Home / ਚੋਣਵੀ ਖਬਰ/ਲੇਖ / ਮਨੁੱਖ ਹੀ ਮਨੁੱਖਤਾ ਦਾ ਦੁਸ਼ਮਣ ਕਿਉਂ…?

ਮਨੁੱਖ ਹੀ ਮਨੁੱਖਤਾ ਦਾ ਦੁਸ਼ਮਣ ਕਿਉਂ…?

-ਜਸਪਾਲ ਸਿੰਘ ਹੇਰਾਂ

 

ਮਨੁੱਖ ’ਚ ਪਦਾਰਥਵਾਦ ਦੀ ਦੌੜ ਦੇ ਤੇਜ਼ ਹੋਣ ਕਾਰਣ, ਉਸਨੇ ਆਪਣੇ ਲਈ, ਆਪਣੇ ਆਲੇ-ਦੁਆਲੇ ਲਈ ਮੁਸੀਬਤਾਂ ਹੀ ਮੁਸੀਬਤਾਂ ਖੜੀਆਂ ਕਰ ਲਈਆਂ ਹਨ, ਪ੍ਰੰਤੂ ਪਦਾਰਥਵਾਦ ਦੀ ਅੰਨੀ ਦੌੜ ਕਾਰਣ, ਉਹ ਐਨਾ ਸੁਆਰਥੀ ਹੋ ਗਿਆ ਹੈ ਕਿ ਉਹ ਇਸ ਪਾਸੇ ਧਿਆਨ ਦੇਣ ਜਾਂ ਸੋਚਣ ਦੀ ਲੋੜ ਹੀ ਨਹੀਂ ਸਮਝਦਾ। ਸਾਡਾ ਵਾਤਾਵਰਣ ਪ੍ਰਦੂਸ਼ਿਤ ਹੋ ਚੁੱਕਿਆ ਹੈ, ਜਿਸ  ਕਾਰਣ ਸਾਡੇ ਚੌਗਿਰਦੇ ਬੀਮਾਰੀਆਂ ਹੀ ਬੀਮਾਰੀਆਂ ਵੱਧ ਰਹੀਆਂ ਹਨ, ਪ੍ਰੰਤੂ ਕਿਸੇ ਨੂੰ ਕੋਈ ਚਿੰਤਾ ਨਹੀਂ। ਅਸੀਂ ਰਸਾਇਣਕ ਖਾਦਾਂ ਤੇ ਕੀੜੇਮਾਰ ਦਵਾਈਆਂ ਦੀ ਅੰਨੀ ਵਰਤੋਂ ਨਾਲ ਆਪਣਾ ਸਾਰਾ ਖਾਣ-ਪੀਣ ਜ਼ਹਿਰੀਲਾ ਬਣਾ ਲਿਆ ਹੈ, ਪ੍ਰੰਤੂ ਉਸ ਤੋਂ ਪਿੱਛੇ ਹੱਟਣ ਲਈ ਤਿਆਰ ਨਹੀਂ ਹਾਂ। ਆਏ ਦਿਨ ਵਿਗਿਆਨਕ ਤੇ ਹੋਰ ਮਾਹਿਰ ਅੰਕੜੇ ਪੇਸ਼ ਕਰਕੇ ਸਾਨੂੰ ਚਿਤਾਵਨੀਆਂ ਦੇ ਰਹੇ ਹਨ, ਪ੍ਰੰਤੂ ਨਾਂ ਤਾਂ ਸਰਕਾਰਾਂ ਅਤੇ ਨਾ ਹੀ ਲੋਕ ਇਸ ਸੱਭ ਕਾਸੇ ਦੀ ਰੋਕਥਾਮ ਲਈ ਕੁਝ ਕਰਨ ਲਈ ਤਿਆਰ ਹੁੰਦੇ ਹਨ। ਅਸੀਂ ਆਪਣੇ ਭਿਆਨਕ ਖ਼ਾਤਮੇ ਬਾਰੇ ਸੁਣ ਕੇ ਵੀ ਅਣਸੁਣਾ ਕਰ ਰਹੇ ਹਾਂ, ਜਿਸ ਨਾਲ ਸਮੱਸਿਆ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਹੈ।

 

ਪਹਿਲਾ ਇੱਲਾਂ-ਗਿਰਝਾਂ ਆਲੋਪ ਹੋਈਆਂ, ਕਿਸੇ ਨੇ ਕੁਝ ਕਰਨ ਦੀ ਲੋੜ ਨਹੀਂ ਸਮਝੀ, ਹੁਣ ਚਿੜੀਆਂ ਆਲੋਪ ਹੋ ਰਹੀਆਂ ਹਨ, ਪ੍ਰੰਤੂ ਚਿੰਤਾ ਕਰਨ ਵਾਲਾ ਕੋਈ ਨਹੀਂ। ਕੁਦਰਤ ਜਿਸ ਨੇ ਸਾਡੀ ਰਾਖੀ ਕਰਨੀ ਹੁੰਦੀ ਹੈ, ਅਸੀਂ ਉਸਦੇ ਦੁਸ਼ਮਣ ਬਣ ਗਏ ਹਾਂ। ਕੁਦਰਤ ਨਾਲ ਖਿਲਵਾੜ ਨਿਰੰਤਰ ਜਾਰੀ ਹੈ, ਪਾਣੀ, ਹਵਾ, ਖਾਣ-ਪੀਣ, ਆਦਤਾਂ, ਸੁਭਾਅ, ਧਰਮ, ਸਮਾਜ, ਸੱਭਿਆਚਾਰ, ਅਸੀਂ ਸਾਰਾ ਕੁਝ ਜ਼ਹਿਰੀਲਾ ਕਰ ਲਿਆ ਹੈ। ਬੀਮਾਰੀਆਂ ਕਾਰਣ ਮੌਤਾਂ ਦੀ ਗਿਣਤੀ, ਗਿਣਤੀ ਤੋਂ ਬਾਹਰੀ ਹੋ ਰਹੀ ਹੈ, ਪ੍ਰੰਤੂ ਅਸੀਂ ਹਸਪਤਾਲਾਂ, ਡਾਕਟਰਾਂ ਤੇ ਦਵਾਈਆਂ ਦੇ ਚੱਕਰ ’ਚ ਸਭ ਕੁਝ ਤਬਾਹ ਤਾਂ ਕਰ ਲੈਂਦੇ ਹਨ, ਪ੍ਰੰਤੂ ਜ਼ਹਿਰ ਦੀ ਵਰਤੋਂ ਛੱਡਣ ਲਈ ਤਿਆਰ ਨਹੀਂ।

 

ਇਕ ਤਾਜ਼ਾ ਖ਼ਬਰ ਅਨੁਸਾਰ ਪਿਛਲੇ ਵਰੇ ਜ਼ਹਿਰੀਲਾ ਚਾਰਾ ਖਾਣ ਨਾਲ 249 ਪਸ਼ੂਆਂ ਦੀ ਮੌਤ ਹੋਈ ਹੈ। ਇਹ ਪਸ਼ੂ ਇਸ ਕਾਰਣ ਮੌਤ ਦੇ ਮੂੰਹ ਚਲੇ ਗਏ ਕਿਉਂਕਿ ਉਨਾਂ ਨੂੰ ਜਿਹੜਾ ਹਰਾ ਚਾਰਾ ਪਾਇਆ ਜਾਂਦਾ ਸੀ, ਉਸ ਤੇ ਯੂਰੀਆ ਖਾਦ ਦੀ ਵਧੇਰੇ ਵਰਤੋਂ ਹੋਣ ਕਾਰਣ  ਨਾਈਟ੍ਰੇਟ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਨਾਲ ਇਹ ਚਾਰਾ ਜ਼ਹਿਰੀਲਾ ਹੋ ਜਾਂਦਾ ਹੈ। ਕੀੜੇਮਾਰ ਦਵਾਈਆਂ ਤੇ ਕੀਟਨਾਸ਼ਕਾਂ ਦੀ ਦਿਨੋ-ਦਿਨ ਵੱਧਦੀ ਵਰਤੋਂ ਨੇ ਹਰ ਖੀਣ-ਪੀਣ ਵਾਲੀ ਵਸਤੂ, ਫ਼ਸਲ ਨੂੰ ਜ਼ਹਿਰੀਲਾ ਬਣਾ ਦਿੱਤਾ ਹੈ। ਪ੍ਰੰਤੂ ਨਾ ਤਾ ਸਰਕਾਰ ਅਤੇ ਨਾ ਹੀ ਕਿਸਾਨ, ਇਸ ਪਾਸੇ ਧਿਆਨ ਦੇਣ ਲੱਗੇ ਹਨ।

 

ਮਹਿੰਗਾਈ ਦੇ ਯੁੱਗ ’ਚ ਹਰ ਕੋਈ ਵੱਧ ਤੋਂ ਵੱਧ ਝਾੜ ਲੈ ਕੇ, ਵੱਧ ਤੋਂ ਵੱਧ ਕਮਾਈ ਕਰਨਾ ਚਾਹੁੰਦਾ ਹੈ। ਜਿਸ ਕਾਰਣ ਵਧੇਰੇ ਝਾੜ ਲਈ ਰਸਾਇਣਕ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਦੀ ਬਿਨਾਂ ਸੋਚੇ ਸਮਝੇ ਅੰਨੀ ਵਰਤੋਂ ਕੀਤੀ ਜਾਂਦੀ ਹੈ। ਕਿਸਾਨ ਆਪਣੀ ਥਾਂ ਮਜ਼ਬੂਰ ਹਨ ਕਿਉਂਕਿ ਖੇਤੀਬਾੜੀ ਤੇ ਲਾਗਤ ਮੁੱਲ ਦਿਨੋ-ਦਿਨ ਵਧ ਰਿਹਾ ਹੈ, ਇਸ ਲਈ ਉਸਨੂੰ ਵੱਧ ਤੋਂ ਵੱਧ ਝਾੜ ਬੇਹੱਦ ਜ਼ਰੂਰੀ ਹੈ। ਪ੍ਰੰਤੂ ਸਰਕਾਰ ਵੱਲੋਂ ਇਸ ਪਾਸੇ ਤੋਂ ਅੱਖਾਂ ਪੂਰੀ ਤਰਾਂ ਮੀਚੀਆਂ ਹੋਈਆਂ ਹਨ। ਜੇ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਅਨੁਸਾਰ ਖਾਦਾਂ ਤੇ ਕੀੜੇਮਾਰ ਦਵਾਈਆਂ ਦੀ ਵਰਤੋਂ ਹੋਵੇ, ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਵੇ ਤਾਂ ਹੀ ਖਾਣ-ਪੀਣ ਨੂੰ ਜ਼ਹਿਰੀਲਾ ਹੋਣ ਤੋਂ ਰੋਕਿਆ ਜਾ ਸਕੇਗਾ।

ਟਿੱਪਣੀ ਕਰੋ:

About webmaster

Scroll To Top