Home / ਚੋਣਵੀ ਖਬਰ/ਲੇਖ / ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਅਤੇ ਖਾਲਿਸਤਾਨ ਦਾ ਮੁੱਦਾ

ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਅਤੇ ਖਾਲਿਸਤਾਨ ਦਾ ਮੁੱਦਾ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਗਲੇ ਹਫ਼ਤੇ ਭਾਰਤ ਦੌਰੇ ਉੱਤੇ ਆ ਰਹੇ ਹਨ। ਉਨ੍ਹਾਂ ਦੀ ਭਾਰਤ ਆਮਦ ਤੋਂ ਪਹਿਲਾਂ ਹੀ ਖ਼ਾਲਿਸਤਾਨ ਪੱਖੀ ਸਿਆਸਤ ਨੇ ਜ਼ੋਰ ਫੜ੍ਹ ਲਿਆ ਹੈ।

ਭਾਰਤੀ ਮੀਡੀਆ ਵਿੱਚ ਅਜਿਹੀਆਂ ਰਿਪੋਰਟਾਂ ਛਪ ਰਹੀਆਂ ਹਨ ਜੋ ਟਰੂ਼ਡੋ ਮੰਤਰੀ ਮੰਡਲ ਦੇ ਸਿੱਖ ਮੰਤਰੀਆਂ ਨੂੰ ਕਥਿਤ ਤੌਰ ‘ਤੇ ਖਾਲਿਸਤਾਨ ਪੱਖੀ ਦਰਸਾ ਰਹੀਆਂ ਹਨ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸੱਜਣ ਦੇ ਪਿਛਲੇ ਪੰਜਾਬ ਦੌਰੇ ਦੌਰਾਨ ਮੁਲਾਕਾਤ ਨਹੀਂ ਕੀਤੀ ਗਈ ਸੀ।

ਹਾਊਸ ਆਫ਼ ਕਾਮਨਜ਼ ’ਚ ਤਕਰੀਰ ਕਰਦੇ ਹੋਏ ਜਸਟਿਨ ਟਰੂਡੋ

ਇਸੇ ਹਵਾਲੇ ਨਾਲ ਮੁੜ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਕੈਪਟਨ ਜਿਨ੍ਹਾਂ ਮੰਤਰੀਆਂ ਨੂੰ ਖਾਲਿਸਤਾਨੀ ਸਮਰਥਕ ਕਹਿ ਰਹੇ ਸਨ। ਹੁਣ ਉਨ੍ਹਾਂ ਦੇ ਪ੍ਰਧਾਨ ਮੰਤਰੀ ਦਾ ਸਵਾਗਤ ਕਿਸ ਮੂੰਹ ਨਾਲ ਕਰਨਗੇ।

ਕੈਨੇਡੀਅਨ ਮੰਤਰੀਆਂ ਦਾ ਜਵਾਬ

ਭਾਰਤੀ ਨਿਉਜ਼ ਮੈਗਜ਼ੀਨ ‘ਆਉਟਲੁੱਕ’ ਦੇ ਤਾਜ਼ਾ ਅੰਕ ਦੇ ਕਵਰ ਪੇਜ਼ ਉੱਤੇ ਜਸਟਿਨ ਟਰੂਡੋ ਦੀ ਕੇਸਰੀ ਪਟਕੇ ਵਾਲੀ ਤਸਵੀਰ ਨਾਲ ਲਿਖਿਆ ਗਿਆ ਸੀ, ‘ਖਾਲਿਸਤਾਨ-।।: ਮੇਡ ਇਨ ਕੈਨੇਡਾ’, ਮੈਗਜ਼ੀਨ ਨੇ ਤਿੰਨ ਰਿਪੋਰਟਾਂ ਛਾਪ ਕੇ ਕੈਨੇਡੀਅਨ ਆਗੂਆਂ ਦੇ ਖਾਲਿਸਤਾਨੀ ਸਬੰਧਾਂ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਹੈ।

ਭਾਰਤੀ ਮੀਡੀਆ ਦੇ ਇਸ ਦਾਅਵੇ ਨੂੰ ਕੈਨੇਡੀਅਨ ਮੰਤਰੀ ਹਰਜੀਤ ਸੱਜਣ ਅਤੇ ਅਮਰਜੀਤ ਸੋਹੀ ਨੇ ਹਾਸੋਹੀਣਾ ਅਤੇ ਬੇ-ਇੱਜ਼ਤੀ ਵਾਲਾ ਕਰਾਰ ਦਿੱਤਾ ਹੈ ।

ਕੈਨੇਡਾ ਦੇ ਸਰਕਾਰੀ ਟੀਵੀ ਸੀਬੀਸੀ ਨਾਲ ਗੱਲਬਾਤ ਦੌਰਾਨ ਦੋਵਾਂ ਮੰਤਰੀਆਂ ਨੇ ਸਪੱਸ਼ਟ ਕੀਤਾ ਕਿ ਨਾ ਤਾਂ ਉਹ ਖਾਲਿਸਤਾਨ ਪੱਖੀ ਹਨ ਅਤੇ ਨਾ ਹੀ ਉਹ ਸਿੱਖ ਵੱਖਵਾਦੀ ਲਹਿਰ ਦਾ ਸਮਰਥਨ ਕਰਦੇ ਹਨ।

ਮੰਤਰੀਆਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਉਨ੍ਹਾਂ ਕੈਨੇਡੀਅਨ ਪੰਜਾਬੀ ਭਾਈਚਾਰੇ ਵਿੱਚ ਵੀ ਇਨ੍ਹਾਂ ਗਤੀਵਿਧੀਆਂ ਦੇ ਹਾਮੀ ਹੋਣ ਦੀ ਗੱਲ ਨਹੀਂ ਸੁਣੀ।

ਕੈਪਟਨ ਵੀ ਹੋਏ ਬਾਗੋਬਾਗ

ਪੰਜਾਬ ਦੇ ਮੁੱਖ ਕੈਪਟਨ ਅਮਰਿੰਦਰ ਸਿੰਘ ਨੇ ਬਕਾਇਦਾ ਬਿਆਨ ਜਾਰੀ ਕਰਕੇ ਹਰਜੀਤ ਸੱਜਣ ਵਲੋਂ ਖਾਲਿਸਤਾਨੀ ਗਤੀਵਿਧੀਆਂ ਤੋਂ ਪੱਲਾਂ ਝਾੜਨ ਦਾ ਸਵਾਗਤ ਕੀਤਾ।

ਕੈਪਟਨ ਨੇ ਜਸਟਿਨ ਟਰੂਡੋ ਨੂੰ ਵੱਖਵਾਦੀ ਤਾਕਤਾਂ ਖਿਲਾਫ਼ ਦੇਸ ਵਿੱਚ ਵਾਤਾਵਰਨ ਤਿਆਰ ਕਰਨ ਉੱਤੇ ਵਧਾਈ ਦਿੱਤੀ।

ਕੈਪਟਨ ਨੇ ਬਿਆਨ ਵਿੱਚ ਕਿਹਾ, ”ਅਮਰਜੀਤ ਸੋਹੀ ਅਤੇ ਹਰਜੀਤ ਸੱਜਣ ਦੇ ਬਿਆਨ ਤੋਂ ਸਾਫ਼ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਆਪਣੀ ਪਾਰਟੀ ਅਤੇ ਸਰਕਾਰ ਨੂੰ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਉਹ ਆਪਣੀ ਧਰਤੀ ਨੂੰ ਭਾਰਤ ਵਿਰੋਧੀ ਗਤੀਵਿਧੀਆਂ ਲਈ ਵਰਤਣ ਦੀ ਇਜਾਜ਼ਤ ਨਹੀਂ ਦੇਣਗੇ।”

ਟਰੂਡੋ ਨੂੰ ਸ਼ਰਮਿੰਦਾ ਕਰਨ ਦੀ ਕੋਸ਼ਿਸ਼

ਕੈਨੇਡੀਅਨ ਲੀਡਰਸ਼ਿਪ ਖਾਲਿਸਤਾਨ ਦੀ ਸਮਰਥਰਕ ਹੈ ਜਾਂ ਨਹੀਂ, ਇਸ ਬਹਿਸ ਵਿੱਚ ਸ਼ਾਮਲ ਹੁੰਦਿਆਂ ਗਰਮ ਸੁਰ ਵਾਲੀ ਜਥੇਬੰਦੀ ਦਲ ਖਾਲਸਾ ਨੇ ਕਿਹਾ ਹੈ ਕਿ ਜਸਟਿਨ ਟਰੂਡੋ ਦੀ ਫੇਰੀ ਨੂੰ ਖਾਲਿਸਤਾਨੀ ਲਹਿਰ ਨਾਲ ਜੋੜਕੇ ਉਨ੍ਹਾਂ ਨੂੰ ਸ਼ਰਮਿੰਦਾ ਕਰਨ ਦੀ ਕੋਸ਼ਿਸ਼ ਹੈ।

ਕੰਵਰਪਾਲ ਸਿੰਘ ਬਿੱਟੂ

ਆਪਣੇ ਪ੍ਰੈਸ ਨੋਟ ਰਾਹੀ ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਤੇ ਐੱਚ ਐੱਸ ਧਾਮੀ ਨੇ ਕਿਹਾ ਕਿ ਭਾਰਤ ਸਰਕਾਰ ਤੇ ਭਾਰਤੀ ਮੀਡੀਆ ਅਜਿਹੀ ਮੁਹਿੰਮ ਰਾਹੀਂ ਪਰਵਾਸੀ ਪੰਜਾਬੀ ਸਿੱਖਾਂ ਨੂੰ ਬਦਨਾਮ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਸੱਜਣ ਕਦੇ ਵੀ ਖਾਲਿਸਤਾਨੀ ਲਹਿਰ ਦੇ ਸਮਰਥਕ ਨਹੀਂ ਰਹੇ, ਪਰ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਖਾਲਿਸਤਾਨੀ ਦੱਸ ਕੇ ਮਿਲਣ ਤੋਂ ਮਨ੍ਹਾਂ ਕਰ ਦਿੱਤਾ ਸੀ।

ਜਿਸ ਤੋਂ ਬਾਅਦ ਉਨ੍ਹਾਂ ਨੂੰ ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।

ਉਨ੍ਹਾਂ ਕੈਪਟਨ ਦੀ ਇਸ ਨਵੀਂ ਸੋਚ ਨੂੰ ਆਰਐੱਸਐੱਸ ਨਾਲ ਜੋੜਕੇ ਦੇਖਿਆ ਹੈ।

ਦਲ ਖਾਲਸਾ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਸਿੱਖਾਂ ਦੇ ਸਵੈ-ਨਿਰਣੈ ਦੇ ਹੱਕ ਦਾ ਸਮਰਥਨ ਕਰਨ ਤੋਂ ਕੈਨੇਡਾ, ਇੰਗਲੈਂਡ ਅਤੇ ਯੂਰਪ ਦੇ ਸਿੱਖਾਂ ਨੂੰ ਕੋਈ ਨਹੀਂ ਰੋਕ ਸਕਦਾ ਅਤੇ ਨਾ ਉਨ੍ਹਾਂ ਤੋਂ ਕਿਸੇ ਨੂੰ ਸਰਟੀਫਿਕੇਟ ਲੈਣ ਦੀ ਲੋੜ ਹੈ।

ਉਨ੍ਹਾਂ ਸਵਾਲ ਪੁੱਛਿਆ ਕਿ ਕਿਉਬੈਕ ਸੂਬੇ ਲਈ ਸਵੈ-ਨਿਰਣੇ ਦਾ ਹੱਕ ਦੇਣ ਵਾਲਾ ਕੈਨੇਡਾ ਪੰਜਾਬ ਦੇ ਸਿੱਖਾਂ ਦੇ ਇਸ ਹੱਕ ਦਾ ਵਿਰੋਧ ਕਿਵੇਂ ਕਰ ਸਕਦਾ ਹੈ।

ਦਲ ਖਾਲਸਾ ਨੇ ਦਾਅਵਾ ਕੀਤਾ ਕਿ ਭਾਰਤ ਸਰਕਾਰ ਤੇ ਮੀਡੀਆ ਖਾਲਿਸਤਾਨੀ ਲਹਿਰ ਨੂੰ ਟਰੂਡੋ ਦੌਰੇ ਨਾਲ ਜੋੜ ਕੇ ਪਰਵਾਸੀ ਸਿੱਖਾਂ ਦੀਆਂ ਸਿੱਖ ਨੇਸ਼ਨ ਨਾਲ ਜੁੜੀਆਂ ਤਾਜ਼ਾ ਗਤੀਵਿਧੀਆਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਟਿੱਪਣੀ ਕਰੋ:

About webmaster

Scroll To Top