Home / ਚੋਣਵੀ ਖਬਰ/ਲੇਖ / ਬੜਾ ਪੁਰਾਣਾ ਹੈ ਸਿੱਖ ਭਾਈਚਾਰੇ ਦਾ ਕੈਨੇਡਾ ਨਾਲ ਸਬੰਧ

ਬੜਾ ਪੁਰਾਣਾ ਹੈ ਸਿੱਖ ਭਾਈਚਾਰੇ ਦਾ ਕੈਨੇਡਾ ਨਾਲ ਸਬੰਧ

ਕੈਨੇਡਾ ਵਿਚ ਵਸਣ ਵਾਲੇ ਸਿੱਖਾਂ ਦਾ ਸਬੰਧ ਕੈਨੇਡਾ ਦੇਸ਼ ਨਾਲ 100 ਸਾਲ ਤੋਂ ਵੀ ਪੁਰਾਣਾ ਹੈ। ਬ੍ਰਿਟਿਸ਼ ਕੋਲੰਬੀਆ ਜਾ ਕੇ ਸਭ ਤੋਂ ਪਹਿਲਾਂ ਵਸਣ ਵਾਲੇ ਭਾਰਤੀ ਫ਼ੌਜੀ ਸਨ, ਜੋ ਮਹਾਰਾਣੀ ਵਿਕਟੋਰੀਆ ਦੀ 60 ਸਾਲਾ ਵਰ੍ਹੇਗੰਢ ਮਨਾਉਣ ਲਈ 1897 ਈ: ਨੂੰ ਉਥੇ ਪਹੁੰਚੇ ਸਨ। ਇਸੇ ਤਰ੍ਹਾਂ ਕੁਝ ਫ਼ੌਜੀ ਜਵਾਨ 1902 ਈ: ਨੂੰ ਸਰਦਾਰ ਮੇਜਰ ਖ਼ਾਨ ਦੀ ਅਗਵਾਈ ਵਿਚ ਰਾਜਾ ਐਡਵਰਡ ਦੀ ਤਾਜਪੋਸ਼ੀ ਦੇ ਜਸ਼ਨ ਮਨਾਉਣ ਲਈ ਵਿਕਟੋਰੀਆ ਬੀ.ਸੀ. ਵਿਚ ਪਹੁੰਚੇ ਸਨ।

 
ਸ: ਬੁਕਮ ਸਿੰਘ 14 ਸਾਲ ਦੀ ਉਮਰ ਵਿਚ ਬੀ.ਸੀ. ਪਹੁੰਚੇ ਪਹਿਲੇ ਭਾਰਤੀ ਸਨ, ਜੋ ਪਹਿਲੀ ਸੰਸਾਰ ਜੰਗ ਸਮੇਂ ਕੈਨੇਡਾ ਦੀ ਫ਼ੌਜ ‘ਕਿੰਗਸਟਨ ਬਟਾਲੀਅਨ’ ਵਿਚ ਬਤੌਰ ਕੈਨੇਡੀਅਨ ਫ਼ੌਜੀ ਜਵਾਨ ਸ਼ਾਮਿਲ ਹੋਏ। ਸਾਲ 1907 ਈ: ਤੱਕ ਕੈਨੇਡਾ ਵਿਚ ਭਾਰਤੀਆਂ ਦੀ ਗਿਣਤੀ 5000 ਦੇ ਕਰੀਬ ਹੋ ਚੁੱਕੀ ਸੀ। ਕੈਨੇਡਾ ਪਹੁੰਚਣ ਵਾਲੇ ਭਾਰਤੀਆਂ ਵਿਚੋਂ ਬਹੁਗਿਣਤੀ ਸਿੱਖ ਸਨ। ਗ਼ਦਰ ਲਹਿਰ ਦਾ ਜਨਮ ਅਮਰੀਕਾ ਵਿਚ ਹੋਇਆ ਅਤੇ ਕੈਨੇਡਾ ਦੇ ਸਿੱਖਾਂ ਨੇ ਇਸ ਗ਼ਦਰ ਪਾਰਟੀ ਦੀ ਸਥਾਪਨਾ ਲਈ ਪੂਰਨ ਯੋਗਦਾਨ ਪਾਇਆ। ਸ: ਖੁਸ਼ਵੰਤ ਸਿੰਘ ਦੇ ਅਨੁਸਾਰ ਜੇਕਰ ਕੁਝ ਹਿੰਦੂ ਇਸ ਲਹਿਰ ਵਿਚ ਸ਼ਾਮਿਲ ਨਾ ਹੁੰਦੇ ਤਾਂ ਇਹ ਗ਼ਦਰ ਲਹਿਰ ਨਿਰੋਲ ਸਿੱਖ ਲਹਿਰ ਹੀ ਮੰਨੀ ਜਾਣੀ ਸੀ।

ਗ਼ਦਰ ਪਾਰਟੀ ਵਿਚ ਸ਼ਾਮਿਲ ਗ਼ਦਰੀ ਬਾਬੇ ਸਿੱਖ ਧਰਮ ਨਾਲ ਸਬੰਧ ਰੱਖਦੇ ਸਨ। ਸਿੱਖਾਂ ਨੇ 1906 ਈ: ਨੂੰ ਵੈਨਕੂਵਰ, ਬੀ.ਸੀ. ਵਿਚ ਖਾਲਸਾ ਦੀਵਾਨ ਸੁਸਾਇਟੀ ਦੀ ਸਥਾਪਨਾ ਕਰ ਲਈ ਸੀ। ਖਾਲਸਾ ਦੀਵਾਨ ਸੁਸਾਇਟੀ ਇਕ ਇਹੋ ਜਿਹੀ ਸੁਸਾਇਟੀ ਸੀ, ਜਿਸ ਨੇ ਅੰਗਰੇਜ਼ੀ ਰਾਜ ਦੇ ਵਿਰੁੱਧ ਸੰਘਰਸ਼ ਕੀਤਾ। ਇਹੋ ਜਿਹੇ ਸੰਘਰਸ਼ ਲਈ ਕੈਨੇਡੀਅਨ ਸਰਕਾਰ ਨੇ ਮਨਜ਼ੂਰੀ ਨਾ ਦਿੱਤੀ, ਕਿਉਂਕਿ ਉਸ ਸਮੇਂ ਹਿੰਦੁਸਤਾਨ ਤੇ ਕੈਨੇਡਾ ਉੱਤੇ ਇਨ੍ਹਾਂ ਦਾ ਹੀ ਰਾਜ ਸੀ। ਕੈਨੇਡਾ ਵਿਚਲੇ ਸਿੱਖਾਂ ਨੇ ਆਪਣੇ-ਆਪ ਨੂੰ ਜਥੇਬੰਦ ਕਰਕੇ ਕੈਨੇਡਾ ਸਰਕਾਰ ਦੀਆਂ ਨਸਲੀ ਨੀਤੀਆਂ ਦੇ ਆਧਾਰ ‘ਤੇ ਘੜੇ ਕਾਨੂੰਨਾਂ ਵਿਰੁੱਧ ਸੰਘਰਸ਼ ਕੀਤਾ।

 
ਕਾਮਾਗਾਟਾਮਾਰੂ ਜਹਾਜ਼ ਦਾ ਜੋ ਸਾਕਾ 29 ਸਤੰਬਰ, 1914 ਈ: ਨੂੰ ਵਾਪਰਿਆ, ਉਸ ਦਾ ਸਬੰਧ ਵੀ ਕੈਨੇਡਾ ਨਾਲ ਹੈ। ਬਾਬਾ ਗੁਰਦਿਤ ਸਿੰਘ ਸਰਹਾਲੀ ਵਾਲਿਆਂ ਨੇ 29 ਮਾਰਚ, 1914 ਈ: ਨੂੰ ਬੜੀਆਂ ਮੁਸ਼ਕਿਲਾਂ ਨਾਲ ਕਾਮਾਗਾਟਾਮਾਰੂ ਜਹਾਜ਼ ਜਾਪਾਨ ਤੋਂ ਠੇਕੇ ਉੱਤੇ ਲਿਆ। ਬੜੀਆਂ ਮੁਸ਼ਕਿਲਾਂ, ਰੋਕਾਂ, ਰੁਕਾਵਟਾਂ ਤੋਂ ਬਾਅਦ 3 ਅਪ੍ਰੈਲ, 1914 ਈ: ਨੂੰ ਬਾਬਾ ਜੀ ਹਾਂਗਕਾਂਗ ਤੋਂ ਜਹਾਜ਼ ਚਲਾਉਣ ਵਿਚ ਕਾਮਯਾਬ ਹੋਏ। ਇਹ ਗੁਰੂ ਨਾਨਕ ਜਹਾਜ਼ 21 ਮਈ, 1914 ਈ: ਨੂੰ ਕੈਨੇਡਾ ਵਿਚ ਵਿਕਟੋਰੀਆ ਪਹੁੰਚਿਆ ਤਾਂ ਇਸ ਜਹਾਜ਼ ਦੇ ਦੁਆਲੇ ਸਖ਼ਤ ਪਹਿਰੇ ਲਗਾ ਦਿੱਤੇ ਗਏ।

 

ਜਹਾਜ਼ ਵੈਨਕੂਵਰ ਜਾ ਕੇ 22 ਮਈ ਤੋਂ ਲੈ ਕੇ 22 ਜੁਲਾਈ ਤੱਕ ਸਮੁੰਦਰ ਵਿਚ ਹੀ ਸਖ਼ਤ ਪਹਿਰੇ ਵਿਚ ਰਿਹਾ। ਅਖ਼ੀਰ ਨਿਰਾਸ਼ ਹੋ ਕੇ 22 ਜੁਲਾਈ, 1914 ਈ: ਨੂੰ ਜਹਾਜ਼ ਵਾਪਸ ਮੁੜ ਪਿਆ ਅਤੇ 26 ਸਤੰਬਰ, 1914 ਈ: ਨੂੰ ਬਜ ਬਜ ਘਾਟ ‘ਤੇ ਪਹੁੰਚਿਆ। ਇਸ ਜ਼ਿਆਦਤੀ ਕਾਰਨ ਠੇਕੇ ਦੀਆਂ ਸ਼ਰਤਾਂ ਮੁਤਾਬਿਕ ਜਹਾਜ਼ ਬਾਬਾ ਗੁਰਦਿਤ ਸਿੰਘ ਅਧੀਨ ਨਾ ਰਿਹਾ ਅਤੇ ਉਨ੍ਹਾਂ ਦਾ ਲੱਖਾਂ ਡਾਲਰਾਂ ਦਾ ਵਪਾਰਕ ਨੁਕਸਾਨ ਹੋਇਆ। ਅਖੀਰ 29 ਸਤੰਬਰ, 1914 ਈ: ਰਾਤ ਨੂੰ ਬਜਬਜਘਾਟ ਵਿਖੇ ਬੇ-ਨਸੀਬ ਮੁਸਾਫ਼ਿਰਾਂ ਨੂੰ ਗੋਲੀਆਂ ਨਾਲ ਭੁੰਨਿਆ ਗਿਆ। ਇਸ ਖੂਨੀ ਸਾਕੇ ਵਿਚ 20 ਸਿੱਖ, ਦੋ ਗੋਰੇ, ਦੋ ਪੁਲਿਸ ਵਾਲੇ, ਦੋ ਬਜ ਬਜ ਘਾਟ ਦੇ ਰਹਿਣ ਵਾਲੇ ਮਾਰੇ ਗਏ।

 
ਪੰਜਾਬ ਵਿਚ 1920 ਈ: ਵਿਚ ਸ਼ੁਰੂ ਹੋਈ ਗੁਰਦੁਆਰਾ ਸੁਧਾਰ ਲਹਿਰ, ਅਕਾਲੀ ਲਹਿਰ ਅਤੇ ਬੱਬਰ ਅਕਾਲੀ ਲਹਿਰ ਨੇ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਇਆ। ਬੱਬਰ ਅਕਾਲੀਆਂ ਵਿਚ ਬਹੁਤੇ ਬੱਬਰ ਕੈਨੇਡਾ ਤੋਂ ਵਾਪਸ ਪਰਤੇ ਪੰਜਾਬੀ ਸਿੱਖ ਸਨ। ਇਹ ਕੈਨੇਡੀਅਨ ਪਹਿਲਾਂ ਹੀ ਗ਼ਦਰ ਪਾਰਟੀ ਲਈ ਬਹੁਤ ਕੁਝ ਕਰ ਚੁੱਕੇ ਸਨ। ਸ਼੍ਰੋਮਣੀ ਅਕਾਲੀ ਦਲ ਵਲੋਂ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਲਈ ਮੋਰਚੇ ਲਗਾਏ ਗਏ, ਸ਼ਹੀਦੀ ਸਾਕੇ ਵਾਪਰੇ। ਜੈਤੋ ਦਾ ਮੋਰਚਾ ਜੋ 9 ਫਰਵਰੀ, 1924 ਈ: ਨੂੰ ਸ਼ੁਰੂ ਹੋਇਆ, ਉਸ ਮੋਰਚੇ ਵਿਚ 500-500 ਸਿੰਘਾਂ ਦੇ ਸ਼ਹੀਦੀ ਜਥੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੰਗਸਰ ਜੈਤੋ ਲਈ ਰਵਾਨਾ ਹੋਏ। ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵਲੋਂ ਬਾਬਾ ਭਗਵਾਨ ਸਿੰਘ ਦੁਸਾਂਝ ਦੀ ਅਗਵਾਈ ਵਿਚ ਗਿਆਰਾਂ ਸਿੰਘਾਂ ਦਾ ਜਥਾ 17 ਜੁਲਾਈ, 1924 ਈ: ਨੂੰ ਮੋਰਚੇ ਲਈ ਭੇਜਿਆ ਗਿਆ। ਇਹ ਜਥਾ 21 ਫਰਵਰੀ, 1925 ਈ: ਨੂੰ ਗੰਗਸਰ ਜੈਤੋ ਪਹੁੰਚਿਆ, ਜਿਥੋਂ ਇਸ ਜਥੇ ਦੇ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

 
ਹੁਣ ਸਮਾਂ ਬਦਲ ਚੁੱਕਾ ਹੈ। ਜਿਸ ਦੇਸ਼ ਦੀ ਸੰਸਦ ਨੇ ਭਾਰਤੀਆਂ ਨੂੰ ਦੇਸ਼ ਵਿਚੋਂ ਬਾਹਰ ਰੱਖਣ ਲਈ ਨਸਲਵਾਦੀ ਕਾਨੂੰਨ ਪਾਸ ਕੀਤਾ ਸੀ, ਉਸੇ ਸੰਸਦ ਵਿਚ ਸਿੱਖ ਤੇ ਪੰਜਾਬੀ ਸੰਸਦ ਮੈਂਬਰ ਅੱਜ ਨਵੇਂ ਕਾਨੂੰਨ ਘੜਨ ਵਿਚ ਆਪਣਾ ਵਿਸ਼ੇਸ਼ ਯੋਗਦਾਨ ਪਾ ਰਹੇ ਹਨ। ਅੱਜ ਕੈਨੇਡਾ ਦੀ ਸੰਸਦ ਅਤੇ ਸੂਬਿਆਂ ਵਿਚ ਪੰਜਾਬੀ ਸਿੱਖ ਬੜੇ ਮਹੱਤਵਪੂਰਨ ਅਹੁਦਿਆਂ ‘ਤੇ ਬਿਰਾਜਮਾਨ ਹਨ। ਕਾਮਾਗਾਟਾਮਾਰੂ ਜਹਾਜ਼ ਜਿਸ ਨੂੰ ਕੈਨੇਡਾ ਤੋਂ ਵਾਪਸ ਮੋੜ ਦਿੱਤਾ ਗਿਆ ਸੀ, ਉਸ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲੋਕਾਂ ਦੇ ਵੱਡੇ ਇਕੱਠ ਵਿਚ ਮੁਆਫ਼ੀ ਮੰਗ ਚੁੱਕੇ ਹਨ। ਅੱਜ ਉਹ ਆਪਣੇ ਪੰਜਾਬੀ ਮੰਤਰੀਆਂ ਸਮੇਤ ਹਰਿਮੰਦਰ ਸਾਹਿਬ ਵਿਖੇ ਆਪਣੀ ਸ਼ਰਧਾ ਦੇ ਫੁਲ ਭੇਟ ਕਰਨ ਆ ਰਹੇ ਹਨ। ਸਿੱਖ ਭਾਈਚਾਰਾ ਅਤੇ ਸਮੂਹ ਪੰਜਾਬੀ ਉਨ੍ਹਾਂ ਪ੍ਰਤੀ ਪਿਆਰ ਤੇ ਸਤਿਕਾਰ ਦੀਆਂ ਭਾਵਨਾਵਾਂ ਰੱਖਦੇ ਹਨ।
-ਬਠਿੰਡਾ
ਮੋ: 98155-33725

ਟਿੱਪਣੀ ਕਰੋ:

About webmaster

Scroll To Top