Home / ਚੋਣਵੀ ਖਬਰ/ਲੇਖ / ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਸ੍ਰੀ ਹਰਿਮੰਦਰ ਸਾਹਿਬ ਦਾ ਭੁਲੇਖਾ ਪਾਉਂਦੀਆਂ ਨਿਸ਼ਾਨੀਆਂ ਨੂੰ ਖ਼ਤਮ ਕੀਤਾ ਜਾਵੇ: ਜਾਂਚ ਕਮੇਟੀ

ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਸ੍ਰੀ ਹਰਿਮੰਦਰ ਸਾਹਿਬ ਦਾ ਭੁਲੇਖਾ ਪਾਉਂਦੀਆਂ ਨਿਸ਼ਾਨੀਆਂ ਨੂੰ ਖ਼ਤਮ ਕੀਤਾ ਜਾਵੇ: ਜਾਂਚ ਕਮੇਟੀ

ਸੰਗਰੂਰ: ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੀ ਨਕਲ ‘ਤੇ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਕੰਪਲੈਕਸ ਵਿੱਚ ਬਣ ਰਹੇ ਗੁਰਦੁਆਰੇ ਦੀ ਦਿੱਖ ਸ੍ਰੀ ਹਰਿਮੰਦਰ ਸਾਹਿਬ ਨਾਲ ਮਿਲਦੀ-ਜੁਲਦੀ ਹੋਣ ਤੋਂ ਛਿੜੇ ਵਿਵਾਦ ਦੇ ਹੱਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਵੱਲੋਂ ਬਣਾਈ ਗਈ ਚਾਰ ਮੈਂਬਰੀ ਜਾਂਚ ਟੀਮ ਅੱਜ ਇੱਥੇ ਮਸਤੂਆਣਾ ਸਾਹਿਬ ਵਿਖੇ ਪੁੱਜੀ।

ਇਸ ਟੀਮ ਵਿੱਚ ਐਸਜੀਪੀਸੀ ਮੈਂਬਰ ਕਰਨੈਲ ਸਿੰਘ ਪੰਜੋਲੀ, ਭੁਪਿੰਦਰ ਸਿੰਘ ਭਲਵਾਨ, ਹਰਦੇਵ ਸਿੰਘ ਰੋਗਲਾ ਅਤੇ ਗੁਰਦੁਆਰਾ ਨਾਨਕਿਆਣਾ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ ਗਾਜੀਪੁਰ ਸ਼ਾਮਲ ਸਨ, ਜਦੋਂ ਕਿ ਚੌਥੇ ਮੈਂਬਰ ਮਲਕੀਤ ਸਿੰਘ ਚੰਗਾਲ ਗੈਰਹਾਜ਼ਰ ਸਨ।

 
ਮੁਆਇਨਾ ਕਰਨ ਪਿੱਛੋਂ ਜਾਂਚ ਟੀਮ ਨੇ ਇੱਥੇ ਨਾਨਕਿਆਣਾ ਸਾਹਿਬ ਵਿੱਚ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ ਕੀਤਾ ਕਿ 20 ਜੂਨ 2009 ਨੂੰ ਜਾਰੀ ਹੁਕਮਨਾਮੇ ਮੁਤਾਬਕ ਗੁਰਦੁਆਰੇ ਨਾਲ ਸਬੰਧਤ ਉਹ ਸਾਰੀਆਂ ਨਿਸ਼ਾਨੀਆਂ ਖ਼ਤਮ ਨਹੀਂ ਕੀਤੀਆਂ ਗਈਆਂ, ਜਿਨ੍ਹਾਂ ਦਾ ਹੁਕਮਨਾਮੇ ਵਿੱਚ ਜ਼ਿਕਰ ਕੀਤਾ ਹੈ।

 
ਜਾਂਚ ਟੀਮ ਨੇ ਕਿਹਾ ਕਿ ਉਨ੍ਹਾਂ ਨੇ ਗੁਰਦੁਆਰੇ ਦੀ ਇਮਾਰਤ ਦੀ ਜਾਂਚ ਕੀਤੀ ਅਤੇ ਇਸ ਸਬੰਧੀ ਆਪਣੀ ਰਿਪੋਰਟ ਤਿਆਰ ਕਰ ਦਿੱਤੀ ਹੈ, ਜੋ ਜਲਦ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਨੂੰ ਸੌਂਪ ਦਿੱਤੀ ਜਾਵੇਗੀ।

 
ਜਾਂਚ ਕਮੇਟੀ ਦੇ ਆਗੂ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ 20 ਜੂਨ 2009 ਨੂੰ ਅਕਾਲ ਤਖਤ ਵੱਲੋਂ ਆਦੇਸ਼ ਜਾਰੀ ਹੋਇਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਮਸਤੂਆਣਾ ਸਾਹਿਬ ਵਿਖੇ ਸ੍ਰੀ ਹਰਿਮੰਦਰ ਸਾਹਿਬ ਦਾ ਭੁਲੇਖਾ ਪਾਉਂਦੀਆਂ ਨਿਸ਼ਾਨੀਆਂ ਨੂੰ ਖ਼ਤਮ ਕੀਤਾ ਜਾਵੇ ਜਿਵੇਂ ਸਾਰਾ ਸਰੋਵਰ ਪੂਰ ਦਿੱਤਾ ਜਾਵੇ, ਇਮਾਰਤ ਨੂੰ ਜਾਂਦਾ ਪੁਲ ਢਾਹ ਦਿੱਤਾ ਜਾਵੇ, ‘ਹਰਿ ਕੀ ਪੌੜੀ’ ਵਰਗੀ ਦਿੱਖ ਵਾਲੀ ਇਮਾਰਤ ਦਾ ਹਿੱਸਾ ਢਾਹ ਦਿੱਤਾ ਜਾਵੇ ਅਤੇ ਇਮਾਰਤ ਦੇ ਆਲੇ-ਦੁਆਲੇ ਵਰਾਂਡਾ ਬਣਾ ਦਿੱਤਾ ਜਾਵੇ, ਗੁਰਦੁਆਰੇ ਦੀਆਂ ਉਪਰਲੀਆਂ ਗੁੰਬਦੀਆਂ ਢਾਹ ਕੇ ਕੇਵਲ ਇੱਕ ਗੁੰਬਦ ਬਣਾਇਆ ਜਾਵੇ ਅਤੇ ਇਸ ਦਾ ਨਾਮ ਸ੍ਰੀ ਗੁਰੂ ਸਿੰਘ ਸਭਾ ਮਸਤੂਆਣਾ ਰੱਖਿਆ ਜਾਵੇ।

 
ਉਨ੍ਹਾਂ ਕਿਹਾ ਕਿ ਅੱਜ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਅਜੇ ਤੱਕ ਕੇਵਲ ਵਰਾਂਡੇ ਬਣਾਕੇ ਅਤੇ ਹਰਿ ਕੀ ਪੌੜੀ ਕੋਲ ਦੀਵਾਰ ਬਣਾਕੇ ਉਸ ਨੂੰ ਬੰਦ ਕੀਤਾ ਗਿਆ ਹੈ ਜਦਕਿ ਬਾਕੀ ਨਿਸ਼ਾਨੀਆਂ ਪਹਿਲਾਂ ਦੀ ਤਰ੍ਹਾਂ ਹੀ ਹਨ।

 
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 16 ਫਰਵਰੀ ਨੂੰ ਹੋਣ ਵਾਲੀ ਅੰਤ੍ਰਿੰਗ ਕਮੇਟੀ ਮੈਂਬਰਾਂ ਦੀ ਮੀਟਿੰਗ ਵਿੱਚ ਇਹ ਮਾਮਲਾ ਵਿਚਾਰਿਆ ਜਾਵੇਗਾ ਅਤੇ ਇਸ ਸਬੰਧੀ ਅਗਲਾ ਫੈਸਲਾ ਲਿਆ ਜਾਵੇਗਾ।
ਜਾਂਚ ਕਮੇਟੀ ਖਾਨਾਪੂਰਤੀ ਤੱਕ ਸੀਮਤ: ਫੱਗੂਵਾਲਾ
ਯੂਨਾਈਟਿਡ ਅਕਾਲੀ ਦੇ ਆਗੂ ਪ੍ਰਸ਼ੋਤਮ ਸਿੰਘ ਫੱਗੂਵਾਲਾ, ਜਿਨ੍ਹਾਂ ਨੇ ਉਕਤ ਹੁਕਮਨਾਮੇ ਨੂੰ ਲਾਗੂ ਕਰਵਾਉਣ ਲਈ ਮਰਨ ਵਰਤ ਰੱਖਿਆ ਸੀ, ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਜਾਂਚ ਕਮੇਟੀ ਸਿਰਫ਼ ਖਾਨਾਪੂਰਤੀ ਤੱਕ ਸੀਮਤ ਹੈ। ਉਨ੍ਹਾਂ ਦੋਸ਼ ਲਾਇਆ ਕਿ ਅੱਜ ਜਾਂਚ ਕਮੇਟੀ ਚੋਰੀ-ਛਿਪੇ ਹੀ ਮਸਤੂਆਣਾ ਸਾਹਿਬ ਦਾ ਦੌਰਾ ਕਰ ਆਈ ਤੇ ਇਸ ਦੌਰੇ ਆਧਾਰ ’ਤੇ ਹੀ ਰਿਪੋਰਟ ਤਿਆਰ ਕਰਕੇ ਭਾਈ ਗੋਬਿੰਦ ਸਿੰਘ ਲੌਗੋਵਾਲ ਨੂੰ ਸੌਂਪ ਦੇਵੇਗੀ। ਉਨ੍ਹਾਂ ਮੰਗ ਕੀਤੀ ਕਿ ਅਕਾਲ ਤਖਤ ਤੋਂ ਜਾਰੀ ਹੋਏ ਹੁਕਮਨਾਮੇ ਨੂੰ ਗੰਭੀਰਤਾ ਨਾਲ ਲਾਗੂ ਕੀਤਾ ਜਾਵੇ।

ਟਿੱਪਣੀ ਕਰੋ:

About webmaster

Scroll To Top