Home / ਚੋਣਵੀ ਖਬਰ/ਲੇਖ / ਮੋੜ ਬੰਬ ਧਮਾਕਾ: ਡੇਰਾ ਅੱਤਵਾਦ ਬਾਰੇ ਰਾਜਸੀ ਪਾਰਟੀਆਂ ਦੇ ਸੰਘ ਸੁੱਕੇ

ਮੋੜ ਬੰਬ ਧਮਾਕਾ: ਡੇਰਾ ਅੱਤਵਾਦ ਬਾਰੇ ਰਾਜਸੀ ਪਾਰਟੀਆਂ ਦੇ ਸੰਘ ਸੁੱਕੇ

-ਮੇਜਰ ਸਿੰਘ

 

ਫਰਵਰੀ 2017 ਦੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਬਠਿੰਡਾ ਜ਼ਿਲ੍ਹੇ ਦੇ ਕਸਬਾ ਮੌੜ ‘ਚ ਕਾਂਗਰਸ ਦੀ ਰੈਲੀ ‘ਚ ਹੋਏ ਬੰਬ ਧਮਾਕੇ ਬਾਰੇ ਉਸ ਸਮੇਂ ਬਿਨਾਂ ਕਿਸੇ ਪੜਤਾਲ ਅਤੇ ਸਬੂਤਾਂ ਦੇ ਲਗਪਗ ਸਾਰੀਆਂ ਹੀ ਰਾਜਸੀ ਧਿਰਾਂ ਅਤੇ ਪੰਜਾਬ ਪੁਲਿਸ ਨੇ ਇਸ ਕਾਰਵਾਈ ਨੂੰ ਗਰਮ ਖਿਆਲੀ ਸਿੱਖਾਂ ਦੇ ਖਾਤੇ ਵਿਚ ਪਾ ਕੇ ਪੰਜਾਬ ਦੇ ਅਮਨ-ਚੈਨ ਨੂੰ ਭੰਗ ਕਰਨ ਵਾਲੀਆਂ ਤਾਕਤਾਂ ਨੂੰ ਭਾਂਜ ਦੇਣ ਦੇ ਬੜੇ ਤੱਤੇ ਬਿਆਨ ਦਿੱਤੇ ਸਨ |

ਇਥੋਂ ਤੱਕ ਕਿ ਘਟਨਾ ਤੋਂ ਅਗਲੇ ਦਿਨ ਪੰਜਾਬ ਪੁਲਿਸ ਦੇ ਮੁਖੀ ਨੇ ਤਾਂ ਇਸ ਘਟਨਾ ਪਿੱਛੇ ਗੁਆਂਢੀ ਮੁਲਕ ਦੇ ਹੱਥ ਹੋਣ ਦਾ ਵੀ ਸ਼ੱਕ ਜ਼ਾਹਰ ਕਰਦਿਆਂ ਇਸ ਘਟਨਾ ਨੂੰ ਸਿੱਖ ਖਾੜਕੂਆਂ ਦੇ ਹੀ ਖਾਤੇ ਵਿਚ ਪਾ ਦਿੱਤਾ ਸੀ ਅਤੇ ਸ਼ੱਕ ਵਿਚ ਬਹੁਤ ਸਾਰੇ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਵੀ ਕੀਤੀ ਗਈ ਸੀ, ਪਰ ਹੁਣ ਜਦ ਪੰਜਾਬ ਪੁਲਿਸ ਦੀ ਲੰਬੀ ਛਾਣਬੀਣ ਤੇ ਜਾਂਚ ਪੜਤਾਲ ਨੇ ਮੌੜ ਬੰਬ ਧਮਾਕੇ ਦੀ ਸਾਜਿਸ਼ ਤੇ ਤਿਆਰੀ ਡੇਰਾ ਸਿਰਸਾ ਵਿਖੇ ਹੋਣ ਦੀ ਯੋਜਨਾ ਦਾ ਪਰਦਾਫਾਸ਼ ਕਰ ਦਿੱਤਾ ਤਾਂ ਵੋਟਾਂ ਲਈ ਗੁਰਮੀਤ ਰਾਮ ਰਹੀਮ ਦੇ ਗੋਡੇ ਘੁੱਟਦੀਆਂ ਰਹੀਆਂ ਪਾਰਟੀਆਂ ਦੇ ਸੰਘ ਸੁੱਕਦੇ ਨਜ਼ਰ ਆ ਰਹੇ ਹਨ |

 

ਪੁਲਿਸ ਨੇ ਇਸ ਕਾਂਡ ‘ਚ ਡੇਰੇ ਅੰਦਰਲੇ ਕਾਰੇ ਦੀ ਤਿਆਰੀ ਕਰਨ ਵਾਲੇ ਚਾਰ ਗਵਾਹਾਂ ਦੇ ਵੀ ਅਦਾਲਤ ‘ਚ ਬਿਆਨ ਕਲਮਬੰਦ ਕਰਵਾ ਦਿੱਤੇ ਹਨ ਅਤੇ ਬਾਬੇ ਦੇ ਖਾਸਮਖਾਸ ਦੋ ਅਖੌਤੀ ਸਾਧੂਆਂ ਅਮਰੀਕ ਸਿੰਘ ਤੇ ਗੁਰਤੇਜ ਸਿੰਘ ਕਾਲਾ ਦੇ ਨਾਂਅ ਵੀ ਮੁਲਜ਼ਮਾਂ ਵਜੋਂ ਨਾਮਜ਼ਦ ਕਰ ਦਿੱਤੇ ਗਏ ਹਨ | ਏਨਾ ਕੁਝ ਸਾਹਮਣੇ ਆਉਣ ਦੇ ਬਾਵਜੂਦ ਕਿਸੇ ਵੀ ਸਿਆਸੀ ਪਾਰਟੀ ਜਾਂ ਆਗੂ ਨੇ ਇਸ ਬਾਰੇ ਜ਼ੁਬਾਨ ਖੋਲ੍ਹਣ ਦੀ ਹਿੰਮਤ ਨਹੀਂ ਕੀਤੀ | ਅਸਲ ਵਿਚ ਪੰਜਾਬ ਤੇ ਹਰਿਆਣਾ ਦੀਆਂ ਰਾਜਸੀ ਪਾਰਟੀਆਂ  ਡੇਰਾ ਸਿਰਸਾ ਦੀਆਂ ਵੋਟਾਂ ਹਾਸਲ ਕਰਨ ਲਈ ਗੁਰਮੀਤ ਰਾਮ ਰਹੀਮ ਅੱਗੇ ਡੰਡੌਤ ਕਰਦੀਆਂ ਰਹੀਆਂ ਹਨ |

 

ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼ਰੇਆਮ ਡੇਰੇ ਵਲੋਂ ਕਾਂਗਰਸ ਦੀ ਹਮਾਇਤ ਕੀਤੀ ਗਈ ਸੀ ਤੇ ਫਿਰ 2015 ‘ਚ ਹਰਿਆਣਾ ਦੀ ਵਿਧਾਨ ਸਭਾ ਚੋਣ ਵਿਚ ਡੇਰੇ ਵਲੋਂ ਭਾਜਪਾ ਦੀ ਹਮਾਇਤ ਕੀਤੀ ਗਈ ਤੇ 2017 ਦੀ ਪੰਜਾਬ ਵਿਧਾਨ ਸਭਾ ਚੋਣ ਵਿਚ ਡੇਰੇ ਨੇ ਅਕਾਲੀ-ਭਾਜਪਾ ਗਠਜੋੜ ਦੀ ਖੁੱਲ੍ਹੇਆਮ ਹਮਾਇਤ ਕੀਤੀ ਸੀ | ਖੁੱਲ੍ਹੇਆਮ ਹਮਾਇਤ ਹਾਸਲ ਕਰਨ ਲਈ ਬਾਅਦ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਬਹੁਤ ਸਾਰੇ ਸਿੱਖ ਉਮੀਦਵਾਰਾਂ ਨੂੰ ਸੱਦ ਕੇ ਤਨਖਾਹ ਵੀ ਲਗਾਈ ਗਈ ਸੀ | ਇਸ ਗੱਲ ‘ਚ ਵੀ ਕੋਈ ਸ਼ੱਕ ਨਹੀਂ ਕਿ 2015 ‘ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਜਦ ਰੋਸ ਉੱਠ ਰਿਹਾ ਸੀ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਮੁਆਫੀ ਪਿੱਛੇ ਵੀ ਅਕਾਲੀ ਲੀਡਰਸ਼ਿਪ ਦਾ ਹੀ ਹੱਥ ਸੀ ਤੇ ਸਿੱਖ ਸੰਗਤ ਦੇ ਰੋਹ ਅੱਗੇ ਝੁਕਦਿਆਂ ਫਿਰ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਮੁਆਫੀ ਦਾ ਫੈਸਲਾ ਵਾਪਸ ਲੈ ਲਿਆ ਗਿਆ ਸੀ |

 

ਸਾਲ 2007 ‘ਚ ਸਲਾਬਤਪੁਰਾ ਵਿਖੇ ਦਸਮ ਗੁਰੂ ਦਾ ਸਵਾਂਗ ਰਚਣ ਦੀ ਘਟਨਾ ਤੋਂ 2015 ‘ਚ ਵਾਪਰੀ ਬਹਿਬਲ ਕਲਾਂ ਦੀ ਘਟਨਾ ਤੱਕ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਵੋਟਾਂ ਦੇ ਲਾਲਚ ‘ਚ ਕਦੇ ਵੀ ਗੁਰਮੀਤ ਰਾਮ ਰਹੀਮ ਵੱਲ ਅੱਖ ਚੁੱਕ ਕੇ ਨਹੀਂ ਵੇਖ ਸਕੀ, ਸਗੋਂ ਉਸ ਦੀਆਂ ਸਰਗਰਮੀਆਂ ਦਾ ਵਿਰੋਧ ਕਰਨ ਵਾਲੀ ਸਿੱਖ ਸੰਗਤ ਨੂੰ ਸਰਕਾਰੀ ਸੇਕ ਸਹਿਣਾ ਪੈਂਦਾ ਰਿਹਾ ਹੈ |

 

2007 ਦੀ ਸਵਾਂਗ ਰਚਣ ਵਾਲੀ ਘਟਨਾ ‘ਚ ਗੁਰਮੀਤ ਰਾਮ ਰਹੀਮ ਉੱਪਰ ਬਠਿੰਡਾ ‘ਚ ਦਰਜ ਕੀਤਾ ਕੇਸ ਪੰਜਾਬ ਸਰਕਾਰ ਵਲੋਂ ਵਾਪਸ ਲੈਣ ਨੇ ‘ਡੇਰਾ ਅੱਤਵਾਦ’ ਨੂੰ ਵਧਣ ‘ਚ ਸ਼ਹਿ ਦਿੱਤੀ | ਕਈ ਸਾਲ ਪੰਜਾਬ ‘ਚ ਹਾਲਾਤ ਅਜਿਹੇ ਰਹੇ ਕਿ ਡੇਰਾ ਪ੍ਰੇਮੀ ਕੋਈ ਵੀ ਇਕੱਠ ਕਰਦੇ ਸਨ ਤਾਂ ਪੁਲਿਸ ਪਹਿਰਾ ਬਿਠਾ ਦਿੱਤਾ ਜਾਂਦਾ ਸੀ ਤੇ ਜੇਕਰ ਸਿੱਖ ਸੰਗਤ ਦਾ ਕਿਤੇ ਰੋਸ ਹੁੰਦਾ ਸੀ ਤੇ ਪੁਲਿਸ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈਂਦਾ ਸੀ | ਇਸ ਮਾਮਲੇ ਦੀ ਜਾਂਚ ‘ਚ ਲੱਗਿਆ ਇਕ ਸੀਨੀਅਰ ਪੁਲਿਸ ਅਫਸਰ ਕਹਿ ਰਿਹਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਏਨਾ ਲੰਮਾ ਸਮਾਂ ‘ਡੇਰਾ ਅੱਤਵਾਦ’ ਦਾ ਸ਼ਿਕਾਰ ਰਹਿਣਾ ਪਿਆ ਤੇ ਇਹ ‘ਡੇਰਾ ਅੱਤਵਾਦ’ ਕਿਸੇ ਹੋਰ ਵਲੋਂ ਨਹੀਂ, ਸਗੋਂ ਸਾਡੇ ਸਿਆਸੀ ਨੇਤਾਵਾਂ ਵਲੋਂ ਪੈਦਾ ਕੀਤਾ ਗਿਆ ਹੈ |

ਟਿੱਪਣੀ ਕਰੋ:

About webmaster

Scroll To Top