Home / ਚੋਣਵੀ ਖਬਰ/ਲੇਖ / ਗਾਇਕੀ ‘ਚ ਹਿੰਸਾ ਜ਼ਬਰਦਸਤੀ ਦੂਰ ਨਹੀਂ ਕੀਤੀ ਜਾ ਸਕਦੀ: ਸਤਿੰਦਰ ਸਰਤਾਜ

ਗਾਇਕੀ ‘ਚ ਹਿੰਸਾ ਜ਼ਬਰਦਸਤੀ ਦੂਰ ਨਹੀਂ ਕੀਤੀ ਜਾ ਸਕਦੀ: ਸਤਿੰਦਰ ਸਰਤਾਜ

ਗਾਇਕ ਸਤਿੰਦਰ ਸਰਤਾਜ ਦਾ ਕਹਿਣਾ ਹੈ ਕਿ ਗਾਇਕੀ ਵਿੱਚ ਹਿੰਸਾ ਇੰਨਾ ਵੱਡਾ ਮਸਲਾ ਨਹੀਂ ਹੈ ਕਿ ਮੁਹਿੰਮ ਚਲਾਈ ਜਾਏ। ਉਨ੍ਹਾਂ ਕਿਹਾ ਕਿ ਜੋ ਕੰਮ ਪਿਆਰ ਨਾਲ ਹੋ ਜਾਏ ਉਸਦੇ ਲਈ ਲੜ੍ਹਣ ਦੀ ਕੀ ਲੋੜ ਹੈ।

ਬੀਬੀਸੀ ਪੰਜਾਬੀ ਨਾਲ ਖਾਸ ਮੁਲਾਕਾਤ ਵਿੱਚ ਸਰਤਾਜ ਨੇ ਬਦਲਦੀ ਗਾਇਕੀ, ਸੂਫ਼ੀ ਦਰਸ਼ਕਾਂ ਦੀ ਘਾਟ ਅਤੇ ਆਪਣੇ ਜੀਵਨ ਦੀਆਂ ਹੋਰ ਗੱਲਾਂ ਸਾਂਝੀਆਂ ਕੀਤੀਆਂ।

ਸਤਿੰਦਰ ਸਰਤਾਜ

ਸਵਾਲ: ਕੀ ਗਾਇਕੀ ਨੂੰ ਸੁਧਾਰਨ ਲਈ ਕਾਨੂੰਨ ਦਾ ਸਹਾਰਾ ਲੈਣਾ ਜ਼ਰੂਰੀ ਹੈ?

ਪੰਜਾਬ ਪੁਲਿਸ ਵੱਲੋਂ ਹਿੰਸਕ ਗਾਇਕੀ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਸੋਚ ਸਮਝ ਕੇ ਕੀਤਾ ਗਿਆ ਉਪਰਾਲਾ ਹੋ ਸਕਦਾ ਹੈ ਪਰ ਸਮੱਸਿਆ ਦਾ ਹੱਲ ਨਹੀਂ ਕੱਢੇਗਾ।

ਇਸ ਦੇ ਲਈ ਨੌਜਵਾਨਾਂ ਦੀ ਮਾਨਸਿਕਤਾ ‘ਤੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਦੇ ਹਾਣ ਦਾ ਹੋ ਕੇ ਹੀ ਉਨ੍ਹਾਂ ਨਾਲ ਗੱਲ ਕੀਤੀ ਜਾ ਸਕਦੀ ਹੈ। ਜੋਰ ਜ਼ਬਰਦਸਤੀ ਨਾਲ ਉਹ ਨਹੀਂ ਹੋ ਸਕਦਾ ਜੋ ਪਿਆਰ ਨਾਲ ਹੋ ਸਕਦਾ ਹੈ।

ਜੇ ਇਸ ਬਾਰੇ ਕੋਈ ਕਾਨੂੰਨ ਬਣ ਜਾਂਦਾ ਹੈ, ਫਿਰ ਵੇਖਣਾ ਹੋਏਗਾ ਕਿ ਉਹਦੇ ਕਾਇਦੇ ਕੀ ਹਨ, ਕੀ ਧਾਰਾਵਾਂ ਹਨ, ਉਹ ਕਿਵੇਂ ਕੰਮ ਕਰੇਗਾ। ਜੇ ਪੁਲਿਸ ਦੇ ਸੀਨੀਅਰ ਅਧਿਰਕਾਰੀਆਂ ਨੇ ਇਹ ਫੈਸਲਾ ਲਿਆ ਹੈ ਤਾਂ ਅਸੀਂ ਉਸ ਦੀ ਕਦਰ ਕਰਦੇ ਹਾਂ।

ਸਵਾਲ: ਕੀ ਇਕੱਲੀ ਗਾਇਕੀ ਵਿਗੜਦੇ ਸਮਾਜ ਲਈ ਜਿੰਮੇਵਾਰ ਹੈ?

ਤਿੰਨ ਤੋਂ ਚਾਰ ਸਾਲ ਪਹਿਲਾਂ ਤੱਕ ਮੈਂ ਵੀ ਇਹੀ ਸੋਚਦਾ ਸੀ ਕਿ ਗਾਇਕੀ ਅਤੇ ਜੁਰਮ ਦਾ ਕੋਈ ਲੈਣਾ ਦੈਣਾ ਨਹੀਂ। ਇਹ ਮਨੋਰੰਜਨ ਹੈ, ਲੋਕੀ ਸੁਣਦੇ ਹਨ ਅਤੇ ਅੱਗੇ ਵਧ ਜਾਂਦੇ ਹਨ।

ਪਰ ਜਦੋਂ ਮੈਂ ਪੰਜਾਬ ਵਿੱਚ ਵਾਪਰੀਆਂ ਦੋ ਤਿੰਨ ਘਟਨਾਵਾਂ ਵੇਖੀਆਂ ਕਿ ਕਿਸੇ ਦੇ ਕਤਲ ਤੋਂ ਬਾਅਦ ਇਹ ਗਾਣੇ ਚਲਾਏ ਗਏ ਅਤੇ ਜਸ਼ਨ ਮਨਾਇਆ ਗਿਆ ਫਿਰ ਮੈਂ ਵੀ ਸੋਚਣ ‘ਤੇ ਮਜਬੂਰ ਹੋ ਗਿਆ।

ਕਿਤੇ ਨਾ ਕਿਤੇ ਸੰਗੀਤ ਜ਼ਰੂਰ ਸਾਡੇ ‘ਤੇ ਅਸਰ ਛੱਡਦਾ ਹੈ, ਉਸ ਦਾ ਕਿੰਨਾ ਪ੍ਰਭਾਵ ਪੈਂਦਾ ਹੈ, ਇਹ ਵੇਖਣ ਦੀ ਲੋੜ ਹੈ।

ਸਤਿੰਦਰ ਸਰਤਾਜ

ਸਵਾਲ: ਤੁਸੀਂ ਹਿੰਸਕ ਗਾਇਕੀ ਖ਼ਿਲਾਫ਼ ਕੋਈ ਮੁਹਿੰਮ ਕਿਉਂ ਨਹੀਂ ਚਲਾਉਂਦੇ?

ਮੈਨੂੰ ਨਹੀਂ ਲੱਗਦਾ ਕਿ ਇਹ ਇੰਨਾ ਵੱਡਾ ਮਸਲਾ ਹੈ ਕਿ ਮੁਹਿੰਮ ਚਲਾਈ ਜਾਏ, ਕੋਈ ਵਰਲਡ ਵਾਰ ਜਿੰਨੀ ਵੱਡੀ ਗੱਲ ਨਹੀਂ ਹੈ। ਜੋ ਕੰਮ ਪਿਆਰ ਨਾਲ ਹੋ ਜਾਏ ਉਸਦੇ ਲਈ ਲੜ੍ਹਣ ਦੀ ਕੀ ਲੋੜ ਹੈ।

ਮੈਂ ਗਾਇਕਾਂ ਨੂੰ ਵੀ ਕਹਿੰਦਾ ਹਾਂ ਕਿ ਥੋੜ੍ਹੇ ਜਿਹੇ ਉਹੋ ਜਿਹੇ ਗੀਤ ਗਾ ਲਵੋ ਜਿਸ ਨਾਲ ਤੁਹਾਡਾ ਕੰਮ ਵੀ ਸਰ ਜਾਏ ਅਤੇ ਸਮਾਜ ਨੂੰ ਵਿਗਾੜਣ ਵਾਲੀ ਗੱਲ ਵੀ ਨਾ ਹੋਏ।

ਪਰ ਮੇਰਾ ਵੱਧ ਹੱਕ ਮੇਰੇ ਸਰੋਤਿਆਂ ‘ਤੇ ਹੈ। ਜੇ ਤੁਸੀਂ ਚੰਗਾ ਸੁਣੋਗੇ ਤਾਂ ਗਾਇਕ ਵੀ ਚੰਗਾ ਗਾਉਣ ਦੀ ਕੋਸ਼ਿਸ਼ ਕਰਨਗੇ।

ਸਵਾਲ: ਕੀ ਪੰਜਾਬ ਦੇ ਸਰੋਤੇ ਸੂਫ਼ੀ ਗਾਇਕੀ ਨੂੰ ਸਮਝਦੇ ਹਨ?

ਸਤਿੰਦਰ ਸਰਤਾਜImage copyrightSATINDER SARTAAJ/FACEBOOK

ਪੰਜਾਬ ਵਿੱਚ ਉਹ ਸਰੋਤੇ ਹਨ ਜੋ ਸੂਫ਼ੀ ਗਾਇਕੀ ਨੂੰ ਸਮਝਦੇ ਹਨ ਪਰ ਇੱਕ ਹੱਦ ਤੱਕ।

ਪੰਜਾਬ ਸੂਫ਼ੀਆਂ ਦੀ ਧਰਤੀ ਹੈ, ਸਾਡੇ ਖੂਨ ਵਿੱਚ ਸੂਫ਼ੀਵਾਦ ਹੈ, ਭਾਵੇਂ ਸਾਨੂੰ ਉਸ ਦਾ ਇਲਮ ਨਹੀਂ ਪਰ ਉਹ ਹੈ। ਇਸ ਲਈ ਹੁਣ ਤੱਕ ਸੂਫ਼ੀ ਗਾਇਕੀ ਚੱਲਦੀ ਆ ਰਹੀ ਹੈ।

ਸਵਾਲ: ਕੀ ਪੰਜਾਬੀ ਮਾਂ ਬੋਲੀ ਤੋਂ ਦੂਰ ਹੁੰਦੇ ਜਾ ਰਹੇ ਹਨ?

ਹਾਂ, ਇਹ ਗੱਲ ਹੈ ਕਿ ਹੌਲੀ ਹੌਲੀ ਪੰਜਾਬ ਦੇ ਲੋਕ ਆਪਣੀ ਹੀ ਬੋਲੀ ਤੋਂ ਦੂਰ ਹੋ ਰਹੇ ਹਨ।

ਦੂਜੀਆਂ ਬੋਲੀਆਂ ਸਿੱਖਣਾ ਵਧੀਆ ਗੱਲ ਹੈ ਪਰ ਜੇ ਤੁਹਾਨੂੰ ਆਪਣੀ ਹੀ ਬੋਲੀ ਨਹੀਂ ਆਉਂਦੀ ਤਾਂ ਇੰਝ ਲਗਦਾ ਹੈ ਕਿ ਤੁਹਾਨੂੰ ਆਪਣੇ ਹੀ ਘਰ ਨਾਲ ਮੁਹੱਬਤ ਨਹੀਂ ਹੈ।

ਇਸ ਲਈ ਥੋੜ੍ਹਾ ਧਿਆਨ ਦੇਣ ਦੀ ਲੋੜ ਹੈ ਵਰਨਾ ਪੰਜਾਬੀਆਂ ਨੂੰ ਕੋਸ਼ ਦਾ ਸਹਾਰਾ ਲੈਣਾ ਪਏਗਾ।

ਤੁਹਾਡੇ ਗੀਤਾਂ ਦੀ ਸ਼ਬਦਾਵਲੀ ਵੀ ਬਹੁਤ ਡੂੰਘੀ ਹੁੰਦੀ ਹੈ, ਕੀ ਇਸ ਕਰਕੇ ਤੁਸੀਂ ਵੀ ਨੌਜਵਾਨ ਸਰੋਤੇ ਗਵਾ ਦਿੰਦੇ ਹੋ?

ਨਹੀਂ, ਪੰਜਾਬ ਵਿੱਚ ਕਈ ਸੂਝਵਾਨ ਨੌਜਵਾਨ ਵੀ ਹਨ ਜੋ ਪੰਜਾਬੀ ਨਾਲ ਜੁੜੇ ਰਹਿਣਾ ਚਾਹੁੰਦੇ ਹਨ। ਬਲਕਿ ਮੈਂ ਤਾਂ ਇਹ ਕਹਿੰਦਾ ਹਾਂ ਕਿ ਮੰਡੀਰ ਵੀ ਸਿਆਣੀ ਹੈ। ਸਾਨੂੰ ਸਿਰਫ ਉਨ੍ਹਾਂ ਦੇ ਦੂਜੇ ਪੱਖ ‘ਤੇ ਰੌਸ਼ਨੀ ਪਾਉਣ ਦੀ ਲੋੜ ਹੈ।

ਸਵਾਲ: ਕੀ ਤੁਸੀਂ ਚਾਹੁੰਦੇ ਹੋ ਕਿ ਚੜ੍ਹਦਾ ਅਤੇ ਲਹਿੰਦਾ ਪੰਜਾਬ ਇੱਕ ਹੋ ਜਾਣ ?

ਬਿਲਕੁਲ ਚਾਹੁੰਦਾ ਹਾਂ, ਪਰ ਹੁਣ ਇਹ ਸੰਭਵ ਨਹੀਂ ਹੈ ਕਿਉਂਕਿ ਦੋ ਦੇਸ ਬਣ ਚੁੱਕੇ ਹਨ। ਪਰ ਜਿਹੜੇ ਬੂਹੇ ਬੰਦ ਰਹਿੰਦੇ ਹਨ ਉਨ੍ਹਾਂ ਨੂੰ ਖੋਲ੍ਹਿਆ ਜਾ ਸਕਦਾ ਹੈ। ਆਪਣੇ ਰਿਸ਼ਤਿਆਂ ਨੂੰ ਵਧੀਆ ਬਣਾਇਆ ਜਾ ਸਕਦਾ ਹੈ।

ਉਥੋਂ ਦੀ ਭਾਸ਼ਾ, ਖਾਣਾ, ਪਹਿਰਾਵਾ ਮੈਨੂੰ ਬਹੁਤ ਪਸੰਦ ਹੈ। ਮੇਰੀ ਰੀਝ ਹੈ ਕਿ ਮੈਂ ਸਰਹੱਦ ਪਾਰ ਜਾਵਾਂ। ਮੇਰੇ ਨਵੇਂ ਗਾਣੇ ਵਿੱਚ ਵੀ ਮੈਂ ਦੋਵੇਂ ਹਿੰਦੁਸਤਾਨ ਅਤੇ ਪਾਕਿਸਤਾਨ ਦਾ ਜ਼ਿਕਰ ਕੀਤਾ ਹੈ।

ਸਵਾਲ: ਨਵੇਂ ਗਾਣੇ ‘ਮੈਂ ਤੇ ਮੇਰੀ ਜਾਨ’ ਕਿਸ ਤਰ੍ਹਾਂ ਦਾ ਗੀਤ ਹੈ ?

ਇਸ ਗੀਤ ਵਿੱਚ ਸ਼ਾਅਰੀ ਵੀ ਹੈ, ਸੁਰ ਵੀ ਹੈ ਅਤੇ ਤਾਲ ਵੀ। ਇਹ ਮੇਰੇ ਪੱਕੇ ਸਰੋਤਿਆਂ ਤੋਂ ਇਲਾਵਾ ਹੋਰ ਨਵੇਂ ਸਰੋਤਿਆਂ ਨੂੰ ਵੀ ਖਿੱਚੇਗਾ।

ਸ਼ਾਅਰੀ ਸੁਣਨ ਵਾਲੇ 2 ਫੀਸਦ ਸਰੋਤੇ ਹਨ, ਇਸਲਈ ਮੈਂ ਕੋਸ਼ਿਸ਼ ਕਰਦਾ ਹਾਂ ਕਿ ਅਜਿਹੇ ਗੀਤਾਂ ਰਾਹੀਂ ਹੋਰ ਸਰੋਤੇ ਵੀ ਮੈਨੂੰ ਸੁਣਨ ਲਈ ਆਉਣ।

ਸਵਾਲ: ਤੁਹਾਡਾ ਪੱਗ ਬੰਨਣ ਦਾ ਅੰਦਾਜ਼ ਸੋਹਣਾ ਹੈ, ਇਸ ਦੇ ਪਿੱਛੇ ਵੀ ਕੋਈ ਕਹਾਣੀ ਹੈ?

2004 ਵਿੱਚ ਮੈਂ ਆਪਣਾ ਸਟਾਈਲ ਬਦਲਿਆ ਸੀ। ਦਸਤਾਰ ਸਿਰਫ ਪੰਜਾਬ ਵਿੱਚ ਹੀ ਨਹੀਂ ਬਲਕੀ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਵਿੱਚ ਬੰਨੀ ਜਾਂਦੀ ਹੈ। ਇਸ ਲਈ ਮੈਂ ਚਾਹੁੰਦਾ ਸੀ ਕਿ ਸਰਬਤ ਦੀ ਦਸਤਾਰ ਹੋਵੇ।

ਸਤਿੰਦਰ ਸਰਤਾਜ ਸੂਫ਼ੀ ਗਾਇਕੀ ਲਈ ਮਸ਼ਹੂਰ ਹਨ। ਹਾਲ ਹੀ ਵਿੱਚ ਪੰਜਾਬ ਦੇ ਆਖ਼ਰੀ ਮਹਾਰਾਜਾ ‘ਤੇ ਉਨ੍ਹਾਂ ਦੀ ਫਿਲਮ ‘ਦਿ ਬਲੈਕ ਪ੍ਰਿੰਸ’ ਵੀ ਰਿਲੀਜ਼ ਹੋਈ ਸੀ।

ਟਿੱਪਣੀ ਕਰੋ:

About webmaster

Scroll To Top