Home / ਕੌਮਾਂਤਰੀ ਖਬਰਾਂ / ਮਨਜੀਤ ਸਿੰਘ ਜੀਕੇ ਨੇ ਫਰਾਂਸ ਰਾਸ਼ਟਰਪਤੀ ਨੁੰ ਸਿੱਖ ਮੁੱਦਿਆਂ ਨੂੰ ਹੱਲ ਕਰਨ ਦੀ ਅਪੀਲ ਕੀਤੀ

ਮਨਜੀਤ ਸਿੰਘ ਜੀਕੇ ਨੇ ਫਰਾਂਸ ਰਾਸ਼ਟਰਪਤੀ ਨੁੰ ਸਿੱਖ ਮੁੱਦਿਆਂ ਨੂੰ ਹੱਲ ਕਰਨ ਦੀ ਅਪੀਲ ਕੀਤੀ

ਨਵੀਂ ਦਿੱਲੀ: ਭਾਰਤ ਦੇ ਦੌਰੇ ‘ਤੇ ਆਏ ਫਰਾਂਸੀਸੀ ਰਾਸ਼ਟਰਪਤੀ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਫਰਾਂਸ ਵਿੱਚ ਦਸਤਾਰ ਸਮੇਤ ਹੋਰ ਸਿੱਖ ਮੁੱਦਿਆਂ ਨੂੰ ਸੁਲਝਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਿੱਖਾਂ ਨਾਲ ਇਸ ਯੂਰੋਪੀਅਨ ਦੇਸ਼ ਦਾ 100 ਸਾਲ ਪੁਰਾਣਾ ਰਿਸ਼ਤਾ ਹੈ।

 

ਉਨ੍ਹਾਂ ਇੱਥੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਫਰਾਂਸ ਦੇ ਸਕੂਲਾਂ ’ਚ ਸਿੱਖ ਬੱਚਿਆਂ ਦੇ ਦਸਤਾਰ ਸਜਾਉਣ ’ਤੇ ਲੱਗੀ ਰੋਕ ਅਤੇ ਕੌਮੀ ਪਛਾਣ ਪੱਤਰਾਂ ’ਤੇ ਸਿੱਖਾਂ ਨੂੰ ਬਿਨਾਂ ਦਸਤਾਰ ਦੇ ਫੋਟੋ ਖਿਚਾਉਣ ਲਈ ਫਰਾਂਸ ਸਰਕਾਰ ਵੱਲੋਂ ਮਜਬੂਰ ਕਰਨਾ ਧਾਰਮਿਕ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।

 
ਜੀ.ਕੇ. ਨੇ ਕਿਹਾ ਕਿ ਪਹਿਲੀ ਵਿਸ਼ਵ ਜੰਗ ਦੌਰਾਨ ਜਦੋਂ ਜਰਮਨੀ ਨੇ ਫਰਾਂਸ ’ਤੇ ਹਮਲਾ ਕੀਤਾ ਸੀ ਤਾਂ ਭਾਰਤੀ ਫੌਜੀ ਇਸ ਵਿੱਚ ਵੱਡੀ ਗਿਣਤੀ ’ਚ ਸ਼ਾਮਲ ਸਨ ਤੇ ਉਨ੍ਹਾਂ ਫਰਾਂਸ ਨੂੰ ਜਰਮਨੀ ਦੇ ਕਬਜ਼ੇ ’ਚ ਨਹੀਂ ਜਾਣ ਦਿੱਤਾ ਸੀ। ਇਸੇ ਯੋਗਦਾਨ ਕਰਕੇ 18 ਮਾਰਚ 2018 ਨੂੰ ਸਿੱਖ ਫੌਜੀਆਂ ਦੀ ਦਲੇਰੀ ਦੀ ਸ਼ਤਾਬਦੀ ਵੀ ਫਰਾਂਸ ਦੀ ਸਿੱਖ ਜਥੇਬੰਦੀਆਂ ਵੱਲੋਂ ਫਰਾਂਸ ’ਚ ਵੱਡੇ ਪੱਧਰ ’ਤੇ ਮਨਾਈ ਜਾ ਰਹੀ ਹੈ।

 

ਉਨ੍ਹਾਂ ਮੰਗ ਕੀਤੀ ਕਿ ਸਿੱਖਾਂ ਦੇ ਯੋਗਦਾਨ ਦੇ ਮੱਦੇਨਜ਼ਰ ਫਰਾਂਸੀਸੀ ਰਾਸ਼ਟਰਪਤੀ ਨੂੰ ਸਿੱਖ ਪਛਾਣ ਨਾਲ ਸਬੰਧਿਤ ਵਸਤੂਆਂ ਨੂੰ ਧਾਰਨ ਕਰਨ ਦੀ ਫਰਾਂਸ ’ਚ ਆਜ਼ਾਦੀ ਦੇਣੀ ਚਾਹੀਦੀ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਵਿਸ਼ਵ ਯੁੱਧ ਵਿੱਚ ਸਿੱਖ ਫੌਜੀਆਂ ਦੀ ਦਲੇਰੀ ਨੂੰ ਨਤਮਸਤਕ ਹੁੰਦਿਆਂ ਅੰਗਰੇਜ਼ ਹਕੂਮਤ ਨੇ ਵੀ 1931 ’ਚ ਦਿੱਲੀ ਵਿਖੇ ਸ਼ਹੀਦ ਫੌਜੀਆਂ ਨੂੰ ਸਮਰਪਿਤ ‘ਇੰਡੀਆ ਗੇਟ’ ਜੰਗੀ ਯਾਦਗਾਰ ਬਣਾਈ ਸੀ, ਜਿਸ ’ਤੇ ਸਿੱਖ ਫੌਜੀਆਂ ਦੇ ਨਾਂ ਵੱਡੀ ਗਿਣਤੀ ’ਚ ਉਕਰੇ ਹੋਏ ਹਨ। ਉਨ੍ਹਾਂ ਕਿਹਾ ਕਿ ਫਰਾਂਸ ਸਰਕਾਰ ਕੋਲ ਕੇਂਦਰ ਨੂੰ ਵੀ ਸਿੱਖਾਂ ਦੇ ਮੁੱਦਿਆਂ ਨੂੰ ਪਹਿਲ ਦੇ ਆਧਾਰ ’ਤੇ ਚੁੱਕਣਾ ਚਾਹੀਦਾ ਹੈ।

ਟਿੱਪਣੀ ਕਰੋ:

About webmaster

Scroll To Top