Home / ਚੋਣਵੀ ਖਬਰ/ਲੇਖ / ਦਰਬਾਰ ਸਾਹਿਬ ਹਰਿਮੰਦਰ ਸਾਹਿਬ ’ਚ ਸੋਨਾ ਲਗਾਉਣ ਦੀ ਕਾਰ ਸੇਵਾ ਆਰੰਭ

ਦਰਬਾਰ ਸਾਹਿਬ ਹਰਿਮੰਦਰ ਸਾਹਿਬ ’ਚ ਸੋਨਾ ਲਗਾਉਣ ਦੀ ਕਾਰ ਸੇਵਾ ਆਰੰਭ

 
 

ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਘੰਟਾ ਘਰ ਵਾਲੇ ਪਾਸੇ ਪ੍ਰਵੇਸ਼ ਦੁਆਰ ਦੀ ਦਰਸ਼ਨੀ ਡਿਓਢੀ ਦੇ ਗੁੰਬਦਾਂ ਉਪਰ ਸੋਨੇ ਦੇ ਪੱਤਰੇ ਲਾਉਣ ਦੀ ਕਾਰ ਸੇਵਾ ਅੱਜ ਤੋਂ ਸ਼ੁਰੂ ਹੋ ਗਈ ਹੈ। ਇਸ ਦੀ ਸ਼ੁਰੂਆਤ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤੀ। ਇਹ ਕਾਰ ਸੇਵਾ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵੱਲੋਂ ਕੀਤੀ ਜਾ ਰਹੀ ਹੈ।

 

ਜ਼ਿਕਰਯੋਗ ਹੈ ਕਿ ਦਰਸ਼ਨੀ ਡਿਓਢੀ ਉਪਰ ਬਣੇ ਮੁੱਖ ਗੁੰਬਦ ’ਤੇ ਲਗਾਉਣ ਲਈ 16 ਗੇਜ ਤਾਂਬੇ ਦੇ ਪੱਤਰਿਆਂ ’ਤੇ ਸੋਨੇ ਦੀਆਂ 22 ਪਰਤਾਂ ਚੜ੍ਹਾਈਆਂ ਜਾਣਗੀਆਂ। ਇਸ ਤੋਂ ਇਲਾਵਾ ਛੋਟੇ ਗੁੰਬਦਾਂ ਉਪਰ ਵੀ ਇਹ ਪੱਤਰੇ ਲਗਾਏ ਜਾਣਗੇ। ਇਥੇ ਕਰੀਬ 40 ਕਿੱਲੋ  ਸੋਨਾ ਲਗਾਇਆ ਜਾਵੇਗਾ।ਘੰਟਾ ਘਰ ਵਾਲੇ ਪ੍ਰਵੇਸ਼ ਦੁਆਰ ਦੀ ਦਰਸ਼ਨੀ ਡਿਓਢੀ ਦੇ ਗੁੰਬਦਾਂ ਉਪਰ ਸੋਨੇ ਦੇ ਪੱਤਰੇ ਲਗਾਉਣ ਦੀ ਕਾਰ ਸੇਵਾ ਦੀ ਆਰੰਭਤਾ ਦਾ ਦ੍ਰਿਸ਼। -ਫੋਟੋ: ਪੰਜਾਬੀ ਟ੍ਰਿਬਿਊਨ

 

 

ਦਰਸ਼ਨੀ   ਡਿਓਢੀ ਦੇ ਹੇਠਾਂ ਵੀ ਮੁੱਖ ਦੁਆਰ ਦੀ ਕਾਰ ਸੇਵਾ ਚਲ ਰਹੀ ਹੈ, ਜਿਥੇ ਮੌਜੂਦਾ ਥੰਮ੍ਹਾਂ ਨੂੰ ਇਕਸਾਰ ਰੂਪ ਦਿੱਤਾ ਜਾ ਰਿਹਾ ਹੈ। ਇਸ ਦੀ ਛੱਤ ਦੇ ਅੰਦਰੂਨੀ ਹਿੱਸੇ ਵਿੱਚ ਮੀਨਾਕਾਰੀ ਹੋਵੇਗੀ। ਅੱਜ ਗੁੰਬਦਾਂ ’ਤੇ ਸੋਨੇ ਦੇ ਪੱਤਰੇ ਚੜ੍ਹਾਉਣ ਦੀ ਕਾਰ ਸੇਵਾ ਦੀ ਆਰੰਭਤਾ ਸਮੇਂ ਭਾਈ ਕੁਲਵਿੰਦਰ ਸਿੰਘ ਵੱਲੋਂ ਅਰਦਾਸ ਕੀਤੀ ਗਈ।

 

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵੱਲੋਂ ਕੀਤੀ ਜਾ ਰਹੀ ਕਾਰ ਸੇਵਾ ਦੀ ਸ਼ਲਾਘਾ ਕਰਦਿਆਂ ਸਮੂਹ ਸੰਗਤਾਂ ਨੂੰ ਇਸ ਸੇਵਾ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਹਰਿਮੰਦਰ ਸਾਹਿਬ ਸਿੱਖਾਂ ਸਮੇਤ ਹੋਰ ਧਰਮਾਂ ਦੇ ਲੋਕਾਂ ਲਈ ਵੀ ਮੁਕੱਦਸ ਅਸਥਾਨ ਹੈ ਅਤੇ ਇਥੇ ਸ਼ੁਰੂ ਹੋਈ ਕਾਰ ਸੇਵਾ ਜਲਦੀ ਮੁਕੰਮਲ ਹੋ ਜਾਵੇਗੀ। ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੇ ਕਾਰ ਸੇਵਾ ਅਪਰੈਲ ਤਕ ਮੁਕੰਮਲ ਹੋਣ ਦੀ ਉਮੀਦ ਜਤਾਈ ਹੈ।

 

ਇਸ ਮੌਕੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਸਮੇਤ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂੰਵਾਲਾ, ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ, ਮੈਂਬਰ ਭਾਈ ਰਾਮ ਸਿੰਘ, ਭਾਈ ਮਨਜੀਤ ਸਿੰਘ, ਅਜਾਇਬ ਸਿੰਘ ਅਭਿਆਸੀ, ਬਾਵਾ ਸਿੰਘ ਗੁਮਾਨਪੁਰਾ, ਮਲਕੀਤ ਸਿੰਘ ਚੰਗਾਲ, ਗੁਰਪ੍ਰੀਤ ਸਿੰਘ ਝੱਬਰ, ਜਗਸੀਰ ਸਿੰਘ ਮਾਂਗਿਆਣਾ ਤੇ ਹਰਜਾਪ ਸਿੰਘ ਸੁਲਤਾਨਵਿੰਡ, ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਹੋਰ ਅਧਿਕਾਰੀ ਤੇ ਪਤਵੰਤੇ ਹਾਜ਼ਰ ਸਨ।

ਟਿੱਪਣੀ ਕਰੋ:

About webmaster

Scroll To Top