Home / ਚੋਣਵੀ ਖਬਰ/ਲੇਖ / ਪੰਜਾਬੀਆਂ ‘ਚ ਘਟਦਾ ਸਾਹਿਤ ਪੜ੍ਹਨ ਦਾ ਰੁਝਾਨ

ਪੰਜਾਬੀਆਂ ‘ਚ ਘਟਦਾ ਸਾਹਿਤ ਪੜ੍ਹਨ ਦਾ ਰੁਝਾਨ

-ਡਾ. ਨਿਸ਼ਾਨ ਸਿੰਘ ਰਾਠੌਰ

 

ਪੰਜਾਬ ਦੀ ਧਰਤੀ ‘ਤੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਸੰਪਾਦਤ ਕੀਤਾ। ਸੰਸਾਰ ਭਰ ਵਿਚ ਗਾਈ ਜਾਣ ਵਾਲੀ ਆਰਤੀ ‘ਓਮ ਜੈ ਜਗਦੀਸ਼ ਹਰੇ’ ਪੰਜਾਬ ਦੇ ਰਹਿਣ ਵਾਲੇ ਪੰਡਿਤ ਸ਼ਰਧਾ ਰਾਮ ਫਿਲੌਰੀ ਦੀ ਰਚਨਾ ਹੈ। ਵਾਰਿਸ ਸ਼ਾਹ, ਦਮੋਦਰ, ਭਾਈ ਵੀਰ ਸਿੰਘ, ਪ੍ਰੋ: ਪੂਰਨ ਸਿੰਘ, ਧਨੀਰਾਮ ਚਾਤ੍ਰਿਕ, ਸ਼ਿਵ ਕੁਮਾਰ ਬਟਾਲਵੀ, ਅੰਮ੍ਰਿਤਾ ਪ੍ਰੀਤਮ ਅਤੇ ਸੁਰਜੀਤ ਪਾਤਰ ਤੱਕ ਪੰਜਾਬ ਦੀ ਧਰਤੀ ਦੇ ਉਹ ਕਲਮਵੀਰ ਹਨ, ਜਿਨ੍ਹਾਂ ਨੇ ਆਪਣੀ ਕਲਮ ਦੀ ਆਵਾਜ਼ ਰਾਹੀਂ ਸਾਰੀ ਕਾਇਨਾਤ ਨੂੰ ਜਾਗ੍ਰਤ ਕੀਤਾ ਹੈ। ਪਰ, ਅਫ਼ਸੋਸ ਅਜੋਕੇ ਸਮੇਂ ਇਸੇ ਧਰਤੀ ਦੇ ਬਸ਼ਿੰਦਿਆਂ ਦਾ ਸਾਹਿਤ ਪੜ੍ਹਨ-ਪੜ੍ਹਾਉਣ ਦਾ ਰੁਝਾਨ ਲਗਪਗ ਆਲੋਪ ਹੁੰਦਾ ਜਾ ਰਿਹਾ ਹੈ।
ਪੰਜਾਬੀ ਦੀਆਂ ਪੁਸਤਕਾਂ ਬਾਜ਼ਾਰ ‘ਚ ਵਿਕਦੀਆਂ ਨਹੀਂ ਅਤੇ ਨਾ ਹੀ ਸਾਡਾ ਪੜ੍ਹਿਆ-ਲਿਖਿਆ ਤਬਕਾ ਪੁਸਤਕਾਂ ਖਰੀਦਣ ‘ਤੇ ਆਪਣੇ ਪੈਸੇ ਨੂੰ ਖ਼ਰਚ ਕਰਦਾ ਹੈ। ਪੰਜਾਬ ਦੇ ਲਗਪਗ ਸਾਰੇ ਪੁਸਤਕ ਪ੍ਰਕਾਸ਼ਕ ਇਹ ਗੱਲ ਆਖਦੇ ਹਨ ਕਿ ਪੰਜਾਬੀ ਪੁਸਤਕਾਂ ਨੂੰ ਖ਼ਰੀਦ ਕੇ ਪੜ੍ਹਨ ਦਾ ਜ਼ਮਾਨਾ ਹੁਣ ਖ਼ਤਮ ਹੋ ਚੁੱਕਿਆ ਹੈ। ਇਸ ਲਈ ਉਹ ਲੇਖਕ ਦੁਆਰਾ ਦਿੱਤੇ ਗਏ ਪੈਸਿਆਂ ਦੇ ਮੁਤਾਬਕ ਹੀ ਪੁਸਤਕਾਂ ਪ੍ਰਕਾਸ਼ਿਤ ਕਰਦੇ ਹਨ ਤਾਂ ਕਿ ਲੇਖਕ ਤੋਂ ਹੀ ਖ਼ਰਚ ਅਤੇ ਮੁਨਾਫ਼ਾ ਕੱਢਿਆ ਜਾ ਸਕੇ। ਇਸ ਤੋਂ ਇਲਾਵਾ ਆਮ ਕਰਕੇ ਪੰਜਾਬੀ ਪ੍ਰਕਾਸ਼ਕ ਇਕ ਵੀ ਕਾਪੀ ਵਾਧੂ ਨਹੀਂ ਛਾਪਦੇ, ਜਿਸ ਨਾਲ ਉਨ੍ਹਾਂ ਨੂੰ ਨੁਕਸਾਨ ਹੋਵੇ।

 
ਪੰਜਾਬੀ ਦੇ ਨਵੇਂ ਲੇਖਕਾਂ ਤੋਂ ਲੈ ਕੇ ਨਾਮਵਰ ਲੇਖਕਾਂ ਤੱਕ, ਆਪਣੀਆਂ ਕਿਤਾਬਾਂ ਨੂੰ ਆਪਣੇ ਖ਼ਰਚੇ ‘ਤੇ ਛਪਵਾ ਕੇ ਮੁਫ਼ਤ ਵੰਡਦੇ ਤਾਂ ਆਮ ਹੀ ਨਜ਼ਰੀਂ ਪੈ ਜਾਂਦੇ ਹਨ ਪਰ ਖ਼ਰੀਦ ਕੇ ਪੜ੍ਹਨ ਵਾਲਾ ਪਾਠਕ ਬਹੁਤ ਘੱਟ ਨਜ਼ਰੀਂ ਆਉਂਦਾ ਹੈ। ਹੈਰਾਨੀ ਦੀ ਹੱਦ ਤਾਂ ਉਦੋਂ ਹੁੰਦੀ ਹੈ ਜਦੋਂ ਸਾਡੀਆਂ ਯੂਨੀਵਰਸਿਟੀਆਂ ਜਾਂ ਕਾਲਜਾਂ ਵਿਚ ਸਾਹਿਤ ਦੇ ਵਿਦਿਆਰਥੀ, ਜਿਹੜੇ ਸਾਹਿਤ ‘ਤੇ ਖੋਜ-ਕਾਰਜ ਕਰ ਰਹੇ ਹਨ, ਉਹ ਵੀ ਕਿਤਾਬਾਂ ਨੂੰ ਖ਼ਰੀਦ ਕੇ ਨਹੀਂ ਪੜ੍ਹਦੇ। ਉਂਝ ਇਸ ਗੱਲ ਨੂੰ ਆਰਥਿਕ ਤੰਗੀ ਦਾ ਬਹਾਨਾ ਬਣਾ ਕੇ ਝੁਠਲਾਇਆ ਵੀ ਜਾ ਸਕਦਾ ਹੈ ਪਰ ਪੰਜਾਬੀਆਂ ਦੇ ਵਿਆਹਾਂ-ਸ਼ਾਦੀਆਂ ‘ਤੇ ਹੁੰਦੇ ਖ਼ਰਚੇ ਨੂੰ ਦੇਖ ਕੇ ਇਹ ਦਾਅਵਾ ਵੀ ਗ਼ਲਤ ਹੀ ਸਾਬਤ ਹੁੰਦਾ ਹੈ।

 
ਪੰਜਾਬੀ ਪੁਸਤਕਾਂ ਦੇ ਪ੍ਰਕਾਸ਼ਕਾਂ ਨੇ ਤਾਂ ਵਪਾਰਕ ਦ੍ਰਿਸ਼ਟੀ ਨਾਲ ਕਿਤਾਬਾਂ ਨੂੰ ਛਾਪਣਾ ਹੁੰਦਾ ਹੈ ਪਰ ਜਦੋਂ ਪੰਜਾਬੀ ਪਾਠਕ, ਪੁਸਤਕ ਖਰੀਦਣ ਤੋਂ ਹੀ ਮੁਨਕਰ ਹਨ ਤਾਂ ਉਹ ਵੀ ਆਪਣਾ ਪੂਰਾ ਮੁਨਾਫ਼ਾ ਲੇਖਕ ਤੋਂ ਹੀ ਵਸੂਲ ਕਰਦੇ ਹਨ। ਇਸ ਨਾਲ ਵੱਡਾ ਨੁਕਸਾਨ ਇਹ ਹੁੰਦਾ ਹੈ ਕਿ ਆਰਥਕ ਪੱਖੋਂ ਕਮਜ਼ੋਰ ਲੇਖਕ ਆਪਣੇ ਜੀਵਨ ਵਿਚ ਪੁਸਤਕ ਪ੍ਰਕਾਸ਼ਿਤ ਕਰਵਾਉਣ ਦਾ ਕਦੇ ਹੌਸਲਾ ਹੀ ਨਹੀਂ ਕਰਦੇ। ਇਸ ਨਾਲ ਪੰਜਾਬੀ ਸਾਹਿਤ ਵਿਚ ਮਿਆਰੀ ਪੁਸਤਕਾਂ ਦੀ ਆਮਦ ਨਹੀਂ ਹੁੰਦੀ। ਇਹ ਵੀ ਬਹੁਤ ਮੰਦਭਾਗਾ ਹੈ।

 
ਪੰਜਾਬੀ ਸਾਹਿਤਕ ਹਲਕਿਆਂ ‘ਚ ਇਹ ਗੱਲ ਆਮ ਹੀ ਆਖੀ ਜਾਂਦੀ ਹੈ ਕਿ ਤੁਸੀਂ ਲਿਖਾਰੀ ਭਾਵੇਂ ਕਿੰਨੇ ਵੀ ਵੱਡੇ ਹੋ ਪਰ ਜਦੋਂ ਤੱਕ ਤੁਹਾਡੀ ਜੇਬ ਵਿਚ ਪੈਸੇ ਨਹੀਂ, ਤੁਹਾਡੀ ਪੁਸਤਕ ਪ੍ਰਕਾਸ਼ਿਤ ਨਹੀਂ ਹੋ ਸਕਦੀ। ਇਸ ਦਾ ਕਾਰਨ ਵੀ ਪੰਜਾਬੀਆਂ ‘ਚ ਘਟਦੇ ਸਾਹਿਤ ਪੜ੍ਹਨ ਦੇ ਰੁਝਾਨ ਨੂੰ ਹੀ ਮੰਨਿਆ ਜਾ ਸਕਦਾ ਹੈ। ਪੰਜਾਬੀ ਸਮਾਜ ਜੇਕਰ ਪੰਜਾਬੀ ਪੁਸਤਕਾਂ ਨੂੰ ਖ਼ਰੀਦ ਕੇ ਪੜ੍ਹਨ ਦਾ ਹੀਲਾ ਕਰ ਲਵੇ ਤਾਂ ਆਰਥਿਕ ਪੱਖੋਂ ਕਮਜ਼ੋਰ ਲੇਖਕ ਵੀ ਚੰਗੇ ਸਾਹਿਤ ਨਾਲ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰ ਸਕਣਗੇ। ਪਰ ਇਹ ਹੁੰਦਾ ਕਦੋਂ ਹੈ, ਇਹ ਭਵਿੱਖ ਦੀ ਕੁੱਖ ਵਿਚ ਹੈ।


-ਕੋਠੀ ਨੰ. 1054/1, ਵਾ. ਨੰ. 15- ਏ, ਭਗਵਾਨ ਨਗਰ ਕਾਲੋਨੀ, ਪਿੱਪਲੀ, ਜ਼ਿਲ੍ਹਾ ਕੁਰੂਕਸ਼ੇਤਰ।
ਮੋ: 075892- 33437

ਟਿੱਪਣੀ ਕਰੋ:

About webmaster

Scroll To Top