Home / ਚੋਣਵੀ ਖਬਰ/ਲੇਖ / ਬੇਅਦਬੀ ਮਾਮਲੇ: ਜਸਟਿਸ ਰਣਜੀਤ ਸਿੰਘ ਕਮਿਸ਼ਨ ਜਾਂਚ ਲਈ ਜਗਰਉਂ ਪਹੁੰਚਿਆ

ਬੇਅਦਬੀ ਮਾਮਲੇ: ਜਸਟਿਸ ਰਣਜੀਤ ਸਿੰਘ ਕਮਿਸ਼ਨ ਜਾਂਚ ਲਈ ਜਗਰਉਂ ਪਹੁੰਚਿਆ

 

ਜਗਰਾਉਂ: ਪਿਛਲੇ ਸਮੇਂ ਪੰਜਾਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਅਤੇ ਗੁਰਬਾਣੀ ਦੀਆਂ ਪੋਥੀਆਂ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੀ ਜਾਂਚ ਲਈ ਪਿਛਲੇ ਸਾਲ ਨਵੀਂ ਬਣੀ ਕੈਪਟਨ ਹਕੂਮਤ ਵੱਲੋਂ ਜਾਂਚ ਲਈ ਬਣਾਏ ਜਸਟਿਸ ਰਣਜੀਤ ਸਿੰਘ ਪੜਤਾਲੀਆ ਕਮਿਸ਼ਨ ਨੇ ਅੱਜ ਇਥੇ ਪਹੁੰਚ ਕੇ ਗਵਾਹਾਂ ਦੇ ਬਿਆਨ ਦਰਜ ਕੀਤੇ।

ਜਸਟਿਸ ਰਣਜੀਤ ਸਿੰਘ ਤੇ ਪੜਤਾਲੀਆ ਕਮਿਸ਼ਨਰ ਦੇ ਹੋਰ ਮੈਂਬਰ ਮੁਹੱਲਾ ਅਜੀਤ ਨਗਰ ਵਿੱਚ ਜਾਂਚ ਕਰਦੇ ਹੋਏ

ਕਮਿਸ਼ਨ ਨੇ ਕਮੇਟੀ ਪਾਰਕ ਵਿੱਚ ਗਵਾਹਾਂ ਦੇ ਬਿਆਨ ਲੈਣ ਤੋਂ ਇਲਾਵਾ ਮੁਹੱਲਾ ਅਜੀਤ ਨਗਰ ਸਥਿਤ ਗੁਰਦੁਆਰਾ ਭਗਤ ਰਵਿਦਾਸ ਨੇੜਲੀ ਥਾਂ ਦਾ ਦੌਰਾ ਵੀ ਕੀਤਾ। ਜਗਰਾਉਂ ਪਹੁੰਚੀ ਪੜਤਾਲੀਆ ਟੀਮ ਵਿੱਚ ਜਸਟਿਸ ਰਣਜੀਤ ਸਿੰਘ ਦੇ ਨਾਲ ਨੋਡਲ ਅਫ਼ਸਰ ਡਾ. ਬਲਦੇਵ ਸਿੰਘ ਸਮੇਤ ਸੰਯੁਕਤ ਡਾਇਰੈਕਟਰ ਪ੍ਰੋਸੀਕਿਊਸ਼ਨ ਅੰਗਰੇਜ਼ ਸਿੰਘ ਅਤੇ ਰਜਿਸਟਰਾਰ ਜੇ.ਪੀ. ਮਹਿਮੀ ਇਸ ਵਿੱਚ ਸ਼ਾਮਲ ਹਨ।

 

ਸਭ ਤੋਂ ਪਹਿਲਾਂ ਇਹ ਟੀਮ ਕਮੇਟੀ ਪਾਰਕ ਵਿੱਚ ਪਹੁੰਚੀ। ਇਹ ਟੀਮ 7 ਨਵੰਬਰ 2015 ਨੂੰ ਇਥੇ ਰਾਏਕੋਟ ਰੋਡ ‘ਤੇ ਮੁਹੱਲਾ ਅਜੀਤ ਨਗਰ ਵਿੱਚ ਵਾਪਰੀ ਬੇਅਦਬੀ ਦੀ ਘਟਨਾ ਤੋਂ ਇਲਾਵਾ ਬੱਸ ਵਿੱਚ 11 ਅਗਸਤ 2016 ਨੂੰ ਵਾਪਰੀ ਬੇਅਦਬੀ ਦੀ ਇਕ ਹੋਰ ਘਟਨਾ ਬਾਰੇ ਪੜਤਾਲ ਕਰ ਰਹੀ ਹੈ।

 

ਟੀਮ ਬਾਅਦ ਵਿੱਚ ਨੇੜਲੇ ਪਿੰਡ ਜੰਡੀ ਤੇ ਕਮਾਲਪੁਰਾ ਵਿਖੇ ਵੀ ਗਈ ਜਿਥੇ ਇਹੋ ਜਿਹੀਆਂ ਘਟਨਾਵਾਂ ਉਨ੍ਹਾਂ ਦਿਨਾਂ ਵਿੱਚ ਵਾਪਰੀਆਂ ਸਨ। ਜਸਟਿਸ ਰਣਜੀਤ ਸਿੰਘ ਨੇ ਦੱਸਿਆ ਕਿ ਰਸੂਲਪੁਰ, ਲੰਮਾ, ਪਮਾਲ, ਲਿਬੜਾ, ਅਕਾਲਗੜ੍ਹ ਸੁਧਾਰ ਆਦਿ ਵਿੱਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਲਈ ਉਹ ਮੁੜ 15 ਫਰਵਰੀ ਨੂੰ ਆ ਕੇ ਬਿਆਨ ਦਰਜ ਕਰਨਗੇ।

 

ਪੜਤਾਲੀਆ ਕਮਿਸ਼ਨ ਨੇ ਗੁਰਦੁਆਰਾ ਭਗਤ ਰਵਿਦਾਸ ਦੇ ਗ੍ਰੰਥੀ ਹੀਰਾ ਸਿੰਘ ਤੇ ਨੰਦ ਲਾਲ ਦੇ ਬਿਆਨ ਦਰਜ ਕੀਤੇ। ਬੱਸ ਵਾਲੀ ਘਟਨਾ ਸਬੰਧੀ ਉਨ੍ਹਾਂ ਬੱਸ ਵਿੱਚ ਸਵਾਰ ਮੌਕੇ ਦੇ ਗਵਾਹ ਬਾਬਾ ਬੁੱਢਾ ਦਲ ਦੇ ਨਿਹੰਗ ਸਿੰਘ ਰਛਪਾਲ ਸਿੰਘ ਦੇ ਬਿਆਨ ਲਏ। ਇਸੇ ਘਟਨਾ ਸਬੰਧੀ ਉਨ੍ਹਾਂ ਇਕ ਹੋਰ ਗਵਾਹ ਹਰਜੀਤ ਸਿੰਘ ਕਮਾਲਪੁਰਾ ਦੇ ਬਿਆਨ ਵੀ ਦਰਜ ਕੀਤੇ।

 

ਇਥੇ ਕਮੇਟੀ ਪਾਰਕ ਵਿੱਚ ਗਵਾਹਾਂ ਦੇ ਬਿਆਨ ਦਰਜ ਕਰਨ ਮੌਕੇ ਐਸਪੀ ਰੁਪਿੰਦਰ ਭਾਰਦਵਾਜ, ਡੀਐਸਪੀ ਕੰਵਰਪਾਲ ਸਿੰਘ ਬਾਜਵਾ, ਥਾਣਾ ਸਿਟੀ ਇੰਚਾਰਜ ਇੰਦਰਜੀਤ ਸਿੰਘ ਸਮੇਤ ਹੋਰ ਪੁਲੀਸ ਫੋਰਸ ਮੌਜੂਦ ਸੀ।

ਟਿੱਪਣੀ ਕਰੋ:

About webmaster

Scroll To Top