਮੌਕਾ ਮਿਲਦਾ ਹੈ, ਸਿੱਖਾਂ ’ਤੇ ਮਾਰੂ ਵਾਰ ਕਰਦਾ ਹੈ। ਹੁਣ ਦੀਆਂ ਉਦਹਾਰਣਾਂ ਹੀ ਸਾਰੇ ਕੁਝ ਨੂੰ ਖੋਲ ਕੇ ਦੱਸਦੀਆਂ ਹਨ।

 

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫ਼ੇਰੀ ਨੂੰ ਮੋਦੀ ਨੇ ਟਰੂਡੋ ਦੇ ਸਿੱਖ ਹਮਦਰਦ ਹੋਣ ਅਤੇ ਆਪਣੇ ਨਾਲ ਸਾਬਤ ਸੂਰਤ ਕੈਨੇਡੀਅਨ ਕੈਬਨਿਟ ਦੇ ਸਿੱਖ ਮੰਤਰੀਆਂ ਨੂੰ ਲੈ ਕੇ ਆਉਣ ਦੇ ਰੋਸ ਵਜੋਂ ਅਣਗੌਲਿਆਂ ਕੀਤਾ। ਅਣਗੌਲਿਆਂ ਹੀ ਨਹੀਂ ਕੀਤਾ, ਬਦਨਾਮ ਕਰਨ ਦੀ ਕੋਸ਼ਿਸ਼ ਵੀ ਕੀਤੀ। ਸਿੱਖਾਂ ਨੂੰ ਪੂਰੀ ਦੁਨੀਆਂ ’ਚ ‘‘ਖ਼ਾਲਿਸਤਾਨੀ ਅੱਤਵਾਦੀ’’ ਪ੍ਰਚਾਰ ਕੇ ਬਦਨਾਮ ਕਰਨ ਦੀ ਕੋਸ਼ਿਸ਼ ਵੀ ਕੀਤੀ। ਹੁਣ ਜਿਸ ਮੋਦੀ ਨੂੰ ‘ਦਸਤਾਰ ਸਿਰੇ’ ਸਿੱਖਾਂ ਤੋਂ ਐਨੀ ਨਫ਼ਰਤ ਹੈ, ਅਸੀਂ ਉਸਨੂੰ ਫਰਾਂਸ ’ਚ ਸਿੱਖਾਂ ਦੀ ਦਸਤਾਰ ਦੀ ਰਾਖ਼ੀ ਲਈ ਦੁਹਾਈ ਦੇ ਰਹੇ ਹਾਂ।

 

ਫ਼ਿਰ ਸਾਡੇ ਤੋਂ ਵੱਡਾ ਮੂਰਖ ਕੌਣ ਹੋ ਸਕਦਾ ਹੈ? ਫਰਾਂਸ ’ਚ ਦਸਤਾਰ ਦਾ ਮੁੱਦਾ, ਅੱਜ ਦਾ ਨਹੀਂ, ਲੰਬੇ ਸਮੇਂ ਤੋਂ ਵਿਵਾਦ ’ਚ ਹੈ। ਫ਼ਿਰ ਹੁਣ ਤੱਕ ਸ਼੍ਰੋਮਣੀ ਕਮੇਟੀ ਨੇ, ਸ਼੍ਰੀ ਅਕਾਲ ਤਖ਼ਤ ਸਾਹਿਬ ਨੇ, ਸ਼੍ਰੋਮਣੀ ਅਕਾਲੀ ਦਲ ਨੇ ਉਸਨੂੰ ਹੱਲ ਕਰਵਾਉਣ ਲਈ ਕੀ ਉਪਰਾਲੇ ਕੀਤੇ? ਜਦੋਂ ਕਿਸੇ ਦੇਸ਼ ਦਾ ਪ੍ਰਮੁੱਖ, ਇਸ ਹਿੰਦੂਤਵੀ ਦੇਸ਼ ਦੀ ਸਰਕਾਰ ਦੇ ਸੱਦੇ ’ਤੇ ਆਉਂਦਾ ਹੈ, ਉਦੋਂ ਸਾਨੂੰ ਸਿੱਖ ਮੁੱਦੇ ਵੀ ਯਾਦ ਆ ਜਾਂਦੇ ਹਨ। ਉਹ ਵੀ ਸਿਰਫ਼ ਅਖ਼ਬਾਰ ਜਾਂ ਟੀ.ਵੀ. ਚੈਨਲ ’ਤੇ ਬਿਆਨ ਤੱਕ ਸੀਮਤ ਹੰੁਦੇ ਹਨ। ਕਈ ਤਾਂ ਸ਼ੋਸ਼ਲ ਮੀਡੀਏ ’ਤੇ ਹੀ ਆਪਣਾ ਬਿਆਨ ਆਪ ਹੀ ਦਾਗ਼ ਤੇ ਕੱਦੂ ’ਚ ਤੀਰ ਮਾਰ ਲੈਂਦੇ ਹਨ। ਇਸ ਤਰਾਂ ਦੀ ਬੇਹੂਦਾ ਬਿਆਨਬਾਜ਼ੀ ਸਿੱਧ ਕਰਦੀ ਹੈ ਕਿ ਅਸੀਂ ਸਿੱਖ ਮੁੱਦਿਆਂ ਪ੍ਰਤੀ ਕਿੰਨੇ ਕੁ ਗੰਭੀਰ ਹਾਂ? ਜੇ ਮੁਦਈ ਸੁਸਤ ਹੋਵੇ, ਤਾਂ ਗਵਾਹ ਚੁਸਤ ਵੀ ਹੋਵੇ ਤਾਂ ਸਮਝ ’ਚ ਆਉਂਦਾ ਹੈ, ਪ੍ਰੰਤੂ ਜੇ ਅਸੀਂ ਬਿੱਲੀ ਤੋਂ ਦੁੱਧ ਦੀ ਰਾਖ਼ੀ ਦੀ ਤਵੱਕੋੋਂ ਕਰੀਏ ਤਾਂ ਲੋਕ ਸਾਡੀ ਅਕਲ ’ਤੇ ਹੈਰਾਨ ਜ਼ਰੂਰ ਹੋਣਗੇ। ਇੱਕ ਅੱਜ ਕੱਲ ਚਿੱਠੀ ਲਿਖੀ ਦਾ ਬਿਆਨ ਦਾਗਣ ਦਾ ਰਿਵਾਜ਼ ਤੇਜ਼ੀ ਨਾਲ ਫੈਲਿਆ ਹੈ।

 

ਭਲੇਮਾਣਸੋਂ! ਜਿਹੜੇ ਲੋਕ ਤੁਹਾਡੀਆਂ ਲੱਖਾਂ ਕੁਰਬਾਨੀਆਂ ’ਤੇ ਟੱਸ ਤੋਂ ਮੱਸ ਨਹੀਂ ਹੋਏ, ਉਨਾਂ ਤੇ ਤੁਹਾਡੀ ਇੱਕ ਚਿੱਠੀ (ਜਿਹੜੀ ਲਿਖੀ ਵੀ ਗਈ ਹੈ ਜਾਂ ਅੱਗੋਂ ਪੜੀ ਵੀ ਗਈ ਹੈ, ਯਕੀਨੀ ਨਹੀਂ) ਦਾ ਭਲਾ ਕੀ ਅਸਰ ਕਬੂਲਣਾ ਹੈ? ਗੰਭੀਰਤਾ ਤੇ ਡਰਾਮੇਬਾਜ਼ੀ ’ਚ ਜਿਹੜਾ ਜ਼ਮੀਨ-ਅਸਮਾਨ ਦਾ ਅੰਤਰ ਹੁੰਦਾ ਹੈ, ਅੱਜ ਦੇ ਲੋਕ ਉਸਨੂੰ ਬਾਖ਼ੂਬੀ ਸਮਝਣ ਲੱਗ ਪਏ ਹਨ।

 
 

ਇਸ ਲਈ ਚੰਗਾ ਹੋਵੇ ਜੇ ਅੱਜ ਦੇ ਆਗੂ, ਇਸ ਤਰਾਂ ਦੀਆਂ ਨੌਟੰਕੀਆਂ ਕਰਕੇ ਕੌਮ ਨੂੰ ਗੁੰਮਰਾਹ ਕਰਨਾ ਛੱਡ ਦੇਣ। ਸਾਨੂੰ ਕਿਸੇ ਤੋਂ ਕੋਈ ਮੰਗ ਕਰਨ ਤੋਂ ਪਹਿਲਾਂ ਇਹ ਝਾਤ ਜ਼ਰੂਰ ਮਾਰ ਲੈਣੀ ਚਾਹੀਦੀ ਹੈ ਕਿ ਤੁਸੀਂ ਜਿਸ ਤੋਂ ਮੰਗ ਕਰ ਰਹੇ ਹੋ, ਉਸ ਦਾ ਤੁਹਾਡੇ ਤੇ ਤੁਹਾਡੀ ਮੰਗ ਪ੍ਰਤੀ ਦਿ੍ਰਸ਼ਟੀਕੋਣ ਕੀ ਹੈ?

 

ਅੱਜ ਸਿੱਖ ‘‘ਗਲੋਬਲ ਨੇਸ਼ਨ’’ ਬਣ ਚੁੱਕੀ ਹੈ। ਇਸ ਲਈ ਉਸਨੂੰ ਸਭ ਤੋਂ ਪਹਿਲਾਂ ਅਜਿਹਾ ਦਰਜਾ ਪ੍ਰਾਪਤ ਕਰਕੇ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਨਾਲ ਜੁੜੀ ਹਰ ਮੰਗ ਯੂ.ਐਨ.ਓ. ਅਤੇ ਵੱਖ-ਵੱਖ ਦੇਸ਼ਾਂ ਦੇ ਖਿੱਤਿਆਂ ਦੀਆਂ ਬਣੀਆਂ ਕਈ ਮੁਲਕਾਂ ਦੀਆਂ ਸਾਂਝੀਆਂ ਜਥੇਬੰਦੀਆਂ ਅੱਗੇ ਰੱਖਣੀ ਚਾਹੀਦੀ ਹੈ। ਉਸ ਤੋਂ ਬਾਅਦ ਜਿਹੜਾ ਦੇਸ਼ ਸਿੱਖਾਂ ਦੀ ਯੋਗ ਧਾਰਮਿਕ ਮੰਗ ਮੰਨਣ ਲਈ ਤਿਆਰ ਨਹੀਂ ਹੰੁਦਾ, ਉਸਨੂੰ ਅੰਤਰਾਸ਼ਟਰੀ ਪੱਧਰ ’ਤੇ ਤੱਥਾਂ ’ਤੇ ਅਧਾਰਿਤ ਘੇਰਨਾ ਚਾਹੀਦਾ ਹੈ। ਕੌਮੀ ਮੁੱਦਿਆਂ ਨੂੰ ਰਾਜਸੀ ਰੋਟੀਆਂ ਸੇਕਣ ਲਈ ਨਾਂਹ ਵਰਤਿਆ ਜਾਵੇ ਅਤੇ ਜੇ ਕੋਈ ਆਗੂ ਜਾਂ ਜਥੇਬੰਦੀ ਅਜਿਹਾ ਕਰਨ ਦੀ ਕੋਝੀ ਕੋਸ਼ਿਸ਼ ਕਰਦੀ ਹੈ ਤਾਂ ਉਸਦਾ ਕੌਮ ਵੱਲੋਂ ਮੁਕੰਮਲ ਬਾਈਕਾਟ ਕੀਤਾ ਜਾਵੇ।

ਟਿੱਪਣੀ ਕਰੋ:

About webmaster

Scroll To Top