Home / ਕੌਮਾਂਤਰੀ ਖਬਰਾਂ / ਨਾਭਾ ਜੇਲ ਕਾਂਡ: ਰਮਨਜੀਤ ਸਿੰਘ ਰੋਮੀ ਦੀ ਜ਼ਮਾਨਤ ਹਾਂਗਕਾਂਗ ਦੀ ਅਦਾਲਤ ਨੇ ਰੱਦ ਕੀਤੀ

ਨਾਭਾ ਜੇਲ ਕਾਂਡ: ਰਮਨਜੀਤ ਸਿੰਘ ਰੋਮੀ ਦੀ ਜ਼ਮਾਨਤ ਹਾਂਗਕਾਂਗ ਦੀ ਅਦਾਲਤ ਨੇ ਰੱਦ ਕੀਤੀ

 

ਰਮਨਜੀਤ ਸਿੰਘ ਰੋਮੀ

ਹਾਂਗ ਕਾਂਗ: ਮੀਡੀਆ ਵਿੱਚ ਨਸ਼ਰ ਖਬਰਾਂ ਅਨੁਸਾਰ ਪੰਜਾਬ ਪੁਲਿਸ ਨੂੰ ਨਾਭਾ ਜੇਲ ਫਰਾਰੀ ਕਾਂਡ ਅਤੇ ਪੰਜਾਬ ਵਿੱਚ ਹੋਏ ਚੋਣਵੇਂ ਕਤਲਾਂ ਦੇ ਮਾਮਲੇ ਵਿੱਚ ਲੋੜੀਂਦੇ ਰਮਨਜੀਤ ਸਿੰਘ ਰੋਮੀ ਦੀ ਜ਼ਮਾਨਤ ਹਾਂਗਕਾਂਗ ਦੀ ਇੱਕ ਅਦਾਲਤ ਨੇ ਰੱਦ ਕਰ ਦਿੱਤੀ ਹੈ।

 
ਰਮਨਜੀਤ ਸਿੰਘ ਉਥੇ ਉਹ ਡਕੈਤੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਹਾਂਗ ਕਾਂਗ ’ਚ ਇਸ ਕੇਸ ਦੀ ਅਗਲੀ ਸੁਣਵਾਈ ਅਪਰੈਲ ’ਚ ਹੋਵੇਗੀ। ਜ਼ਿਕਰਯੋਗ ਹੈ ਕਿ ਪੰਜਾਬ ਪੁਲੀਸ ਨੇ ਰਮਨਜੀਤ ਸਿੰਘ ਦੀ ਹਵਾਲਗੀ ਲਈ ਭਾਰਤ ਦੇ ਵਿਦੇਸ਼ ਮੰਤਰਾਲੇ ਰਾਹੀਂ ਹਾਂਗ ਕਾਂਗ ਕੋਲ ਬੇਨਤੀ ਭੇਜੀ ਹੈ। ਇੰਟਰਪੋਲ ਦੀ ਆਲਮੀ ਨਿਗਰਾਨ ਸੂਚੀ ’ਤੇ ਦਰਜ ਭਾਰਤੀ ਨਾਗਰਿਕ ਨੂੰ ਅਧਿਕਾਰੀਆਂ ਨੇ ਇਸ ਮਹੀਨੇ ਡਕੈਤੀ ਦੇ ਮਾਮਲੇ ’ਚ ਦੱਖਣੀ ਚੀਨੀ ਸ਼ਹਿਰ ਤੋਂ ਗ੍ਰਿਫ਼ਤਾਰ ਕੀਤਾ ਸੀ।

 

ਰਮਨਜੀਤ ਸਿੰਘ ’ਤੇ 9 ਫਰਵਰੀ ਨੂੰ ਸਿਮ ਸ਼ਾ ਸੁਈ ਦੇ ਇਕ ਟਿਕਾਣੇ ਤੋਂ ਦੋ ਵਿਅਕਤੀਆਂ ਕੋਲੋਂ 45 ਕਰੋੜ ਜਪਾਨੀ ਯੈੱਨ (40 ਲੱਖ ਡਾਲਰ) ਚੋਰੀ ਕਰਨ ਦਾ ਦੋਸ਼ ਲੱਗਿਆ ਹੈ। ਉਸ ਨੂੰ ਮੈਜਿਸਟਰੇਟ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਜਿਥੇ ਉਹ ਸਹਿ ਮੁਲਜ਼ਮ ਏਨਿਸ਼ ਲਿੰਬੂ ਨਾਲ ਪੇਸ਼ ਹੋਇਆ। ਇਸ ਮੌਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਕੋਅਲੂਨ ਸਿਟੀ ਕੋਰਟ ਨੂੰ ਹਥਿਆਰਬੰਦ ਪੁਲੀਸ ਨੇ ਘੇਰਾ ਪਾਇਆ ਹੋਇਆ ਸੀ ਅਤੇ ਪੁਲੀਸ ਦੇ ਕੁੱਤੇ ਵੀ ਤਾਇਨਾਤ ਸਨ।

 

ਅਦਾਲਤ ’ਚ ਦਾਖ਼ਲ ਹੋਣ ਵਾਲਿਆਂ ਨੂੰ ਸੁਰੱਖਿਆ ਰੋਕਾਂ ਤੋਂ ਗੁਜ਼ਰਨਾ ਪੈ ਰਿਹਾ ਸੀ। ਉਂਜ ਹੇਠਲੀਆਂ ਅਦਾਲਤਾਂ ’ਚ ਅਜਿਹੇ ਪ੍ਰਬੰਧ ਘੱਟ ਹੀ ਦੇਖਣ ਨੂੰ ਮਿਲਦੇ ਹਨ। ਰਮਨਜੀਤ ਸਿੰਘ ਨੂੰ ਪੁਲੀਸ ਦੀਆਂ ਕਰੀਬ ਅੱਠ ਮੋਟਰਸਾਈਕਲਾਂ ਦੇ ਘੇਰੇ ਹੇਠ ਪੁਲੀਸ ਵੈਨ ’ਚ ਲਿਆਂਦਾ ਗਿਆ। ਮੈਜਿਸਟਰੇਟ ਨੇ ਉਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਡਕੈਤੀ ਗੰਭੀਰ ਜੁਰਮ ਹੈ ਅਤੇ ਉਹ ਮੁੜ ਅਜਿਹੀ ਕਿਸੇ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ। ਭੂਰੇ ਰੰਗ ਦੀ ਜੈਕੇਟ ’ਚ ਆਏ ਰਮਨਜੀਤ ਸਿੰਘ ਨੇ ਖਾਮੋਸ਼ੀ ਨਾਲ ਅਦਾਲਤ ਦੀ ਕਾਰਵਾਈ ’ਚ ਹਿੱਸਾ ਲਿਆ ਅਤੇ ਦੁਭਾਸ਼ੀਏ ਰਾਹੀਂ ਉਹ ਸਾਰੀ ਜਿਰ੍ਹਾ ਸੁਣਦਾ ਰਿਹਾ।

 

ਰੋਮੀ ’ਤੇ 2016 ਦੇ ਨਾਭਾ ਜੇਲ੍ਹ ਬਰੇਕ ਕਾਂਡ ਦਾ ਦੋਸ਼ ਹੈ ਜਿਸ ਦੌਰਾਨ ਉਹ ਖਾੜਕੂ ਕਮਾਂਡਰ ਅਤੇ ਚਾਰ ਹੋਰਾਂ ਨੂੰ ਨਾਲ ਫਰਾਰ ਹੋ ਗਿਆ ਸੀ। ਇੰਟਰਪੋਲ ਦੀ ਵੈੱਬਸਾਈਟ ’ਤੇ ਉਸ ਖਿਲਾਫ਼ ਦਰਜ ਦੋਸ਼ਾਂ ’ਚ ਧੋਖਾਧੜੀ, ਹਥਿਆਰ ਰੱਖਣ, ਹੱਤਿਆ ਦੀ ਸਾਜ਼ਿਸ਼ ਘੜਨ ਅਤੇ ਦਹਿਸ਼ਤੀ ਸਰਗਰਮੀਆਂ ਅਤੇ ਉਨ੍ਹਾਂ ਨੂੰ ਸਲਾਹ ਦੇਣਾ ਆਦਿ ਸ਼ਾਮਲ ਹਨ। ਪੁਲੀਸ ਮੁਤਾਬਕ ਰੋਮੀ ਨੂੰ 2016 ’ਚ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਪਰ ਜ਼ਮਾਨਤ ’ਤੇ ਹੋਣ ਕਰਕੇ ਉਹ ਮੁਲਕ ’ਚੋਂ ਫ਼ਰਾਰ ਹੋ ਗਿਆ ਸੀ।

ਟਿੱਪਣੀ ਕਰੋ:

About webmaster

Scroll To Top